For the best experience, open
https://m.punjabitribuneonline.com
on your mobile browser.
Advertisement

ਅਸਮਾਨੀ ਬਿਜਲੀ ਡਿੱਗਣ ਕਾਰਨ ਪਰਾਲੀ ਨੂੰ ਅੱਗ ਲੱਗੀ

07:49 AM Apr 25, 2024 IST
ਅਸਮਾਨੀ ਬਿਜਲੀ ਡਿੱਗਣ ਕਾਰਨ ਪਰਾਲੀ ਨੂੰ ਅੱਗ ਲੱਗੀ
ਪਿੰਡ ਖੋਖਰ ਖੁਰਦ ਵਿੱਚ ਆਪਣੀ ਫ਼ਸਲ ਦੀ ਰਾਖੀ ਕਰਦੇ ਹੋਏ ਕਿਸਾਨ। -ਫੋਟੋ: ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 24 ਅਪਰੈਲ
ਇੱਥੋਂ ਨੇੜਲੇ ਪਿੰਡ ਖੋਖਰ ਖੁਰਦ ਦੇ ਨਜ਼ਦੀਕ ਨਿੱਜੀ ਭਾਈਵਾਲ ਤਹਿਤ ਲੱਗੇ ਬਾਇਓਮਾਸ ਪਲਾਂਟ ਵਿੱਚ ਰੱਖੇ ਪਰਾਲੀ ਦੇ ਢੇਰ ਨੂੰ ਦਿਨ ਚੜ੍ਹਦਿਆਂ ਸਾਰ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ। ਇਸ ਕਾਰਨ ਨਾਲ ਖੇਤਾਂ ਵਿੱਚ ਖੜ੍ਹੀ ਕਣਕ ਦਾ ਖ਼ੁਦ ਕਿਸਾਨਾਂ ਵੱਲੋਂ ਕੀਤੀ ਜੱਦੋ-ਜਹਿਦ ਸਦਕਾ ਬਚਾਅ ਹੋ ਗਿਆ ਪਰ ਬਾਇਓਮਾਸ ਪਲਾਂਟ ਵਿੱਚ ਲੱਗੇ ਪਰਾਲੀ ਦੇ ਢੇਰ ਸੁਆਹ ਹੋ ਗਏ।
ਬੀਕੇਯੂ (ਏਕਤਾ ਉਗਰਾਹਾਂ) ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬਾਇਓਮਾਸ ਪਲਾਂਟ ਵਿੱਚ ਸਟੋਰ ਕਰ ਕੇ ਰੱਖੀ ਪਰਾਲੀ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗਣ ਦਾ ਸ਼ੱਕ ਹੈ। ਇਨ੍ਹਾਂ ਢੇਰਾਂ ਨੇੜੇ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਕਿਸਾਨਾਂ ਨੇ ਕਈ-ਕਈ ਫੁੱਟ ਦੂਰ ਤੱਕ ਕਣਕ ਨੂੰ ਟਰੈਕਟਰ ਚਲਾ ਕੇ ਵਾਹ ਦਿੱਤਾ। ਕਿਸਾਨ ਆਗੂ ਨੇ ਕਿਹਾ ਕਿ ਉਸ ਵੇਲੇ ਤੇਜ਼ ਹਨ੍ਹੇਰੀ ਚੱਲ ਰਹੀ ਸੀ ਅਤੇ ਜੇ ਕਿਸਾਨਾਂ ਦੀ ਕਣਕ ਨੂੰ ਅੱਗ ਪੈ ਜਾਂਦੀ ਤਾਂ ਦੂਰ-ਦੂਰ ਤੱਕ ਕਣਕ ਦੇ ਖੇਤ ਅਤੇ ਟਾਂਗਰ ਸੜ ਜਾਣਾ ਸੀ। ਉਨ੍ਹਾਂ ਦੱਸਿਆ ਕਿ ਬਾਇਓਮਾਸ ਪਲਾਂਟ ਦੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਲੱਗੀਆਂ ਹੋਈਆਂ ਸਨ, ਪਰ ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਖ਼ੁਦ ਟਰੈਕਟਰ ਚਲਾਉਣੇ ਪਏ।
ਅੱਗ ਬੁੱਝਣ ਮਗਰੋਂ ਬੀਕੇਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਪਿੰਡ ਦੇ ਕਿਸਾਨਾਂ ਨੇ ਫੈਕਟਰੀ ਪ੍ਰਬੰਧਕਾਂ ਨਾਲ ਮੁਲਾਕਾਤ ਕਰਦਿਆਂ ਟਰੈਕਟਰਾਂ ਨਾਲ ਵਾਹੀ ਕਣਕ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਾਲ ਲੱਗਦੇ ਖੇਤਾਂ ਦੀਆਂ ਵੱਟਾਂ ਤੋਂ ਪਰਾਲੀ ਦੀਆਂ ਗੱਠਾਂ ਦੀ ਦੂਰੀ ਘੱਟੋ-ਘੱਟ 200 ਫੁੱਟ ਰੱਖੀ ਜਾਵੇ। ਪ੍ਰਬੰਧਕਾਂ ਨੇ ਦੋਵੇਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ।

Advertisement

ਅੱਗ ਲੱਗਣ ਕਾਰਨ 11 ਏਕੜ ਕਣਕ ਸੜੀ

ਧਨੌਲਾ (ਪੱਤਰ ਪ੍ਰੇਰਕ): ਇੱਥੋਂ ਦੇ ਨਜ਼ਦੀਕੀ ਪਿੰਡ ਜਵੰਧਾ ਪਿੰਡੀ ਦੇ ਖੇਤਾਂ ’ਚ ਅੱਗ ਲੱਗਣ ਕਾਰਨ 11 ਏਕੜ ਕਣਕ ਦੀ ਫ਼ਸਲ ਸੜ ਗਈ। ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕੀਤੀ ਜਾ ਰਹੀ ਸੀ, ਬਿਜਲੀ ਦੇ ਸ਼ਾਰਟ ਸਰਕਟ ਕਾਰਨ ਉਸ ਦੀ ਕਰੀਬ 8 ਏਕੜ ਕਣਕ ਦੀ ਫ਼ਸਲ ਸੜ ਗਈ। ਇਸੇ ਤਰ੍ਹਾਂ ਕਿਸਾਨ ਬਲਵੀਰ ਸਿੰਘ ਪੁੱਤਰ ਤੇਜਾ ਸਿੰਘ ਦੇ ਢਾਈ ਏਕੜ ਕਣਕ ਦੀ ਫ਼ਸਲ ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਗਈ। ਇਸ ਹਾਦਸੇ ਕਾਰਨ ਦੋਵੇਂ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਨਾਲ ਲੱਗਦੇ ਖੇਤਾਂ ਦੇ ਕਿਸਾਨਾਂ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਫ਼ਸਲ ਵਾਹ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨੁਕਸਾਨੀ ਗਈ ਫ਼ਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।

Advertisement
Author Image

sukhwinder singh

View all posts

Advertisement
Advertisement
×