ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਿਦਰਾਣੇ ਦੀ ਜੰਗ ਦਾ ਰਣਨੀਤਕ ਪੱਖ

06:15 AM Jan 12, 2025 IST
ਚਿੱਤਰ ਲਈ ਧੰਨਵਾਦ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

 

Advertisement

ਬਲਬੀਰ ਸਿੰਘ ਸਰਾਂ

ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਖ਼ਿਲਾਫ਼ ਕਈ ਜੰਗਾਂ ਲੜੀਆਂ ਜਿਨ੍ਹਾਂ ਵਿੱਚੋਂ ਕਈ ਛੋਟੀਆਂ ਅਤੇ ਕਈ ਬਹੁਤ ਅਹਿਮੀਅਤ ਵਾਲੀਆਂ ਸਨ। ਉਨ੍ਹਾਂ ਦੀਆਂ ਵੱਡੀਆਂ ਜੰਗਾਂ ਵਿੱਚ ਭੰਗਾਣੀ (1688 ਈ.), ਨਦੌਣ (1690 ਈ.), ਨਿਰਮੋਹਗੜ੍ਹ (1700 ਈ.), ਆਨੰਦਪੁਰ (1704 ਈ.), ਚਮਕੌਰ (1704 ਈ.) ਅਤੇ ਖਿਦਰਾਣਾ (1705 ਈ.) ਸ਼ੁਮਾਰ ਹਨ।
ਦਸਮ ਪਾਤਸ਼ਾਹ ਦੀ ਫ਼ੌਜ: ਦਸਮ ਪਾਤਸ਼ਾਹ ਦੀ ਫ਼ੌਜ ਵਿੱਚ ਜ਼ਿਆਦਾਤਰ ਕਮਜ਼ੋਰ ਵਰਗਾਂ/ਜਾਤਾਂ ਦੇ ਸਿੱਖ ਸਨ। ਦੋ ਮੌਕਿਆਂ ’ਤੇ ਗੁਰੂ ਜੀ ਨੇ ਭਾੜੇ ਦੇ ਫ਼ੌਜੀ ਵੀ ਰੱਖੇ, ਪਰ ਉਹ ਐਨ ਮੌਕੇ ’ਤੇ ਦਗ਼ਾ ਦੇ ਗਏ। ਮਿਸਾਲ ਵਜੋਂ, ਭੰਗਾਣੀ ਦੇ ਯੁੱਧ ਤੋਂ ਪਹਿਲਾਂ ਗੁਰੂ ਜੀ ਦੇ 500 ਪਠਾਣ, ਜਿਨ੍ਹਾਂ ਨੂੰ ਮੋਟੀਆਂ ਤਨਖ਼ਾਹਾਂ ਦਿੰਦੇ ਸਨ, ਉਸ ਵੇਲੇ ਦੁਸ਼ਮਣ ਨਾਲ ਜਾ ਰਲੇ ਜਦੋਂ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ। ਇਸੇ ਤਰ੍ਹਾਂ ਖਿਦਰਾਣੇ ਦੀ ਜੰਗ ਲਈ ਭਰਤੀ ਕੀਤੇ ਬਰਾੜ ਜੱਟਾਂ ਨੇ ਜੰਗ ਤੋਂ ਪਹਿਲਾਂ ਉਜਰਤਾਂ ਮੰਗੀਆਂ ਅਤੇ ਮਾਇਆ ਲੈ ਕੇ ਪਿੰਡਾਂ ਵੱਲ ਖਿਸਕ ਗਏ (ਡਾ. ਹਰੀ ਰਾਮ ਗੁਪਤਾ - ‘ਹਿਸਟਰੀ ਆਫ ਦਿ ਸਿੱਖਸ’, ਜਿਲਦ ਪਹਿਲੀ ਪੰਨਾ 308)। ਹਰੀ ਰਾਮ ਗੁਪਤਾ ਮੁਤਾਬਿਕ ਇਹ ਮਾਈ ਭਾਗੋ ਦੀ ਕਮਾਨ ਹੇਠ ਮਾਝੇ ’ਚੋਂ ਆਏ ਚਾਲੀ ਸਿੰਘ ਹੀ ਸਨ ਜਿਨ੍ਹਾਂ ਦੀ ਕੁਰਬਾਨੀ ਸਦਕਾ ਗੁਰੂ ਜੀ ਨੇ ਸੂਬਾ ਸਰਹਿੰਦ ਨੂੰ ਅੰਤਿਮ ਹਾਰ ਦੇ ਕੇ ਖ਼ਤਮ ਕੀਤਾ।
ਗੁਰੂ ਜੀ ਦੇ ਸਿੱਖਾਂ ਨੂੰ ਕੋਈ ਤਨਖ਼ਾਹ ਨਹੀਂ ਸੀ ਦਿੱਤੀ ਜਾਂਦੀ, ਪਰ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਸੀ। ਉਨ੍ਹਾਂ ਨੂੰ ਚੰਗੀ ਖ਼ੁਰਾਕ ਅਤੇ ਹਥਿਆਰ ਦਿੱਤੇ ਜਾਂਦੇ ਸਨ। ਇਹ ਖਰਚੇ ਗੁਰੂ ਜੀ ਨੂੰ ਸੰਗਤ ਵੱਲੋਂ ਆਈ ਭੇਟਾ ’ਚੋਂ ਕੀਤੇ ਜਾਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸੈਨਿਕਾਂ ਵਿੱਚ ਖੁੱਲ੍ਹੇ ਵਿਚਰਦੇ ਸਨ ਅਤੇ ’ਕੱਲੇ-’ਕੱਲੇ ਨਾਲ ਵਿਚਾਰ ਵਟਾਂਦਰਾ ਕਰਦੇ ਸਨ। ਸਿੱਖ ਗੁਰੂ ਜੀ ਦੀ ਮਿਕਨਾਤੀਸੀ ਹਸਤੀ ਤੋਂ ਵਾਰੇ-ਵਾਰੇ ਜਾਂਦੇ ਸਨ। ਗੁਰੂ ਜੀ ਖ਼ੁਦ ਨੂੰ ਉਨ੍ਹਾਂ ਵਿੱਚੋਂ ਇੱਕ ਸਮਝਦੇ ਸਨ। ਹਰ ਪ੍ਰਾਣੀ ਗੁਰੂ ਜੀ ਨੂੰ ਪਿਆਰਦਾ ਅਤੇ ਸਤਿਕਾਰਦਾ ਸੀ।
ਖ਼ਾਲਸਾ ਫ਼ੌਜ ਦੀ ਸਿਖਲਾਈ ਵਿੱਚ ਖੇਡਾਂ, ਤਲਵਾਰਬਾਜ਼ੀ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਝੂਠੀ-ਮੂਠੀ ਦੀ ਲੜਾਈ, ਕੁਸ਼ਤੀ, ਹਥਿਆਰਾਂ ਨਾਲ ਲੜਾਈ, ਘੋੜਸਵਾਰੀ ਅਤੇ ਸ਼ਿਕਾਰ (ਸ਼ੇਰ ਅਤੇ ਰਿੱਛ) ਆਦਿ ਸ਼ਾਮਲ ਸਨ। ਗੁਰੂ ਜੀ ਦਿਨ ਵਿੱਚ ਦੋਵੇਂ ਵੇਲੇ (ਸਵੇਰ ਅਤੇ ਆਥਣੇ) ਆਪਣੇ ਸੈਨਿਕਾਂ ਨੂੰ ਬਹਾਦਰੀ ਅਤੇ ਦੇਸ਼ ਭਗਤੀ ਦੀਆਂ ਸਾਖੀਆਂ ਸੁਣਾਉਂਦੇ ਸਨ। ਉਨ੍ਹਾਂ ਨੇ ਆਪਣੇ ਸੈਨਿਕਾਂ ਦੇ ਨਿੱਜੀ ਚਰਿੱਤਰ ਨੂੰ ਉੱਚਾ ਸੁੱਚਾ ਬਣਾਉਣ ’ਤੇ ਪੂਰਾ ਜ਼ੋਰ ਦਿੱਤਾ ਤਾਂ ਕਿ ਧਰਤੀ ਮਾਂ ਅਤੇ ਧਰਮ ਲਈ ਉਹ ਦੁਨਿਆਵੀ ਬੰਧਨਾਂ ਤੇ ਲਾਲਸਾਵਾਂ ਤੋਂ ਉੱਚੇ ਉੱਠ ਸਕਣ।
ਖਿਦਰਾਣਾ: ਇਹ ਮਾਲਵਾ ਖਿੱਤੇ ਵਿੱਚ, ਲੱਖੀ ਜੰਗਲ ਦੇ ਐਨ ਪੱਛਮ ਵੱਲ, ਨੀਮ-ਮਾਰੂਥਲ ਦੇ ਵਿਚਕਾਰ ਕੋਟਕਪੂਰਾ ਤੋਂ ਦਸ ਕੋਹ (ਇੱਕ ਕੋਹ = 4.17 ਕਿਲੋਮੀਟਰ) ਅਤੇ ਬਠਿੰਡਾ ਤੋਂ 15 ਕੋਹ ਦੂਰ ਤੱਕ ਫੈਲੇ ਮਾਰੂਥਲ ਵਿੱਚ ਇੱਕੋ-ਇੱਕ ਪਾਣੀ ਦੇ ਸਰੋਤ (ਢਾਬ) ਕੋਲ ਟਿਕਿਆ ਪਿੰਡ ਸੀ ਜਿੱਥੇ ਕਈ ਕਬੀਲੇ ਆ ਕੇ ਪਾਣੀ ਦੀ ਤਲਾਸ਼ ਵਿੱਚ ਮਿਲ ਬੈਠੇ ਹੋਣਗੇ।
ਗੁਰੂ ਜੀ ਦਾ ਖਿਦਰਾਣੇ ਪਹੁੰਚਣਾ: ਖ਼ਾਲਸੇ ਦਾ ਵੱਡੀ ਗਿਣਤੀ ’ਚ ਗੁਰੂ ਗੋਬਿੰਦ ਸਿੰਘ ਜੀ ਨਾਲ ਰਲਣਾ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਖ਼ਤਰੇ ਵਾਲੀ ਗੱਲ ਲੱਗੀ। ਉਸ ਨੂੰ ਡਰ ਸੀ ਕਿ ਗੁਰੂ ਜੀ ਫਿਰ ਕੋਈ ਮੁਸੀਬਤ ਨਾ ਖੜ੍ਹੀ ਕਰ ਦੇਣ। ਇਧਰ ਖ਼ਾਲਸਾ ਫ਼ੌਜ ਨੂੰ ਵੀ ਵਜ਼ੀਰ ਖ਼ਾਨ ਵੱਲੋਂ ਹੋਰ ਹਮਲੇ ਦੀ ਤਿਆਰੀ ਦੀ ਭਿਣਕ ਪੈ ਰਹੀ ਸੀ। ਇਸੇ ਦੇ ਮੱਦੇਨਜ਼ਰ ਗੁਰੂ ਜੀ ਨੇ ਲੱਖੀ ਜੰਗਲ ਪਾਰ ਕਰ ਕੇ, ਰੇਤੀਲੇ ਇਲਾਕੇ ਵਿੱਚ ਠਹਿਰਨ ਦਾ ਮਨ ਬਣਾ ਲਿਆ। ਇਸੇ ਮਨਸ਼ਾ ਤਹਿਤ ਗੁਰੂ ਸਾਹਿਬ ਨੇ ਬਿਨਾਂ ਪਾਣੀ ਵਾਲੀ ਸੁੱਕੀ ਪਿਆਸੀ ਧਰਤੀ ’ਤੇ ਖਿਦਰਾਣੇ ਆ ਕਿਆਮ ਕੀਤਾ। ਉਹ ਮਾਘ ਮਹੀਨੇ ਦੀ ਪਹਿਲੀ ਤਰੀਕ ਨੂੰ ਇੱਥੇ ਪਹੁੰਚੇ।
ਇੱਥੇ ਗੁਰੂ ਜੀ ਪਿੰਡ ਦੇ ਨੇੜ ਦੱਖਣ-ਪੂਰਬ ਵੱਲ ਇੱਕ ਕੁਟੀਆ ਵਿੱਚ ਠਹਿਰੇ । ਇੱਥੇ ਹੁਣ ਗੁਰਦੁਆਰਾ ਦਾਤਣ ਸਾਹਿਬ ਹੈ। ਦੱਸਣ ਮੁਤਾਬਿਕ ਇੱਕ ਸਵੇਰ ਗੁਰੂ ਜੀ ਜਦੋਂ ਧਰਤੀ ’ਤੇ ਬੈਠੇ ਦਾਤਣ ਕਰ ਰਹੇ ਸਨ, ਇੱਕ ਮੁਸਲਮਾਨ, ਹਿੰਦੂ ਭੇਖ ਵਿੱਚ, ਪਿੱਛੋਂ ਦੀ ਆਇਆ। ਉਹ ਵਜ਼ੀਰ ਖ਼ਾਨ ਦਾ ਜਾਸੂਸ ਸੀ। ਗੁਰੂ ਸਾਹਿਬ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਨੇ ਛੁਰੇ ਨਾਲ ਉਨ੍ਹਾਂ ’ਤੇ ਵਾਰ ਕੀਤਾ। ਗੁਰੂ ਜੀ ਹਮੇਸ਼ਾ ਤਿਆਰ ਬਰ ਤਿਆਰ ਸ਼ਸਤਰਧਾਰੀ ਰਹਿੰਦੇ ਸਨ। ਉਨ੍ਹਾਂ ਨੇ ਤਲਵਾਰ ਦੇ ਇੱਕੋ ਵਾਰ ਨਾਲ ਉਸ ਦਾ ਸਿਰ, ਧੜ ਤੋਂ ਅੱਡ ਕਰ ਦਿੱਤਾ। ਉਸ ਭੇਖੀ ਦੀ ਕਬਰ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਹੈ।
ਖਿਦਰਾਣੇ ਹੀ ਗੁਰੂ ਜੀ ਨੇ 29 ਮਾਰਚ 1705 ਨੂੰ ਵਿਸਾਖੀ ਮਨਾਈ ਅਤੇ ਗੁਜ਼ਰੇ ਛੇ ਸਾਲਾਂ ਨੂੰ ਵੀ ਯਾਦ ਕੀਤਾ।
ਖਿਦਰਾਣੇ ਦੀ ਲੜਾਈ (8 ਮਈ 1705 ਈ): ਇਸ ਜੰਗ ਦੇ ਬਿਰਤਾਂਤ ਤੋਂ ਪਹਿਲਾਂ ਪਾਠਕਾਂ ਲਈ ਫ਼ੌਜੀ ਪੱਖ ਤੋਂ ਇਸ ਦੇ ਵੇਰਵੇ ਅਤੇ ਮਿਲਟਰੀ ਐਪਰੀਸੀਏਸ਼ਨ (ਫ਼ੌਜੀ ਸੋਚ-ਵਿਚਾਰ ਜੋ ਅਸੀਂ ਕਿਸੇ ਵੀ ਆਪਰੇਸ਼ਨ ਜਾਂ ਜੰਗੀ ਕਾਰਵਾਈ ਲਈ ਕਰਦੇ ਹਾਂ) ਮਿਲੇ ਸਰੋਤਾਂ ਦੇ ਆਧਾਰ ’ਤੇ ਕਲਪਨਾਤਮਿਕ ਤਰੀਕੇ ਨਾਲ ਪੇਸ਼ ਕੀਤੀ ਜਾ ਰਹੀ ਹੈ।
ਧਰਾਤਲ, ਮੌਸਮ ਅਤੇ ਹੋਰ ਜਾਣਕਾਰੀ: ਪਹਿਲਾਂ ਵੀ ਜ਼ਿਕਰ ਆ ਚੁੱਕਿਆ ਹੈ ਕਿ ਇਲਾਕਾ ਮਾਰੂਥਲ ਦਾ ਸੀ, ਮੀਲਾਂ ਤੱਕ ਦੂਰ ਦੂਰ ਪਾਣੀ ਦਾ ਕੋਈ ਸਰੋਤ ਨਹੀਂ ਸੀ। ਇਸ ਵਿੱਚ ਕਿਸੇ ਕਿਸਮ ਦੀ ਖੇਤੀ ਸੰਭਵ ਨਹੀਂ ਸੀ। ਇਲਾਕੇ ਵਿੱਚ ਰੇਗਿਸਤਾਨ ’ਚ ਕੁਦਰਤ ਆਸਰੇ ਜੰਮਣ ਅਤੇ ਜਿਊਂਦੇ ਰਹਿ ਸਕਣ ਵਾਲੇ ਝਾੜ, ਜੰਡ, ਬੇਰੀਆਂ, ਮਲ੍ਹੇ, ਪਿਲਸੀ ਅਤੇ ਵਣ (ਪੀਲੂ) ਦੇ ਦਰੱਖਤ ਹੀ ਹੋਣਗੇ। ਮਾਲ ਡੰਗਰਾਂ ਵਿੱਚ ਪਾਲਤੂ ਭੇਡ ਬੱਕਰੀਆਂ ਅਤੇ ਊਠ ਹੋ ਸਕਦੇ ਹਨ। ਘੋੜੇ ਆਮ ਆਦਮੀ ਦੀ ਪਹੁੰਚ ਵਿੱਚ ਨਹੀਂ ਸੀ ਹੋ ਸਕਦੇ।
ਦੁਸ਼ਮਣ ਦਾ ਇਰਾਦਾ: ਮੁਗ਼ਲ ਫ਼ੌਜ ਦੀ ਸੋਚ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਖ਼ਾਲਸਾ ਫ਼ੌਜ ਨੂੰ ਖ਼ਤਮ ਕਰ ਕੇ, ਗੁਰੂ ਨੂੰ ਜ਼ਿੰਦਾ ਫੜਨਾ।” ਖ਼ਾਲਸਾ ਫ਼ੌਜ ਬਾਰੇ ਇਹ ਇੰਜ ਹੋ ਸਕਦਾ ਸੀ: ‘‘ਮੁਗ਼ਲ ਫ਼ੌਜ ਨੂੰ ਆਰ-ਪਾਰ ਦੀ ਲੜਾਈ ਨਾਲ ਹਮੇਸ਼ਾ ਲਈ ਮਗਰੋਂ ਲਾਹੁਣਾ।’’
ਦੋਹਾਂ ਧਿਰਾਂ ਦੇ ਫ਼ੌਜੀ ਦਸਤਿਆਂ ਦਾ ਤੁਲਨਾਤਮਕ ਅਧਿਐਨ: ਇਹ 10:1 ਦੇ ਅਨੁਪਾਤ ਵਿੱਚ ਦੱਸਿਆ ਜਾਂਦਾ ਹੈ। ਮੁਗ਼ਲ ਫ਼ੌਜ ਦੀ ਨਫ਼ਰੀ ਤਕਰੀਬਨ 20,000 ਸੀ ਅਤੇ ਗੁਰੂ ਜੀ ਕੋਲ 2000 ਦੇ ਲਗਭਗ ਸਿੰਘ ਸਨ, ਜਿਨ੍ਹਾਂ ’ਚੋਂ ਬਹੁਤੇ ਨੀਮ-ਸਿੱਖਿਅਤ ਹੀ ਸਨ।
ਤਰੀਕਾ (Course of Action): ਜੰਗ ਦਾ ਤਰੀਕਾ ਹਮਲਾਵਰ ਸੀ। ਮੁਗ਼ਲ ਫ਼ੌਜ ਨੂੰ ਖ਼ਾਲਸਾ ਫ਼ੌਜ ਅਤੇ ਗੁਰੂ ਕੀ ਠਾਹਰ ਦਾ ਪਤਾ ਲੱਗ ਜਾਣ ਪਿੱਛੋਂ ਇੱਕੋ ਤਰੀਕਾ ਸੀ ਦਿਨ ਦੇ ਵੇਲੇ ਹਮਲਾ। ਉਂਝ ਵੀ ਉਨ੍ਹਾਂ ਵੇਲਿਆਂ ਵਿੱਚ ਲੜਾਈ ਆਹਮੋ-ਸਾਹਮਣੇ ਦਿਨ ਦੇ ਵਕਤ ਹੁੰਦੀ ਸੀ। ਕੁੱਲ ਲੜਾਈ ਪੈਦਲ ਫ਼ੌਜ ’ਤੇ ਆਧਾਰਿਤ ਸੀ ਅਤੇ ਕਿਤੇ-ਕਿਤੇ ਘੋੜਸਵਾਰ (Cavalry) ਜਾਂ ਹਾਥੀ ਵੀ ਫ਼ੌਜ ਦਾ ਹਿੱਸਾ ਹੁੰਦੇ ਸਨ।
ਖ਼ਾਲਸਾ ਫ਼ੌਜ: ਸੱਭਿਅਤਾਵਾਂ ਦੇ ਵੱਖ-ਵੱਖ ਪੜਾਵਾਂ ਵਿੱਚ, ਮਨੁੱਖੀ ਵਸੋਂ ਹਮੇਸ਼ਾ ਤੋਂ ਪਾਣੀ ਦੇ ਸਰੋਤਾਂ (ਦਰਿਆ, ਨਦੀਆਂ, ਝੀਲਾਂ, ਛੰਬਾਂ ਅਤੇ ਟੋਭਿਆਂ) ’ਤੇ ਆਧਾਰਿਤ ਰਹੀ ਹੈ। ਖਿਦਰਾਣੇ ਦੀ ਜੰਗ ਦੀ ਯੋਜਨਾ ਵੀ ਇਸ ਦੀ ਢਾਬ ’ਤੇ ਹੀ ਅਧਾਰਿਤ ਬਣਾਈ ਗਈ ਸੀ। ਪਾਣੀ ਤੋਂ ਬਿਨਾਂ ਮਨੁੱਖ ਜਿਊਂਦਾ ਨਹੀਂ ਰਹਿ ਸਕਦਾ। ਅੱਜ ਵੀ ਅਸੀਂ ਰੇਗਿਸਤਾਨ ਵਿੱਚ ਲੜਦੇ ਵਕਤ, ਪਾਣੀ ਦੇ ਸਰੋਤਾਂ ਦੇ ਹਿਸਾਬ ਨਾਲ ਹੀ ਯੋਜਨਾਵਾਂ ਘੜਦੇ ਹਾਂ।
ਡਿਫੈਂਸ ਦੀ ਤਿਆਰੀ, ਤਰੀਕਾ ਅਤੇ ਲੜਾਈ ਦਾ ਢੰਗ:
1. ਪਹਿਲਾਂ ਦੱਸੇ ਅਨੁਸਾਰ ਇਹ ਖਿਦਰਾਣਾ ਪਿੰਡ ਦੀ ਢਾਬ (ਵੱਡਾ ਛੱਪੜ) ’ਤੇ ਆਧਾਰਿਤ ਸੀ ਅਤੇ ਇਸ ਨੂੰ ਦੁਸ਼ਮਣ ਤੋਂ ਬਚਾ ਕੇ ਰੱਖਣਾ ਸੀ।
2. ਖ਼ਾਲਸਾ ਫ਼ੌਜ ਕੋਲ ਨਫ਼ਰੀ ਬਹੁਤ ਹੀ ਘੱਟ ਸੀ। ਇਸ ਲਈ ਡਿਫੈਂਸ ਪਲਾਨ ਬਹੁਤ ਹੀ ਸੋਚ ਵਿਚਾਰ ਕੇ ਬਣਾਈ ਹੋਵੇਗੀ।
3. ਹਮਲਾਵਰ ਮੁਗ਼ਲ ਫ਼ੌਜ ਨੂੰ ਢਾਬ ਤੋਂ ਦੂਰ ਮਿਲਣਾ, ਘੱਟ ਨਫ਼ਰੀ ਦੀ ਕਮਜ਼ੋਰੀ ਨੂੰ ਲੁਕਾਉਣ ਲਈ ਭੁਲੇਖਾ ਪਾਉਣ ਵਾਲੀ ਯੋਜਨਾ (Deceptive Plan) ਸੋਚੀ ਗਈ ਹੋਵੇਗੀ ਜੋ ਇਸ ਤਰ੍ਹਾਂ ਹੋ ਸਕਦੀ ਹੈ:
- ਢਾਬ ਹਮੇਸ਼ਾ ਹੀ ਨੀਵੇਂ ਸਥਾਨ ’ਤੇ ਹੁੰਦੀ ਹੈ। ਆਸ ਪਾਸ ਉੱਚੇ ਟਿੱਬੇ, ਦੈੜਾਂ (ਟਿੱਬਿਆਂ ਦੀਆਂ ਲੜੀਆਂ) ਹੁੰਦੀਆਂ ਹਨ। ਇਸ ਲਈ ਕੁਝ ਖ਼ਾਲਸਾ ਫ਼ੌਜ ਇਸ ਦੇ ਨੇੜੇ ਲੱਗੀ ਹੋਵੇਗੀ ਤਾਂ ਕਿ ਆਖ਼ਰੀ ਦਮ ਤੱਕ ਇਸ ਉੱਤੇ ਕਬਜ਼ਾ ਬਣਿਆ ਰਹੇ।
- ਦੁਸ਼ਮਣ ਦੇ ਸੰਭਾਵੀ ਹਮਲੇ ਦੀਆਂ ਦਿਸ਼ਾਵਾਂ ’ਤੇ ਸੂਹੀਏ ਅਤੇ ਕੁਝ ਫ਼ੌਜੀ ਹੋਣਗੇ ਜੋ ਅਗਾਊਂ ਖ਼ਬਰ ਦੇ ਸਕਣ, ਜਿਸ ਨੂੰ ਅੱਜਕੱਲ੍ਹ ‘ਅਗਾਊਂ ਚੌਕਸ ਕਰਨ ਵਾਲੇ ਤੱਤ’ (Early warning elements) ਕਿਹਾ ਜਾਂਦਾ ਹੈ।
- ਅਸਲ ਡਿਫੈਂਸ ਤੋਂ ਅੱਗੇ (ਮੂਹਰੇ), ਅੱਜਕੱਲ੍ਹ ਦੀ ਲੀਨੀਅਰ ਡਿਫੈਂਸ ਵਾਂਗ ਕੁਝ ਫ਼ੌਜੀ ਲਾਏ ਹੋਣਗੇ ਤਾਂ ਕਿ ਦੁਸ਼ਮਣ, ਖ਼ਾਲਸਾ ਨਫ਼ਰੀ ਬਾਰੇ ਭੁਲੇਖਾ ਖਾ ਜਾਵੇ ਅਤੇ ਇਨ੍ਹਾਂ ਛੋਟੀਆਂ ਤੇ ਖਿੱਲਰੀਆਂ ਹੋਈਆਂ ਟੁਕੜੀਆਂ ਨਾਲ ਉਲਝ ਜਾਵੇ। ਇਹ ਡਿਫੈਂਸ ਪੁਜ਼ੀਸ਼ਨਾਂ, ਢਾਬ ਦੀ ਮੇਨ ਪੁਜੀਸ਼ਨ ਨੂੰ ਗਹਿਰਾਈ ਅਤੇ ਸੰਭਲਣ ਦਾ ਮੌਕਾ ਵੀ ਦਿੰਦੀਆਂ ਸਨ।
- ਮੁਗ਼ਲ ਦੁਸ਼ਮਣ ਨੂੰ ਤਿਹਾਇਆ ਮਾਰਨਾ।
- ਚੌਗਿਰਦੇ ਨਾਲ ਅਭੇਦ, ਰੂਪ-ਪਰਿਵਰਤਨ ਅਤੇ ਛਿਪਾਓ (Camouflage and Concealment) ਦੀ ਵਰਤੋਂ ਕੀਤੀ ਗਈ ਹੋਵੇਗੀ। ਹੁਣ ਤਾਂ ਸੈਟੇਲਾਈਟ ਤੋਂ ਕੁਝ ਵੀ ਲੁਕਾਉਣਾ ਸੰਭਵ ਨਹੀਂ, ਮਸਨੂਈ ਬੁੱਧੀ (ਆਰਟੀਫੀਸ਼ਲ ਇੰਟੈਲੀਜੈਂਸ) ਚੜ੍ਹੀ ਆ ਰਹੀ ਹੈ। ਪਹਿਲਾਂ ਅੱਖਾਂ ਦੇਖਦੀਆਂ ਸਨ ਤੇ ਕੰਨ ਸੁਣਦੇ ਸਨ ਅਤੇ ਸਾਰੀ ਖ਼ਬਰ ਇਸੇ ’ਤੇ ਆਧਾਰਿਤ ਹੁੰਦੀ ਸੀ। ਇਸੇ ਜਾਣਕਾਰੀ ’ਤੇ ਜੰਗੀ ਯੋਜਨਾਵਾਂ ਬਣਦੀਆਂ ਸਨ।
- ਮੇਨ ਡਿਫੈਂਸ ਹਮੇਸ਼ਾ ਦੁਸ਼ਮਣ ਵੱਲੋਂ ਸੰਭਾਵੀ ਦਿਸ਼ਾ, ਰੂਟ, ਐਕਸਿਸ ਵੱਲ ਰੱਖ ਕੇ ਹੀ ਕੀਤੀ ਜਾਂਦੀ ਰਹੀ ਹੈ ਅਤੇ ਸਭ ਤੋਂ ਜ਼ਰੂਰੀ ਚੰਗੀ ਜਗ੍ਹਾ (Land of tactical importance) ਦੀ ਹੋ ਸਕੇ ਤਾਂ ਚੌਤਰਫੀ ਡਿਫੈਂਸ ਕਰਕੇ ਭਾਵ ਕਿਸੇ ਵੀ ਦਿਸ਼ਾ ਤੋਂ ਹੋਣ ਵਾਲੇ ਹਮਲੇ ਰੋਕ ਸਕਣ ਦਾ ਕਾਬਲ ਹੋਣਾ ਲਾਜ਼ਮੀ ਹੋਵੇਗਾ।
ਵੱਖ ਵੱਖ ਸਰੋਤਾਂ ਤੋਂ ਮਿਲੇ ਦ੍ਰਿਸ਼ਾਂ ਤੋਂ (ਲੇਖਕ ਦੀ ਕਲਪਨਾ ਮੁਤਾਬਿਕ) ਜੰਗ ਦੇ ਦੋ ਬਿਰਤਾਂਤ ਬਣਦੇ ਹਨ।
ਪਹਿਲਾ ਬਿਰਤਾਂਤ: ਸਰਹਿੰਦ ਦੀਆਂ ਮੁਗ਼ਲ ਫ਼ੌਜਾਂ ਦੇ ਸੂਹੀਏ ਲਗਾਤਾਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਗਤੀਵਿਧੀਆਂ ’ਤੇ ਨਿਗ੍ਹਾ ਰੱਖ ਰਹੇ ਸਨ। ਉਨ੍ਹਾਂ ਦੀ ਖਿਦਰਾਣੇ ਪਹੁੰਚ ਕੇ ਬਣਾਈ ਠਾਹਰ/ਪੜਾਅ ਦਾ ਪਤਾ ਲੱਗਣ ਉਪਰੰਤ ਹਮਲੇ ਦੀ ਯੋਜਨਾ ਬਣਾਈ ਹੋਵੇਗੀ। ਗੁਰੂ ਜੀ ਕੋਟਕਪੂਰਾ, ਢਿੱਲਵਾਂ, ਗੁਰੂਸਰ, ਗੁਰੂ ਕੀ ਢਾਬ, ਰਾਮੇਆਣਾ-ਮੱਲਣ ਹੁੰਦੇ ਹੋਏ ਖਿਦਰਾਣੇ ਪਹੁੰਚੇ ਸਨ। ਉਦੋਂ ਅਤੇ ਹੁਣ ਵੀ ਇੱਥੇ ਪਹੁੰਚਣ ਦੇ ਦੋ ਹੀ ਰਸਤੇ ਸਨ: ਕੋਟਕਪੂਰਾ-ਖਾਰਾ-ਸਰਾਏ ਨਾਗਾ ਅਤੇ ਖਿਦਰਾਣਾ ਅਤੇ ਕੋਟਕਪੂਰਾ-ਰਾਮੇਆਣਾ-ਮੱਲਣ ਤੋਂ ਬਠਿੰਡਾ-ਖਿਦਰਾਣੇ ਵਾਲੇ ਅੱਜ ਦੇ ਰਸਤੇ ।
ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਮਗਰੋਂ ਕਿਸੇ ਨਿਵੇਕਲੀ ਜਗ੍ਹਾ ਕਿਆਮ ਕਰ ਕੇ ਆਉਣ ਵਾਲੇ ਸਮੇਂ ਨੂੰ ਉਡੀਕਣਾ ਚਾਹੁੰਦੇ ਸਨ। ਦੂਜੇ ਪਾਸੇ, ਸੂਬਾ ਸਰਹਿੰਦ ਦੇ ਜਾਸੂਸ ਅਤੇ ਫ਼ੌਜ ਉਨ੍ਹਾਂ ਦੀ ਪੈੜ ਨੱਪਦੇ ਆ ਰਹੇ ਸਨ।
ਖਿਦਰਾਣੇ ਦੀ ਸੁਰੱਖਿਆ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਢਾਬ ਅਤੇ ਉਸ ਦੇ ਚਾਰੇ ਪਾਸੇ ਉੱਚੇ ਟਿੱਬਿਆਂ ਨੂੰ ਸਭ ਤੋਂ ਅਹਿਮ ਜਗ੍ਹਾ ਸਮਝ ਕੇ ਫ਼ੌਜੀ ਲਾਏ ਗਏ ਸਨ। ਇਹ ਚੌਤਰਫ਼ੀ ਸੀ ਤਾਂ ਕਿ ਦੁਸ਼ਮਣ ਦੇ ਕਿਸੇ ਪਾਸੇ ਤੋਂ ਵੀ ਆਉਣ ਵਾਲੇ ਹੱਲੇ ਨੂੰ ਆਖ਼ਰੀ ਆਦਮੀ ਆਖ਼ਰੀ ਸਾਹ ਤੱਕ ਰੋਕ ਸਕੇ।
- ਮੇਨ ਐਕਸਿਜ਼ ਭਾਵ ਦੁਸ਼ਮਣ ਦੇ ਸੰਭਾਵੀ ਹਮਲੇ ਦੀ ਦਿਸ਼ਾ ਪਿੰਡ ਰਾਮੇਆਣਾ-ਮੱਲਣ-ਖਿਦਰਾਣਾ ਮੰਨ ਕੇ ਕੁਝ ਟੁਕੜੀਆਂ ਲੱਗੀਆਂ ਹੋਣਗੀਆਂ ਜਿਨ੍ਹਾਂ ਦਾ ਕੰਮ ਦੁਸ਼ਮਣ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਅਤੇ ਉਸ ਲਈ ਢਾਬ ਵਾਲੇ ਮੁੱਖ ਟਿਕਾਣੇ ਤੱਕ ਪਹੁੰਚਣ ਵਿੱਚ ਦੇਰੀ ਕਰਵਾਉਣਾ ਸੀ। ਇਹ ਪੁਜ਼ੀਸ਼ਨਾਂ ਢਾਬ ਤੋਂ ਅੱਧੀ-ਪੌਣੀ ਕੋਹ ’ਤੇ ਅੱਗੇ ਵਧੇ ਆ ਰਹੇ ਦੁਸ਼ਮਣ ਦੇ ਰਸਤੇ ਵਿੱਚ ਹੋ ਸਕਦੀਆਂ ਸਨ ਅਤੇ ਦੁਸ਼ਮਣ ਦੇ ਸੰਭਾਵੀ ਰਸਤੇ ਦੇ ਦੋਵੇਂ ਪਾਸੇ ਖਿੱਲਰੀਆਂ ਹੋਈਆਂ ਤਾਂ ਕਿ ਦੁਸ਼ਮਣ ਇਨ੍ਹਾਂ ਨੂੰ ਮੇਨ ਪੁਜ਼ੀਸ਼ਨ ਮੰਨ ਕੇ ਇਨ੍ਹਾਂ ਨਾਲ ਹੀ ਉਲਝਿਆ ਰਹੇ।
- ਦੁਸ਼ਮਣ ਨੂੰ ਭੁਲੇਖਾ ਪਾਉਣ ਲਈ ਵਰਤੇ ਗਏ ਹੀਲਿਆਂ ਵਿੱਚ ਚਾਦਰਾਂ ਅਤੇ ਹੋਰ ਕੱਪੜੇ ਆਦਿ ਝਾੜਾਂ, ਮਲ੍ਹਿਆਂ, ਦਰੱਖ਼ਤਾਂ ’ਤੇ ਪਾ ਦਿੱਤੇ ਸਨ ਤਾਂ ਕਿ ਦੂਰੋਂ ਇਹ ਪੁਜ਼ੀਸ਼ਨਾਂ ਖ਼ਾਲਸੇ ਦਾ ਕੈਂਪ ਲੱਗਣ। ਥੋੜ੍ਹੇ-ਥੋੜ੍ਹੇ ਸਿੰਘਾਂ ਦੀਆਂ ਬਹੁਤ ਵੱਡੇ ਇਲਾਕੇ ਵਿੱਚ ਫੈਲੀਆਂ ਇਹ ਸਾਰੀਆਂ ਪੁਜ਼ੀਸ਼ਨਾਂ, ਟਿੱਬੀ ਸਾਹਿਬ ’ਤੇ ਮੋਰਚਾ ਸੰਭਾਲੀ ਖੜੋਤੇ ਗੁਰੂ ਗੋਬਿੰਦ ਸਿੰਘ ਜੀ ਨਿਗ੍ਹਾ ਵਿੱਚ ਸਨ।
ਇਨ੍ਹਾਂ ਪੁਜ਼ੀਸ਼ਨਾਂ ’ਤੇ ਪਹਿਲਾਂ ਤੋਂ ਹੀ ਤਿਆਰ ਲੁਕਵੇਂ ਮੋਰਚਿਆਂ ਵਿੱਚ ਤਾਇਨਾਤ ਖ਼ਾਲਸਾ ਫ਼ੌਜ ਦੇ ਲਗਭਗ ਤਿੰਨ ਸੌ ਸੈਨਿਕਾਂ ਨੇ ਦੁਸ਼ਮਣ ਦੀ 20,000 ਫ਼ੌਜ ਨੂੰ ਢਾਬ ਤੋਂ ਕੋਹ ਭਰ ਦੂਰ ਹੀ ਉਲਝਾ ਕੇ ਉਸ ਦੇ 4000 ਸਿਪਾਹੀ ਝਟਕਾ ਛੱਡੇ। ਵਿਸਾਖ ਮਹੀਨੇ ਗਰਮੀ ਅੱਗ ਵਾਂਗ ਵਰ੍ਹਦੀ ਸੀ, ਤਿਹਾਏ ਮਰਦੇ ਦੁਸ਼ਮਣ ਦੇ ਹੌਸਲੇ ਪਸਤ ਹੋ ਗਏ।
ਹੰਭੇ ਦੁਸ਼ਮਣ ਨੂੰ ਅੱਗੇ ਤਾਜ਼ਾਦਮ ਖ਼ਾਲਸਾ ਫ਼ੌਜ ਦੇ ਘੋੜਸਵਾਰ ਯੋਧੇ ਆ ਟੱਕਰੇ ਜੋ ਗਿਣਤੀ ਵਿੱਚ ਲਗਭਗ 300 ਸਨ ਜਿਨ੍ਹਾਂ ਵਿੱਚ ਮਾਝੇ ਵਿੱਚੋਂ ਆਏ 40 ਸਿੱਖ ਮਾਈ ਭਾਗੋ ਦੀ ਕਮਾਂਡ ਹੇਠ ਸਨ। ਉਨ੍ਹਾਂ ਨੇ ਸਰਹਿੰਦ ਤੋਂ ਲੰਮੀ ਵਾਟ ਝਾਗ ਕੇ ਥੱਕੀ ਅਤੇ ਭੁੱਖੀ ਪਿਆਸੀ ਆਈ 16,000 ਦੇ ਕਰੀਬ ਮੁਗ਼ਲ ਫ਼ੌਜ ਉੱਪਰ ਦੋ ਪਾਸਿਓਂ ਭਰਵਾਂ ਹੱਲਾ ਬੋਲ ਦਿੱਤਾ। ਦੁਸ਼ਮਣ ਮਰਿਆਂ ਅਤੇ ਜ਼ਖ਼ਮੀਆਂ ਨੂੰ ਛੱਡ ਕੇ ਖਿੱਲਰ ਗਿਆ ਅਤੇ ਮੁੜ ਲੜਨ ਦਾ ਹੌਸਲਾ ਨਾ ਕਰ ਸਕਿਆ। ਓਧਰ ਟਿੱਬੀ ਸਾਹਿਬ ਵਾਲੀ ਮੇਨ ਪੁਜ਼ੀਸ਼ਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਤੀਰਾਂ ਦਾ ਮੀਂਹ ਵਰ੍ਹਾਉਂਦੇ ਅਤੇ ਖ਼ਾਲਸਈ ਫ਼ੌਜਾਂ ਦਾ ਹੌਸਲਾ ਵਧਾਉਂਦੇ ਰਹੇ। ਸਭ ਤੋਂ ਅੱਗੇ ਅਗਾਊਂ ਖ਼ਬਰ ਦੇਣ ਲਈ ਤਾਇਨਾਤ ਤੀਜੀ ਪਰਤ ਦੇ ਸਾਰੇ ਸਿੱਖ ਸ਼ਹੀਦ ਹੋ ਗਏ ਹੋਣਗੇ। ਇੱਕ ਤਜਰਬੇਕਾਰ ਕਮਾਂਡਰ, ਨੀਮ-ਸਿੱਖਿਅਤ ਵਾਲੰਟੀਅਰ ਸੈਨਿਕਾਂ ਵਿੱਚ ਵੀ ਰੂਹ ਫੂਕ ਕੇ ਉਨ੍ਹਾਂ ਨੂੰ ਮਰ ਮਿਟਣ ਦੀ ਪ੍ਰੇਰਨਾ ਕਰ ਕੇ ਕੁਝ ਵੀ ਕਰਵਾ ਸਕਦਾ ਹੈ। ਕ੍ਰਿਸ਼ਮਈ ਸ਼ਖ਼ਸੀਅਤ ਗੁਰੂ ਗੋਬਿੰਦ ਸਿੰਘ ਜੀ ਤਾਂ ਉਹ ਜਰਨੈਲ ਸਨ ਜਿਨ੍ਹਾਂ ਜਿਹਾ ਅੱਜ ਤੱਕ ਜੰਮਿਆ ਹੀ ਨਹੀਂ।
ਦੂਜਾ ਬਿਰਤਾਂਤ: ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਅਨੁਸਾਰ: ਚਾਲੀ ਸਿੱਖ, ਜੋ ਗੁਰੂ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੁੰਦੇ ਬੇਦਾਵਾ ਲਿਖ ਕੇ ਘਰਾਂ ਨੂੰ ਆ ਗਏ ਸਨ, ਪੰਜਾਬ ਦੇ ਇਲਾਕੇ ਮਾਝੇ ਵਿੱਚ ਰਹਿੰਦੇ ਸਨ। ਇੱਥੇ ਪਿੰਡ ਝਬਾਲ ਵਿੱਚ ਭਾਗੋ ਨਾਮ ਦੀ ਇੱਕ ਔਰਤ ਰਹਿੰਦੀ ਸੀ। ਉਹ ਜੋਸ਼ੀਲੀ ਅਤੇ ਬਹੁਤ ਉਤਸ਼ਾਹ ਭਰਪੂਰ ਸੀ ਅਤੇ ਗੁਰੂ ਜੀ ਦੀ ਸੇਵਾ ਕਰਨੀ ਚਾਹੁੰਦੀ ਸੀ। ਉਹ ਇਲਾਕਾ ਵਾਸੀ ਸਿੱਖਾਂ ਵੱਲੋਂ ਖੱਟੇ ਕਲੰਕ ਤੋਂ ਵੀ ਬਹੁਤ ਦੁਖੀ ਸੀ ਅਤੇ ਇਹ ਕਲੰਕ ਧੋਣਾ ਚਾਹੁੰਦੀ ਸੀ। ਉਸ ਨੇ ਮਰਦਾਵੇਂ ਕੱਪੜੇ ਪਹਿਨੇ ਅਤੇ ਘੋੜੇ ਤੇ ਚੜ੍ਹ ਕੇ ਇਹ 40 ਸਿੱਖ ਇਕੱਤਰ ਕੀਤੇ। ਹੋਰ ਵੀ ਕਈ ਉਸ ਨਾਲ ਰਲ ਗਏ।
ਹੁਣ ਇਹ ਜਥਾ ਖਿਦਰਾਣੇ ਵੱਲ ਚੱਲ ਪਿਆ। ਮਿਸ਼ਨ ਸੀ ਗੁਰੂ ਜੀ ਨੂੰ ਮਿਲਣਾ ਅਤੇ ਬੇਦਾਵਾ ਲਿਖਣ ਵਾਲੀ ਭੁੱਲ ਬਖ਼ਸ਼ਾਉਣੀ। ਉਨ੍ਹਾਂ ਖਿਦਰਾਣੇ ਦੇ ਨੇੜੇ ਅੱਪੜ ਕੇ ਰਾਤ ਦਾ ਪੜਾਅ ਕੀਤਾ। ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਬਠਿੰਡੇ ਵੱਲੋਂ ਦੂਰੋਂ ਧੂੜ ਦਾ ਬੱਦਲ ਉੱਠਦਾ ਦਿਸਿਆ। ਮਾਈ ਭਾਗੋ ਨੂੰ ਅੰਤਰ-ਦ੍ਰਿਸ਼ਟੀ ਅਤੇ ਸਹਿਜ ਬੋਧ ਰਾਹੀਂ ਮਹਿਸੂਸ ਹੋਇਆ ਕਿ ਇਹ ਤਾਂ ਮੁਗ਼ਲ ਫ਼ੌਜੀ ਹੀ ਹਨ ਜੋ ਗੁਰੂ ਜੀ ’ਤੇ ਹਮਲਾ ਕਰਨ ਆ ਰਹੇ ਹਨ। ਮਾਈ ਭਾਗੋ ਨੇ ਆਪਣੇ ਜਥੇ ਨੂੰ ਸੁਚੇਤ ਕਰ ਦਿੱਤਾ। ਉਨ੍ਹਾਂ ਦੀਆਂ ਚਾਦਰਾਂ ਆਦਿ ਹੋਰ ਫਾਲਤੂ ਕੱਪੜਿਆਂ ਨੂੰ ਝਾੜੀਆਂ ਆਦਿ ’ਤੇ ਖਿਲਾਰ ਦਿੱਤਾ ਤਾਂ ਕਿ ਦੁਸ਼ਮਣ ਨੂੰ ਇੰਜ ਮਹਿਸੂਸ ਹੋਵੇ ਕਿ ਅੱਗੇ ਦੁਸ਼ਮਣ (ਖ਼ਾਲਸੇ) ਦਾ ਬਹੁਤ ਵੱਡਾ ਕੈਂਪ ਹੈ। ਉਹ ਝਾੜਾਂ ਆਦਿ ਵਿੱਚ ਲੁਕ ਕੇ ਖਿੱਲਰ ਕੇ ਬੈਠ ਗਏ ਅਤੇ ਇਹ ਫਾਇਰ ਕਰਨ ਲਈ ਤਿਆਰ ਸਨ। ਜਿਉਂ ਹੀ ਮੁਗ਼ਲ ਨੇੜੇ ਪਹੁੰਚੇ ਤਾਂ ਮਝੈਲਾਂ ਨੇ ਹੱਲਾ ਬੋਲ ਦਿੱਤਾ।
ਰੌਲੇ-ਰੱਪੇ ਅਤੇ ਗ਼ਰਦੋ-ਗ਼ੁਬਾਰ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਖ਼ਾਲਸਾ ਫ਼ੌਜ ਨੂੰ ਸੁਚੇਤ ਕਰ ਦਿੱਤਾ। ਉਹ ਆਪਣੇ ਫ਼ੌਜੀਆਂ ਨਾਲ ਆ ਰਲੇ। ਇਸ ਜਗ੍ਹਾ ਨੂੰ ‘ਟਿੱਬੀ ਸਾਹਿਬ’ ਕਿਹਾ ਜਾਂਦਾ ਹੈ। ਇੱਥੇ ਇੱਕ ਛੋਟੀ ਜਿਹੀ ਰੇਤ ਦੀ ਪਹਾੜੀ ਸੀ ਜੋ ਬਹੁਤ ਮਗਰੋਂ ਪੱਧਰੀ ਕਰ ਕੇ ਗੁਰਦੁਆਰਾ ਉਸਾਰਿਆ ਗਿਆ। ਗੁਰੂ ਜੀ ਨੇ ਇਸ ਟਿੱਬੀ ਤੋਂ ਤੇਜ਼ੀ ਨਾਲ ਅੱਗੇ ਵਧ ਰਹੇ ਮੁਗ਼ਲਾਂ ਵੱਲ ਤੀਰ ਦਾਗਣੇ ਸ਼ੁਰੂ ਕਰ ਦਿੱਤੇ। ਦੁਸ਼ਮਣ ਹੁਣ ਗੁਰੂ ਸਾਹਿਬ ਅਤੇ ਮਾਈ ਭਾਗੋ ਦੇ ਯੋਧਿਆਂ ਦੇ ਵਿਚਕਾਰ ਸੀ। ਗੁਰੂ ਸਾਹਿਬ ਨੇ ਆਪਣੇ ਜੰਗੀ ਘੋੜੇ ਉੱਪਰ ਪਲਾਕੀ ਮਾਰੀ ਅਤੇ ਜੰਗ ਵਿੱਚ ਜਾ ਕੁੱਦੇ। ਉਨ੍ਹਾਂ ਵੱਲੋਂ ਖ਼ੁਦ ਮੂਹਰੇ ਹੋ ਕੇ ਕੀਤੇ ਤੇਜ਼-ਤਰਾਰ ਅਤੇ ਜੋਸ਼ੀਲੇ ਹਮਲੇ ਨਾਲ ਦੁਸ਼ਮਣ ਬੌਖਲਾ ਗਿਆ।
ਦੁਸ਼ਮਣ ਬਹੁਤ ਦੂਰ ਤੋਂ ਲੰਮਾ ਸਫ਼ਰ ਕਰ ਕੇ ਸਾਰੀ ਰਾਤ ਚਲਦਾ ਰਿਹਾ ਅਤੇ ਲੜਾਈ ਵਿੱਚ ਲਗਾਤਾਰ ਲੜਦੇ ਰਹਿਣ ਕਰਕੇ ਥੱਕਿਆ ਟੁੱਟਿਆ ਸੀ। ਮੁਗ਼ਲ ਸੈਨਿਕ ਅਤੇ ਘੋੜੇ ਆਦਿ ਪਾਣੀ ਤੋਂ ਬਗ਼ੈਰ ਹਫ਼ੇ ਪਏ ਸਨ। ਦੂਜੇ ਬੰਨੇ, ਗੁਰੂ ਜੀ ਅਤੇ ਖ਼ਾਲਸਾ-ਫ਼ੌਜ ਤਾਜ਼ਾਦਮ ਸੀ। ਮੁਗ਼ਲ ਭਾਰੀ ਜਾਨੀ ਨੁਕਸਾਨ ਕਰਵਾਉਣ ਮਗਰੋਂ ਮੈਦਾਨ ਛੱਡ ਗਏ।
ਇਹ ਗੁਰੂ ਜੀ ਦੀ ਆਖ਼ਰੀ ਲੜਾਈ ਸੀ। ਇਸ ਮਗਰੋਂ ਜਦੋਂ ਗੁਰੂ ਜੀ ਜੰਗ ਦੇ ਮੈਦਾਨ ਦਾ ਨਿਰੀਖਣ ਕਰਨ ਅੱਗੇ ਵਧੇ ਤਾਂ ਉਨ੍ਹਾਂ ਨੂੰ ਜ਼ਖ਼ਮੀ ਪਈ ਮਾਈ ਭਾਗੋ ਨੇ ਫ਼ਤਿਹ ਬੁਲਾਈ ਅਤੇ ਦੱਸਿਆ ਕਿ ਕਿਵੇਂ 40 ਸਿੰਘ ਜਾਨਾਂ ਹੂਲ ਕੇ ਲੜੇ। ਗੁਰੂ ਜੀ ਇਹ ਕੁਰਬਾਨੀ ਦੀ ਦਾਸਤਾਂ ਸੁਣ ਕੇ ਭਾਵੁਕ ਹੋ ਗਏ। ਥੋੜ੍ਹਾ ਅੱਗੇ ਉਨ੍ਹਾਂ ਨੂੰ ਚਾਲੀ ਸਿੰਘਾਂ ’ਚੋਂ ਇੱਕ ਭਾਈ ਮਹਾਂ ਸਿੰਘ ਸਹਿਕਦਾ ਦਿਸਿਆ। ਉਹ ਇਕੱਲਾ ਸੀ ਜੋ ਬੇਦਾਵਾ ਲਿਖਣ ਦੇ ਹੱਕ ਵਿੱਚ ਨਹੀਂ ਸੀ, ਪਰ ਚਲਾ ਜ਼ਰੂਰ ਗਿਆ ਸੀ। ਗੁਰੂ ਜੀ ਨੇ ਉਸ ਨੂੰ ਥਾਪੜਾ ਦਿੱਤਾ। ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ ਕਿ ਗੁਰੂ ਜੀ ਸਾਰੇ ਚਾਲੀ ਸਿੰਘਾਂ ਨੂੰ ਮੁਆਫ਼ ਕਰ ਦੇਣ ਕਿਉਂਕਿ ਉਹ ਆਪਣੀ ਗ਼ਲਤੀ ਦੇ ਪਛਤਾਵੇ ਵਿੱਚ ਜਾਨਾਂ ਵਾਰ ਗਏ ਹਨ। ਉਸ ਨੇ ਕਿਹਾ, ‘‘ਟੁੱਟੀ ਗੰਢੋ’’ ਅਤੇ ਨਾਲ ਹੀ ਕਿਹਾ ਬੇਦਾਵਾ ਪਾੜ ਦਿਓ। ਗੁਰੂ ਜੀ ਨੇ ਉਹ ਕਾਗ਼ਜ਼ ਮੰਗਵਾ ਕੇ ਭਾਈ ਮਹਾਂ ਸਿੰਘ ਦੀਆਂ ਅੱਖਾਂ ਸਾਹਵੇਂ ਪੁਰਜ਼ਾ ਪੁਰਜ਼ਾ ਕਰ ਦਿੱਤਾ। ਸਭ ਨੂੰ ਮੁਆਫ਼ੀ ਦਿੱਤੀ ਅਤੇ ਉਨ੍ਹਾਂ ਨੂੰ ‘ਮੁਕਤਿਆਂ’ ਦਾ ਦਰਜਾ ਦਿੱਤਾ। ਗੁਰੂ ਜੀ ਦੇ ਕਹਿਣ ਦੀ ਦੇਰ ਸੀ ਕਿ ਭਾਈ ਮਹਾਂ ਸਿੰਘ ਨੇ ਪ੍ਰਾਣ ਤਿਆਗ ਦਿੱਤੇ। ਚਾਲੀ ਮੁਕਤਿਆਂ ਦਾ ਜ਼ਿਕਰ ਹਰ ਰੋਜ਼ ਸਿੱਖਾਂ ਦੀ ਅਰਦਾਸ ਵਿੱਚ ਆਉਂਦਾ ਹੈ।
ਸੰਪਰਕ: 92165-50612

Advertisement

Advertisement