ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਏ ਸੁਪਨਿਆਂ ਦੀ ਦਾਸਤਾਨ

10:24 AM Sep 03, 2023 IST

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

Advertisement

ਕਥਾ ਪ੍ਰਵਾਹ

ਮੈਂ ਆਪਣੇ ਨਾਲ ਦੇ ਪਿੰਡ ਦੇ ਇੱਕ ਬਜ਼ੁਰਗ ਨੂੰ ਅਕਸਰ ਹੀ ਉਸ ਦੇ ਪਿੰਡ ਤੋਂ ਬਾਹਰਵਾਰ ਪੈਂਦੇ ਬੱਸ ਅੱਡੇ ’ਤੇ ਆ ਕੇ ਮਨ ਭਰਦਿਆਂ ਵੇਖਦਾ ਪਰ ਅੱਜ ਮੈਂ ਉਸ ਨੂੰ ਇਸ ਦਾ ਕਾਰਨ ਪੁੱਛਣ ਲਈ ਰੁਕ ਹੀ ਗਿਆ ਤੇ ਉਸ ਬਜ਼ੁਰਗ ਦੇ ਕੋਲ ਬਹਿੰਦਿਆਂ ਕਿਹਾ, ‘‘ਅੰਕਲ ਜੀ, ਤੁਹਾਡੀਆਂ ਅੱਖੀਆਂ ਵਿੱਚੋਂ ਰੁਕ-ਰੁਕ ਕੇ ਵਹਿੰਦੇ ਇਨ੍ਹਾਂ ਹੰਝੂਆਂ ਦੀ ਸਾਰੀ ਦਾਸਤਾਨ ਤਾਂ ਮੈਂ ਨਹੀਂ ਜਾਣਦਾ ਪਰ ਏਨਾ ਜ਼ਰੂਰ ਸਮਝਦਾ ਹਾਂ ਕਿ ਤੁਹਾਡੇ ਇਹ ਹੰਝੂ ਕਿਸੇ ਦੇ ਦੁਨੀਆਂ ਤੋਂ ਤੁਰ ਜਾਣ ’ਤੇ ਨਹੀਂ ਵਹਿ ਰਹੇ ਬਲਕਿ ਇਹ ਹੰਝੂ ਤੁਹਾਡੇ ਆਪਣਿਆਂ ਵੱਲੋਂ ਆਪਣੇ ਫ਼ਰਜ਼ ਨਾ ਨਿਭਾਅ ਕੇ ਤੁਹਾਡੀ ਜ਼ਿੰਦਗੀ ਭਰ ਦੇ ਕੀਤੇ ਅਣਥੱਕ ਸੰਘਰਸ਼ ਨੂੰ ਅੱਖੋਂ ਪਰੋਖੇ ਕੀਤੇ ਜਾਣ ’ਤੇ ਵਹਿ ਰਹੇ ਨੇ।’’
‘‘ਸੱਚਮੁੱਚ ਪੁੱਤਰ! ਕਈ ਵਾਰੀ ਇਨਸਾਨ ਨੂੰ ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਆ ਕੇ ਆਪਣੀ ਜਾਨ ਤੋਂ ਵੱਧ ਪਿਆਰੇ ਐਸਾ ਸਬਕ ਸਿਖਾ ਜਾਂਦੇ ਨੇ ਜਿਸ ਸਬਕ ਨੂੰ ਪੜ੍ਹਦਿਆਂ ਇਨਸਾਨ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰੀ ਹੋਈ ਮਹਿਸੂਸ ਕਰਦਾ ਹੈ।
ਪੁੱਤਰ, ਮੈਂ ਇੱਕ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਇਆ ਸਾਂ। ਮੇਰੇ ਪਿਤਾ ਜੀ ਨੇ ਹੱਡ ਭੰਨਵੀਂ ਮਿਹਨਤ ਕਰਕੇ ਮੈਨੂੰ ਪੜ੍ਹਾਇਆ-ਲਿਖਾਇਆ ਤੇ ਸਰਕਾਰੀ ਨੌਕਰੀ ’ਤੇ ਲਗਵਾਇਆ ਸੀ। ਮੈਂ ਆਪਣੇ ਪਿਤਾ ਦੀ ਕੀਤੀ ਉਸ ਮਿਹਨਤ ਦਾ ਮੁੱਲ ਤਾਰਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਤੇ ਸੌ ਤੋਂ ਸਵਾ ਸੌ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮੇਰੇ ਪਿਤਾ ਜੀ ਮੇਰੇ ਤੋਂ ਪੂਰੇ ਸੰਤੁਸ਼ਟ ਸਨ। ਇਸ ਗੱਲ ਦਾ ਖੁਲਾਸਾ ਮੇਰੇ ਪਿਤਾ ਜੀ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਨੇੜੇ ਬੈਠੇ ਸਾਕ-ਸਬੰਧੀਆਂ ਵਿੱਚ ਕਰ ਗਏ ਸਨ। ਮੈਂ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਹੀ ਚਲਦਿਆਂ ਆਪਣੇ ਬੱਚਿਆਂ ਦੀ ਪਰਵਰਿਸ਼ ਆਪਣੀਆਂ ਸਭ ਇੱਛਾਵਾਂ ਮਾਰ ਕੇ ਕੀਤੀ ਤੇ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਉਨ੍ਹਾਂ ਨੂੰ ਵਧੀਆ ਪੜ੍ਹਾਇਆ-ਲਿਖਾਇਆ। ਬਸ ਮਨ ਵਿੱਚ ਇੱਕ ਹੀ ਤਮੰਨਾ ਸੀ ਕਿ ਮੇਰੇ ਬੱਚੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣ, ਆਪਣੀ ਜ਼ਿੰਦਗੀ ਦਾ ਕੀ ਏ ਇਹ ਤਾਂ ਮੈਂ ਇਨ੍ਹਾਂ ਦੀ ਕਾਮਯਾਬੀ ਨੂੰ ਵੇਖ ਕੇ ਹੀ ਮਾਣ ਲਵਾਂਗਾ। ਸਮੇਂ ਦੇ ਨਾਲ ਵੱਡੀਆਂ ਦੋਹਾਂ ਧੀਆਂ ਦੇ ਪੜ੍ਹਾ-ਲਿਖਾ ਕੇ ਤੇ ਚੰਗੇ ਰਿਸ਼ਤੇ ਲੱਭ ਕੇ ਵਿਆਹ ਕਰ ਦਿੱਤੇ। ਉਹ ਆਪਣੇ ਸਹੁਰੇ ਘਰ ਚਲੀਆਂ ਗਈਆਂ। ਕਦੇ-ਕਦਾਈਂ ਜ਼ਿੰਦਗੀ ਦੀ ਮਸਰੂਫ਼ੀਅਤ ’ਚੋਂ ਸਮਾਂ ਕੱਢ ਕੇ ਸਾਡਾ ਹਾਲ-ਚਾਲ ਪੁੱਛ ਜਾਂਦੀਆਂ ਪਰ ਇੱਕ ਦਿਨ ਉਹ ਵੀ ਵਿਦੇਸ਼ ਜਾਣ ਦੀ ਹੋੜ ਵਿੱਚ ਆ ਕੇ ਆਪਣੇ ਪਰਿਵਾਰ ਸਮੇਤ ਵਿਦੇਸ਼ ਚਲੀਆਂ ਗਈਆਂ ਤੇ ਕਦੇ ਕਦਾਈਂ ਆਉਂਦਾ ਹਵਾ ਦਾ ਠੰਢਾ ਬੁੱਲਾ ਵੀ ਆਉਣੋਂ ਬੰਦ ਹੋ ਗਿਆ। ਮੈਂ ਛੋਟੇ ਦੋਵਾਂ ਮੁੰਡਿਆਂ ਨੂੰ ਵੀ ਆਈਲੈਟਸ ਕਰਵਾ ਕੇ ਤੇ ਜ਼ਿੰਦਗੀ ਵਿੱਚ ਜੋੜੀ ਸਾਰੀ ਪੂੰਜੀ ਖ਼ਰਚ ਕੇ ਵਿਦੇਸ਼ ਤੋਰ ਦਿੱਤਾ ਤੇ ਜ਼ਿੰਦਗੀ ਦਾ ਆਖ਼ਰੀ ਪੜਾਅ ਅਸੀਂ ਦੋਵੇਂ ਮੀਆਂ-ਬੀਵੀ ਇੱਕ ਦੂਜੇ ਦਾ ਸਹਾਰਾ ਬਣ ਕੇ ਗੁਜ਼ਾਰਨ ਲੱਗੇ। ਸਮਾਂ ਆਪਣੀ ਚਾਲ ਚਲਦਾ ਗਿਆ। ਬੱਚਿਆਂ ਦੀ ਵਿਦੇਸ਼ ਦੀ ਪੜ੍ਹਾਈ ਪੂਰੀ ਕਰਵਾਉਣ ਵਿੱਚ ਮਿਲਦੀ ਪੈਨਸ਼ਨ ਨਾਲ ਬਣਦਾ ਯੋਗਦਾਨ ਪਾਉਂਦੇ ਰਹੇ। ਬੱਚੇ ਵਿਦੇਸ਼ ਵਿੱਚ ਵਧੀਆ ਸੈੱਟ ਹੋ ਗਏ ਪਰ ਵਾਪਸ ਆਪਣੇ ਵਤਨ ਪੰਜਾਬ ਨਹੀਂ ਪਰਤੇ। ਉਨ੍ਹਾਂ ਉੱਥੇ ਹੀ ਆਪਣੇ ਫੀਲਡ ਮੁਤਾਬਿਕ ਵਿਦੇਸ਼ੀ ਲੜਕੀਆਂ ਨਾਲ ਵਿਆਹ ਵੀ ਕਰਵਾ ਲਏ। ਏਧਰ ਮਾਂ ਦੇ ਪਾਣੀ ਵਾਰਨ ਦੇ ਸੁਪਨੇ ਪੰਜਾਬ ਦੇ ਸੁੱਕ ਰਹੇ ਦਰਿਆਵਾਂ ਵਾਂਗ ਅੰਦਰੇ-ਅੰਦਰ ਹੀ ਭਸਮ ਹੋ ਗਏ। ਹੌਲੀ-ਹੌਲੀ ਅਸੀਂ ਦੋਵੇਂ ਹੀ ਸਰੀਰਕ ਤੌਰ ’ਤੇ ਕਮਜ਼ੋਰ ਹੁੰਦੇ ਗਏ। ਦਵਾ-ਦਾਰੂ ਦਾ ਕੋਈ ਸਹਾਰਾ ਨਾ ਬਣਦਾ ਵੇਖ ਤੇ ਬੱਚਿਆਂ ਦੇ ਵਾਰ-ਵਾਰ ਕਹਿਣ ’ਤੇ ਅਸੀਂ ਬੱਚਿਆਂ ਕੋਲ ਵਿਦੇਸ਼ ਚਲੇ ਗਏ ਜਿੱਥੇ ਦੋਵੇਂ ਭਰਾ ਆਪਣੇ ਪਰਿਵਾਰਾਂ ਸਮੇਤ ਇੱਕ ਹੀ ਘਰ ਵਿੰਚ ਰਹਿੰਦੇ ਸਨ। ਬੱਚਿਆਂ ਵੱਲੋਂ ਬੜਾ ਚਾਅ ਕੀਤਾ ਗਿਆ। ਅਸੀਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਣ ਲੱਗੇ। ਬੱਚੇ ਆਪਣੇ ਕੰਮਾਂ-ਕਾਰਾਂ ’ਤੇ ਚਲੇ ਜਾਂਦੇ। ਅਸੀਂ ਆਪਣੇ ਪੋਤੇ-ਪੋਤੀਆਂ ਨਾਲ ਸਮਾਂ ਗੁਜ਼ਾਰ ਲੈਂਦੇ, ਵਧੀਆ ਦਿਨ ਗੁਜ਼ਰਨ ਲੱਗੇ ਕਿਉਂਕਿ ਪੋਤੇ-ਪੋਤੀਆਂ ਦੀ ਜ਼ਿੰਦਗੀ ਦੇ ਪਹਿਲੇ ਦੋਸਤ ਉਨ੍ਹਾਂ ਦੇ ਦਾਦਾ-ਦਾਦੀ ਤੇ ਦਾਦੇ-ਦਾਦੀ ਦੇ ਜੀਵਨ ਦੇ ਆਖ਼ਰੀ ਦੋਸਤ ਉਨ੍ਹਾਂ ਦੇ ਪੋਤੇ-ਪੋਤੀਆਂ ਹੁੰਦੇ ਨੇ।
ਹਰ ਦੇਸ਼ ਦਾ ਆਪਣਾ ਸੱਭਿਆਚਾਰ ਹੁੰਦਾ ਹੈ, ਰਹਿਣ-ਸਹਿਣ ਦਾ ਤਰੀਕਾ ਹੁੰਦਾ ਹੈ। ਹੋ ਸਕਦਾ ਹੈ ਅਸੀਂ ਆਪਣੀਆਂ ਨੂੰਹਾਂ ਦੇ ਮੁਤਾਬਿਕ ਗ਼ਲਤ ਹੀ ਹੋਈਏ, ਉਨ੍ਹਾਂ ਨੂੰ ਸਾਡਾ ਇਸ ਤਰ੍ਹਾਂ ਓਥੇ ਲਗਾਤਾਰ ਰਹਿਣਾ ਚੰਗਾ ਨਾ ਲੱਗ ਰਿਹਾ ਹੋਵੇ। ਉਨ੍ਹਾਂ ਨੇ ਆਪਣੇ ਪਤੀਆਂ ਨਾਲ ਗੱਲ ਕੀਤੀ ਕਿ ਅਸੀਂ ਹੋਰ ਇਸ ਤਰ੍ਹਾਂ ਇਕੱਠਿਆਂ ਨਹੀਂ ਰਹਿ ਸਕਦੀਆਂ। ਸਾਡੇ ਪੁੱਤਰ ਚੁੱਪ-ਚੁੱਪ ਰਹਿਣ ਲੱਗੇ। ਉਨ੍ਹਾਂ ਦੇ ਚਿਹਰਿਆਂ ਉੱਤੇ ਲਿਖੇ ਬੇਵਸੀ ਦੇ ਸ਼ਬਦ ਮੈਨੂੰ ਪੜ੍ਹਨ ਵਿੱਚ ਜ਼ਿਆਦਾ ਦੇਰ ਨਾ ਲੱਗੀ। ਮੇਰੇ ਪੁੱਛਣ ’ਤੇ ਉਨ੍ਹਾਂ ਮੈਨੂੰ ਸਭ ਸੱਚ ਦੱਸ ਦਿੱਤਾ। ਮੈਂ ਪੁੱਤਰਾਂ ਨੂੰ ਕਿਹਾ ਕਿ ਮੇਰੇ ਬੱਚਿਓ ਸਾਡੇ ਕਰਕੇ ਤੁਹਾਡੇ ਜੀਵਨ ਵਿੱਚ ਕਿਸੇ ਕਿਸਮ ਦਾ ਵਿਘਨ ਨਹੀਂ ਪੈਣਾ ਚਾਹੀਦਾ, ਸਾਡੀ ਖੁਸ਼ੀ ਹਮੇਸ਼ਾਂ ਤੁਹਾਡੀ ਖੁਸ਼ੀ ਵਿੱਚ ਹੀ ਰਹੀ ਹੈ, ਸੋ ਤੁਸੀਂ ਸਾਡੀਆਂ ਪੰਜਾਬ ਦੀਆਂ ਟਿਕਟਾਂ ਕਰਵਾ ਦਿਓ, ਅਸੀਂ ਵਾਪਸ ਪੰਜਾਬ ਚਲੇ ਜਾਵਾਂਗੇ। ਸਾਡੇ ਪੁੱਤਰਾਂ ਨੇ ਨਾ ਚਾਹੁੰਦੇ ਹੋਏ ਵੀ ਦਿਲ ’ਤੇ ਪੱਥਰ ਧਰ ਸਾਡੀਆਂ ਹਫ਼ਤੇ ਬਾਅਦ ਦੀਆਂ ਪੰਜਾਬ ਵਾਪਸੀ ਦੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ। ਬੱਚਿਆਂ ਨੂੰ ਇਹ ਵੀ ਪਤਾ ਸੀ ਕਿ ਹੋ ਸਕਦਾ ਸਾਡੀ ਸਾਡੇ ਮਾਂ-ਪਿਉ ਨਾਲ ਇਹ ਆਖ਼ਰੀ ਮਿਲਣੀ ਹੀ ਹੋਵੇ ਕਿਉਂਕਿ ਉਮਰ ਦੇ ਇਸ ਆਖ਼ਰੀ ਪੜਾਅ ਵਿੱਚ ਦੁਬਾਰਾ ਵਿਦੇਸ਼ ਜਾਣਾ ਮੁਮਕਿਨ ਨਹੀਂ ਸੀ ਤੇ ਉਹ ਵਿਦੇਸ਼ ਤੋਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਆ ਨਹੀਂ ਸਕਣਗੇ। ਅਸੀਂ ਵਾਪਸ ਪੰਜਾਬ ਆਪਣੇ ਘਰ ਆ ਗਏ। ਗਲੀ-ਮੁਹੱਲਾ ਘਰ ਆਇਆ। ਵਧਾਈਆਂ ਦਿੱਤੀਆਂ। ਅਖੇ, ਨੂੰਹਾਂ-ਪੁੱਤਰਾਂ ਨੂੰ ਮਿਲ ਕੇ ਆਏ ਹੋ, ਲੱਗਦਾ ਹੁਣ ਤਾਂ ਤੁਹਾਡੇ ਛੇਤੀ-ਛੇਤੀ ਹੀ ਵਿਦੇਸ਼ ਦੇ ਗੇੜੇ ਲੱਗਿਆ ਕਰਨਗੇ, ਹੁਣ ਤਾਂ ਤੁਸੀਂ ਵੀ ਪਰਦੇਸੀ ਹੀ ਹੋ ਗਏ ਓ ਭਾਈ ਇੱਕ ਹਿਸਾਬ ਨਾਲ। ਕੋਈ ਕੁਝ, ਕੋਈ ਕੁਝ ਬੋਲ ਰਿਹਾ ਸੀ ਪਰ ਸਾਡਾ ਮਨ ਅੰਦਰ ਹੀ ਅੰਦਰ ਬਹੁਤ ਕੁਝ ਹੰਢਾ ਰਿਹਾ ਸੀ। ਸਾਡੇ ਅੰਦਰ ਦੀ ਪੀੜ ਤੇਰੇ ਬਿਨਾਂ ਕੋਈ ਨਾ ਸਮਝ ਸਕਿਆ ਪੁੱਤਰ।
ਧੀਆਂ ਵੀ ਆਪਣੇ-ਆਪਣੇ ਪਰਿਵਾਰਾਂ ਨਾਲ ਵਿਦੇਸ਼ ਵਿੱਚ ਹੀ ਵਧੀਆ ਜ਼ਿੰਦਗੀ ਜੀਅ ਰਹੀਆਂ ਨੇ। ਬਹੁਤ ਜ਼ੋਰ ਲਾਉਂਦੀਆਂ ਨੇ ਕਿ ਇੱਕ ਵਾਰ ਸਾਡੇ ਕੋਲ ਆਓ ਪਾਪਾ ਜੀ, ਪਰ ਸੱਚ ਜਾਣੀਂ ਪੁੱਤਰਾ! ਹੁਣ ਜੀਅ ਜਿਹਾ ਨਹੀਂ ਮੰਨਦਾ। ਨਾਲੇ ਇਹ ਦੁਨਿਆਵੀ ਰਿਸ਼ਤਿਆਂ ਤੋਂ ਮਾਣ ਜਿਹਾ ਵੀ ਟੁੱਟ ਗਿਆ ਏ। ਹੁਣ ਤਾਂ ਇਹੋ ਅਰਦਾਸ ਕਰਦੇ ਆਂ ਕਿ ਹੇ ਪਰਮਾਤਮਾ! ਸਾਡੇ ਦੋਹਾਂ ਜੀਆਂ ਵਿੱਚ ਵਿਛੋੜਾ ਨਾ ਪਾਈਂ, ਲੈ ਭਾਵੇਂ ਹੁਣੇ ਹੀ ਜਾਈਂ ਸਾਨੂੰ ਕਿਉਂਕਿ ਹੁਣ ਇਸ ਮਿੱਟੀ ਨੇ ਕਿਸੇ ਦਾ ਘਰ ਨਹੀਂ ਲਿੱਪਣਾ। ਸਾਡੀਆਂ ਜ਼ਿੰਮੇਵਾਰੀਆਂ ਅਤੇ ਜ਼ਰੂਰਤਾਂ ਮੁੱਕ ਗਈਆਂ ਨੇ। ਇਹ ਸਮਾਜੀ ਰਿਸ਼ਤੇ ਬਸ ਗਰਜ਼ਾਂ ਦੇ ਹੀ ਮੁਥਾਜ ਹੋਇਆ ਕਰਦੇ ਨੇ। ਜਦੋਂ ਗਰਜ਼ਾਂ ਮੁੱਕ ਗਈਆਂ ਤਾਂ ਇਸ ਪਿੰਜਰ ਨੂੰ ਕੀ ਕਿਸੇ ਨੇ ਭੱਠ ਪਾਉਣਾ ਏ? ਬਾਕੀ ਪੁੱਤਰਾ, ਇਸ ਜਗ੍ਹਾ ’ਤੇ ਆ ਕੇ ਮੇਰੀਆਂ ਅੱਖੀਆਂ ਦੇ ਛਲਕਣ ਦਾ ਬਸ ਇੱਕ ਹੀ ਕਾਰਨ ਏ ਕਿ ਇਸ ਜਗ੍ਹਾ ’ਤੇ ਮੈਂ ਆਪਣੇ ਪੁੱਤਰਾਂ ਨੂੰ ਪੜ੍ਹਨ ਲਈ ਸਕੂਲ ਵਾਲੀ ਬੱਸ ਵਿੱਚ ਚੜ੍ਹਾਉਣ ਤੇ ਛੁੱਟੀ ਹੋਣ ਤੋਂ ਬਾਅਦ ਲੈਣ ਲਈ ਆਇਆ ਕਰਦਾ ਸੀ ਤੇ ਇਸੇ ਜਗ੍ਹਾ ਤੋਂ ਹੀ ਮੈਂ ਆਪਣੇ ਪੁੱਤਰਾਂ ਨੂੰ ਵਿਦੇਸ਼ ਜਾਣ ਲਈ ਗੱਡੀ ’ਤੇ ਬਿਠਾਇਆ ਸੀ ਤੇ ਗੱਡੀ ਬਹਿੰਦਿਆਂ ਮੇਰੇ ਪੁੱਤਰਾਂ ਨੇ ਮੈਨੂੰ ਕਿਹਾ ਸੀ, ‘ਬਾਪੂ, ਤੂੰ ਸਾਰੀ ਉਮਰ ਸਾਡੇ ਲਈ ਆਪਣੇ ਸਾਰੇ ਚਾਅ ਵਾਰ ਦਿੱਤੇ। ਹੁਣ ਅਸੀਂ ਤੇਰੀ ਜ਼ਿੰਦਗੀ ਵਿੱਚ ਇੱਕ ਵੀ ਦੁੱਖ ਨਹੀਂ ਆਉਣ ਦੇਵਾਂਗੇ।’ ਇਸ ਜਗ੍ਹਾ ’ਤੇ ਆ ਕੇ ਆਪਣੇ ਪੁੱਤਰਾਂ ਦੇ ਕਹੇ ਹੋਏ ਹਵਾ ਵਿੱਚ ਗੂੰਜਦੇ ਸ਼ਬਦ ਮਹਿਸੂਸ ਕਰਕੇ ਆਪਣੇ ਪੁੱਤਰਾਂ ਨੂੰ ਵਿਦੇਸ਼ ਹੁੰਦੇ ਹੋਏ ਵੀ ਆਪਣੇ ਕੋਲ ਹੀ ਮਹਿਸੂਸ ਕਰ ਲੈਂਦਾ ਹਾਂ। ਰੱਬਾ! ਮੇਰੇ ਪੁੱਤਰਾਂ ਨੂੰ ਕਦੇ ਵੀ ਤੱਤੀ ’ਵਾਅ ਨਾ ਲਾਵੀਂ। ਇਹ ਮੇਰੀ ਜ਼ਿੰਦਗੀ ਦਾ ਹਾਸਿਲ ਏ। ਮੈਂ ਆਪਣੀਆਂ ਅੱਖਾਂ ਸਾਹਮਣੇ ਇਨ੍ਹਾਂ ਬੱਚਿਆਂ ਦਾ ਰਤਾ ਭਰ ਵੀ ਦੁੱਖ ਨਹੀਂ ਸਹਾਰ ਸਕਦਾ। ਉਹ ਬੇਸ਼ੱਕ...।’’
ਇੰਨਾ ਕਹਿ ਕੇ ਅੰਕਲ ਦੀਆਂ ਅੱਖਾਂ ਵਿੱਚੋਂ ਫਿਰ ਹੰਝੂਆਂ ਰਾਹੀਂ ਮੋਏ ਹੋਏ ਸੁਪਨੇ ਧਰਤੀ ’ਤੇ ਡਿੱਗਣ ਲੱਗ ਪਏ।
ਉਸ ਦਿਨ ਤੋਂ ਬਾਅਦ ਮੇਰਾ ਉਸ ਅੰਕਲ ਨਾਲ ਦਿਲੀ ਸਨੇਹ ਹੋ ਗਿਆ ਤੇ ਮੈਂ ਤਕਰੀਬਨ ਹਰ ਰੋਜ਼ ਹੀ ਅੰਕਲ ਜੀ ਦੇ ਪਿੰਡ ਕੋਲੋਂ ਲੰਘਦਾ-ਲੰਘਦਾ ਉਨ੍ਹਾਂ ਨੂੰ ਇੱਕ ਵਾਰ ਜ਼ਰੂਰ ਮਿਲ ਜਾਂਦਾ। ਰੋਜ਼ ਘਰ ਜਾਣ ਕਰਕੇ ਮੇਰਾ ਆਂਟੀ ਜੀ ਨਾਲ ਵੀ ਅੰਕਲ ਜੀ ਵਾਂਗ ਹੀ ਪਿਆਰ ਬਣ ਗਿਆ। ਉਨ੍ਹਾਂ ਨੂੰ ਜਿਵੇਂ ਕੋਈ ਸਹਾਰਾ ਮਿਲ ਗਿਆ ਹੋਵੇ ਤੇ ਮੈਨੂੰ ਬਚਪਨ ਵਿੱਚ ਹੀ ਛੱਡ ਕੇ ਦੁਨੀਆਂ ਤੋਂ ਤੁਰ ਗਏ ਮਾਂ-ਬਾਪ ਮਿਲ ਗਏ ਹੋਣ। ਮੈਂ ਦਿਲ ਹੀ ਦਿਲ ਵਿੱਚ ਅੰਕਲ ਆਂਟੀ ਨੂੰ ਆਪਣੇ ਮਾਤਾ-ਪਿਤਾ ਦਾ ਦਰਜਾ ਦੇ ਚੁੱਕਾ ਸੀ। ਮੈਂ ਆਪਣੇ ਬੱਚਿਆਂ ਨੂੰ ਲੈ ਕੇ ਕਈ ਸੁਪਨੇ ਬੁਣਦਾ ਜਿਨ੍ਹਾਂ ਦਾ ਸਬੰਧ ਸਿੱਧੇ ਜਾਂ ਅਸਿੱਧੇ ਤੌਰ ’ਤੇ ਜਾ ਕੇ ਅੰਕਲ-ਆਂਟੀ ਨਾਲ ਜੁੜਦਾ।
ਸਾਡੀ ਜ਼ਿੰਦਗੀ ਕੁਝ ਸੁਖਾਲੀ ਜਿਹੀ ਬੀਤਣ ਲੱਗ ਪਈ। ਕੁਝ ਸਮੇਂ ਬਾਅਦ ਅੰਕਲ ਜੀ ਸਿਹਤ ਪੱਖੋਂ ਕੁਝ ਜ਼ਿਆਦਾ ਹੀ ਕਿਰਦੇ ਗਏ ਜਿਸ ਦੀ ਚਿੰਤਾ ਆਂਟੀ ਜੀ ਨੂੰ ਹਰ ਵਕਤ ਰਹਿੰਦੀ ਸੀ। ਇੱਕ ਦਿਨ ਸ਼ਾਮ ਨੂੰ ਆਂਟੀ ਜੀ ਦਾ ਮੈਨੂੰ ਫ਼ੋਨ ਆਇਆ ਕਿ ‘‘ਦਿਲਬਾਗ, ਜਲਦੀ ਘਰ ਆਇਓ। ਤੁਹਾਡੇ ਅੰਕਲ ਜੀ ਕੁਝ ਜ਼ਿਆਦਾ ਢਿੱਲੇ ਹੋ ਗਏ ਨੇ।’’ ਮੈਂ ਕਾਹਲੀ ਨਾਲ ਮੋਟਰਸਾਈਕਲ ਫੜਿਆ ਤੇ ਅੰਕਲ ਜੀ ਦੇ ਘਰ ਪਹੁੰਚ ਗਿਆ। ਅੰਕਲ ਜੀ ਉਸ ਵਕਤ ਜ਼ਿੰਦਗੀ ਦੇ ਆਖ਼ਰੀ ਸਾਹ ਹੀ ਲੈ ਰਹੇ ਸਨ। ਉਨ੍ਹਾਂ ਨੇ ਮੇਰਾ ਹੱਥ ਫੜਿਆ ਤੇ ਆਪਣੇ ਹੱਥਾਂ ਵਿੱਚ ਜ਼ੋਰ ਨਾਲ ਘੁੱਟਿਆ। ਅੱਖਾਂ ਵਿੱਚ ਆਏ ਹੰਝੂਆਂ ਨਾਲ ਛੇਤੀ ਹੀ ਹੱਥਾਂ ਦੀ ਪਕੜ ਢਿੱਲੀ ਪੈ ਗਈ। ਜ਼ੁਬਾਨ ’ਤੇ ਆਏ ਸ਼ਬਦ ਬਾਹਰ ਨਾ ਆ ਸਕੇ।
ਮੈਂ ਫੋਨ ’ਤੇ ਅੰਕਲ ਜੀ ਦੇ ਬੇਟਿਆਂ ਅਤੇ ਬੇਟੀਆਂ ਨੂੰ ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਦੱਸੀ। ਉਨ੍ਹਾਂ ਦਾ ਭਾਵੁਕ ਹੋਣਾ ਲਾਜ਼ਮੀ ਹੀ ਸੀ। ‘‘ਚੱਲੋ ਵੀਰੇ ਕਰਦੇ ਹਾਂ ਕੋਸ਼ਿਸ਼ ਆਉਣ ਦੀ, ਪਰ ਇਨ੍ਹਾਂ ਦੇਸ਼ਾਂ ਤੋਂ ਏਨੀ ਜਲਦੀ ਵਾਪਸ ਮੁੜਨਾ ਏਨਾ ਸੌਖਾ ਨਹੀਂ ਹੁੰਦਾ, ਇੱਕ ਲੰਮਾ ਪ੍ਰੋਸੈਸ ਹੁੰਦਾ ਹੈ।’’ ਸਾਰੇ ਭੈਣ-ਭਰਾਵਾਂ ਨੇ ਤਕਰੀਬਨ ਇਹ ਹੀ ਸ਼ਬਦ ਕਹੇ, ਪਰ ਥੋੜ੍ਹੇ-ਥੋੜ੍ਹੇ ਸਮੇਂ ਦੇ ਵਕਫ਼ੇ ਮਗਰੋਂ ਹੀ ਦੁਬਾਰਾ ਉਨ੍ਹਾਂ ਦੇ ਫੋਨ ਆ ਗਏ ਕਿ ‘‘ਵੀਰੇ, ਅਸੀਂ ਏਨੀ ਜਲਦੀ ਨਹੀਂ ਆ ਸਕਦੇ। ਤੁਸੀਂ ਸਾਡੇ ਭਰਾ ਹੀ ਹੋ ਕਿਉਂਕਿ ਤੁਹਾਡੇ ਬਾਰੇ ਅਕਸਰ ਪਿਤਾ ਜੀ ਫੋਨ ’ਤੇ ਦੱਸਿਆ ਕਰਦੇ ਸਨ ਕਿ ਦਿਲਬਾਗ ਮੇਰਾ ਤੀਜਾ ਪੁੱਤਰ ਹੀ ਏ। ਤੁਸੀਂ ਪਿਤਾ ਜੀ ਦਾ ਸਸਕਾਰ ਕਰ ਦੇਵੋ। ਅਸੀਂ ਤੁਹਾਡੇ ਅਕਾਊਂਟ ਵਿੱਚ ਹੁਣੇ ਕੁਝ ਪੈਸੇ ਪਾ ਦਿੰਦੇ ਹਾਂ। ਅਸੀਂ ਪਿਤਾ ਜੀ ਦੇ ਭੋਗ ’ਤੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗੇ।’’
‘‘ਤੀਜਾ ਭਰਾ ਵੀ ਮੰਨਦੇ ਹੋ ਤੇ ਪੈਸੇ ਅਕਾਊਂਟ ਵਿੱਚ ਪਾਉਣ ਲਈ ਕਹਿ ਕੇ ਬੇਗਾਨਗੀ ਦਾ ਅਹਿਸਾਸ ਵੀ ਕਰਵਾ ਰਹੇ ਹੋ? ਵੀਰ ਜੀ, ਬਾਊ ਜੀ ਮੇਰੇ ਵੀ ਪਿਤਾ ਜੀ ਹੀ ਸਨ।’’ ਮੈਂ ਫੋਨ ’ਤੇ ਬਸ ਏਨਾ ਹੀ ਕਹਿ ਸਕਿਆ ਸੀ। ਏਧਰ ਆਂਟੀ ਜੀ ਦਾ ਰੋ-ਰੋ ਕੇ ਬੁਰਾ ਹਾਲ ਸੀ ਕਿਉਂਕਿ ਉਸ ਨੇ ਸਦਾ ਅੰਕਲ ਦੀ ਖ਼ੁਸ਼ੀ ਵਿੱਚ ਹੀ ਆਪਣਾ ਜੀਵਨ ਖੁਸ਼ਹਾਲ ਵੇਖਿਆ ਸੀ। ਓਧਰ ਅੰਕਲ ਜੀ ਸੁਭਾਅ ਦੇ ਬੇਸ਼ੱਕ ਕੁਝ ਸਖ਼ਤ ਸਨ, ਪਰ ਆਂਟੀ ਬਿਨਾਂ ਕਦੇ ਵੀ ਇਕੱਲੇ ਨਹੀਂ ਰਿਹਾ ਕਰਦੇ ਸਨ। ਬੱਚੇ ਵੀ ਮਾਂ ਨੂੰ ਫੋਨ ’ਤੇ ਹੌਸਲਾ ਦੇ ਰਹੇ ਸਨ ਪਰ ਆਂਟੀ ਦੀ ਜਿਵੇਂ ਦੁਨੀਆਂ ਹੀ ਉੱਜੜ ਗਈ ਹੋਵੇ। ਉਸ ਦਾ ਮਨ ਕਹਿ ਰਿਹਾ ਸੀ ਕਿ ਧਰਤੀ ਪਾਟ ਜਾਵੇ ਤੇ ਉਹ ਇੱਕ ਹੀ ਝਟਕੇ ਨਾਲ ਆਪਣੇ ਬਾਊ ਜੀ ਦੇ ਰਾਹਾਂ ਦੀ ਪਾਂਧੀ ਹੋ ਜਾਵੇ। ਆਂਟੀ ਦਾ ਵਿਰਲਾਪ ਸੁਣਿਆ ਨਹੀਂ ਜਾ ਰਿਹਾ ਸੀ।
ਮੈਂ ਆਪਣੇ ਪਿਤਾ ਵਾਂਗ ਹੀ ਅੰਕਲ ਜੀ ਦੀਆਂ ਅੰਤਿਮ ਰਸਮਾਂ ਨਿਭਾਈਆਂ। ਅੰਕਲ ਜੀ ਪੰਜਾਬੀ ਦੇ ਬਹੁਤ ਵਧੀਆ ਲੇਖਕ ਵੀ ਸਨ। ਸਾਹਿਤ ਜਗਤ ਵਿੱਚ ਚੰਗੀ ਪਹਿਚਾਣ ਹੋਣ ਕਰਕੇ ਅੰਕਲ ਜੀ ਦੀ ਅਰਥੀ ਨੂੰ ਮੋਢਾ ਦੇਣ ਵਾਸਤੇ ਉਨ੍ਹਾਂ ਦੇ ਪਾਠਕ ਅਤੇ ਪ੍ਰਸੰਸਕ ਇੱਕ ਦੂਜੇ ਤੋਂ ਅੱਗੇ ਆ ਰਹੇ ਸਨ। ਸਸਕਾਰ ਕਰਨ ਉਪਰੰਤ ਮੈਂ ਅੰਕਲ ਜੀ ਦੇ ਭੋਗ ਤੱਕ ਆਂਟੀ ਜੀ ਦੇ ਕੋਲ ਹੀ ਰਿਹਾ। ਭੋਗ ਵਾਲੇ ਦਿਨ ਸਾਰਾ ਇਲਾਕਾ ਹੀ ਆਇਆ, ਪਰ ਭੋਗ ਉੱਤੇ ਉਹ ਨਹੀਂ ਆਏ ਜਿਨ੍ਹਾਂ ਲਈ ਅੰਕਲ ਸਾਰਾ ਜੀਵਨ ਨਿਛਾਵਰ ਕਰ ਗਿਆ ਸੀ।
ਹੁਣ ਆਂਟੀ ਬਿਲਕੁਲ ਇਕੱਲੀ ਰਹਿ ਗਈ ਸੀ। ਆਂਟੀ ਸਾਰਾ ਦਿਨ ਅੰਕਲ ਜੀ ਦੀਆਂ ਕਵਿਤਾਵਾਂ, ਗ਼ਜ਼ਲਾਂ ਹੀ ਪੜ੍ਹਦੀ ਰਹਿੰਦੀ ਜਾਂ ਅੰਕਲ ਜੀ ਦੀਆਂ ਵੱਖ-ਵੱਖ ਪ੍ਰੋਗਰਾਮਾਂ ਦੀਆਂ ਹੋਈਆਂ ਰਿਕਾਰਡਿੰਗਾਂ ਉਨ੍ਹਾਂ ਦੇ ਫੋਨ ਤੋਂ ਵੇਖਦੀ ਰਹਿੰਦੀ। ਮੇਰਾ ਉਸ ਵੇਲੇ ਕਲੇਜਾ ਪਾਟ ਜਾਂਦਾ, ਜਦੋਂ ਮੈਂ ਕਦੇ-ਕਦੇ ਆਂਟੀ ਨੂੰ ਇਹ ਕਹਿੰਦਿਆਂ ਸੁਣਦਾ, ‘‘ਬਸ ਇਹ ਹੀ ਪਿਆਰ ਸੀ ਭੈੜਿਆ? ਕਦੇ ਜ਼ਿੰਦਗੀ ਵਿੱਚ ਮੈਨੂੰ ਇਕੱਲੀ ਨਹੀਂ ਛੱਡਿਆ ਤੇ ਹੁਣ ਆਹ ਕਿਸ ਮੋੜ ’ਤੇ ਛੱਡ ਕੇ ਚਲਾ ਗਿਆ ਏਂ ਜਿੱਥੇ ਮੇਰੇ ਤੋਂ ਇੱਕ ਕਦਮ ਵੀ ਅਗਾਂਹ ਨਹੀਂ ਪੁੱਟਿਆ ਜਾ ਰਿਹਾ। ਮੈਂ ਇਹ ਟੁੱਟੀ ਮਾਹਲ ਵਾਲੇ ਸਾਹਾਂ ਦੇ ਖੂਹ ਨੂੰ ਕਿਸ ਦੇ ਸਹਾਰੇ ਗੇੜਾਂ? ਚੰਗਾ, ਤੇਰੀ ਮਰਜ਼ੀ ਪਰ ਚੰਗਾ ਨਹੀਂ ਕੀਤਾ ਮੇਰੇ ਨਾਲ ਮੇਰੇ ਬਾਊ ਜੀ। ਅਸਾਂ ਤੈਨੂੰ ਜੀਂਦੇ ਜੀਅ ਕਦੇ ਅਲਵਿਦਾ ਨਹੀਓਂ ਕਹਿਣਾ,’’ ਕਹਿ ਆਂਟੀ ਫਿਰ ਉੱਚੀ-ਉੱਚੀ ਕੀਰਨੇ ਪਾਉਣ ਲੱਗ ਪੈਂਦੀ। ਇਹ ਸਿਲਸਿਲਾ ਕੋਈ ਬਹੁਤਾ ਲੰਮਾ ਨਹੀਂ ਚੱਲਿਆ। ਬਹੁਤ ਛੇਤੀ ਹੀ ਆਂਟੀ ਦੇ ਪਿਆਰ ਦੀ ਜਿੱਤ ਹੋਈ ਤੇ ਉਹ ਬਿਨਾਂ ਕਿਸੇ ਤਕਲੀਫ਼ ਦੇ ਬਿਨਾਂ ਕਿਸੇ ਨੂੰ ਆਵਾਜ਼ ਦਿੱਤਿਆਂ ਮੇਰੇ ਵੇਂਹਦੇ-ਵੇਂਹਦੇ ਹੀ ਅੰਕਲ ਕੋਲ ਚਲੀ ਗਈ। ਮੈਂ ਇੱਕ ਵਾਰ ਫਿਰ ਯਤੀਮ ਹੋ ਗਿਆ। ਬੱਚਿਆਂ ਦੇ ਫਿਰ ਦੁਬਾਰਾ ਆਪਣੀਆਂ ਮਜਬੂਰੀਆਂ ਦੱਸਦਿਆਂ ਨਾ ਆਉਣ ਕਰਕੇ ਮੈਂ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਕਰ, ਭੋਗ ਉਪਰੰਤ ਅੰਕਲ ਜੀ ਦੇ ਘਰ ਨੂੰ ਤਾਲਾ ਮਾਰ, ਉਨ੍ਹਾਂ ਦੇ ਘਰ ਦੇ ਗੇਟ ’ਤੇ ਲੱਗੀ ਨਾਲ ਵਾਲੀ ਤਖ਼ਤੀ ਅੰਕਲ ਜੀ ਦੀ ਆਖ਼ਰੀ ਨਿਸ਼ਾਨੀ ਜਾਣ ਹੱਥ ਵਿੱਚ ਲੈ, ਤੇ ਵਕਤੋਂ ਪਹਿਲਾਂ ਮੋਏ ਸੁਪਨਿਆਂ ਦੀ ਲਾਸ਼ ਮੋਢੇ ’ਤੇ ਚੁੱਕ ਆਪਣੇ ਪਿੰਡ ਦੀ ਰਾਹ ਨੂੰ ਪੈਰ ਘਸੀਟਦਾ ਹੋਇਆ ਤੁਰ ਪਿਆ।
ਸੰਪਰਕ: 99888-11681

Advertisement
Advertisement