ਗ਼ੈਰਕਾਨੂੰਨੀ ਪਰਵਾਸ ਤੇ ਲੁੱਟੇ ਲੋਕਾਂ ਦੀ ਗਾਥਾ
ਦਲੇਰ ਸਿੰਘ ਚੀਮਾ
ਭੁਲੱਥ, 6 ਫਰਵਰੀ
ਅਮਰੀਕਾ ਵਿਚੋਂ ਕੱਢੇ ਭਾਰਤੀ ਪਰਵਾਸੀਆਂ ਦੇ ਸੁਪਨੇ ਵੀ ਚਕਨਾਚੂਰ ਹੋਏ ਹਨ ਤੇ ਉਹ ਆਰਥਿਕ ਤੌਰ ’ਤੇ ਵੀ ਟੁੱਟ ਗਏ ਹਨ। ਇਨ੍ਹਾਂ ਪਰਿਵਾਰਾਂ ਨੇ ਸਰਕਾਰਾਂ ਕੋਲੋਂ ਆਰਥਿਕ ਤੌਰ ’ਤੇ ਬਾਂਹ ਫ਼ੜਨ ਤੇ ਪੀੜਤਾਂ ਦੇ ਮੁੜ ਵਸੇਬੇ ਲਈ ਨੌਕਰੀਆਂ ਦੀ ਮੰਗ ਕੀਤੀ ਹੈ। ਪਿੰਡ ਭਦਾਸ ਦੀ ਲਵਪ੍ਰੀਤ ਕੌਰ ਆਪਣੇ ਨਾਬਾਲਗ ਲੜਕੇ ਪ੍ਰਭਜੋਤ ਨੂੰ ਨਾਲ ਲੈ ਕੇ ਇਸੇ ਸਾਲ ਦੋ ਜਨਵਰੀ ਨੂੰ ਆਪਣੇ ਅਮਰੀਕਾ ਰਹਿੰਦੇ ਪਤੀ ਨਾਲ ਇਕੱਠੇ ਰਹਿਣ ਦਾ ਸੁਪਨਾ ਲੈ ਕੇ ਦੁਬਈ ਦੀ ਫਲਾਈਟ ਲੈ ਕੇ ਗਈ ਸੀ ਤੇ ਮਾਸਕੋ ਤੋਂ ਲਾਤੀਨੀ ਅਮਰੀਕਾ ਦੇ ਦੇਸ਼ਾਂ ਤੋਂ ਹੁੰਦੀ ਹੋਈ 25 ਜਨਵਰੀ ਨੂੰ ਮੈਕਸਿਕੋ ਤੋਂ ਅਮਰੀਕਾ ਦਾਖ਼ਲ ਹੋਈ ਸੀ ਕਿ ਅਮਰੀਕੀ ਪੁਲੀਸ ਵਲੋਂ ਉਨ੍ਹਾਂ ਨੂੰ ਕੈਂਪ ਵਿੱਚ ਡੱਕ ਦਿੱਤਾ ਗਿਆ ਤੇ ਬਿਨਾਂ ਕਿਸੇ ਸੁਣਵਾਈ ਦੇ ਜਹਾਜ਼ ਵਿਚ ਹੱਥਕੜੀਆਂ ਲਾ ਕੇ ਜਹਾਜ਼ ਵਿਚ ਬਿਠਾ ਦਿੱਤਾ ਗਿਆ। ਪਿੰਡ ਭਦਾਸ ਦੇ ਸਰਪੰਚ ਨਿਸ਼ਾਨ ਸਿੰਘ ਮੁਤਾਬਕ ਲਵਪ੍ਰੀਤ ਦੇ ਪਤੀ ਵੱਲੋਂ ਏਜੰਟਾਂ ਨੂੰ ਇਕ ਕਰੋੜ ਪੰਜ ਲੱਖ ਰੁਪਏ ਦਿੱਤੇ ਗਏ ਸਨ। ਨਿਸ਼ਾਨ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਕੋਲ ਛੇ ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ ਤੇ ਪਰਿਵਾਰ ਨੇ ਉਸ ’ਤੇ ਕਰਜ਼ਾ ਲਿਆ ਹੈ ਜਿਸ ਕਾਰਨ ਪਰਿਵਾਰ ਪ੍ਰੇਸ਼ਾਨ ਤੇ ਸਦਮੇ ਵਿਚ ਹੈ। ਪਿੰਡ ਬਰਿਆਰ ਦੇ ਗੁਰਪ੍ਰੀਤ ਸਿੰਘ ਦੇ ਪਿਤਾ ਜੰਗ ਸਿੰਘ ਵਲੋਂ ਆਪਣੇ ਬੇਟੇ ਦੇ ਦੇਸ਼ ਨਿਕਾਲੇ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਪਿੰਡ ਡੋਗਰਾਂਵਾਲ ਦੇ ਵਿਕਰਮਜੀਤ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਕਰਮ ਨੂੰ ਜ਼ਮੀਨ ਜਾਇਦਾਦ ਵੇਚ ਕੇ 42 ਲੱਖ ਖ਼ਰਚ ਕੇ ਅਮਰੀਕਾ ਭੇਜਿਆ ਸੀ ਕਿ ਆਪਣੀਆਂ ਛੇ ਭੈਣਾਂ ਦੇ ਵਿਆਹ ਤੇ ਘਰ ਦੀ ਆਰਥਿਕ ਹਾਲਤ ਸੁਧਾਰੇਗਾ ਪਰ ਉਸ ਦੇ ਵਾਪਸ ਆਉਣ ਨਾਲ ਪਰਿਵਾਰ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਬਹਿਬਲ ਬਹਾਦਰ ਦੇ ਵਾਪਸ ਮੁੜੇ ਗੁਰਪ੍ਰੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਤੇ ਚਾਚਾ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਹੈ, ਘਰ ਗਹਿਣੇ ਰੱਖ ਕੇ ਤੇ 45 ਲੱਖ ਰੁਪਏ ਖਰਚ ਕੇ ਅਮਰੀਕਾ ਭੇਜਿਆ ਸੀ ਪਰ ਅੱਜ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਬੇਟਾ ਵਾਪਸ ਆ ਗਿਆ ਹੈ। ਉਨ੍ਹਾਂ ਸਰਕਾਰ ਕੋਲੋਂ ਨੌਕਰੀ ਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।