ਲਾਲੜੂ ’ਚ ਸਫ਼ਾਈ ਕਾਮਿਆਂ ਦੀ ਹੜਤਾਲ ਜਾਰੀ
ਸਰਬਜੀਤ ਸਿੰਘ ਭੱਟੀ
ਲਾਲੜੂ, 14 ਅਕਤੂਬਰ
ਸਫ਼ਾਈ ਕਰਮਚਾਰੀਆਂ ਦੀ ਆਪਣੀਆਂ ਮੰਗਾਂ ਸਬੰਧੀ ਨਗਰ ਕੌਂਸਲ ਲਾਲੜੂ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਜਾਰੀ ਹੈ। ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਲਾਲੜੂ ਦੇ ਮੈਂਬਰਾਂ ਓਮ ਪ੍ਰਕਾਸ਼, ਰੀਨਾ ਰਾਣੀ, ਸੋਨੂੰ, ਮੋਨਿਕਾ ਅਤੇ ਪਰਮਜੀਤ ਕੌਰ ਨੇ ਅੱਜ 12ਵੇਂ ਦਿਨ ਭੁੱਖ ਹੜਤਾਲ ਕੀਤੀ। ਇਸ ਦੌਰਾਨ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ, ਬ੍ਰਾਂਚ-2 ਲਾਲੜੂ ਦੇ ਪ੍ਰਧਾਨ ਸੁਖਦੇਵ ਸੈਣੀ ਨੇ ਕਿਹਾ ਕਿ ਨਗਰ ਕੌਂਸਲ ਲਾਲੜੂ ਅਧੀਨ ਪਿਛਲੇ 10-12 ਸਾਲਾਂ ਤੋਂ ਬਤੌਰ ਸਫਾਈ ਮੁਲਾਜ਼ਮ ਕੰਮ ਕਰਦੇ ਕਿਰਤੀਆਂ ਦਾ ਠੇਕੇਦਾਰ ਵੱਲੋਂ ਪੀਐੱਫ, ਈਐੱਸਆਈ 2022 ਦਾ ਜਮ੍ਹਾਂ ਨਹੀਂ ਕਰਵਾਇਆ, ਜਦਕਿ ਈਓ ਵੱਲੋਂ ਪੀਐੱਫ ਤੇ ਈਐੱਸਆਈ ਦੇ ਪੈਸੇ ਜਮ੍ਹਾਂ ਕਰਵਾ ਕੇ ਚਲਾਨ ਫਾਰਮ ਠੇਕੇਦਾਰ ਕੋਲੋਂ ਲੈਣਾ ਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੌਂਸਲ ਲਾਲੜੂ ਦੀ ਠੇਕੇਦਾਰ ਨਾਲ ਕਥਿਤ ਮਿਲੀਭੁਗਤ ਕਾਰਨ ਠੇਕੇਦਾਰ ਨੂੰ ਹੁਣ ਤੱਕ ਹਰ ਮਹੀਨੇ ਦੀ ਅਦਾਇਗੀ ਕੀਤੀ ਜਾਂਦੀ ਰਹੀ ਜਿਸ ਕਾਰਨ ਕਰਮਚਾਰੀਆਂ ਦਾ ਭਾਰੀ ਨੁਕਸਾਨ ਹੋਇਆ। ਜਥਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਨਗਰ ਕੌਂਸਲ ਲਾਲੜੂ ਦੇ ਅਫਸਰਾਂ ਵੱਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਬੰਦ ਨਹੀਂ ਕੀਤੀਆਂ ਜਾਂਦੀਆਂ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਭੁੱਖ ਹੜਤਾਲ ਜਾਰੀ ਰਹੇਗੀ।