ਕਿੱਸਾ ਖ਼ਰਗੋਸ਼ ਅਤੇ ਟਮਾਟਰ ਦਾ
ਇਹ ਕਹਾਣੀ, ਆਧੁਨਿਕ ਫ਼ਾਰਸੀ ਗਲਪ ਦੀ ਇੱਕ ਸਸ਼ਕਤ ਹਸਤਾਖ਼ਰ, ਜ਼ੋਇਆ ਪਰੀਜ਼ਾਦ ਦੀ ਲਿਖੀ ਹੋਈ ਹੈ। ਜ਼ੋਇਆ ਦੀਆਂ ਲਿਖਤਾਂ ਵਿੱਚ ਆਧੁਨਿਕ ਇਰਾਨ ਦੀਆਂ ਨਾਰੀਆਂ ਦੀਆਂ ਚਾਹਤਾਂ, ਦੁਬਿਧਾਵਾਂ, ਮਸਲੇ, ਵੰਗਾਰਾਂ ਅਤੇ ਸੰਘਰਸ਼ ਰੋਜ਼ਮਰ੍ਹਾ ਦੀ ਜ਼ਿੰਦਗੀ ਹੀ ਥੋੜ੍ਹਾ ਜਿਹਾ ਗੂੜ੍ਹਾ ਕਰ ਕੇ ਪੇਸ਼ ਹਨ। ਖ਼ਰਗੋਸ਼ ਅਤੇ ਟਮਾਟਰ ਦੇ ਜਾਣੇ ਪਛਾਣੇ ਮੈਟਾਫ਼ਰਾਂ ਦੀ ਵਰਤੋਂ ਕਰ ਕੇ ਕਹਾਣੀ ਕਹਿਣ ਦੇ ਖ਼ੂਬਸੂਰਤ ਹੁਨਰ ਨਾਲ ਉਹ ਘਰ ਪਰਿਵਾਰ ਅਤੇ ਸਮਾਜ ਵਿੱਚ ਨਾਰੀ ਦੀ ਪਛਾਣ ਅਤੇ ਉਦੇਸ਼ ਨੂੰ ਕਹਾਣੀ ਦੀ ਪ੍ਰਤੀਤੀ ਵਜੋਂ ਸਾਡਾ ਹਾਸਿਲ ਬਣਾ ਦਿੰਦੀ ਹੈ। ਇਰਾਨੀ ਆਰਮੀਨਿਆਈ ਮੂਲ ਦੀ ਇਸ ਲੇਖਿਕਾ ਦੀਆਂ ਇਰਾਨ ਅਤੇ ਫਰਾਂਸ ਵਿੱਚ ਮਕਬੂਲ ਹੋਈਆਂ ਰਚਨਾਵਾਂ ਵਿੱਚੋਂ Things We Left Unsaid , The Space Between Us, Like Every Evening, We will get used to it ਜ਼ਿਕਰਯੋਗ ਹਨ।
ਹਥਲੀ ਕਹਾਣੀ ਦਾ ਹਿੰਦੀ ਵਿੱਚ ਅਨੁਵਾਦ ਸ੍ਰੀ ਯਾਦਵੇਂਦਰ ਨੇ ਕੀਤਾ ਹੈ ਅਤੇ ਡਾ. ਧਨਵੰਤ ਕੌਰ (ਸੰਪਰਕ: 94172-43245) ਨੇ ਇਸ ਨੂੰ ਪੰਜਾਬੀ ਰੂਪ ਦਿੱਤਾ ਹੈ।
ਕੋਈ ਦਿਨ ਅਜਿਹਾ ਨਹੀਂ ਬੀਤਦਾ ਜਿਸ ਦਿਨ ਮੈਂ ਆਪਣੇ ਆਪ ਨਾਲ ਇਹ ਵਾਅਦਾ ਨਹੀਂ ਕਰਦੀ ਕਿ ਅੱਜ ਮੈਂ ਇੱਕ ਕਹਾਣੀ ਜ਼ਰੂਰ ਲਿਖਾਂਗੀ... ਪਰ ਰਾਤ ਹੁੰਦੇ ਹੁੰਦੇ ਅਤੇ ਭਾਂਡੇ ਰਸੋਈ ਸਾਫ਼ ਕਰਦੇ ਕਰਦੇ ਮੈਂ ਊਂਘਣ ਲੱਗ ਪੈਂਦੀ ਹਾਂ ਅਤੇ ਆਪਣੇ ਆਪ ਨੂੰ ਸਮਝਾਉਣ ਲੱਗਦੀ ਹਾਂ ਕਿ ਕੋਈ ਗੱਲ ਨਹੀਂ, ਅੱਜ ਨਹੀਂ ਕੱਲ੍ਹ ... ਕੱਲ੍ਹ ਮੈਂ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਕਰਾਂਗੀ ਅਤੇ ਇੱਕ ਕਹਾਣੀ ਜ਼ਰੂਰ ਲਿਖਾਂਗੀ।
ਅੱਜ ਮੈਂ ਰਸੋਈ ਦਾ ਕੰਮ ਮੁਕਾ ਲਿਆ ਹੈ, ਭਾਂਡੇ ਸਾਫ਼ ਕਰ ਲਏ ਨੇ ਅਤੇ ਆ ਕੇ ਟੀਵੀ ਦੇ ਸਾਹਮਣੇ ਬੈਠ ਗਈ ਹਾਂ - ਆਪਣੇ ਆਪ ਨੂੰ ਸਮਝਾਉਂਦੀ ਹਾਂ: ਹੁਣੇ ਇੱਕ ਕੰਮ ਕਰਦੀ ਹਾਂ, ਜਿਹੜੀ ਕਹਾਣੀ ਮੇਰੇ ਮਨ ਵਿੱਚ ਹੈ ਇੱਕ ਕਾਗਜ਼ ਲੈ ਕੇ ਉਸ ’ਤੇ ਉਸ ਨੂੰ ਸੰਖੇਪ ਵਿੱਚ ਲਿਖ ਲੈਂਦੀ ਹਾਂ - ਬਸ ਕੁਝ ਵਾਕ - ਜ਼ਿਆਦਾ ਨਹੀਂ। ਅਤੇ ਇੰਜ ਕਰਦੀ ਹਾਂ ਕਿ ਇਹ ਕਾਗਜ਼ ਰਸੋਈ ਵਿੱਚ ਲੱਗੇ ਸ਼ੀਸ਼ੇ ’ਤੇ ਚਿਪਕਾ ਦਿੰਦੀ ਹਾਂ। ਕੱਲ੍ਹ ਰਸੋਈ ਵਿੱਚ ਕੰਮ ਨਿਪਟਾਉਂਦਿਆਂ ਮੇਰੀ ਨਿਗ੍ਹਾ ਉਸ ਉੱਪਰ ਜਾਣੀ ਹੀ ਜਾਣੀ ਹੈ। ਇਸ ਤਰ੍ਹਾਂ ਕਾਗਜ਼ ਦਾ ਇਹ ਛੋਟਾ ਜਿਹਾ ਟੁਕੜਾ ਮੈਨੂੰ ਯਾਦ ਕਰਾ ਦੇਵੇਗਾ ਕਿ ਮੈਂ ਕਹਾਣੀ ਲਿਖਣੀ ਹੈ। ਅਗਲੇ ਦਿਨ ਇੰਜ ਕਰਾਂਗੀ ਕਿ ਖਾਣਾ ਬਣਾਉਣ ਤੋਂ ਬਾਅਦ ਜਦੋਂ ਬੱਚੇ ਸਕੂਲ ਤੋਂ ਆ ਜਾਣਗੇ ਅਤੇ ਮੇਰੇ ਪਤੀ ਦੇਵ ਵੀ, ਤਾਂ ਮੇਰੇ ਕੋਲ ਕਹਾਣੀ ਲਿਖਣ ਲਈ ਵਕਤ ਹੋਵੇਗਾ, ਮੈਂ ਉਦੋਂ ਲਿਖ ਲਵਾਂਗੀ ਕਹਾਣੀ। ਮੈਂ ਲੰਚ ਲਈ ਛੇਤੀ ਛੇਤੀ ਦਮੇ ਗੋਜੇਫਰੰਗੀ (ਚੌਲਾਂ ਅਤੇ ਟਮਾਟਰਾਂ ਨਾਲ ਬਣਾਇਆ ਜਾਣ ਵਾਲਾ ਇੱਕ ਪਕਵਾਨ) ਬਣਾ ਲਵਾਂਗੀ... ਇਸ ਨੂੰ ਬਣਾਉਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਫੇਰ ਮੈਨੂੰ ਆਪਣੇ ਕੰਮ ਲਈ ਆਰਾਮ ਨਾਲ ਵਕਤ ਮਿਲ ਜਾਵੇਗਾ। ਬੱਚਿਆਂ ਨੂੰ ਤਾਂ ਇਹ ਬਹੁਤ ਪਸੰਦ ਹੈ, ਪਰ ਮੇਰੇ ਪਤੀ ਦੇਵ ਨੂੰ - ਮੈਂ ਹੁਣ ਵੀ ਕਲਪਨਾ ਕਰ ਸਕਦੀ ਹਾਂ ਕਿ ਉਨ੍ਹਾਂ ਦੇ ਚਿਹਰੇ ’ਤੇ ਕਿਹੋ ਕਿਹੋ ਜਿਹੇ ਰੰਗ ਆਉਣਗੇ... ਉਹ ਮੂੰਹ ਲਟਕਾਈ ਬਿਨਾਂ ਕੋਈ ਸ਼ਬਦ ਬੋਲੇ ਕਿਸੇ ਤਰ੍ਹਾਂ ਖਾਣਾ ਮੁਕਾਉਣਗੇ ਅਤੇ ਝਟਪਟ ਮੇਜ਼ ਤੋਂ ਉੱਠ ਜਾਣਗੇ। ਮੈਨੂੰ ਪਤਾ ਹੈ ਕਿ ਉਨ੍ਹਾਂ ਨੂੰ ਦਮੇ ਗੋਜੇਫਰੰਗੀ ਪਸੰਦ ਨਹੀਂ, ਪਰ ਫਿਰ ਵੀ ਉਨ੍ਹਾਂ ਦੀ ਇੱਕ ਚੰਗੀ ਆਦਤ ਇਹ ਹੈ ਕਿ ਉਹ ਖਾਣੇ ਨੂੰ ਲੈ ਕੇ ਕੋਈ ਟੰਟਾ ਖੜ੍ਹਾ ਨਹੀਂ ਕਰਦੇ।
ਹਾਂ, ਮੈਂ ਇੰਜ ਕਰਾਂਗੀ ਕਿ ਅਗਲੇ ਦਿਨ ਉਨ੍ਹਾਂ ਦੀ ਪਸੰਦ ਦਾ ਪਕਵਾਨ ਬਣਾ ਦਿਆਂਗੀ... ਅਗਲੇ ਦਿਨ ਬਾਜ਼ਾਰ ਜਾਵਾਂਗੀ ਅਤੇ ਹਰੀਆਂ ਸਬਜ਼ੀਆਂ ਤੇ ਮਸਾਲੇ ਖਰੀਦ ਲਿਆਵਾਂਗੀ। ਉਨ੍ਹਾਂ ਲਈ ਘੋਰਮੇਹ ਬਣਾ ਦਿਆਂਗੀ, ਉਨ੍ਹਾਂ ਨੂੰ ਬਹੁਤ ਪਸੰਦ ਹੈ। ਅਗਲੇ ਦਿਨ ਮੇਰਾ ਕੋਈ ਰੁਝੇਵਾਂ ਵੀ ਨਹੀਂ ਹੋਵੇਗਾ, ਕੋਈ ਕਹਾਣੀ ਵੀ ਨਹੀਂ ਲਿਖਣੀ ਹੋਵੇਗੀ - ਮੇਰੇ ਕੋਲ ਕਾਫ਼ੀ ਵਕਤ ਹੋਵੇਗਾ, ਮੈਂ ਰੂਹ ਨਾਲ ਬਣਾਵਾਂਗੀ। ਉਂਜ, ਮੈਂ ਆਪਣੇ ਪੰਸਾਰੀ ’ਤੇ ਬਹੁਤ ਚੀਖ਼ਦੀ ਹਾਂ, ਅਕਸਰ ਬੜਾ ਮਾੜਾ ਸਾਮਾਨ ਦਿੰਦਾ ਹੈ, ਸਾਫ਼ ਕਰਨ ਵਿੱਚ ਹੀ ਏਨਾ ਵਕਤ ਲੱਗ ਜਾਂਦਾ ਹੈ। ਪਰ ਅਗਲੇ ਦਿਨ ਮੈਂ ਪੰਸਾਰੀ ’ਤੇ ਨਹੀਂ ਚੀਖਾਂਗੀ। ਮੈਂ ਟੱਬ ਵਿੱਚ ਪਹਿਲਾਂ ਪਾਣੀ ਭਰ ਲਵਾਂਗੀ, ਸਾਰੀਆਂ ਚੀਜ਼ਾਂ ਉਸ ਵਿੱਚ ਪਾ ਕੇ ਸਾਫ਼ ਕਰ ਲਵਾਂਗੀ - ਦੋ ਤਿੰਨ ਵਾਰ ਕੀ, ਜਿੰਨਾ ਚਿਰ ਪੂਰੀ ਤਰ੍ਹਾਂ ਸਾਫ਼ ਨਾ ਹੋ ਜਾਵੇ, ਮੈਂ ਇਸੇ ਵਿੱਚ ਲੱਗੀ ਰਹਾਂਗੀ, ਚਾਹੇ ਸੱਤ ਅੱਠ ਵਾਰ ਹੀ ਕਿਉਂ ਨਾ ਕਰਨਾ ਪਵੇ। ਉਸ ਤੋਂ ਬਾਅਦ ਵੀ ਮੈਂ ਐਨਕ ਲਾ ਕੇ ਵੇਖ ਲਵਾਂਗੀ ਕਿਤੇ ਕੋਈ ਰੋੜ ਤਾਂ ਨਹੀਂ। ਉਸ ਤੋਂ ਬਾਅਦ ਮੈਂ ਕਰੀਨੇ ਨਾਲ ਸਾਰੀਆਂ ਸਬਜ਼ੀਆਂ ਕੱਟਾਂਗੀ।
ਸਬਜ਼ੀਆਂ ਤੇ ਮਸਾਲੇ ਕੱਟਦਿਆਂ ਮੈਂ ਇਸ ਵਾਰ ਚੌਕੰਨੀ ਰਹਾਂਗੀ ਕਿ ਮੇਰੀਆਂ ਉਂਗਲੀਆਂ ਨਾ ਕੱਟੀਆਂ ਜਾਣ... ਅਕਸਰ ਮੈਂ ਆਪਣੀਆਂ ਉਂਗਲੀਆਂ ਕੱਟ ਲੈਂਦੀ ਹਾਂ। ਖ਼ੂਨ ਵਗਦਾ ਵੇਖ ਮੇਰੇ ਪਤੀ ਦੇਵ ਹੱਸਦੇ ਹੁੰਦੇ ਹਨ: ਪੰਦਰਾਂ ਸਾਲਾਂ ਤੋਂ ਇਹ ਸਾਰਾ ਕੁਝ ਕਰ ਰਹੀ ਏਂ ਪਰ ਅਜੇ ਵੀ ਤੈਨੂੰ ਸ਼ਊਰ ਨਹੀਂ ਆਇਆ, ਜਦੋਂ ਵੇਖੋ ਉਂਗਲੀਆਂ ਕਟਾਈ ਬੈਠੀ ਹੁੰਦੀ ਐਂ। ਮੈਨੂੰ ਪਤਾ ਹੈ ਕਿ ਉਹ ਮੈਨੂੰ ਡਾਂਟ ਨਹੀਂ ਰਹੇ, ਮਜ਼ਾਕ ਕਰ ਰਹੇ ਹੁੰਦੇ ਹਨ। ਮੇਰੀ ਮਾਂ ਕਹਿੰਦੀ ਐ ਘੋਰਮੇਹ ਲਈ ਮਸਾਲਾ ਅਤੇ ਸਬਜ਼ੀਆਂ ਬਹੁਤ ਬਾਰੀਕ ਬਾਰੀਕ ਕੱਟਣੀਆਂ ਚਾਹੀਦੀਆਂ ਨੇ। ਮਾਂ ਸਭ ਕੰਮਾਂ ਵਿੱਚ ਬਹੁਤ ਮਾਹਿਰ ਹੈ। ਉਸ ਨੂੰ ਇਹ ਕੰਮ ਕਰਨ ਵਿੱਚ ਬੜੀ ਮੁਹਾਰਤ ਹਾਸਲ ਹੈ ਅਤੇ ਉਸ ਦੀਆਂ ਉਂਗਲੀਆਂ ਵੀ ਨਹੀਂ ਕੱਟਦੀਆਂ। ਮਸਾਲੇ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਤੋਂ ਬਾਅਦ ਉਹ ਚੰਗੀ ਤਰ੍ਹਾਂ ਭੁੰਨਦੀ ਹੈ, ਇਹ ਵੀ ਇੱਕ ਵੱਖਰੀ ਕਲਾ ਹੈ। ਪੰਦਰਾਂ ਸਾਲਾਂ ਦੇ ਤਜਰਬੇ ਤੋਂ ਮੈਂ ਘੱਟੋ ਘੱਟ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਣਾ ਤਾਂ ਸਿੱਖ ਲਿਆ ਹੈ - ਸੇਕ ਹਲਕਾ ਰੱਖਣਾ ਚਾਹੀਦਾ ਹੈ, ਵਾਰ ਵਾਰ ਉਸ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਪੱਕ ਵੀ ਜਾਵੇ ਅਤੇ ਥੱਲੇ ਲੱਗਾ ਰਹਿ ਕੇ ਸੜ ਵੀ ਨਾ ਜਾਵੇ।
ਮੈਨੂੰ ਧਿਆਨ ਰੱਖਣਾ ਪਵੇਗਾ ਕਿ ਲਾਲ ਲੋਬੀਆ ਰਾਤ ਨੂੰ ਹੀ ਭਿਉਂ ਦੇਵਾਂ ਤਾਂ ਕਿ ਖਾਣਾ ਬਣਾਉਣ ਲੱਗਿਆਂ ਉਹ ਤਿਆਰ ਮਿਲੇ। ਪਿਛਲੀ ਵਾਰ ਮੇਰੇ ਕੋਲੋਂ ਇਹੀ ਗ਼ਲਤੀ ਹੋਈ ਸੀ - ਗੋਸ਼ਤ ਤਾਂ ਚੰਗੀ ਤਰ੍ਹਾਂ ਪੱਕ ਗਿਆ ਸੀ ਪਰ ਲੋਬੀਆ ਅੱਧ ਪੱਕਿਆ ਰਹਿ ਗਿਆ ਸੀ। ਮੇਰੇ ਪਤੀ ਦੇਵ ਨੇ ਕਿਹਾ ਤਾਂ ਕੁਝ ਨਹੀਂ ਸੀ, ਪਰ ਮੇਜ਼ ਸਾਫ਼ ਕਰਦਿਆਂ ਮੈਂ ਵੇਖਿਆ ਸੀ ਕਿ ਉਨ੍ਹਾਂ ਨੇ ਲੋਬੀਆ ਪਾਸੇ ਕਰ ਕੇ ਆਪਣੀ ਪਲੇਟ ਵਿੱਚ ਛੱਡੇ ਹੋਏ ਸਨ। ਰਾਤ ਨੂੰ ਮੇਰੀ ਬੇਟੀ ਨੇ ਵੀ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ - ਉਸ ਦੀ ਗੱਲ ਸੁਣ ਕੇ ਮੇਰੇ ਪਤੀ ਦੇਵ ਨੇ ਆਪਣੇ ਚਿਹਰੇ ਅੱਗਿਓਂ ਅਖ਼ਬਾਰ ਥੋੜ੍ਹਾ ਥੱਲੇ ਕਰਦਿਆਂ ਮੇਰੇ ਵੱਲ ਵੇਖਿਆ ਸੀ - ਹਲਕਾ ਜਿਹਾ ਮੁਸਕਰਾਏ ਸਨ ਅਤੇ ਰਸੋਈ ਵੱਲ ਇਸ਼ਾਰਾ ਵੀ ਕੀਤਾ ਸੀ। ਇਹ ਵੱਖਰੀ ਗੱਲ ਹੈ ਕਿ ਮੇਰੇ ਪਤੀ ਦੇਵ ਨੂੰ ਵੀ ਬਹੁਤ ਸਾਰੇ ਮਰਦਾਂ ਵਾਂਗ ਇਹ ਇਲਮ ਨਹੀਂ ਕਿ ਪੰਦਰਾਂ ਸਾਲ ਦੀ ਕੋਈ ਕੁੜੀ ਸਿਰਫ਼ ਖਾਣੇ ਦੀ ਗੜਬੜੀ ਕਰਕੇ ਹੀ ਨਹੀਂ, ਕਿਸੇ ਹੋਰ ਕਾਰਨ ਕਰਕੇ ਵੀ ਪੇਟ ਦਰਦ ਦੀ ਸ਼ਿਕਾਇਤ ਕਰ ਸਕਦੀ ਹੈ... ਇਸ ਉਮਰ ਵਿੱਚ ਇਹ ਬਹੁਤ ਆਮ ਅਤੇ ਅਕਸਰ ਹੋਣ ਵਾਲੀ ਗੱਲ ਹੁੰਦੀ ਹੈ।
ਮੇਰੇ ਮਨ ਵਿੱਚ ਆਏ ਵਿਚਾਰਾਂ ਨੇ ਮੈਨੂੰ ਸਮਝਾ ਦਿੱਤਾ ਹੈ ਕਿ ਜੇ ਸਭ ਕਾਸੇ ਦੀ ਤਿਆਰੀ ਪਹਿਲਾਂ ਹੀ ਰਹੇਗੀ ਤਾਂ ਮੈਨੂੰ ਖਾਣਾ ਬਣਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ... ਅਤੇ ਆਪਣਾ ਕੰਮ ਛੇਤੀ ਛੇਤੀ ਨਿਪਟਾ ਕੇ ਮੈਂ ਆਪਣੀ ਕਹਾਣੀ ’ਤੇ ਕੰਮ ਕਰਾਂਗੀ। ਮੈਂ ਇਹ ਵੀ ਤੈਅ ਕਰ ਲਿਆ ਹੈ ਕਿ ਜਿਹੜੀ ਕਹਾਣੀ ਮੈਂ ਲਿਖਾਂਗੀ, ਉਹ ਬੱਚਿਆਂ ਲਈ ਹੋਵੇਗੀ- ਇੱਕ ਖ਼ਰਗੋਸ਼ ਸ਼ਿਕਾਰੀ ਦੀ ਪਕੜ ਤੋਂ ਦੂਰ ਭੱਜਦਾ ਭੱਜਦਾ ਉਸ ਦੇ ਹੀ ਪੁੱਟੇ ਟੋਏ ਵਿੱਚ ਡਿੱਗ ਪੈਂਦਾ ਹੈ। ਟੋਆ ਬਹੁਤ ਡੂੰਘਾ ਹੈ ਅਤੇ ਖ਼ਰਗੋਸ਼ ਲਈ ਉਸ ਵਿੱਚੋਂ ਬਾਹਰ ਨਿਕਲਣਾ ਸੰਭਵ ਨਹੀਂ। ਖ਼ਰਗੋਸ਼ ਦੇ ਦੋਸਤਾਂ ਨੂੰ ਜਦੋਂ ਪਤਾ ਲੱਗਾ ਤਾਂ ਉਹ ਸਾਰੇ ਇਕੱਠੇ ਹੋ ਗਏ, ਪਰ ਉਨ੍ਹਾਂ ਨੂੰ ਅਜਿਹੀ ਕੋਈ ਤਰਕੀਬ ਨਾ ਸੁੱਝੀ, ਜਿਸ ਨਾਲ ਉਹ ਉਸ ਨੂੰ ਬਾਹਰ ਕੱਢ ਸਕਣ। ਉਨ੍ਹਾਂ ਵਿੱਚੋਂ ਕੋਈ ਗਿਆ ਤੇ ਟੋਏ ਵਿੱਚ ਡਿੱਗੇ ਖ਼ਰਗੋਸ਼ ਲਈ ਪਾਣੀ ਲੈ ਆਇਆ, ਕੋਈ ਹੋਰ ਖਾਣ ਲਈ ਕੁਝ ਲੈ ਆਇਆ ਤਾਂ ਕਿ ਉਹ ਭੁੱਖ ਨਾਲ ਨਾ ਮਰ ਜਾਵੇ। ਉਹ ਉਸ ਦੇ ਨੇੜੇ ਤੇੜੇ ਇਕੱਠੇ ਹੋਏ ਰਹਿੰਦੇ, ਉਸ ਨਾਲ ਗੱਲਾਂ ਕਰਦੇ ਰਹਿੰਦੇ ਤਾਂ ਕਿ ਉਸ ਦੇ ਮਨ ’ਤੇ ਡਰ ਜਾਂ ਮੌਤ ਦਾ ਸ਼ੰਕਾ ਹਾਵੀ ਨਾ ਹੋ ਜਾਵੇ। ਉਸ ਦਾ ਮਨ ਲੱਗਿਆ ਰਹੇ।
ਇੱਕ ਦਿਨ ਲੰਘਿਆ, ਦੋ ਦਿਨ ਲੰਘੇ। ਲੇਕਿਨ ਖ਼ਰਗੋਸ਼ ਦਾ ਉੱਥੋਂ ਨਿਕਲਣਾ ਸੰਭਵ ਨਾ ਹੋ ਸਕਿਆ। ਇੰਜ ਹੌਲੀ ਹੌਲੀ ਦਿਨ ਬੀਤਦੇ ਗਏ ਅਤੇ ਖੱਡੇ ਵਿੱਚ ਡਿੱਗਿਆ ਖ਼ਰਗੋਸ਼ ਆਰਾਮ ਨਾਲ ਆਪਣਾ ਸਮਾਂ ਲੰਘਾਉਂਦਾ ਰਿਹਾ। ਉਸ ਦੇ ਦੋਸਤ ਉਸ ਨੂੰ ਖਾਣ ਲਈ ਕੁਝ ਨਾ ਕੁਝ ਲਿਆ ਦਿੰਦੇ ਅਤੇ ਉਹ ਮੁਲਾਇਮ ਮਿੱਟੀ ਦੇ ਬਿਸਤਰ ’ਤੇ ਆਰਾਮ ਨਾਲ ਸੌਂ ਜਾਂਦਾ। ਪਰ ਏਨੇ ਸੁਖ ਆਰਾਮ ਅਤੇ ਸੁਰੱਖਿਆ ਦੇ ਬਾਵਜੂਦ ਖ਼ਰਗੋਸ਼ ਨੂੰ ਚੈਨ ਨਹੀਂ ਸੀ - ਉਹ ਖੱਡੇ ਵਿੱਚੋਂ ਬਾਹਰ ਨਿਕਲਣ ਲਈ ਤੜਪ ਰਿਹਾ ਸੀ। ਖੱਡੇ ਵਿੱਚ ਬੈਠੇ ਖ਼ਰਗੋਸ਼ ਨੂੰ ਆਸਮਾਨ ਦਾ ਇੱਕ ਛੋਟਾ ਜਿਹਾ ਟੁਕੜਾ ਵਿਖਾਈ ਦਿੰਦਾ, ਜੋ ਕਦੇ ਸਫ਼ੈਦ ਹੋ ਜਾਂਦਾ ਕਦੇ ਨੀਲਾ, ਕਦੇ ਕਦੇ ਕਾਲੇ ਬੱਦਲਾਂ ਨਾਲ ਘਿਰ ਵੀ ਜਾਂਦਾ... ਦਿਨ ਭਰ ਉਸ ਨੂੰ ਆਸਮਾਨ ਵਿੱਚ ਉੱਡਦੇ ਪੰਛੀ ਵਿਖਾਈ ਦਿੰਦੇ ਅਤੇ ਰਾਤ ਨੂੰ ਪੰਛੀਆਂ ਦੀ ਥਾਂ ਤਾਰੇ ਲੈ ਲੈਂਦੇ।
ਮੈਨੂੰ ਤਾਂ ਅਜੇ ਇਹ ਵੀ ਨਹੀਂ ਪਤਾ ਕਿ ਉਸ ਵਿਚਾਰੇ ਖ਼ਰਗੋਸ਼ ਨੂੰ ਟੋਏ ਵਿੱਚੋਂ ਬਾਹਰ ਕਿਵੇਂ ਕੱਢਿਆ ਜਾਵੇ? ਇਸ ਬਾਬਤ ਕਿਹੋ ਕਿਹੋ ਜਿਹੀਆਂ ਤਰਕੀਬਾਂ ਭਿੜਾਈਆਂ ਜਾ ਸਕਦੀਆਂ ਨੇ? ਮੈਂ ਕੱਲ੍ਹ ਸੋਚਾਂਗੀ। ਹੁਣ ਤੱਕ ਜਿੰਨੀ ਕੁ ਕਹਾਣੀ ਮਨ ਵਿੱਚ ਹੈ, ਘੱਟੋ ਘੱਟ ਮੈਂ ਉਸ ਨੂੰ ਕਾਗਜ਼ ’ਤੇ ਲਿਖ ਲਵਾਂ। ਬਾਅਦ ਵਿੱਚ ਇੰਜ ਨਾ ਹੋਵੇ ਕਿ ਕੁਝ ਚੀਜ਼ਾਂ ਐਨ ਮੌਕੇ ’ਤੇ ਦਿਮਾਗ਼ ਵਿੱਚੋਂ ਨਿਕਲ ਜਾਣ। ਇਸ ਵੇਲੇ ਤਾਂ ਮੈਨੂੰ ਉਬਾਸੀਆਂ ’ਤੇ ਉਬਾਸੀਆਂ ਆ ਰਹੀਆਂ ਨੇ, ਬਹੁਤ ਥੱਕ ਗਈ ਹਾਂ - ਮੈਂ ਆਪਣਾ ਕੰਮ ਛੇਤੀ ਛੇਤੀ ਮੁਕਾਵਾਂ ਚੱਲ ਕੇ, ਤਾਂ ਹੀ ਕੱਲ੍ਹ ਸਵੇਰੇ ਜਦੋਂ ਉੱਠਾਂਗੀ ਤਾਂ ਦਿਮਾਗ਼ ਤਰੋਤਾਜ਼ਾ ਤੇ ਸਾਫ਼ ਹੋਵੇਗਾ। ਕੱਲ੍ਹ ਤਾਂ ਮੈਂ ਕਿਸੇ ਵੀ ਹਾਲ ਵਿੱਚ ਖ਼ਰਗੋਸ਼ ਨੂੰ ਇਸ ਟੋਏ ਵਿੱਚੋਂ ਕੱਢਣਾ ਹੀ ਹੈ।
ਇਸ ਵੇਲੇ ਤਾਂ ਮੈਨੂੰ ਅੰਤਾਂ ਦੀ ਪਿਆਸ ਲੱਗੀ ਹੈ, ਮੈਂ ਰਸੋਈ ਵਿੱਚ ਜਾ ਕੇ ਫਰਿਜ ਖੋਲ੍ਹਦੀ ਹਾਂ ਅਤੇ ਠੰਢੇ ਪਾਣੀ ਦੀ ਬੋਤਲ ਕੱਢਦੀ ਹਾਂ। ਇੰਜ ਕਰਦਿਆਂ ਮੇਰੀ ਨਜ਼ਰ ਸਬਜ਼ੀਆਂ ਤੇ ਫਲਾਂ ਵਾਲੇ ਡੱਬੇ ’ਤੇ ਪੈਂਦੀ ਹੈ, ਇਸ ਵਿੱਚ ਸਿਰਫ਼ ਦੋ ਹੀ ਟਮਾਟਰ ਵਿਖਾਈ ਦੇ ਰਹੇ ਹਨ - ਕੱਲ੍ਹ ਦੇ ਖਾਣੇ ਲਈ ਸਿਰਫ਼ ਦੋ ਟਮਾਟਰ, ਇਨ੍ਹਾਂ ਨਾਲ ਤਾਂ ਕੁਝ ਨਹੀਂ ਹੋਣਾ - ਇਹ ਤਾਂ ਬਹੁਤ ਥੋੜ੍ਹੇ ਨੇ। ਕੱਲ੍ਹ ਮੈਨੂੰ ਖਾਣੇ ਤੋਂ ਪਹਿਲਾਂ ਹੋਰ ਟਮਾਟਰ ਖਰੀਦਣੇ ਹੀ ਪੈਣੇ ਨੇ - ਇਸੇ ਉਧੇੜਬੁਣ ਵਿੱਚ ਮੈਂ ਪਾਣੀ ਪੀਂਦੀ ਹਾਂ, ਬਹੁਤ ਤੇਜ਼ ਨੀਂਦ ਆ ਰਹੀ ਹੈ। ਪਾਣੀ ਦਾ ਗਿਲਾਸ ਮੈਂ ਸਿੰਕ ਵਿੱਚ ਰੱਖਦੀ ਹਾਂ, ਬੱਤੀ ਬੁਝਾਉਂਦੀ ਹਾਂ ਅਤੇ ਰਸੋਈ ਵਿੱਚੋਂ ਬਾਹਰ ਨਿਕਲ ਆਉਂਦੀ ਹਾਂ। ਆਪਣੀ ਕਹਾਣੀ ਬਾਰੇ ਮੈਂ ਕੁਝ ਲਿਖ ਕੇ ਰੱਖਣਾ ਸੀ, ਪਰ ਕੀ ਲਿਖਣਾ ਸੀ? ਫਰਿੱਜ ਵਿੱਚ ਦੋ ਟਮਾਟਰ ਵੇਖ ਕੇ ਧਿਆਨ ਵਿੱਚੋਂ ਇਹ ਉਤਰ ਹੀ ਗਿਆ ਕਿ ਕੀ ਲਿਖਣਾ ਸੀ। ਮੈਂ ਡਾਇਰੀ, ਜਿਸ ਵਿੱਚ ਮੈਂ ਆਪਣੇ ਹਰ ਰੋਜ਼ ਦੇ ਖਰਚਿਆਂ ਦਾ ਹਿਸਾਬ ਕਿਤਾਬ ਲਿਖਦੀ ਹਾਂ, ਵਿੱਚੋਂ ਇੱਕ ਪੰਨਾ ਪਾੜਦੀ ਹਾਂ... ਅਤੇ ਉਸ ਉੱਤੇ ਲਿਖਦੀ ਹਾਂ - ਟਮਾਟਰ। ਹੁਣ ਮੈਨੂੰ ਇਹ ਕਾਗਜ਼ ਰਸੋਈ ਵਿਚਲੇ ਸਿੰਕ ਉੱਪਰ ਲੱਗੇ ਸ਼ੀਸ਼ੇ ’ਤੇ ਚਿਪਕਾਉਣਾ ਹੀ ਪਵੇਗਾ ਤਾਂ ਕਿ ਕੱਲ੍ਹ ਸਵੇਰੇ ਜਦੋਂ ਮੈਂ ਰਸੋਈ ਵਿੱਚ ਜਾਵਾਂ ਤਾਂ ਸਭ ਤੋਂ ਪਹਿਲਾਂ ਮੈਨੂੰ ਇਹੀ ਲਿਖਿਆ ਵਿਖਾਈ ਦੇਵੇ - ਟਮਾਟਰ ਮੈਨੂੰ ਯਾਦ ਰੱਖਣੇ ਹੀ ਪੈਣਗੇ।