For the best experience, open
https://m.punjabitribuneonline.com
on your mobile browser.
Advertisement

ਅਨੁਵਾਦ ਦੀ ਕਹਾਣੀ ਇੱਕ ਅਧਿਆਏ ਦੀ ਜ਼ੁਬਾਨੀ

07:15 AM Nov 19, 2023 IST
ਅਨੁਵਾਦ ਦੀ ਕਹਾਣੀ ਇੱਕ ਅਧਿਆਏ ਦੀ ਜ਼ੁਬਾਨੀ
Advertisement

ਨਿਰਮਲਜੀਤ

Advertisement

ਅਨੁਭਵ

‘ਮੇਮ ਕਾ ਗਾਂਵ ਗੋਡਸੇ ਕੀ ਗਲੀ’ ਪ੍ਰਸਿੱਧ ਪੱਤਰਕਾਰ ਉਰਮਿਲੇਸ਼ ਦੀ ਹਿੰਦੀ ਵਿਚ ਪ੍ਰਕਾਸ਼ਿਤ ਪੁਸਤਕ ਦਾ ਨਾਮ ਹੈ। ਅੱਛਾ!!! ਤੁਸੀਂ ਉਰਮਿਲੇਸ਼ ਨੂੰ ਨਹੀਂ ਜਾਣਦੇ??? ਭਲਾ ਇਹ ਕਿਵੇਂ ਹੋ ਸਕਦਾ ਹੈ? ਚੱਲੋ, ਤੁਹਾਨੂੰ ਇੱਕ ਹੋਰ ਸੰਕੇਤ ਦੇ ਦਿੰਦੀ ਹਾਂ। ਦਿਨ ਤਿੰਨ ਅਕਤੂਬਰ। ਸਥਾਨ ਮੁਲਕ ਦੀ ਰਾਜਧਾਨੀ। ਚੈਨਲ ਨਿਊਜ਼ ਕਲਿੱਕ। ਪੱਤਰਕਾਰ ਕਈ ਸਨ ਜਿਹੜੇ ‘ਚੁੱਕੇ’ ਗਏ। ਚੁੱਕੇ ਗਏ ਸ਼ਬਦ ਦੇ ਕੌਮਿਆਂ ਨੂੰ ਧਿਆਨ ਵਿੱਚ ਰੱਖਣਾ। ਪੂਰੇ ਦਿਨ ਦੀ ਮੁਸ਼ੱਕਤ ਮਗਰੋਂ ਪੱਤਰਕਾਰਾਂ ਨੂੰ ‘ਛੱਡ’ ਦਿੱਤਾ ਗਿਆ। ਹੁਣ ਇੱਥੇ ਛੱਡ ਸ਼ਬਦ ਨੂੰ ਕੌਮਿਆਂ ਸਮੇਤ ਪੜ੍ਹਨਾ। ਉਨ੍ਹਾਂ ਪੱਤਰਕਾਰਾਂ ਵਿੱਚੋਂ ਇੱਕ ਪੱਤਰਕਾਰ ਉਰਮਿਲੇਸ਼ ਵੀ ਸਨ। ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਹੁਣ ਯਾਦ ਆ ਗਿਆ ਹੋਵੇਗਾ। ਹਾਂ ਜੀ, ਹਾਂ ਜੀ, ਉਹੀ ਉਰਮਿਲੇਸ਼। ਉਨ੍ਹਾਂ ਦੀ ਲਿਖੀ ਪੁਸਤਕ ‘ਮੇਮ ਕਾ ਗਾਂਵ ਗੋਡਸੇ ਕੀ ਗਲੀ’ ਦੇ ਅਨੁਵਾਦ ਦੀ ਕਹਾਣੀ ਸਾਂਝੀ ਕਰ ਰਹੀ ਹਾਂ। ਜੇ ਹਾਲੇ ਵੀ ਤੁਹਾਨੂੰ ਉਰਮਿਲੇਸ਼ ਦਾ ਚੇਤਾ ਨਹੀਂ ਆਇਆ ਤਾਂ ਇਸ ਲੇਖ ਨੂੰ ਪੜ੍ਹਨ ਉਪਰੰਤ ਆ ਜਾਵੇਗਾ।
ਇਸ ਪੁਸਤਕ ਦੇ ਅਨੁਵਾਦ ਦੀ ਕਹਾਣੀ 2022 ਦੇ ਜਨਵਰੀ ਮਹੀਨੇ ਤੋਂ ਸ਼ੁਰੂ ਹੁੰਦੀ ਹੈ। ਇੱਕ ਸੁਨੇਹਾ ਮਿਲਿਆ ਕਿ ਇੱਕ ਨਵੀਂ ਕਿਤਾਬ ਆਈ ਹੈ ਮੇਮ ਕਾ ਗਾਂਵ ਗੋਡਸੇ ਕੀ ਗਲੀ। ਜ਼ਰਾ ਉਸ ਨੂੰ ਵੇਖਣਾ। ਕਿਤਾਬ ਮੰਗਵਾ ਲਈ ਅਤੇ ਪੜ੍ਹੀ। ਜਿਵੇਂ ਜਿਵੇਂ ਕਿਤਾਬ ਪੜ੍ਹਦੀ ਗਈ, ਸੋਚਦੀ ਗਈ ਕਿ ਮੁਲਕ ਨੂੰ ਵੇਖਣ ਦਾ ਇੱਕ ਨਜ਼ਰੀਆ ਇਹ ਵੀ ਹੋ ਸਕਦਾ ਹੈ। ਕਿਤਾਬ ਪੜ੍ਹਦੇ ਹੋਏ ਪਹਿਲੀ ਵਾਰ ਅਹਿਸਾਸ ਹੋਇਆ ਕਿ ਹੱਤਿਆ ਅਤੇ ਵਧ ਸ਼ਬਦ ਵਿਚਕਾਰ ਕਿੰਨੀ ਵਿੱਥ ਹੈ ਜਿਸ ਨੂੰ ਸਮਝਣ-ਪਕੜਨ ਦੀ ਲੋੜ ਹੈ।
ਫੇਰ ਗੱਲ ਚੱਲੀ ਕਿ ਕਿਉਂ ਨਾ ਇਸ ਕਿਤਾਬ ਵਿੱਚੋਂ ਕੁਝ ਲੇਖ ਅਨੁਵਾਦ ਕਰ ਲਏ ਜਾਣ ਤਾਂ ਜੋ ਪੰਜਾਬੀ ਪਾਠਕ ਤੱਕ ਇਨ੍ਹਾਂ ਦੀ ਰਸਾਈ ਹੋ ਸਕੇ। ਗੱਲਾਂ ਗੱਲਾਂ ਵਿੱਚੋਂ ਇਹ ਗੱਲ ਨਿਕਲ ਆਈ ਕਿ ਕਿਉਂ ਨਾ ਸਾਰੀ ਕਿਤਾਬ ਹੀ ਅਨੁਵਾਦ ਕਰ ਲਈ ਜਾਵੇ। ਇਸ ਬਾਰੇ ਆਖਣ ਵਾਲੇ ਵਿਦਵਾਨ ਨੂੰ ਕਿਹਾ ਕਿ ਅਨੁਵਾਦ ਦੀ ਆਗਿਆ ਦਾ ਇੰਤਜ਼ਾਮ ਤੁਹਾਡੇ ਜ਼ਿੰਮੇ ਹੈ। ਇਹ ਆਗਿਆ ਲੈ ਦਿਓ ਤਾਂ ਕਿਤਾਬ ਅਨੁਵਾਦ ਕਰ ਦਿਆਂਗੀ। ਉਰਮਿਲੇਸ਼ ਜੀ ਨੇ ਬੜੇ ਖ਼ਲੂਸ ਨਾਲ ਇਹ ਆਗਿਆ ਦੇ ਦਿੱਤੀ। ਜਦੋਂ ਉਨ੍ਹਾਂ ਨਾਲ ਇਸ ਕਿਤਾਬ ਦੇ ਅਨੁਵਾਦ ਬਾਰੇ ਗੱਲ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਸੰਨ 1995 ਤੋਂ 1997 ਤੱਕ ਪੰਜਾਬ ਵਿੱਚ ਪੱਤਰਕਾਰੀ ਕਰ ਚੁੱਕੇ ਹਨ।
ਰੁਕੋ, ਰੁਕੋ। ਕੀ ਕਿਹਾ? ਮੈਂ ਵਿਸ਼ੇ ਤੋਂ ਭਟਕ ਗਈ ਹਾਂ। ਨਹੀਂ, ਨਹੀਂ ਏਦਾਂ ਦੀ ਕੋਈ ਗੱਲ ਨਹੀਂ। ਆਪਣੀ ਗੱਲ ਕਹਿਣ ਤੋਂ ਪਹਿਲਾਂ ਥੋੜ੍ਹੀ ਜਿਹੀ ਭੂਮਿਕਾ ਤਾਂ ਬੰਨ੍ਹਣੀ ਹੀ ਪੈਂਦੀ ਹੈ। ਤੁਸੀਂ ਕਦੇ ਢਾਡੀ, ਕਵੀਸ਼ਰ ਨਹੀਂ ਸੁਣੇ? ਕਿਸੇ ਵੀ ਪ੍ਰਸੰਗ ਨੂੰ ਸੁਣਾਉਣ ਤੋਂ ਪਹਿਲਾਂ ਉਹ ਪੂਰੀ ਠੁੱਕਦਾਰ ਭੂਮਿਕਾ ਬੰਨ੍ਹਦੇ ਨੇ। ਮੈਂ ਤਾਂ ਬਸ ਬਹੁਤ ਸੰਖੇਪ ਜਿਹੀ, ਨਿੱਕੜੀ ਜਿਹੀ ਭੂਮਿਕਾ ਹੀ ਬੰਨ੍ਹੀ ਹੈ। ਸੋ ਅੱਜ ਦਾ ਮੇਰਾ ਪ੍ਰਸੰਗ ਸਿਰਫ਼ ਗਾਂਧੀ ਅਤੇ ਗੋਡਸੇ ਬਾਰੇ ਹੈ। ਹਾਂ ਜੀ, ਹਾਂ ਜੀ। ਮੈਂ ਮਹਾਤਮਾ ਗਾਂਧੀ ਅਤੇ ਨੱਥੂ ਰਾਮ ਗੋਡਸੇ ਦੀ ਗੱਲ ਕਰ ਰਹੀ ਹਾਂ, ਪਰ ਕਰ ਉਰਮਿਲੇਸ਼ ਦੇ ਹਵਾਲੇ ਨਾਲ ਰਹੀ ਹਾਂ।
ਉਰਮਿਲੇਸ਼ ਆਪਣੀ ਇਸ ਪੁਸਤਕ ਦੇ ਗੋਡਸੇ ਦੀ ਗਲੀ ਅਧਿਆਏ ਵਿੱਚ ਪਹਿਲਾਂ ਸਾਵਰਕਰ ਦੇ ਘਰ ਜਾਂਦੇ ਨੇ ਤੇ ਫੇਰ ਨੱਥੂ ਰਾਮ ਗੋਡਸੇ ਤੇ ਉਸ ਦੇ ਭਾਈ ਗੋਪਾਲ ਗੋਡਸੇ ਦੇ ਘਰ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਕਾਰ ਡਰਾਈਵਰ ਵੀ ਹੈ। ਪਹਿਲਾਂ ਉਹ ਸਾਵਰਕਰ ਦੇ ਘਰ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਨੱਥੂ ਰਾਮ ਗੋਡਸੇ ਦੀ ਭਤੀਜੀ ਜੋ ਸਾਵਰਕਰ ਦੀ ਨੂੰਹ ਹੈ, ਹਿਮਾਨੀ ਸਾਵਰਕਰ ਨੂੰ ਮਿਲਣਾ ਹੈ। ਇਸ ਮੁਲਾਕਾਤ ਦਾ ਆਖ਼ਰੀ ਸਵਾਲ ਬਹੁਤ ਅਹਿਮ ਹੈ। ਉਹ ਹਿਮਾਨੀ ਨੂੰ ਪੁੱਛਦੇ ਹਨ। ਉਰਮਿਲੇਸ਼ ਦੇ ਸ਼ਬਦਾਂ ਵਿੱਚ “ਤੁਸੀਂ ਭਾਰਤ ਦੇ ਦੋ ਪਰਿਵਾਰਾਂ ਨਾਲ ਸੰਬੰਧਤ ਹੋ ਜਿਨ੍ਹਾਂ ਦਾ ਪਿਛੋਕੜ ਬੇਹੱਦ ਵਿਵਾਦਪੂਰਨ ਹੈ- ਇੱਕ ਤਾਂ ਗਾਂਧੀ ਦਾ ਹਤਿਆਰੇ ਦਾ ਪਰਿਵਾਰ ਹੈ ਤਾਂ ਦੂਸਰਾ ਹਤਿਆਰੇ ਨੂੰ ਰਾਜਨੀਤਿਕ-ਵਿਚਾਰਧਾਰਕ ਤੌਰ ’ਤੇ ਸਿੱਖਿਅਤ ਕਰਦੇ ਰਹਿਣ ਵਾਲੇ ਅਤੇ ਅੰਗਰੇਜ਼ੀ ਹਕੂਮਤ ਤੋਂ ਮੁਆਫ਼ੀ ਮੰਗ ਕੇ ਜੇਲ੍ਹ ਵਿੱਚੋਂ ਬਾਹਰ ਆਉਣ ਵਾਲੇ ਵਿਵਾਦਪੂਰਨ ਵਿਅਕਤੀ ਦਾ...। ਅਜਿਹੇ ਪਰਿਵਾਰਾਂ ਨਾਲ ਸੰਬੰਧਤ ਹੋਣ ਕਰਕੇ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ?’’ ... ਹਿਮਾਨੀ ਦੇ ਚਿਹਰੇ ਉੱਤੇ ਤਣਾਅ ਨਾਲੋਂ ਗੁੱਸਾ ਵਧੇਰੇ ਨਜ਼ਰ ਆਇਆ। ਉਰਮਿਲੇਸ਼ ਇਨ੍ਹਾਂ ਦੀ ਦੁਖਦੀ ਰਗ਼ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ ਤੇ ਸਹੀ ਸਮੇਂ ਉਹੀ ਦੱਬਦਾ ਹੈ। ਵੈਸੇ ਹਿਮਾਨੀ ਦੇ ਨਾਲ ਬੈਠਾ ਬੰਦਾ ਉਸ ਨੂੰ ਏਨਾ ਬੁਰੀ ਤਰ੍ਹਾਂ ਨਾਲ ਤੱਕਦਾ ਹੈ ਕਿ ਇੱਕ ਵਾਰ ਉਰਮਿਲੇਸ਼ ਧੁਰ ਅੰਦਰ ਤੱਕ ਹਿੱਲ ਜਾਂਦਾ ਹੈ।
ਇਸ ਇੰਟਰਵਿਊ ਦੌਰਾਨ ਹਿਮਾਨੀ ਸਾਵਰਕਰ ਇੱਕ ਸਵਾਲ ਦੇ ਜਵਾਬ ਵਿੱਚ ਕਹਿੰਦੀ ਹੈ, “ਮੈਨੂੰ ਮਾਣ ਹੈ ਕਿ ਅਜਿਹੇ ਪਰਿਵਾਰਾਂ ਨਾਲ ਜੁੜੀ ਹੋਈ ਹਾਂ। ਇਨ੍ਹਾਂ ਪਰਿਵਾਰਾਂ ਦੀ ਦੇਸ਼ਭਗਤੀ ਉੱਪਰ ਕੋਈ ਸਵਾਲ ਨਹੀਂ ਖੜ੍ਹਾ ਕਰ ਸਕਦਾ।” ਇਸ ਤੋਂ ਬਾਅਦ ਉਰਮਿਲੇਸ਼ ਇੱਕ ਹੋਰ ਦਾਗ਼ਦਾ ਹੋਇਆ ਸਵਾਲ ਕਰਦਾ ਹੈ ਕਿ ਮਹਾਤਮਾ ਗਾਂਧੀ ਜਾਂ ਕਿਸੇ ਵੀ ਵਿਅਕਤੀ ਦੀ ਹੱਤਿਆ ਦਾ ਦੇਸ਼ ਭਗਤੀ ਨਾਲ ਕੀ ਰਿਸ਼ਤਾ ਹੋ ਸਕਦਾ ਹੈ? ਇਹ ਤਾਂ ਸਿੱਧਾ-ਸਿੱਧਾ ਅਪਰਾਧ ਹੈ। ਫੇਰ ਦੇਸ਼ ਦੇ ਏਨੇ ਵੱਡੇ ਨੇਤਾ, ਜਿਸ ਨੂੰ ਰਾਸ਼ਟਰ ਪਿਤਾ ਕਿਹਾ ਜਾਂਦਾ ਹੈ, ਉਸ ਦੀ ਹੱਤਿਆ ਕੀ ਦੇਸ਼ ਦੇ ਵਿਰੁੱਧ ਇੱਕ ਗੰਭੀਰ ਸਾਜ਼ਿਸ਼ ਨਹੀਂ ਸੀ? ਦੇਸ਼ ਵਿਰੁੱਧ ਏਡੀ ਵੱਡੀ ਸਾਜ਼ਿਸ਼ ਨੂੰ ਦੇਸ਼ ਭਗਤੀ ਕਿਵੇਂ ਆਖਿਆ ਜਾ ਸਕਦਾ ਹੈ? ਇਸ ਤਰ੍ਹਾਂ ਦੇ ਸਵਾਲ ਪੁੱਛਣ ਨੂੰ ਉਰਮਿਲੇਸ਼ ਜੋਖ਼ਮ ਲੈਣ ਦੇ ਤੁੱਲ ਮੰਨਦੇ ਹਨ ਤੇ ਇਹ ਵਾਕਈ ਜੋਖ਼ਮ ਭਰਿਆ ਸੀ ਵੀ।
ਇੱਕ ਸਵਾਲ ਦੇ ਜਵਾਬ ਵਿੱਚ ਹਿਮਾਨੀ ਸਾਵਰਕਰ ਦਾ ਕਹਿਣਾ ਸੀ ਕਿ ਨੱਥੂ ਰਾਮ ਗੋਡਸੇ ਨੇ ਜੋ ਕੁਝ ਕੀਤਾ, ਆਪਣੇ ਦਿਮਾਗ਼ ਨਾਲ ਕੀਤਾ। ਪੈਸੇ ਲੈ ਕੇ ਉਨ੍ਹਾਂ ਗਾਂਧੀ ਦਾ ‘ਵਧ’ ਨਹੀਂ ਕੀਤਾ। ਉਰਮਿਲੇਸ਼ ਉਸ ਨੂੰ ਵਿੱਚੋਂ ਟੋਕਦਿਆਂ ਕਹਿੰਦਾ ਹੈ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਗਾਂਧੀ ਦੀ ਨਿਰਦਈ ਹੱਤਿਆ ਨੂੰ ਵਧ ਕਿਹਾ ਜਾ ਰਿਹਾ ਹੈ। ਵਧ ਇੱਕ ਖ਼ਾਸ ਸੰਦਰਭ ਅਤੇ ਧਾਰਮਿਕ-ਪੌਰਾਣਿਕ ਕਥਾਵਾਂ ਨਾਲ ਜੁੜਿਆ ਸ਼ਬਦ ਹੈ ਜਿਸ ਵਿੱਚ ਮਾਰਨ ਵਾਲਾ ਵਿਅਕਤੀ ਪਵਿੱਤਰ ਆਦਮੀ ਹੈ ਅਤੇ ਮਾਰਿਆ ਜਾਣ ਵਾਲਾ ਕੋਈ ਅਪਵਿੱਤਰ ਜਾਂ ਅਪਰਾਧੀ ਆਦਮੀ। ਹਿਮਾਨੀ ਇਸ ਜਵਾਬ ਕਹਿ ਲਓ ਜਾਂ ਸਵਾਲ, ਨਾਲ ਉਲਝਣ ਵਿੱਚ ਪੈ ਗਈ। ਹਿਮਾਨੀ ਸਾਵਰਕਰ ਦਾ ਇਹ ਮੰਨਣਾ ਹੈ ਕਿ ਕੋਰਟ ਨੇ ਗੋਡਸੇ ਦੀ ਭੂਮਿਕਾ ਬਾਰੇ ਤੈਅ ਕੀਤਾ ਪਰ ਇਤਿਹਾਸ ਨੇ ਨਹੀਂ। ਇਤਿਹਾਸ (ਆਉਣ ਵਾਲਾ) ਇਸ ਨੂੰ ਤੈਅ ਕਰੇਗਾ ਕਿ ਕੀ ਸਹੀ ਸੀ ਅਤੇ ਕੀ ਗ਼ਲਤ। ਇਸ ਨੂੰ ਹੋ ਸਕਦਾ ਹੈ ਹੋਰ ਪੰਜਾਹ ਸਾਲ ਲੱਗ ਜਾਣ।
ਇਸ ਮੁਲਾਕਾਤ ਤੋਂ ਬਾਅਦ ਉਰਮਿਲੇਸ਼ ਨੱਥੂ ਰਾਮ ਗੋਡਸੇ ਦੇ ਭਾਈ ਗੋਪਾਲ ਗੋਡਸੇ ਨੂੰ ਮਿਲਦੇ ਨੇ। ਉਨ੍ਹਾਂ ਨਾਲ ਗਾਂਧੀ ਦੀ ਹੱਤਿਆ ਬਾਰੇ ਗੱਲਬਾਤ ਹੁੰਦੀ ਹੈ। ਗੋਡਸੇ ਭਾਈਆਂ ਨੂੰ ਆਪਣੇ ਕੀਤੇ ਦਾ ਰੱਤੀ ਭਰ ਵੀ ਪਛਤਾਵਾ ਨਹੀਂ ਹੈ। ਗੋਪਾਲ ਗੋਡਸੇ ਦੀਆਂ ਗੱਲਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮਹਾਤਮਾ ਗਾਂਧੀ ਦੀ ਹੱਤਿਆ ਦੀ ਯੋਜਨਾ ਨੱਥੂ ਰਾਮ ਦੀ ਅਗਵਾਈ ਵਿੱਚ ਬਣਾਈ ਜਾਂਦੀ ਹੈ। ਬਕੌਲ ਉਰਮਿਲੇਸ਼ ਇਹ ਗਿਰੋਹ ਕੇਵਲ ਮਹਾਤਮਾ ਗਾਂਧੀ ਹੀ ਨਹੀਂ, ਹਰ ਉਸ ਵਿਅਕਤੀ ਨੂੰ ਨਾਪਸੰਦ ਕਰਦਾ ਸੀ ਜੋ ਪੇਸ਼ਵਾਈ-ਬ੍ਰਾਹਮਣਵਾਦੀ ਸੋਚ ਅਤੇ ਉਸ ਦੇ ਆਧਾਰ ਉੱਤੇ ਭਾਰਤ ਨੂੰ ‘ਹਿੰਦੂਵਾਦੀ ਰਾਸ਼ਟਰ ਰਾਜ’ ਬਣਾਉਣ ਦੇ ਪ੍ਰੋਜੈਕਟ ਨੂੰ ਰੱਦ ਕਰਦਾ ਸੀ। ਇਹ ਕੱਟੜਪੰਥੀ ਬ੍ਰਾਹਮਣਵਾਦੀ ਗਿਰੋਹ ਆਜ਼ਾਦ ਭਾਰਤ ਨੂੰ ਹਰ ਹੀਲੇ ਹਰ ਕੀਮਤ ’ਤੇ ਅਤੀਤ ਵੱਲ ਮੋੜਨਾ ਚਾਹੁੰਦਾ ਸੀ। ਇਨ੍ਹਾਂ ਦੇ ਦਿਮਾਗ਼ਾਂ ਵਿੱਚ ਜ਼ਹਿਰ ਦੇ ਉਹ ਬੀਜ ਬੀਜੇ ਗਏ ਜੋ ਅੱਜ ਜ਼ਹਿਰੀਲੀ ਫ਼ਸਲ ਦੇ ਰੂਪ ਵਿੱਚ ਸਾਡੇ ਸਾਹਮਣੇ ਤਿਆਰ ਹੋ ਚੁੱਕੀ ਹੈ।
ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਹਿਮਾਨੀ ਨੇ ਜਦੋਂ ਇਹ ਮੁਲਾਕਾਤ ਕੀਤੀ ਤਾਂ ਉਨ੍ਹਾਂ ਤੋਂ ਸ਼ਾਇਦ ਸਮੇਂ ਦਾ ਸਹੀ ਅੰਦਾਜ਼ਾ ਨਹੀਂ ਲਗਾ ਹੋਇਆ। ਪੰਜਾਹ ਸਾਲ ਤਾਂ ਦੂਰ ਦੀ ਕੌਡੀ ਹਨ। ਤੁਸੀਂ ਵੇਖਣਾ ਆਉਣ ਵਾਲੇ ਪੰਜ ਸਾਲਾਂ ਵਿੱਚ ਇਤਿਹਾਸ ਨੇ ਆਪਣਾ ਫ਼ੈਸਲਾ ਸੁਣਾ ਦੇਣਾ ਹੈ ਤੇ ਇਹ ਇਤਿਹਾਸ ਕਿਸ ਨੇ ਲਿਖਣਾ-ਲਿਖਵਾਉਣਾ ਹੈ, ਤੁਸੀਂ ਜਾਣਦੇ ਹੀ ਹੋ। ਕੀ ਕਿਹਾ, ਨਹੀਂ ਜਾਣਦੇ, ਕੀ ਕਮਾਲ ਕਰ ਰਹੇ ਹੋ? ਆਲਾ-ਦੁਆਲਾ ਵੇਖਦੇ ਰਿਹਾ ਕਰੋ। ਕਿੰਨਾ ਕੁਝ ਤਾਂ ਵਾਪਰ ਰਿਹਾ ਹੈ। ਕੀ ਕਿਹਾ? ਚੈਨਲ ਵੀ ਵੇਖਦੇ ਹੋ ਤੇ ਅਖ਼ਬਾਰ ਵੀ ਪੜ੍ਹਦੇ ਹੋ। ਸ਼ਾਬਾਸ਼! ਚੰਗੇ ਬੰਦੇ ਤਾਂ ਜੇਲ੍ਹਾਂ ਦੇ ਅੰਦਰ ਤੁੰਨੇ ਹੋਏ ਨੇ। ਤੁਸੀਂ ਕਿਨ੍ਹਾਂ ਨੂੰ ਵੇਖੀ ਜਾਨੇਂ ਓ? ਚੈੱਕ ਕਰ ਲਓ ਇੱਕ ਵਾਰ।
ਮੈਨੂੰ ਪੱਕਾ ਯਕੀਨ ਹੈ ਹੁਣ ਤਾਂ ਤੁਹਾਨੂੰ ਉਰਮਿਲੇਸ਼ ਦੀ ਸ਼ਕਲ ਯਾਦ ਆ ਗਈ ਹੋਵੇਗੀ। ਕੀ ਕਿਹਾ, ਧੁੰਦਲੀ ਧੁੰਦਲੀ ਜਿਹੀ ਸਾਫ਼ ਹੋ ਰਹੀ ਹੈ। ਕੋਈ ਗੱਲ ਨਹੀਂ, ਹੌਲੀ ਹੌਲੀ ਸਾਰੀ ਸਪਸ਼ਟ ਹੋ ਜਾਵੇਗੀ। ਅਜਿਹੇ ਬੇਬਾਕ ਸਵਾਲ ਪੁੱਛਣ ਵਾਲੇ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਪਸੰਦ ਆਉਣਗੇ? ਅਜਿਹੇ ਬੇਬਾਕ ਸਵਾਲ ਪੁੱਛਣ ਵਾਲੇ ਨੂੰ ਉਹ ਹਰ ਹੀਲੇ ਜੇਲ੍ਹਾਂ ਵਿੱਚ ਡੱਕਣਾ ਚਾਹੁੰਦੇ ਹਨ। ਕੀ ਕਿਹਾ, ਕਿਸ ਕਸੂਰ ਵਿੱਚ? ਹਾਲੇ ਵੀ ਕਸੂਰ ਪੁੱਛ ਰਹੇ ਹੋ? ਥੋੜ੍ਹਾ ਜਿਹਾ ਤਾਂ ਜਾਲਾ ਸਾਫ਼ ਕਰ ਲਓ। ਕਮਾਲ ਹੀ ਕਰੀ ਜਾਨੇ ਓ। ਥੋੜ੍ਹਾ ਜਿਹਾ ਹੋਸ਼ ਵਿੱਚ ਆਓ। ਉਰਮਿਲੇਸ਼ ਨੂੰ ਉਹ ਅੰਦਰ ਏਸੇ ਲਈ ਦੇਣਾ ਚਾਹੁੰਦੇ ਨੇ ਬਈ ਉਹ ਅਜਿਹੇ ਸਵਾਲ ਪੁੱਛਣੇ ਬੰਦ ਕਰ ਦੇਵੇ। ਉਂਜ ਉਰਮਿਲੇਸ਼ ਤੋਂ ਪਹਿਲਾਂ ਵੀ ਬਹੁਤ ਸਾਰੇ ਆਵਾਜ਼ ਬੁਲੰਦ ਕਰਨ ਵਾਲੇ ਵਿਅਕਤੀ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਉਨ੍ਹਾਂ ਸਭਨਾਂ ਦਾ ਵੱਡਾ ਕਸੂਰ ਹੈ ਹੀ ਇਹੀ। ਉਹ ਸੱਤਾ ਤੋਂ ਉਹ ਸਵਾਲ ਪੁੱਛਦੇ ਹਨ ਜਿਨ੍ਹਾਂ ਦੇ ਜਵਾਬ ਦੇਣੇ ਉਨ੍ਹਾਂ ਨੂੰ ਭੋਰਾ ਪਸੰਦ ਨਹੀਂ ਹਨ।
ਵੈਸੇ ਗੱਲ ਹੁਣ ਤੁਹਾਡੇ ਵੱਸੋਂ ਬਾਹਰ ਹੋ ਗਈ ਹੈ।
ਉਰਮਿਲੇਸ਼ ਵਰਗਾ ਪੱਤਰਕਾਰ ਸਹੀ ਸਮੱਸਿਆ ਉੱਤੇ ਉਂਗਲ ਧਰਦਾ ਹੈ ਪਰ ਇੱਕ ਖ਼ਾਸ ਤਰ੍ਹਾਂ ਦੀ ਰਾਜਨੀਤੀ ਵਾਲਿਆਂ ਨੂੰ ਉਹ ਸਵਾਲ ਚੁਭਦੇ ਹਨ। ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਜਗ੍ਹਾ ਉਨ੍ਹਾਂ ਦਾ ਮੂੰਹ ਬੰਦ ਕਰਵਾਉਣ ਦੀ ਕੋਸ਼ਿਸ਼ ਵਿੱਚ ਹਨ। ਇਸੇ ਕੋਸ਼ਿਸ਼ ਵਿੱਚੋਂ ਨਿਕਲਿਆ ਹੈ ਤਿੰਨ ਅਕਤੂਬਰ। ਇਹ ਮੰਨਿਆ ਕਿ ਦੇਸ਼ ਵਿੱਚ ਪੱਤਰਕਾਰੀ ਦੇ ਨਾਮ ’ਤੇ ਝੋਲੀ ਚੁੱਕ ਪੱਤਰਕਾਰ ਆਪਣਾ ਫਰਜ਼ ਭੁੱਲ ਗਏ ਹਨ ਪਰ ਗੰਭੀਰ ਕਿਸਮ ਦੀ ਪੱਤਰਕਾਰੀ ਕਰਨ ਵਾਲੇ ਵੀ ਮੌਜੂਦ ਹਨ। ਉਹ ਗਿਣਤੀ ਵਿੱਚ ਭਾਵੇਂ ਬਹੁਤ ਘੱਟ ਹਨ ਪਰ ਉਨ੍ਹਾਂ ਘੱਟ ਗਿਣਤੀ ਪੱਤਰਕਾਰਾਂ ਦੀ ਆਵਾਜ਼ ਨੇ ਤਖਤ ਨੂੰ ਵਖਤ ਪਾਇਆ ਹੋਇਆ ਹੈ।
ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਦੋਵੇਂ ਮੁਲਾਕਾਤਾਂ ਮਹਾਤਮਾ ਗਾਂਧੀ ਦੇ ਜਨਮ ਦਿਨ ਭਾਵ 2 ਅਕਤੂਬਰ 2004 ਨੂੰ ਹੁੰਦੀਆਂ ਹਨ। ਉਸ ਤੋਂ ਵੀ ਵੱਧ ਕਮਾਲ ਇਹ ਹੈ ਕਿ ਉਰਮਿਲੇਸ਼ ਤੋਂ ਪੁੱਛਗਿੱਛ ਗਾਂਧੀ ਦੇ ਜਨਮ ਦਿਨ ਤੋਂ ਬਿਲਕੁਲ ਅਗਲੇ ਦਿਨ ਹੁੰਦੀ ਹੈ। ਤੇ ਕਮਾਲ ਇਉਂ ਹੀ ਨਹੀਂ ਹੁੰਦੇ। ਜੋਖ਼ਮ ਲੈਣੇ ਪੈਂਦੇ ਹਨ ਜੋਖ਼ਮ।
ਈ-ਮੇਲ: jitnirmalsandhu@gmail.com

Advertisement
Author Image

Advertisement
Advertisement
×