ਮਜ਼ਦੂਰਾਂ ਦੀ ਹੜਤਾਲ ਖ਼ਤਮ, ਝੋਨੇ ਦੀ ਖ਼ਰੀਦ ਦਾ ਕੰਮ ਸ਼ੁਰੂ
ਜੋਗਿੰਦਰ ਸਿੰਘ ਓਬਰਾਏ
ਖੰਨਾ, 9 ਅਕਤੂਬਰ
ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀ ਹੜਤਾਲ ਉਪਰੰਤ ਮਜ਼ਦੂਰਾਂ ਵੱਲੋਂ ਵੀ ਹੜਤਾਲ ਖਤਮ ਕਰ ਕੇ ਮੰਡੀਆਂ ਵਿੱਚ ਫ਼ਸਲ ਦੀ ਸਾਂਭ ਸੰਭਾਲ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ ਅਤੇ ਦਰਸ਼ਨ ਲਾਲ ਨੇ ਦੱਸਿਆ ਕਿ ਮੁੱਖ ਸਕੱਤਰ ਪੰਜਾਬ ਅਤੇ ਮੰਡੀ ਬੋਰਡ ਦੇ ਸਕੱਤਰ ਨਾਲ ਹੋਈ ਮੀਟਿੰਗ ਵਿੱਚ 40 ਪੈਸੇ ਲੋਡਿੰਗ ਵਧਾਉਣ ਦੀ ਮੰਗ ਪ੍ਰਵਾਨ ਕੀਤੀ ਗਈ ਹੈ ਅਤੇ ਬਾਕੀ ਮੰਗਾਂ ਕਣਕ ਦੇ ਸੀਜ਼ਨ ਤੋਂ ਪਹਿਲਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਭਰੋਸੇ ਉਪਰੰਤ ਮਜ਼ਦੂਰਾਂ ਵੱਲੋਂ ਹੜਤਾਲ ਖਤਮ ਕਰ ਕੇ ਮੰਡੀਆਂ ਵਿੱਚ ਕੰਮ ਆਰੰਭ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਣਕ ਦੇ ਸੀਜ਼ਨ ਤੋਂ ਪਹਿਲਾਂ ਮਜ਼ਦੂਰਾਂ ਦੀ ਮਜ਼ਦੂਰੀ ਹਰਿਆਣਾ ਦੇ ਮਜ਼ਦੂਰਾਂ ਬਰਾਬਰ ਨਾ ਕੀਤੀ ਗਈ ਤਾਂ ਉਹ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਪੰਜਾਬ ਸਰਕਾਰ ਨਾਲ ਸਮਝੌਤੇ ਉਪਰੰਤ ਹੜਤਾਲ ਖਤਮ ਹੋਣ ਅਤੇ 8 ਅਕਤੂਬਰ ਤੋਂ ਝੋਨੇ ਦੀ ਖ੍ਰੀਦ ਸ਼ੁਰੂ ਹੁੰਦੇ ਹੀ ਮੰਡੀਆਂ ਵਿੱਚ ਫ਼ਸਲ ਪੂਰੀ ਤੇਜ਼ੀ ਨਾਲ ਆਉਣੀ ਸ਼ੁਰੂ ਹੋ ਗਈ ਹੈ। ਮਾਰਕੀਟ ਮਾਰਕੀਟ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਮਾਨ ਅਨੁਸਾਰ ਖੰਨਾ ਤੇ ਇਸ ਦੇ ਨਾਲ ਲੱਗਦੀਆਂ ਮੰਡੀਆਂ ਰਹੌਣ, ਈਸੜੂ, ਰਾਏਪਬਰ ਅਤੇ ਦਹਿੜੂ ਵਿੱਚ 24300 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚ ਪਨਗ੍ਰੇਨ ਵੱਲੋਂ 2860 ਕੁਇੰਟਲ, ਮਾਰਕਫ਼ੈੱਡ ਵੱਲੋਂ 2692 ਕੁਇੰਟਲ, ਪਨਸਪ ਵੱਲੋਂ 2466 ਕੁਇੰਟਲ, ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 1301 ਕੁਇੰਟਲ ਪਰਮਲ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਅਤੇ ਨਿੱਜੀ ਵਪਾਰੀਆਂ ਵੱਲੋਂ ਹੁਣ ਤੱਕ 1014.80 ਕੁਇੰਟਲ ਬਾਸਮਤੀ ਝੋਨਾ ਖਰੀਦਿਆ ਗਿਆ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਝੋਨਾ ਸੁਕਾ ਕੇ ਹੀ ਲਿਆਉਣ ਤਾਂ ਜੋ ਜਲਦ ਤੋਂ ਜਲਦ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਜਲਦੀ ਤੋਂ ਜਲਦੀ ਹੋ ਸਕੇ।
ਮੰਗਾਂ ਲਾਗੂ ਕਰਨ ਦੇ ਭਰੋਸੇ ਮਗਰੋਂ ਹੜਤਾਲ ਵਾਪਸ ਲਈ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਮੰਡੀ ਮਜ਼ਦੂਰਾਂ ਦੀਆਂ ਮਜ਼ਦੂਰੀ ਦਰਾਂ ’ਚ ਵਾਧੇ ਲਈ ਅੱਠ ਦਿਨ ਤੋਂ ਚੱਲੀ ਆ ਰਹੀ ਹੜਤਾਲ ਤੋਂ ਬਾਅਦ ਪੰਜਾਬ ਸਰਕਾਰ ਨੇ ਆਉਂਦੇ ਹਾੜ੍ਹੀ ਸੀਜ਼ਨ ’ਚ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ ਜਿਸ ਤੋਂ ਬਾਅਦ ਮੰਡੀ ਮਜ਼ਦੂਰਾਂ ਨੇ ਹੜਤਾਲ ਵਾਪਸ ਲੈ ਲਈ ਹੈ। ਪੱਲੇਦਾਰ ਯੂਨੀਅਨ ਦੇ ਪ੍ਰਧਾਨ ਮੇਸ਼ੀ ਸਹੋਤਾ ਜਗਰਾਉਂ ਤੇ ਹੋਰਨਾਂ ਨੇ ਦੱਸਿਆ ਕਿ ਅਨਾਜ ਭਵਨ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਹੋਈ। ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਰਾਕੇਸ਼ ਤੁਲੀ, ਗੁਰਦਿਆਲ ਸਿੰਘ ਰਾਏਕੋਟ, ਗੱਲਾ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਦੇਵਰਾਜ ਤੋਂ ਇਲਾਵਾ ਕੰਵਲਜੀਤ ਖੰਨਾ ਸਮੇਤ ਦਰਜਨ ਦੇ ਕਰੀਬ ਦਾਣਾ ਮੰਡੀਆਂ ਦੇ ਨੁਮਾਇੰਦਿਆਂ ਨੇ ਮੀਟਿੰਗ ’ਚ ਭਾਗ ਲਿਆ। ਮੀਟਿੰਗ ’ਚ ਪੰਜਾਬ ਦੇ ਗੱਲਾ ਮਜ਼ਦੂਰਾਂ ਲਈ ਅਹਿਮ ਫ਼ੈਸਲੇ ਕੀਤੇ ਗਏ ਜਿਸ ’ਚ 40 ਪੈਸੇ ਪ੍ਰਤੀ ਬੋਰੀ ਲੋਡਿੰਗ ਮਜ਼ਦੂਰੀ ਦਰ ‘ਚ ਵਾਧੇ ਦਾ ਪੱਤਰ ਜਾਰੀ ਕਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਸਾਰੀਆਂ ਮਜ਼ਦੂਰ ਕੈਟਾਗਿਰੀਆਂ ਦੇ ਰੇਟ ’ਚ 25 ਫ਼ੀਸਦੀ ਦੀ ਮੰਗ ਨੂੰ ਵਿਚਾਰਨ ਤੇ ਲਾਗੂ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ। ਗੱਲਾ ਮਜ਼ਦੂਰਾਂ ’ਤੇ ਈਪੀਐੱਫ ਸਕੀਮ ਲਾਗੂ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਗਈ ਜਿਸ ’ਤੇ ਅਧਿਕਾਰੀਆਂ ਨੇ ਅਗਲੀ ਮੀਟਿੰਗ ’ਚ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਮੀਟਿੰਗ ’ਚ ਦਰਸ਼ਨ ਲਾਲ, ਕਪੂਰ ਸਿੰਘ, ਕੁਲਦੀਪ ਸਿੰਘ ਸਹੋਤਾ ਹਾਜ਼ਰ ਸਨ।