ਡਾਕਟਰਾਂ ਵੱਲੋਂ ਹੜਤਾਲ ਖ਼ਤਮ, ਕੰਮ-ਕਾਜ ਸ਼ੁਰੂ
ਜੋਗਿੰਦਰ ਸਿੰਘ ਮਾਨ
ਮਾਨਸਾ, 14 ਸਤੰਬਰ
ਪੰਜਾਬ ਵਿੱਚ ਚੱਲ ਰਹੀ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ (ਪੀਸੀਐੱਮਐੱਸ) ਡਾਕਟਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਹੁਣ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਵਿੱਚ ਕੰਮ-ਕਾਜ ਆਰੰਭ ਕਰ ਦਿੱਤਾ ਗਿਆ ਹੈ। ਪੰਜਾਬ ਭਰ ਵਿੱਚ ਸਾਰੇ ਡਾਕਟਰ ਪਿਛਲੇ 6 ਦਿਨਾਂ ਤੋਂ ਹੜਤਾਲ ’ਤੇ ਹੋਣ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਸੀ। ਪੀਸੀਐੱਮਐੱਸ ਐਸੋਸੀਏਸ਼ਨ ਦੇ ਮਾਨਸਾ ਜ਼ਿਲ੍ਹਾ ਪ੍ਰਧਾਨ ਡਾ. ਗੁਰਜੀਵਨ ਸਿੰਘ ਅਤੇ ਜਨਰਲ ਸਕੱਤਰ ਡਾ. ਸ਼ੁਭਮ ਬਾਂਸਲ, ਡਾ. ਕਮਲ ਨੇ ਕਿਹਾ ਕਿ ਸਿਹਤ ਮੰਤਰੀ ਡਾ, ਬਲਬੀਰ ਸਿੰਘ, ਪ੍ਰਮੁੱਖ ਸਕੱਤਰ ਸਿਹਤ ਵਿਭਾਗ, ਵਧੀਕ ਸਕੱਤਰ (ਵਿੱਤ) ਅਤੇ ਪੀਸੀਐੱਮਐੱਸ ਅਧਿਕਾਰੀਆਂ ਦੇ ਨੁਮਾਇੰਦਿਆਂ ਵਿਚਕਾਰ ਅੱਜ ਮੀਟਿੰਗ ਹੋਈ ਅਤੇ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਬਿਨਾਂ ਸ਼ਰਤ ਪ੍ਰਵਾਨ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੇਵਾਵਾਂ ਦੀ ਮੁਅੱਤਲੀ ਦੌਰਾਨ ਅਸੁਵਿਧਾਜਨਕ ਮਰੀਜ਼ਾਂ ਦੀ ਪੂਰਤੀ ਲਈ ਅਗਲੇ ਹਫ਼ਤੇ ਪਹਿਲੇ ਦੋ ਦਿਨਾਂ ਵਿੱਚ ਓਪੀਡੀ ਦੇ ਘੰਟਿਆਂ ਰੋਜ਼ਾਨਾ ਕੰਮ-ਕਾਜੀ ਘੰਟਿਆਂ ਤੋਂ ਵੱਧ 2 ਘੰਟੇ ਲਈ ਵਧਾ ਦਿੱਤਾ ਜਾਵੇਗਾ। ਇਸ ਮੌਕੇ ਡਾ. ਕਿਰਨਵਿੰਦਰਪ੍ਰੀਤ ਸਿੰਘ, ਡਾ. ਨਿਸ਼ੀ ਸੂਦ, ਡਾ. ਕਮਲਦੀਪ, ਡਾ. ਸ਼ਾਇਨਾ ਗੋਇਲ, ਡਾ. ਪ੍ਰਵੀਨ ਕੁਮਾਰ, ਡਾ. ਅਨੀਸ਼ ਕੁਮਾਰ, ਡਾ. ਹੰਸਾ, ਗੁਰਵਿੰਦਰ ਕੌਰ ਨਰਸਿੰਗ ਸਿਸਟਰ, ਡਾ. ਬਲਜਿੰਦਰ ਕੌਰ, ਡਾ. ਨੇਹਾ, ਡਾ. ਕੋਮਲ ਜਿੰਦਲ ਡਾ ਰੁਪਿੰਦਰ ਕੌਰ ਅਤੇ ਡਾ. ਗੌਰਵ ਕੁਮਾਰ ਨੇ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪਿਛਲੇ ਕਰੀਬ ਇੱਕ ਹਫ਼ਤੇ ਤੋਂ ਚੱਲ ਰਹੀ ਡਾਕਟਰਾਂ ਦੀ ਹੜਤਾਲ ਅੱਜ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਮੰਗਾਂ ਮੰਨੇ ਜਾਣ ਦੇ ਭਰੋਸੇ ਉਪਰੰਤ ਡਾਕਟਰਾਂ ਵੱਲੋਂ ਸਮਾਪਤ ਕਰ ਦਿੱਤੀ ਗਈ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਮੁਕਤਸਰ ਇਕਾਈ ਦੇ ਪ੍ਰਧਾਨ ਡਾਕਟਰ ਅਰਪਨ ਸਿੰਘ ਬਰਾੜ ਨੇ ਦੱਸਿਆ ਕਿ ਕੀਤੇ ਵਾਅਦੇ ਅਨੁਸਾਰ ਮੁੱਖ ਮੰਤਰੀ ਨੇ ਜਥੇਬੰਦੀ ਦੇ ਆਗੂਆਂ ਨਾਲ ਬੈਠਕ ਕੀਤੀ ਅਤੇ ਸਾਰੀਆਂ ਮੰਗਾਂ ਮੰਨ ਲਈਆਂ ਜਿਸ ਕਰਕੇ ਜਥੇਬੰਦੀ ਨੇ ਹੜਤਾਲ ਖਤਮ ਕਰ ਦਿੱਤੀ ਹੈ। ਹੁਣ ਸਰਕਾਰੀ ਹਸਪਤਾਲਾਂ ’ਚ ਡਾਕਟਰ ਲਗਾਤਾਰ ਆਪਣਾ ਕੰਮ ਕਰਨਗੇ। ਡਾਕਟਰਾਂ ਦੀ ਹੜਤਾਲ ਖਤਮ ਹੋਣ ਨਾਲ ਮਰੀਜ਼ਾਂ ਨੂੰ ਵੀ ਸੁੱਖ ਦਾ ਸਾਹ ਆਇਆ ਹੈ।