ਪਿਆਰ ਤੇ ਰਿਸ਼ਤਿਆਂ ਦੀ ਕਹਾਣੀ ਹੈ ‘ਏ ਸੂਟੇਬਲ ਬੁਆਏ’: ਮੀਰਾ ਨਾਇਰ
ਲੰਡਨ, 26 ਜੁਲਾਈ
ਫਿਲਮਸਾਜ਼ ਮੀਰਾ ਨਾਇਰ ਨੇ ਕਿਹਾ ਕਿ ਉਹ ਹਮੇਸ਼ਾ 1950 ਦੇ ਭਾਰਤ ਦਾ ਗਵਾਹ ਬਣਨਾ ਚਾਹੁੰਦੀ ਸੀ ਤੇ ਇਸ ਨੂੰ ਜਿਊਣਾ ਚਾਹੁੰਦੀ ਸੀ ਅਤੇ ਉਸ ਦੀ ਇਹ ਖਾਹਿਸ਼ ਉਸ ਦੀ ਆਉਣ ਵਾਲੀ ਬੀਬੀਸੀ ਸੀਰੀਜ਼ ‘ਏ ਸੂਟੇਬਲ ਬੁਆਏ’ ਰਾਹੀਂ ਪੂਰੀ ਹੋ ਰਹੀ ਹੈ। ਉਨ੍ਹਾਂ ਇਹ ਸੀਰੀਜ਼ ‘ਏ ਸੂਟੇਬਲ ਬੁਆਏ’ ਵਿਕਰਮ ਸੇਠ ਵੱਲੋਂ ਲਿਖੇ ਗਏ ਇਸੇ ਨਾਂ ਹੇਠਲੇ ਨਾਵਲ ਦੇ ਆਧਾਰ ’ਤੇ ਬਣਾਈ ਹੈ ਅਤੇ ਇਹ ਸੀਰੀਜ਼ ਅੱਜ ਬਰਤਾਨੀਆ ਦੀਆਂ ਟੀਵੀ ਸਕਰੀਨਾਂ ’ਤੇ ਅੱਜ ਸ਼ੁਰੂ ਹੋਵੇਗੀ। ਇਸ ਸੀਰੀਜ਼ ’ਚ ਭਾਰਤ ਤੇ ਦੁਨੀਆਂ ਸਮੇਤ 100 ਤੋਂ ਵੱਧ ਅਦਾਕਾਰਾਂ ਨੇ ਕੰਮ ਕੀਤਾ ਹੈ।
‘ਸਲਾਮ ਬੌਂਬੇ’, ‘ਮੌਨਸੂਨ ਵੈਡਿੰਗ’ ਤੇ ‘ਦਿ ਨੇਮਸੇਕ’ ਜਿਹੀਆਂ ਫਿਲਮਾਂ ਬਣਾਉਣ ਵਾਲੀ ਮੀਰਾ ਨਾਇਰ ਵੱਲੋਂ ਟੀਵੀ ਲਈ ਕੀਤਾ ਗਿਆ ਪਹਿਲਾ ਕੰਮ ਹੈ। ਮੀਰਾ ਨੇ ਕਿਹਾ, ‘ਇਹ ਨਾਵਲ ਉਸ ਸਮੇਂ ਦੀ ਕਹਾਣੀ ਹੈ ਜਦੋਂ ਭਾਰਤ ਆਜ਼ਾਦੀ ਤੋਂ ਬਾਅਦ ਆਪਣੇ ਪੈਰਾਂ ’ਤੇ ਖੜ੍ਹਾ ਹੋ ਰਿਹਾ ਸੀ। ਇਹ ਜਮਾਤ ਤੇ ਧਰਮ ਤੋਂ ਉੱਪਰ ਉੱਠੇ ਪਿਆਰ ਤੇ ਰਿਸ਼ਤਿਆਂ ਦੀ ਵਿਲੱਖਣ ਕਹਾਣੀ ਹੈ।’ ਇਸ ਸੀਰੀਜ਼ ’ਚ ਤੱਬੂ, ਇਸ਼ਾਨ ਖੱਟਰ, ਰਸਿਕਾ ਦੁੱਗਲ, ਰਣਦੀਪ ਹੁੱਡਾ, ਵਨਿੈ ਪਾਠਕ, ਰਾਮ ਕਪੂਰ, ਵਿਜੈ ਵਰਮਾ, ਰਣਵੀਰ ਸ਼ੋਰੀ ਤੇ ਹੋਰਨਾਂ ਸਮੇਤ 113 ਦੇ ਕਰੀਬ ਅਦਾਕਾਰ ਭੂਮਿਕਾ ਨਿਭਾਅ ਰਹੇ ਹਨ। -ਪੀਟੀਆਈ