For the best experience, open
https://m.punjabitribuneonline.com
on your mobile browser.
Advertisement

‘ਬੰਦਾ ਬਣਨ’ ਦੀ ਸੰਘਰਸ਼ਮਈ ਕਹਾਣੀ

08:38 AM Mar 06, 2024 IST
‘ਬੰਦਾ ਬਣਨ’ ਦੀ ਸੰਘਰਸ਼ਮਈ ਕਹਾਣੀ
ਮਨੁੱਖੀ ਵਿਕਾਸ ਦੇ ਪੜਾਵਾਂ ਨੂੰ ਦਰਸਾਉਂਦੇ ਪਥਰਾਟ
Advertisement

ਡਾ. ਨਿਰਮਲ ਸਿੰਘ ਹਰੀ

Advertisement

ਜਦ ਕੋਈ ਮਨਚਲਾ ਝੱਲ ਖਿਲਾਰਦੈ ਤਾਂ ਅਕਸਰ ਸਿਆਣੀ ਉਮਰ ਦੇ ਲੋਕ ਕਹਿ ਦਿੰਦੇ ਨੇ ‘ਬੰਦਾ ਬਣ ਜਾ ਬੰਦਾ।’ ਅਸਲ ਵਿੱਚ ‘ਬੰਦਾ ਬਣਨ’ ਦੀ ਕਹਾਣੀ ਬਹੁਤ ਸੰਘਰਸ਼ਮਈ ਅਤੇ ਵਿਲੱਖਣ ਹੈ। ਅੱਜ ਮਨੁੱਖ ਜਾਤੀ ਧਰਤੀ ’ਤੇ ਮੌਜੂਦ ਲੱਖਾਂ ਜਾਨਵਰਾਂ ਦੀਆਂ ਪ੍ਰਜਾਤੀਆਂ ’ਤੇ ਰਾਜ ਕਰਦੀ ਹੈ। ਮਨੁੱਖ ਕੋਲ ਨਾ ਸਿਰਫ਼ ਦਿਮਾਗ਼ੀ ਸ਼ਕਤੀ ਹੈ ਬਲਕਿ ਸਮਾਜਿਕ ਅਤੇ ਸੱਭਿਆਚਾਰਕ ਲਪੇਟ ਵਿੱਚ ਕਈ ਤਰ੍ਹਾਂ ਦੀਆਂ ਅਸੀਮ ਸ਼ਕਤੀਆਂ ਵੀ ਹਨ। ਇਹ ਸਭ ਕੁਝ ਜਾਦੂ ਦੀ ਛੜੀ ਨਾਲ ਜਾਂ ਅੱਖ ਦੇ ਝਪਕਾਰੇ ਵਿੱਚ ਨਹੀਂ ਹੋਇਆ। ਮਨੁੱਖੀ ਵਿਕਾਸ ਜਾਂ ਕਹਿ ਲਵੋ ਕਿ ਬਾਂਦਰਾਂ ਤੋਂ ਮਨੁੱਖ ਦੀ ਜੂਨ ’ਚ ਆਉਣ ਦੀ ਕਹਾਣੀ ਬਹੁਤ ਲੰਬੀ ਹੈ।
ਮਸ਼ਹੂਰ ਵਿਗਿਆਨੀ ਚਾਰਲਸ ਡਾਰਵਿਨ ਨੇ 1859 ਵਿੱਚ ਪਹਿਲੀ ਵਾਰੀ ਇਹ ਐਲਾਨ ਕੀਤਾ ਕਿ ਮਨੁੱਖ ਜਾਤ ਦਾ ਜਨਮ ਬਾਂਦਰਾਂ (Apes) ਤੋਂ ਹੋਇਆ ਹੈ। ਇਹ ਐਲਾਨ ਉਸ ਸਮੇਂ ਦੀ ਵਿਚਾਰਧਾਰਾ ਅਤੇ ਖ਼ਾਸ ਕਰਕੇ ਇਸਾਈ ਮੱਤ ਨਾਲ ਸਿੱਧਾ ਪੰਗਾ ਲੈਣ ਵਾਲੀ ਗੱਲ ਸੀ। ਕੁਝ ਧਾਰਮਿਕ ਖ਼ਿਆਲਾਂ ਵਾਲੇ ਲੋਕਾਂ ਨੇ ਡਾਰਵਿਨ ਨੂੰ ਨਿਹੋਰੇ ਵੀ ਮਾਰੇ ਕਿ ‘ਪੂਰਵਜ ਬਾਂਦਰ ਤੇਰੇ ਨਾਨਕਿਆਂ ਵੱਲੋਂ ਸੀ ਜਾਂ ਦਾਦਕਿਆਂ ਵੱਲੋਂ?’ ਹਾਲਾਂਕਿ ਡਾਰਵਿਨ ਮਨੁੱਖੀ ਵਿਕਾਸ ਬਾਰੇ ਦਿੱਤੀ ਆਪਣੀ ਨਵੀਂ ਥਿਊਰੀ ’ਤੇ ਅਟੱਲ ਰਿਹਾ ਪਰ ਉਹ ਕੋਈ ਸਿੱਧਾ ਸਬੂਤ ਨਾ ਪੇਸ਼ ਕਰ ਸਕਿਆ।
ਜਦੋਂ ਅਸੀਂ ਬੀਤੇ ਵੱਲ ਝਾਕਦੇ ਹਾਂ ਤਾਂ ਸਾਡੇ ਕੋਲ ਸਬੂਤਾਂ ਵਜੋਂ ਲਿਖਿਆ ਸੁਣਿਆ ਇਤਿਹਾਸ ਹੁੰਦੈ ਜੋ ਕਿ ਮਨੁੱਖ ਖ਼ੁਦ ਲਿਖਦੈ ਪਰ ਅਸੀਂ ਤਾਂ ਇੱਥੇ ਖ਼ੁਦ ਮਨੁੱਖ ਬਣਨ ਦੀ ਕਹਾਣੀ ਸਮਝ ਰਹੇ ਹਾਂ। ਇਸ ਕਹਾਣੀ ਦੇ ਸਬੂਤ ਕਿੱਥੋਂ ਆਉਣ? ਪਰ ਕੁਦਰਤ ਕੁਝ ਸਬੂਤ ਸਦਾ ਸਾਂਭ ਕੇ ਰੱਖਦੀ ਹੈ। ਧਰਤੀ ਹੇਠੋਂ ਮਿਲਦੀਆਂ ਲੱਖਾਂ ਸਾਲ ਪਹਿਲਾਂ ਰਹਿੰਦੇ ਜਾਨਵਰਾਂ, ਮਨੁੱਖੀ ਪੂਰਵਜਾਂ ਦੀਆਂ ਹੱਡੀਆਂ, ਪੱਥਰਾਂ ਦੇ ਸੰਦ, ਕੁਦਰਤੀ ਗੁਫ਼ਾਵਾਂ ਵਿੱਚ ਕੀਤੀਆਂ ਚਿੱਤਰਕਾਰੀਆਂ ਮਨੁੱਖੀ ਵਿਕਾਸ ਦੀ ਕਹਾਣੀ ’ਤੇ ਚਾਨਣਾ ਪਾਉਂਦੀਆਂ ਹਨ। ਆਧੁਨਿਕ ਵਿਗਿਆਨ ਨੇੇ ਐਨੀ ਤਰੱਕੀ ਕਰ ਲਈ ਹੈ ਕਿ ਉਹ ਇਨ੍ਹਾਂ ਪੁਰਾਤਨ ਚੀਜ਼ਾਂ ਦੀ ਉਮਰ ਦੱਸ ਸਕਦੈ।
ਸੰਨ 1891 ਵਿੱਚ ਯੂਜੀਨ ਡੂਬੁਆਏਸ ਨੇ ਜਾਵਾ ਦੀ ਧਰਤੀ ਹੇਠੋਂ ਅਤੇ ਫਿਰ 1924 ਵਿੱਚ ਰੇਮੰਡ ਡਾਰਟ ਨੇ ਅਫ਼ਰੀਕਾ ਦੀ ਧਰਤੀ ਹੇਠੋਂ ਅਜਿਹੇ ਮਨੁੱਖੀ ਪੂਰਵਜਾਂ ਦੇ ਪਥਰਾਟ ਲੱਭੇ ਜਿਨ੍ਹਾਂ ਨੇ ਮਨੁੱਖਾਂ ਅਤੇ ਬਾਂਦਰਾਂ ਵਿਚਕਾਰ ਇੱਕ ਤੰਦ ਜੋੜ ਦਿੱਤੀ। ਯੂਜੀਨ ਦੁਆਰਾ ਇਹ ਪਥਰਾਟ ਲੱਭਣ ਦੀ ਕਹਾਣੀ ਬਹੁਤ ਰੌਚਕ ਹੈ। ਹਾਲੈਂਡ ਦਾ ਇਹ ਡਾਕਟਰ ਡਾਰਵਿਨ ਦੀ ਥਿਊਰੀ ਵਿੱਚ ਵਿਸ਼ਵਾਸ ਰੱਖਦਾ ਸੀ ਅਤੇ ਇਸ ਨੇ ਆਪਣੇ ਹਿਸਾਬ ਕਿਤਾਬ ਨਾਲ ਇਹ ਅਨੁਮਾਨ ਲਗਾਇਆ ਕਿ ਮਨੁੱਖੀ ਪੂਰਵਜਾਂ ਦੇ ਪਥਰਾਟ ਇੰਡੋਨੇਸ਼ੀਆ ਵਿੱਚੋਂ ਲੱਭਣਗੇ। ਆਪਣਾ ਸਭ ਕੁਝ ਛੱਡ ਛਡਾ ਕੇ ਉਸ ਨੇ ਇੰਡੋਨੇਸ਼ੀਆ ਦੀ ਧਰਤੀ ’ਤੇ ਜਾ ਡੇਰੇ ਲਾਏ ਅਤੇ ਦੋ-ਤਿੰਨ ਸਾਲ ਖਾਕ ਛਾਨਣ ਤੋਂ ਬਾਅਦ ਆਖਰ 1891 ਵਿੱਚ ਇਹ ਪਥਰਾਟ ਲੱਭ ਹੀ ਲਏ।
ਇਹ ਪਥਰਾਟ 30-40 ਲੱਖ ਸਾਲ ਪਹਿਲਾਂ ਦੇ ਸਨ। ਇਨ੍ਹਾਂ ਤੋਂ ਇਹ ਗੱਲ ਸਪੱਸ਼ਟ ਸੀ ਕਿ ਇਹ ਨਾ ਤਾਂ ਮਨੁੱਖ ਦੇ ਪੂਰਵਜ ਬਾਂਦਰ ਦੇ ਸਨ ਅਤੇ ਨਾ ਹੀ ਆਧੁਨਿਕ ਮਨੁੱਖ ਦੇ। ਇਹ ਇੱਕ ਅਜਿਹੀ ਨਸਲ ਦੇ ਸਨ ਜੋ ਬਾਂਦਰਾਂ ਅਤੇ ਮਨੁੱਖਾਂ ਦੇ ਵਿਚਕਾਰ ਸੀ। ਇਸ ਨਸਲ ਦੇ ਬਸ਼ਿੰਦੇ ਦੋ ਲੱਤਾਂ ’ਤੇ ਤੁਰ ਸਕਦੇ ਸਨ ਅਤੇ ਇਨ੍ਹਾਂ ਦੀਆਂ ਲੱਤਾਂ ਦੀਆਂ ਹੱਡੀਆਂ ਅਤੇ ਰੀੜ੍ਹ ਦੀ ਹੱਡੀ ਦੀ ਬਣਾਵਟ ਪੂਰਵਜ ਬਾਂਦਰਾਂ ਨਾਲੋਂ ਅਲੱਗ ਸੀ। ਇਹ ਨਵੀਂ ਬਣਤਰ ਇਨ੍ਹਾਂ ਨੂੰ ਦੋ ਲੱਤਾਂ ’ਤੇ ਖੜ੍ਹਾ ਕਰਨ ਵਿੱਚ ਮਦਦਗਾਰ ਸੀ। ਅੱਜ ਅਜਿਹੀ ਨਸਲ ਦੇ ਹੋਰ ਕਈ ਪਥਰਾਟ ਵੀ ਲੱਭ ਗਏ ਹਨ ਜਿਨ੍ਹਾਂ ਤੋਂ ਮਨੁੱਖ ਅਤੇ ਬਾਂਦਰਾਂ ਦੀ ਸਾਂਝ ਸਪੱਸ਼ਟ ਪ੍ਰਤੀਤ ਹੁੰਦੀ ਹੈ। ਇਨ੍ਹਾਂ ਪਥਰਾਟਾਂ ਦੀ ਖੋਜ ਤੋਂ ਬਾਅਦ ਵਿਗਿਆਨੀਆਂ ਨੇ ਮਨੁੱਖੀ ਵਿਕਾਸ ਦੀ ਕਹਾਣੀ ਅੱਗੇ ਬਿਆਨ ਕੀਤੀ।
ਮਨੁੱਖ ਅਤੇ ਬਾਂਦਰਾਂ ਦੇ ਸਾਂਝੇ ਪੂਰਵਜ ਇਸ ਧਰਤੀ ’ਤੇ 70 ਕੁ ਲੱਖ ਸਾਲ ਪਹਿਲਾਂ ਰਹਿੰਦੇ ਸਨ। ਉਦੋਂ ਦੋ ਪੈਰਾਂ ’ਤੇ ਤੁਰਨ ਵਾਲੀ ਕੋਈ ਪ੍ਰਜਾਤੀ ਨਹੀਂ ਸੀ। ਅੱਜ ਵੀ ਮਨੁੱਖ ਅਤੇ ਚਿੰਪੈਂਜ਼ੀ (ਇੱਕ ਕਿਸਮ ਦਾ ਬਾਂਦਰ) ਦਾ 98 ਪ੍ਰਤੀਸ਼ਤ ਡੀ.ਐੱਨ.ਏ. (ਸ਼ਕਲ ਸੂਰਤ, ਸੁਭਾਅ ਅਤੇ ਗੁਣਾਂ ਨੂੰ ਕੰਟਰੋਲ ਕਰਨ ਵਾਲਾ ਤੱਤ) ਇੱਕੋ ਜਿਹਾ ਹੀ ਹੈ। ਲਗਭਗ 60 ਲੱਖ ਸਾਲ ਪਹਿਲਾਂ ਵਿਕਾਸ ਦੀ ਕੜੀ ਦੌਰਾਨ ਇੱਕ ਅਜਿਹੀ ਪ੍ਰਜਾਤੀ ਹੋਂਦ ਵਿੱਚ ਆਈ ਜਿਹੜੀ ਸਿਰਫ਼ ਦੋ ਪੈਰਾਂ ’ਤੇ ਚੱਲਦੀ ਸੀ। ਇਸ ਬਦਲਾਅ ਦੇ ਸਬੂਤ ਵਿੱਚ ਕੁਝ ਪਥਰਾਟ ਮਿਲੇ ਹਨ। ਹਾਲਾਂਕਿ ਉਹ ਪ੍ਰਜਾਤੀ ਦਿਮਾਗ਼ ਅਤੇ ਸਰੀਰ ਦੇ ਆਕਾਰ ਪੱਖੋਂ ਪੂਰਵਜ ਬਾਂਦਰਾਂ ਵਰਗੀ ਹੀ ਸੀ ਪਰ ਚਾਰ ਪੈਰਾਂ ਦੀ ਬਜਾਏ ਸਿਰਫ਼ ਦੋ ਪੈਰਾਂ ’ਤੇ ਤੁਰਨਾ ਇੱਕ ਅਸਾਧਾਰਨ ਪ੍ਰਾਪਤੀ ਸੀ ਕਿਉਂਕਿ ਹੁਣ ਦੋ ਮੂਹਰਲੇ ਪੈਰ ਹੱਥਾਂ ਦਾ ਕੰਮ ਦੇਣ ਲੱਗ ਪਏ ਸਨ। ਕਿਸੇ ਵੀ ਪ੍ਰਜਾਤੀ ਵਿੱਚ ਅਹਿਮ ਬਦਲਾਅ ਲਈ ਆਸ ਪਾਸ ਦੇ ਹਾਲਾਤ ਜ਼ਿੰਮੇਵਾਰ ਹੁੰਦੇ ਹਨ। ਪ੍ਰਜਾਤੀਆਂ ਵਿੱਚ ਉਹੀ ਸਰੀਰਕ ਗੁਣ ਪੈਦਾ ਹੁੰਦੇ ਰਹਿੰਦੇ ਹਨ ਜਿਨ੍ਹਾਂ ਨਾਲ ਉਹ ਬਦਲਵੇਂ ਵਾਤਾਵਰਨ ਵਿੱਚ ਜਿਊਂਦੀਆਂ ਰਹਿ ਸਕਣ। ਜੋ ਪ੍ਰਜਾਤੀਆਂ ਅਜਿਹਾ ਕਰਨ ਤੋਂ ਅਸਮਰੱਥ ਹੁੰਦੀਆਂ ਹਨ ਉਹ ਧਰਤੀ ਤੋਂ ਲੋਪ ਹੋ ਜਾਂਦੀਆਂ ਹਨ। ਯਕੀਨਨ ਨਵੀਂ ਪ੍ਰਜਾਤੀ ਦੇ ਚਾਰ ਪੈਰਾਂ ਤੋਂ ਦੋ ਪੈਰਾਂ ਤੱਕ ਆਉਣ ਦੇ ਵੀ ਕੁਝ ਕਾਰਨ ਰਹੇ ਹੋਣਗੇ।
ਅਜਿਹੇ ਦੋ ਪੈਰਾਂ ਵਾਲੇ ਸ਼ੁਰੂਆਤੀ ਮਨੁੱਖ ਨਾਲ ਸਬੰਧਿਤ ਇੱਕ ਅਹਿਮ ਖੋਜ 1974 ਵਿੱਚ ਕੀਤੀ ਗਈ। ਵਿਗਿਆਨੀ ਡੌਨਲਡ ਜੌਹਨਸਨ ਨੇ ਇਥੋਪੀਆ ਵਿੱਚ 32 ਲੱਖ ਸਾਲ ਪੁਰਾਣਾ ਇੱਕ ਪਥਾਰਟ ਲੱਭਿਆ ਜਿਸਦਾ ਨਾਂ ‘ਲੂਸੀ’ ਰੱਖਿਆ ਗਿਆ। ਇਸ ਪ੍ਰਜਾਤੀ ਦਾ ਵਿਗਿਆਨਕ ਨਾਂ ‘ਔਸਟਰੇਲੋਪਿਥਿਕਸ ਅਫੇਰੈਨਸਿਸ’ (Australopithecus afarensis) ਹੈ। ਇਹ ਇੱਕ ਮਾਦਾ ਦਾ ਪਥਰਾਟ ਸੀ ਜਿਸ ਦੀ ਲੰਬਾਈ ਸਾਢੇ ਤਿੰਨ ਫੁੱਟ ਸੀ ਤੇ ਉਹ ਥੋੜ੍ਹਾ ਝੁਕ ਕੇ ਦੋ ਪੈਰਾਂ ’ਤੇ ਚੱਲ ਸਕਦੀ ਸੀ। ਲੂਸੀ ਦੇ ਪੱਟ ਅਤੇ ਚੂਲੇ ਦੀਆਂ ਹੱਡੀਆਂ ਦੀ ਬਣਤਰ ਆਧੁਨਿਕ ਮਨੁੱਖ ਵਰਗੀ ਹੋ ਚੁੱਕੀ ਸੀ ਜਿਨ੍ਹਾਂ ਕਰਕੇ ਇਹ ਲਗਭਗ ਸਿੱਧਾ ਤੁਰਨ ਯੋਗ ਹੋਈ। ਰੀੜ੍ਹ ਦੀ ਹੱਡੀ ਦਿਮਾਗ਼ ਨਾਲ ਆਧੁਨਿਕ ਮਨੁੱਖੀ ਪ੍ਰਜਾਤੀ ਵਾਂਗ ਜੁੜੀ ਸੀ ਜਿਹੜੀ ਸਿੱਧਾ ਤੁਰਨ ਵਿੱਚ ਮਦਦਗਾਰ ਸਾਬਤ ਹੋਈ। ਦੂਜੇ ਪਾਸੇ ਇਸ ਮਾਦਾ ਦੀਆਂ ਬਾਹਵਾਂ ਹਾਲੇ ਵੀ ਚਿੰਪੈਂਜ਼ੀ ਬਾਂਦਰਾਂ ਵਾਂਗ ਲੰਬੀਆਂ ਸਨ ਅਤੇ ਮੁੜੀਆਂ ਹੋਈਆਂ ਉਂਗਲਾਂ ਇਸ ਗੱਲ ਦਾ ਸਬੂਤ ਸਨ ਕਿ ਉਹ ਅਜੇ ਵੀ ਬਾਦਰਾਂ ਵਾਂਗ ਦਰੱਖਤਾਂ ’ਤੇ ਝੂਟ ਸਕਦੀ ਸੀ। ਇਸ ਪ੍ਰਜਾਤੀ ਦੇ ਦਿਮਾਗ਼ ਦਾ ਆਕਾਰ ਵੀ ਹਾਲੀਂ ਚਿੰਪੈਂਜ਼ੀਆਂ ਵਰਗਾ ਹੀ ਸੀ। ਕਹਿਣ ਦਾ ਮਤਲਬ ਕਿ 30-40 ਲੱਖ ਸਾਲ ਦਾ ਸਮਾਂ ਸਿਰਫ਼ ਸਿੱਧਾ ਖੜ੍ਹਾ ਹੋਣ ਵਾਲੀ ਪ੍ਰਜਾਤੀ ਬਣਨ ਨੂੰ ਹੀ ਲੱਗ ਗਏ, ਹਾਲੇ ਆਧੁਨਿਕ ਮਨੁੱਖ ਵਾਲਾ ਦਿਮਾਗ਼ ਅਤੇ ਹੋਰ ਕਈ ਲੱਛਣ ਬਣਨ ਨੂੰ ਹੋਰ ਕਈ ਲੱਖ ਸਾਲ ਲੱਗਣੇ ਸਨ। ‘ਔਸਟਰੇਲੋਪਿਥਿਕਸ ਅਫੇਰੈਨਸਿਸ’ ਵਰਗੇ ਇਸ ਪ੍ਰਜਾਤੀ ਦੇ 32-60 ਲੱਖ ਸਾਲ ਪੁਰਾਣੇ ਪਥਰਾਟ ਦੁਨੀਆ ਦੇ ਅਲੱਗ ਅਲੱਗ ਖਿੱਤਿਆਂ ਵਿੱਚੋਂ ਮਿਲੇ ਹਨ।
ਕਹਾਣੀ ਅੱਗੇ ਤੁਰਦੀ ਹੈ ਤਾਂ ਕਰੀਬ 24 ਲੱਖ ਸਾਲ ਪਹਿਲਾਂ ‘ਔਸਟਰੇਲੋਪਿਥਿਕਸ ਅਫੇਰੈਨਸਿਸ’ ਤੋਂ ਸੁਧਰਦਾ ਸੁਧਰਦਾ ਇੱਕ ਹੋਰ ਗਰੁੱਪ ‘ਹੋਮੋ’ (Homo) ਉਤਪੰਨ ਹੁੰਦਾ ਹੈ, ਜਿਸ ਵਿੱਚ ਮੌਜੂਦਾ ਮਨੁੱਖ ਜਾਤੀ (Homo sapiens) ਆਉਂਦੀ ਹੈ। ਇਸ ਗਰੁੱਪ ਦੀ ਜਿਹੜੀ ਪ੍ਰਜਾਤੀ ਪਥਰਾਟਾਂ ’ਚੋਂ ਮਿਲੀ, ਉਸ ਦਾ ਨਾਂ ‘ਹੋਮੋ ਹਬੀਲਿਸ’ (Homo habilis) ਸੀ। ਇਸ ਨਵੀਂ ਪ੍ਰਜਾਤੀ ਦੀ ਲੰਬਾਈ ਅੱਜ ਦੇ ਮਨੁੱਖ ਤੋਂ ਦੋ ਤਿਹਾਈ ਸੀ, ਪਰ ਇਸ ਦਾ ਦਿਮਾਗ਼ ਵੱਡਾ (600 ਘਣ ਸੈਂਟੀਮੀਟਰ) ਹੋ ਗਿਆ ਸੀ ਅਤੇ ਇਹ ਆਪਣੀਆਂ ਪੂਰਵਜ ਪ੍ਰਜਾਤੀਆਂ ਨਾਲੋਂ ਵਧੇਰੇ ਵਿਕਸਤ ਸੀ। ਇਸ ਪ੍ਰਜਾਤੀ ਦੇ ਸਮੇਂ ਦੌਰਾਨ ਪਾਏ ਜਾਣ ਵਾਲੇ ਕੁਝ ਪੱਥਰ ਦੇ ਔਜ਼ਾਰਾਂ ਤੋਂ ਸਿੱਧ ਹੁੰਦਾ ਹੈ ਕਿ ਇਸ ਨੂੰ ਔਜ਼ਾਰ ਬਣਾਉਣ ਦੀ ਸੋਝੀ ਸੀ। ਇਹ ਪ੍ਰਜਾਤੀ ਮੁੱਖ ਰੂਪ ਵਿੱਚ ਮਾਸਾਹਾਰੀ ਸੀ। ਇਹ ਲੋਕ ਪੱਥਰ ਦੇ ਔਜ਼ਾਰਾਂ ਨਾਲ ਜਾਨਵਰਾਂ ਨੂੰ ਮਾਰ ਵੀ ਸਕਦੇ ਸਨ ਅਤੇ ਇਨ੍ਹਾਂ ਦੀ ਖੱਲ ਵੀ ਕੱਟ ਸਕਦੇ ਸਨ। ਮਨੁੱਖੀ ਪੂਰਵਜਾਂ ਦੇ ਪਥਰਾਟਾਂ ਤੋਂ ਇੱਕ ਗੱਲ ਸਪੱਸ਼ਟ ਸਾਹਮਣੇ ਆ ਰਹੀ ਹੈ ਕਿ ਲਗਭਗ 25 ਲੱਖ ਸਾਲ ਤੋਂ ਪਹਿਲਾਂ ਦੇ ਲੋਕ ਸ਼ਿਕਾਰ ਕਰਨਾ ਨਹੀਂ ਜਾਣਦੇ ਸਨ ਅਤੇ ਉਹ ਸ਼ਾਕਾਹਾਰੀ ਸਨ।
ਇਸ ਤੋਂ ਬਾਅਦ ਵਿਕਾਸ ਹੁੰਦੇ ਹੁੰਦੇ ਕਰੀਬ 20 ਲੱਖ ਸਾਲ ਪਹਿਲਾਂ ਇੱਕ ਹੋਰ ਮਨੁੱਖ ਜਾਤੀ ਹੋਂਦ ਵਿੱਚ ਆਈ ਜਿਸ ਦਾ ਨਾਂ ਸੀ ‘ਹੋਮੋ ਅਗਾਸਟਰ’ (Homo ergaster)। ਇਸ ਪ੍ਰਜਾਤੀ ਵਿੱਚ ਸੁਧਾਰ ਇਹ ਸੀ ਕਿ ਇਸ ਦੀਆਂ ਬਾਹਵਾਂ ਮੌਜੂਦਾ ਮਨੁੱਖ ਵਾਂਗ ਸਨ ਅਤੇ ਇਸ ਦੇ ਸਰੀਰ ’ਤੇ ਵਾਲ ਵੀ ਘੱਟ ਸਨ। ਸਿਰ ਦਾ ਆਕਾਰ ਹੋਰ ਵਧ ਗਿਆ ਸੀ ਅਤੇ ਇਹ ਪ੍ਰਜਾਤੀ ਪੱਥਰ ਦੇ ਹਥਿਆਰ ਬਣਾਉਣ ਵਿੱਚ ਜ਼ਿਆਦਾ ਮਾਹਿਰ ਸੀ। ਇਸ ਪ੍ਰਜਾਤੀ ਦਾ ਇੱਕ ਪਥਰਾਟ ‘ਤੁਰਕਾਨਾ’ ਅਫ਼ਰੀਕਾ ਦੇ ਦੇਸ਼ ਕੀਨੀਆ ਵਿੱਚੋਂ ਮਿਲਿਆ ਸੀ ਜੋ ਕਿ 16 ਲੱਖ ਸਾਲ ਪੁਰਾਣਾ ਮੰਨਿਆ ਜਾਂਦਾ ਹੈ।
ਹੁਣ ਤੱਕ ਮਨੁੱਖੀ ਵਿਕਾਸ ਦੀ ਸਾਰੀ ਕਹਾਣੀ ਅਫ਼ਰੀਕਾ ਮਹਾਂਦੀਪ ਵਿੱਚ ਹੀ ਵਾਪਰ ਰਹੀ ਸੀ। ਵਿਗਿਆਨੀਆਂ ਅਨੁਸਾਰ ‘ਹੋਮੋ ਅਗਾਸਟਰ’ ਪਹਿਲੀ ਪ੍ਰਜਾਤੀ ਹੋ ਸਕਦੀ ਹੈ ਜਿਹੜੀ ਕਿ ਅਫ਼ਰੀਕਾ ਤੋਂ ਬਾਹਰ ਨਿਕਲ ਕੇ ਦੂਜੇ ਮਹਾਦੀਪਾਂ ਤੱਕ ਪਹੁੰਚੀ ਹੋਵੇ। ਜਾਰਜੀਆ ਦੇਸ਼ ਵਿੱਚੋਂ ਇਸ ਪ੍ਰਜਾਤੀ ਨਾਲ ਸਬੰਧਤ ਲੱਖਾਂ ਸਾਲ ਪੁਰਾਣੀਆਂ ਹੱਡੀਆਂ ਮਿਲੀਆਂ ਹਨ। ਮਨੁੱਖੀ ਪ੍ਰਜਾਤੀ ਵਿੱਚ ਹੋਰ ਸੁਧਾਰ ਹੁੰਦਾ ਹੁੰਦਾ ਕਰੀਬ 15-17 ਲੱਖ ਸਾਲ ਪਹਿਲਾਂ ਇੱਕ ਹੋਰ ਪ੍ਰਜਾਤੀ ‘ਹੋਮੋ ਅਰੈਕਟਿਸ’ (Homo erectus) ਵਿਕਸਤ ਹੋ ਗਈ। ਇਹ ਪਹਿਲੀ ਮਨੁੱਖੀ ਪ੍ਰਜਾਤੀ ਸੀ ਜਿਸ ਦੇ ਵੱਡੀ ਗਿਣਤੀ ਵਿੱਚੋਂ ਪਥਰਾਟ ਅਫ਼ਰੀਕਾ ਤੋਂ ਬਾਹਰ ਵੀ ਮਿਲੇ ਹਨ। ਇਸ ਪ੍ਰਜਾਤੀ ਵਿੱਚ ਦਿਮਾਗ਼ ਦਾ ਆਕਾਰ ਹੋਰ ਵਧ ਗਿਆ ਸੀ ਅਤੇ ਇਹ ਪ੍ਰਜਾਤੀ ਲਗਭਗ 27000 ਸਾਲ ਪਹਿਲਾਂ ਤੱਕ ਮੌਜੂਦ ਮੰਨੀ ਜਾਂਦੀ ਹੈ। ਹਾਲਾਂਕਿ ਇਨ੍ਹਾਂ ਸਮਿਆਂ ਦੌਰਾਨ ਮਨੁੱਖ ਦੀਆਂ ਕੁਝ ਹੋਰ ਪ੍ਰਜਾਤੀਆਂ ਵੀ ਵਿਗਿਆਨੀਆਂ ਨੇ ਦਰਸਾਈਆਂ ਹਨ ਪਰ ਵਰਤਮਾਨ ਮਨੁੱਖ ਪ੍ਰਜਾਤੀ (Homo sapiens) ਅਫ਼ਰੀਕਾ ਵਿੱਚ ਸਿਰਫ਼ ਦੋ ਲੱਖ ਸਾਲ ਪਹਿਲਾਂ ਵਿਕਸਤ ਹੋਈ ਮੰਨੀ ਜਾਂਦੀ ਹੈ। ਮੌਜੂਦਾ ਮਨੁੱਖ ਦੇ ਸਭ ਤੋਂ ਪੁਰਾਣੇ ਪਥਰਾਟ ਇੱਕ ਲੱਖ 95 ਹਜ਼ਾਰ ਸਾਲ ਪੁਰਾਣੇ ਹਨ ਜੋ ਕਿ ਇਥੋਪੀਆ ਵਿੱਚੋਂ ਮਿਲੇ ਹਨ। ਇਸ ਸਮੇਂ ਦੇ ਮਨੁੱਖ ਦੇ ਦਿਮਾਗ਼ ਦਾ ਆਕਾਰ ਮੌਜੂਦਾ ਮਨੁੱਖ ਜਿੰਨਾ (1350 ਘਣ ਸੈਂਟੀਮੀਟਰ) ਹੋ ਗਿਆ ਸੀ। ਇਸ ਉਪਰੰਤ ਇਹ ਆਧੁਨਿਕ ਮਨੁੱਖ ਪ੍ਰਜਾਤੀ ਕਰੀਬ 90,000 ਸਾਲ ਪਹਿਲਾਂ ਏਸ਼ੀਆ ਮਹਾਂਦੀਪ, 60,000 ਸਾਲ ਪਹਿਲਾਂ ਆਸਟਰੇਲੀਆ, 40,000 ਸਾਲ ਪਹਿਲਾਂ ਯੂਰਪ ਅਤੇ 12,000 ਸਾਲ ਪਹਿਲਾਂ ਅਮਰੀਕੀ ਮਹਾਂਦੀਪ ਵਿੱਚ ਫੈਲ ਗਈ।
ਸ਼ੁਰੂ ਸ਼ੁਰੂ ਵਿੱਚ ਇਹ ਆਧੁਨਿਕ ਮਨੁੱਖੀ ਪ੍ਰਜਾਤੀ ਜੰਗਲਾਂ ਵਿੱਚ ਵਾਸਾ ਕਰਦੀ ਸੀ ਅਤੇ ਸ਼ਿਕਾਰ ਢਿੱਡ ਭਰਨ ਦਾ ਮੁੱਖ ਸਰੋਤ ਸੀ। ਫੇਰ ਹੌਲੀ ਹੌਲੀ ਔਜ਼ਾਰਾਂ ਅਤੇ ਅੱਗ ਦੀ ਖੋਜ ਨੇ ਵਿਕਾਸ ਦੇ ਮਾਰਗ ’ਤੇ ਨਵੇਂ ਮੀਲ ਪੱਥਰ ਸਥਾਪਿਤ ਕੀਤੇ। ਮਨੁੱਖੀ ਸੱਭਿਅਕ ਸਮਾਜ ਦੀ ਸਥਾਪਤੀ ਕਰੀਬ 30,000 ਸਾਲ ਪਹਿਲਾਂ ਮੰਨੀ ਜਾਂਦੀ ਹੈ ਜਦਕਿ ਖੇਤੀਬਾੜੀ ਅਤੇ ਜਾਨਵਰਾਂ ਨੂੰ ਪਾਲਤੂ ਬਣਾਉਣਾ ਸਿਰਫ਼ 10,000 ਸਾਲ ਪਹਿਲਾਂ ਦੀ ਗੱਲ ਹੈ। ਕਸਬਿਆਂ ਵਿੱਚ ਮਨੁੱਖ ਦਾ ਬਸੇਰਾ ਚਾਰ-ਪੰਜ ਹਜ਼ਾਰ ਸਾਲ ਪਹਿਲਾਂ ਹੀ ਸ਼ੁਰੂ ਹੋਇਆ ਹੈ। ਇੱਕ ਅਹਿਮ ਸੁਆਲ ਇਹ ਵੀ ਹੈ ਕਿ ਕੀ ਮਨੁੱਖ ਅੱਜ ਵੀ ਵਿਕਾਸ ਕਰ ਰਿਹਾ ਹੈ। ਜੇ ਵਿਕਾਸ ਦੀ ਥਿਊਰੀ ਨੂੰ ਦੇਖੀਏ ਤਾਂ ਜਵਾਬ ਹਾਂ ਵਿੱਚ ਹੀ ਆਉਂਦਾ ਹੈ। ਅੱਜ ਦਾ ਮਨੁੱਖ ਦਿਮਾਗ਼ ਦੀ ਜ਼ਿਆਦਾ ਵਰਤੋਂ ਕਰ ਰਿਹਾ ਹੈ ਜਦਕਿ ਸਰੀਰਕ ਕੰਮ ਕਾਜ ਘਟ ਰਿਹਾ ਹੈ। ਹੋ ਸਕਦਾ ਹੈ ਕਿ ਅੱਜ ਤੋਂ ਹਜ਼ਾਰਾਂ ਲੱਖਾਂ ਸਾਲਾਂ ਬਾਅਦ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਰ ਹੋਰ ਵੱਡੇ ਹੋਣ ਤੇ ਹੱਥ ਪੈਰ ਛੋਟੇ।
ਸੰਪਰਕ: +1-204-391-3623

Advertisement
Author Image

joginder kumar

View all posts

Advertisement
Advertisement
×