For the best experience, open
https://m.punjabitribuneonline.com
on your mobile browser.
Advertisement

ਇਕੱਲੇ ਬੰਦੇ ਦੀ ਤਾਕਤ

08:44 AM Feb 04, 2024 IST
ਇਕੱਲੇ ਬੰਦੇ ਦੀ ਤਾਕਤ
ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮਾਧਵ ਸਾਠੇ। ਫੋਟੋ: ਬੀਐੱਮਸੀਡਬਲਿਊਐੱਸ
Advertisement

ਜੂਲੀਓ ਰਬਿੈਰੋ

Advertisement

ਮੈਂ ਮਾਧਵ ਸਾਠੇ ਨਾਂ ਦੇ ਇੱਕ ਸ਼ਖ਼ਸ ਨੂੰ ਜਾਣਦਾ ਹਾਂ ਜਿਸ ਦੀ ਕਹਾਣੀ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ। ਪੇਸ਼ੇ ਵਜੋਂ ਉਹ ਐਨਾਸਥੀਸੀਓਲੌਜਿਸਟ ਹੈ ਜੋ ਅਪਰੇਸ਼ਨ ਥੀਏਟਰਾਂ ਵਿੱਚ ਖ਼ਾਸਕਰ ਸੰਗੀਨ ਹਾਲਤ ਵਿੱਚ ਮਰੀਜ਼ ਦੀ ਹਿਫ਼ਾਜ਼ਤ ਲਈ ਸਰਜਨਾਂ ਦੀ ਮਦਦ ਕਰਦੇ ਹਨ। ਉਹ ਲੋੜਵੰਦ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰਦੇ ਹਨ ਜੋ ਉਨ੍ਹਾਂ ਨੂੰ ਹੋਰਨਾਂ ਤੋਂ ਵੱਖ ਕਰਦੀ ਹੈ। ਇਸ ਵੇਲੇ ਉਹ ਦਿਹਾਤੀ ਖੇਤਰਾਂ ਦੇ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਕਰਾਉਣ ਦੇ ਮਿਸ਼ਨ ਨਾਲ ਜੁੜੇ ਹੋਏ ਹਨ। ਉਨ੍ਹਾਂ ਇਕੱਲਿਆਂ ਹੀ 90 ਦੇ ਕਰੀਬ ਪਿੰਡਾਂ ਦੇ ਮੁੱਖ ਤੌਰ ’ਤੇ ਕਬਾਇਲੀ ਬੱਚਿਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਦੀ ਜ਼ਿੰਦਗੀ ਵਿੱਚ ਬਦਲਾਓ ਲਿਆਂਦਾ ਹੈ। ਇਹ ਸਾਰੇ ਪਿੰਡ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਖੇਡ ਤਾਲੁਕਾ ਵਿੱਚ ਪੈਂਦੇ ਹਨ। ਰਾਜਗੁਰੂਨਗਰ ਦੇ ਆਸ ਪਾਸ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਚਲਾਏ ਜਾਂਦੇ 49 ਕਬਾਇਲੀ ਸਕੂਲਾਂ, 73 ਹਾਈ ਸਕੂਲਾਂ ਅਤੇ 468 ਪ੍ਰਾਇਮਰੀ ਸਕੂਲਾਂ ਦੇ 43 ਹਜ਼ਾਰ ਤੋਂ ਵੱਧ ਬੱਚੇ ਅਤੇ 1200 ਅਧਿਆਪਕ ਡਾ. ਸਾਠੇ ਦੇ ਅਣਥੱਕ ਯਤਨਾਂ ਤੋਂ ਲਾਹਾ ਲੈਂਦੇ ਹਨ।
ਸਾਠੇ ਆਪਣੀ ਡਾਕਟਰ ਪਤਨੀ ਅਤੇ ਇੱਕ ਧੀ ਨਾਲ ਮੁੰਬਈ ਵਿੱਚ ਰਹਿੰਦੇ ਹਨ। ਹਫ਼ਤੇ ’ਚੋਂ ਪੰਜ ਦਿਨ ਉਹ ਸਰਜਰੀਆਂ ਕਰਨ ਵਿੱਚ ਰੁੱਝੇ ਰਹਿੰਦੇ ਹਨ। ਅਖੀਰਲੇ ਦੋ ਦਿਨ ਉਹ ਮੁੰਬਈ ਤੋਂ ਤਿੰਨ ਘੰਟੇ ਦਾ ਸਫ਼ਰ ਤੈਅ ਕਰ ਕੇ ਰਾਜਗੁਰੂਨਗਰ ਜਾਂਦੇ ਹਨ। ਉਨ੍ਹਾਂ ਦੇ ਕੰਮ ਨੇ ਉਨ੍ਹਾਂ ਦੀ ਇੱਕ ਮਿਸ਼ਨਰੀ ਦੀ ਪਛਾਣ ਬਣਾ ਦਿੱਤੀ ਹੈ। ਪਿੰਡਾਂ ਦੇ ਲੋਕ ਅਤੇ ਉਨ੍ਹਾਂ ਦੇ ਬੱਚੇ ਹਰ ਸਨਿੱਚਰ-ਐਤਵਾਰ ਡਾ. ਸਾਠੇ ਦਾ ਬੇਹੱਦ ਉਤਸੁਕਤਾ ਨਾਲ ਇੰਤਜ਼ਾਰ ਕਰਦੇ ਹਨ। ਬੱਚੇ ਹੀ ਨਹੀਂ ਸਗੋਂ ਬਹੁਤ ਸਾਰੇ ਅਧਿਆਪਕ ਵੀ ਉਨ੍ਹਾਂ ਦੀ ਇਸ ਨਿਸਵਾਰਥ ਸੇਵਾ ਤੋਂ ਬਹੁਤ ਪ੍ਰੇਰਿਤ ਹੋਏ ਹਨ।
ਡਾ. ਸਾਠੇ ਨੇ ਜਦੋਂ ਰਾਜਗੁਰੂਨਗਰ ਵਿੱਚ ਆਪਣਾ ਮਿਸ਼ਨ ਸ਼ੁਰੂ ਕੀਤਾ ਸੀ ਤਾਂ ਮੈਂ ਅਤੇ ਮੇਰੀ ਪਤਨੀ ਸਾਲ ਵਿੱਚ ਇੱਕ-ਦੋ ਵਾਰ ਉਸ ਜਗ੍ਹਾ ਜਾਇਆ ਕਰਦੇ ਸਾਂ। ਤਕਰੀਬਨ ਪੱਚੀ ਸਾਲ ਪਹਿਲਾਂ ਮੈਂ ਬੰਬੇ ਮਦਰਜ਼ ਐਂਡ ਚਿਲਡਰਨ ਵੈੱਲਫੇਅਰ ਸੁਸਾਇਟੀ (ਬੀਐਮਸੀਡਬਲਯੂਐੱਸ) ਦਾ ਚੇਅਰਮੈਨ ਬਣਿਆ ਸਾਂ ਅਤੇ ਡਾ. ਸਾਠੇ 40 ਸਾਲ ਪਹਿਲਾਂ ਇਸ ਸੰਸਥਾ ਦੇ ਸਕੱਤਰ ਬਣ ਗਏ ਸਨ ਜਦੋਂ ਉਨ੍ਹਾਂ ਮੈਡੀਕਲ ਕਾਲਜ ਦੀ ਡਿਗਰੀ ਪੂਰੀ ਕੀਤੀ ਸੀ। ਮੈਂ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਕੇ ਮੁੰਬਈ ਵਿੱਚ ਹੀ ਵੱਸ ਗਿਆ ਜਿੱਥੇ ਮੇਰਾ ਜਨਮ ਹੋਇਆ ਸੀ। ਆਈਪੀਐੱਸ ਵਿੱਚ ਮੇਰਾ ਇੱਕ ਨੌਜਵਾਨ ਸਹਿਕਰਮੀ ਸਾਠੇ ਨੂੰ ਮੇਰੇ ਨਾਲ ਮਿਲਾਉਣ ਆਇਆ ਸੀ। ਉਨ੍ਹਾਂ ਮੈਨੂੰ ਸੁਸਾਇਟੀ ਦੀ ਚੇਅਰਮੈਨੀ ਸੰਭਾਲਣ ਦੀ ਬੇਨਤੀ ਕੀਤੀ ਜੋ ਮੈਂ ਸਵੀਕਾਰ ਕਰ ਲਈ।
ਉਦੋਂ ਇਹ ਸੁਸਾਇਟੀ ਦੋ ਹਸਪਤਾਲਾਂ ਵਿੱਚ ਲੋੜਵੰਦ ਮਰੀਜ਼ਾਂ ਦੀ ਦੇਖਭਾਲ ਕਰਨ ਤੋਂ ਇਲਾਵਾ ਮੁੰਬਈ ਵਿੱਚ ਕੰਮਕਾਜੀ ਮਾਵਾਂ ਦੇ ਬੱਚਿਆਂ ਲਈ ਦੋ ਕਰੈੱਚ ਵੀ ਚਲਾਉਂਦੀ ਸੀ। ਇਨ੍ਹਾਂ ਦੀ ਰੋਜ਼ਮਰਾ ਦੇਖ-ਰੇਖ ਸਾਠੇ ਹੋਰੀਂ ਕਰਦੇ ਸਨ। ਮੁੰਬਈ ਤੋਂ ਬਾਹਰ ਦੋ ਹੋਰ ਕਾਰਜ ਰਾਜਗੁਰੂਨਗਰ ਅਤੇ ਭੀਲਵਾੜੀ ਵਿੱਚ ਚੱਲ ਰਹੇ ਸਨ ਜਿੱਥੇ ਸੁਸਾਇਟੀ ਨੇ ਛੋਟੇ ਦਿਹਾਤੀ ਹਸਪਤਾਲ ਸਥਾਪਤ ਕੀਤੇ ਸਨ। ਸੁਸਾਇਟੀ ਦੇ ਸੰਸਥਾਪਕ ਡਾ. ਤਿਲਕ ਅਤੇ ਡਾ. ਮਹਾਸਕਰ ਕਈ ਸਾਲ ਪਹਿਲਾਂ ਗੁਜ਼ਰ ਚੁੱਕੇ ਸਨ। ਡਾ. ਸਾਠੇ ਪੂਰੀ ਦਿਆਨਤਦਾਰੀ ਨਾਲ ਸੁਸਾਇਟੀ ਦਾ ਕੰਮਕਾਜ ਚਲਾ ਰਹੇ ਸਨ। ਸਰਕਾਰ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਕੋਲੋਂ ਕਦੇ ਕਦਾਈਂ ਕੋਈ ਮਦਦ ਜਾਂ ਕੰਮ ਲੈਣ ਵਾਸਤੇ ਚੇਅਰਮੈਨ ਨੂੰ ਆਖ ਦਿੱਤਾ ਜਾਂਦਾ ਸੀ।
ਰਾਜਗੁਰੂਨਗਰ ਵਿਚਲੇ ਹਸਪਤਾਲ ਨੇ ਸਾਠੇ ਨੂੰ ਕਮਜ਼ੋਰਾਂ ਅਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਇੱਕ ਮੰਚ ਮੁਹੱਈਆ ਕਰਵਾ ਦਿੱਤਾ। ਇਸ ਦਾ ਸਬੱਬ ਉਦੋਂ ਬਣਿਆ ਜਦੋਂ ਪੁਣੇ ਵਿੱਚ ਲੋਕ ਸੇਵਾ ਦੀ ਉੱਘੀ ਹਸਤੀ ਡਾ. ਬਾਨੋਬਾਈ ਕੋਯਾਜੀ ਨੇ ਡਾ. ਸਾਠੇ ਨੂੰ ਰਾਜਗੁਰੂਨਗਰ ਵਿੱਚ ਇੱਕ ਸਿਹਤ ਪ੍ਰਾਜੈਕਟ ’ਤੇ ਕੰਮ ਕਰਨ ਲਈ ਵੱਡੀ ਰਕਮ ਦੇਣ ਦੀ ਪੇਸ਼ਕਸ਼ ਕੀਤੀ। ਸਾਠੇ ਨੇ ਦੋਵੇਂ ਹੱਥੀਂ ਇਹ ਪੇਸ਼ਕਸ਼ ਸਵੀਕਾਰ ਕੀਤੀ। ਡਾ. ਬਾਨੋਬਾਈ ਵੱਲੋਂ ਦਿੱਤੀ ਗਈ ਰਕਮ ਖ਼ਤਮ ਹੋਣ ਤੋਂ ਬਾਅਦ ਉਹ ਹੋਰ ਫੰਡ ਇਕੱਠੇ ਕਰਨ ਲਈ ਆਪਣੇ ਡਾਕਟਰ ਸਾਥੀਆਂ ਕੋਲ ਗਏ ਜਿਨ੍ਹਾਂ ਨੇ ਖੁੱਲ੍ਹ ਕੇ ਉਨ੍ਹਾਂ ਦਾ ਸਾਥ ਦਿੱਤਾ ਕਿਉਂਕਿ ਲੋਕ ਭਲਾਈ ਦੇ ਉਨ੍ਹਾਂ ਦੇ ਕਾਰਜਾਂ ਤੋਂ ਸਭ ਲੋਕ ਵਾਕਫ਼ ਸਨ। ਡਾ. ਸਾਠੇ ਮੁੱਖ ਤੌਰ ’ਤੇ ਲੜਕੇ ਲੜਕੀਆਂ ਦੀ ਪੜ੍ਹਾਈ ’ਤੇ ਕੇਂਦਰਤ ਹੋ ਕੇ ਰਾਜਗੁਰੁੂਨਗਰ ਖੇਤਰ ਦੇ ਪਿੰਡਾਂ ਦੇ ਉਥਾਨ ਵਿੱਚ ਪੂਰੀ ਤਰ੍ਹਾਂ ਜੁਟੇ ਹੋਏ ਹਨ। ਇਸ ਦੀ ਸ਼ੁਰੂਆਤ ਟਾਟਾ ਕਨਸਲਟੈਂਸੀ ਸਰਵਿਸਜ਼ ਦੇ ਸਾਬਕਾ ਵਾਈਸ ਚੇਅਰਮੈਨ ਐੱਸ. ਰਾਮਾਦੁਰਾਈ ਅਤੇ ਉਨ੍ਹਾਂ ਦੀ ਪਤਨੀ ਮਾਲਾ ਰਾਮਾਦੁਰਾਈ ਦੇ ਯਤਨਾਂ ਸਦਕਾ ਦਾਨ ਕੀਤੇ ਕੰਪਿਊਟਰ ਮੁਹੱਈਆ ਕਰਵਾ ਕੇ ਕੀਤੀ ਗਈ ਸੀ। ਪਿਛਲੇ ਦਸ ਸਾਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ 600 ਸਕੂਲਾਂ ਨੂੰ ਇੱਕੋ ਸਮੇਂ ਈ-ਲਰਨਿੰਗ ਮੁਹੱਈਆ ਕਰਵਾਈ ਜਾਂਦੀ ਹੈ। ਇਹ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਈ ਹੈ। ਇਸ ਇਲਾਕੇ ਵਿੱਚ ਵਾਈ-ਫਾਈ ਦੀ ਸੁਵਿਧਾ ਨਹੀਂ ਸੀ ਅਤੇ ਬਿਜਲੀ ਸਪਲਾਈ ਵੀ ਟੁੱਟਵੀਂ ਰਹਿੰਦੀ ਸੀ ਪਰ ਸਾਠੇ ਨੇ ਹੌਸਲਾ ਨਹੀਂ ਹਾਰਿਆ। ਉਨ੍ਹਾਂ ਆਪਣੇ ਦੋਸਤਾਂ ਦੀ ਮਦਦ ਨਾਲ 425 ਸਕੂਲਾਂ ਵਿੱਚ ਸੋਲਰ ਪੈਨਲ ਲਗਵਾਉਣ ਦੇ ਪ੍ਰਾਜੈਕਟ ਰਾਹੀਂ ਕੰਪਿਊਟਰਾਂ ਦੀ ਨਿਰਵਿਘਨ ਵਰਤੋਂ ਯਕੀਨੀ ਬਣਾ ਦਿੱਤੀ ਹੈ।
ਸੌਰ ਪੈਨਲ ਲਾਉਣ ਤੋਂ ਪਹਿਲਾਂ ਉਨ੍ਹਾਂ ਆਪਣੇ ਦੋਸਤਾਂ ਨਾਲ ਰਲ਼ ਕੇ ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਅਤੇ ਰੰਗ ਰੋਗਨ ਕਰਵਾ ਕੇ ਇਨ੍ਹਾਂ ਨੂੰ ਨਵਾਂ ਰੂਪ ਦਿੱਤਾ। ਉਨ੍ਹਾਂ ਲੜਕੀਆਂ ਨੂੰ ਸਕੂਲ ਆਉਣ ਲਈ ਪ੍ਰੇਰਿਤ ਵੀ ਕੀਤਾ। ਪਾਣੀ ਦੀ ਕਮੀ ਕਰਕੇ ਪਖਾਨੇ ਦੀ ਵਰਤੋਂ ਨਹੀਂ ਹੁੰਦੀ ਸੀ। ਉਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਖੂਹ ਖੁਦਵਾਏ। ਅਧਿਆਪਕਾਂ ਨੂੰ ਯਕੀਨ ਹੋ ਗਿਆ ਕਿ ਸਾਠੇ ਬੱਚਿਆਂ ਦੀ ਭਲਾਈ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹਨ। ਬੱਚਿਆਂ ਨੂੰ ਕੰਪਿਊਟਰ ਦੀ ਸਿਖਲਾਈ ਦੇਣ ਲਈ ਉਨ੍ਹਾਂ ਪਹਿਲਾਂ ਮੁਕਾਮੀ ਭੀਲ ਭਾਈਚਾਰੇ ਦੇ ਇੱਕ ਲੜਕੇ ਨੂੰ ਸਿੱਖਿਅਤ ਕੀਤਾ ਅਤੇ ਫਿਰ ਉਸ ਨੂੰ ਦਾਨ ਵਜੋਂ ਮਿਲੀ ਇੱਕ ਵੈਨ ’ਤੇ ਡਰਾਈਵਰ ਰੱਖ ਲਿਆ। ਉਸ ਮੁੰਡੇ ਨੇ ਪਿੰਡ-ਪਿੰਡ ਘੁੰਮ ਕੇ ਕਬਾਇਲੀ ਬੱਚਿਆਂ ਅਤੇ ਨੌਜਵਾਨਾਂ ਨੂੰ ਕੰਪਿਊਟਰ ਦੀ ਸਿਖਲਾਈ ਦਿੱਤੀ। ਹੁਣ ਤੱਕ ਇਸ ਪ੍ਰਾਜੈਕਟ ਅਧੀਨ 102 ਸਕੂਲਾਂ ਦੇ ਕੁੱਲ 2285 ਲੜਕੇ ਲੜਕੀਆਂ ਦੇ 355 ਬੈਚਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ’ਚੋਂ 1393 ਆਦਿਵਾਸੀ ਬੱਚੇ ਹਨ।
ਬੀਐਮਸੀਡਬਲਯੂ ਸੁਸਾਇਟੀ ਨੇ 1077 ਲੜਕੀਆਂ ਨੂੰ ਵੋਕੇਸ਼ਨਲ ਸਿਖਲਾਈ ਦਿਵਾ ਕੇ ਪਰਿਵਾਰ ਲਈ ਵਾਧੂ ਕਮਾਈ ਕਰਨ ਦੇ ਯੋਗ ਬਣਾਇਆ ਹੈ। 3086 ਔਰਤਾਂ ਲਈ ਸਿਲਾਈ ਕਢਾਈ ਦੀਆਂ ਕਲਾਸਾਂ ਲਾਈਆਂ ਗਈਆਂ ਹਨ; 328 ਨੂੰ ਦਾਈ ਦੀ ਸਿਖਲਾਈ ਦਿੱਤੀ ਗਈ। ਵੋਕੇਸ਼ਨਲ ਕੋਰਸਾਂ ’ਚੋਂ ਇਨ੍ਹਾਂ ਕਿੱਤਿਆਂ ਦੀ ਸਭ ਤੋਂ ਵੱਧ ਮੰਗ ਹੁੰਦੀ ਹੈ। ਫੰਡ ਮਿਲਣ ’ਤੇ ਨੌਜਵਾਨਾਂ ਲਈ ਖੇਡ ਮੈਦਾਨ ਵੀ ਤਿਆਰ ਕਰਵਾਏ ਜਾਂਦੇ ਹਨ। ਸਮੇਂ ਸਮੇਂ ’ਤੇ ਮੈਡੀਕਲ ਕੈਂਪ ਲਗਵਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਨਿਯਮਤ ਰੂਪ ਵਿੱਚ ਨਾਸ਼ਤਾ ਦਿੱਤਾ ਜਾਂਦਾ ਅਤੇ ਉਨ੍ਹਾਂ ਦੇ ਕੱਦ ਤੇ ਵਜ਼ਨ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ। ਉਨ੍ਹਾਂ ਵਿੱਚ ਆਮ ਤੌਰ ’ਤੇ ਕੁਪੋਸ਼ਣ ਅਤੇ ਖ਼ੂਨ ਦੀ ਕਮੀ ਦੀ ਸਮੱਸਿਆ ਪਾਈ ਜਾਂਦੀ ਸੀ। ਸਾਠੇ ਦੇ ਦੋਸਤਾਂ ਵੱਲੋਂ 1600 ਕਬਾਇਲੀ ਬੱਚਿਆਂ ਨੂੰ ਨਾਸ਼ਤੇ ਵੇਲੇ ਸਪਲੀਮੈਂਟ ਅਤੇ ਵਿਟਾਮਿਨ ਦੀਆਂ ਗੋਲੀਆਂ ਦਿੱਤੀਆਂ ਗਈਆਂ ਹਨ। ਦੁਪਹਿਰ ਦੇ ਖਾਣੇ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਗ਼ਰੀਬਾਂ ਨਿਤਾਣਿਆਂ ਦੀ ਖ਼ਾਤਰ ਜੇ ਕਿਸੇ ਇੱਕ ਬੰਦੇ ਦੀ ਤਨਦੇਹੀ ਅਤੇ ਨਿਸਵਾਰਥ ਕਾਰਜ ਤੋਂ ਪ੍ਰੇਰਨਾ ਲੈ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਕੁਝ ਹੋਰ ਵਿਅਕਤੀ ਉੱਦਮ ਕਰ ਲੈਣ ਤਾਂ ਭਾਰਤ ਦੀ ਨੁਹਾਰ ਬਦਲ ਸਕਦੀ ਹੈ। ਮੁੰਬਈ ਵਿੱਚ ਅਜਿਹੇ ਕਈ ਵਿਅਕਤੀ ਮੌਜੂਦ ਹਨ। ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਡੀ. ਸ਼ਿਵਨੰਦਨ ‘ਰੋਟੀ ਬੈਂਕ’ ਚਲਾਉਂਦੇ ਹਨ ਜਿੱਥੇ ਹਰ ਰੋਜ਼ 1200 ਲੋਕਾਂ ਨੂੰ ਖਾਣਾ ਖੁਆਇਆ ਜਾਂਦਾ ਹੈ। ਡਾ. ਸਾਠੇ ਦੇ ਉੱਦਮ ਨੇ ਉਸ ਇਲਾਕੇ ਦੇ ਪਿੰਡਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਵਤੀਰੇ ਵਿੱਚ ਅਹਿਮ ਤਬਦੀਲੀ ਲਿਆਂਦੀ ਹੈ। ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਆ ਗਿਆ ਹੈ, ਅਧਿਆਪਕ ਪੜ੍ਹਾਉਣ ਦੇ ਨਵੇਂ ਸੰਕਲਪ ਸਿੱਖਣ ਵਿੱਚ ਰੁਚੀ ਲੈ ਰਹੇ ਹਨ ਅਤੇ ਮਾਪਿਆਂ ਨੇ ਵੀ ਬੱਚਿਆਂ ਦੀ ਪੜ੍ਹਾਈ ਵੱਲ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਹੀ ‘ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ’ ਦਾ ਨਾਅਰਾ ਸਾਕਾਰ ਹੋ ਸਕਦਾ ਹੈ ਪਰ ਇਸ ਲਈ ਬਹੁਤ ਸਾਰੇ ਵਾਲੰਟੀਅਰਾਂ ਦੀ ਲੋੜ ਪਵੇਗੀ।

Advertisement

Advertisement
Author Image

Advertisement