ਪੰਜਾਬ ’ਚ ਡਾਕਟਰਾਂ ਦੀ ਹੜਤਾਲ ਖ਼ਤਮ
ਕੁਲਦੀਪ ਸਿੰਘ
ਚੰਡੀਗੜ੍ਹ, 14 ਸਤੰਬਰ
ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ਉਤੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਅੱਜ ਖ਼ਤਮ ਹੋ ਗਈ। ਇਥੇ ਪੰਜਾਬ ਭਵਨ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਰਮਿਆਨ ਹੋਈ ਬੈਠਕ ਬਾਅਦ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ। ਬੈਠਕ ਦੌਰਾਨ ਸਰਕਾਰ ਨੇ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਬਿਨਾਂ ਸ਼ਰਤ ਪ੍ਰਵਾਨ ਕਰ ਲਈਆਂ। ਮੰਨੀਆਂ ਗਈਆਂ ਸ਼ਰਤਾਂ ਤਹਿਤ ਸੂਬੇ ਦੇ ਸਾਰੇ ਸਿਹਤ ਸੰਭਾਲ ਕੇਂਦਰਾਂ ’ਤੇ 24 ਘੰਟੇ ਸੁਰੱਖਿਆ ਢਾਂਚੇ ਦਾ ਐਲਾਨ ਹਫ਼ਤੇ ਅੰਦਰ ਕੀਤਾ ਜਾਵੇਗਾ। ਮੈਡੀਕਲ ਅਫਸਰਾਂ ਦੀਆਂ 400 ਆਸਾਮੀਆਂ ਅਗਲੇ ਮਹੀਨੇ ਤੱਕ ਭਰੀਆਂ ਜਾਣਗੀਆਂ ਤੇ ਅਗਲੇ 12 ਹਫ਼ਤਿਆਂ ਅੰਦਰ ਏਸੀਪੀਜ਼ ਨੂੰ ਬਿਨਾਂ ਸ਼ਰਤ ਬਹਾਲ ਕਰਕੇ ਲਾਗੂ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਦੱਸਿਆ ਕਿ ਡਾਕਟਰਾਂ ਅਤੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਸਮੇਤ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਲਈ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਲਚਸਪੀ ਲਈ ਤੇ ਉਨ੍ਹਾਂ ਡਿਪਟੀ ਕਮਿਸ਼ਨਰਾਂ ਰਾਹੀਂ ਐਸੋਸੀਏਸ਼ਨਾਂ ਨਾਲ ਰਾਬਤਾ ਬਣਾਈ ਰੱਖਿਆ। ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ ਓਪੀਡੀ ਸੇਵਾਵਾਂ ਫੌਰੀ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਹੜਤਾਲ ਕਾਰਨ ਸੇਵਾਵਾਂ ਬੰਦ ਰਹਿਣ ਕਰਕੇ ਮਰੀਜ਼ਾਂ ਦੀ ਸਹੂਲਤ ਲਈ ਅਗਲੇ ਹਫ਼ਤੇ ਤੋਂ ਓਪੀਡੀ ਦੇ ਘੰਟਿਆਂ ਨੂੰ ਰੁਟੀਨ ਕੰਮਕਾਜੀ ਘੰਟਿਆਂ ਤੋਂ ਵੱਧ ਅਤੇ 2 ਘੰਟੇ ਵਧਾ ਦਿੱਤਾ ਜਾਵੇਗਾ।