ਸਾਊ ਕੁੜੀਆਂ ਅਤੇ ਬੁਰੀਆਂ ਕੁੜੀਆਂ ਦਾ ਬਿਰਤਾਂਤ
ਪੁਸਤਕ ‘ਸਾਊ ਕੁੜੀਆਂ’ (ਅਨੁਵਾਦ: ਪ੍ਰਕਾਸ਼ ਕੌਰ; ਕੀਮਤ: 300 ਰੁਪਏ; ਯੂਨੀਸਟਾਰ ਬੁੱਕਸ, ਮੁਹਾਲੀ) ਅੰਗਰੇਜ਼ੀ ਵਿੱਚ ਲਿਖਣ ਵਾਲੀਆਂ ਦੋ ਲੇਖਿਕਾਵਾਂ ਐਨੀ ਜ਼ੈਦੀ ਤੇ ਸਮ੍ਰਿਤੀ ਰਵਿੰਦਰਾ ਨੇ ਸਾਂਝ ਪਾ ਕੇ ਲਿਖੀ ਹੈ। ਇਹ ਪੁਸਤਕ ਨਾ ਨਾਵਲ ਹੈ, ਨਾ ਵਾਰਤਕ, ਇੱਕ ਵਿਲੱਖਣ ਬਿਰਤਾਂਤ ਹੈ। ਪੁਸਤਕ ਵਿੱਚ ਸ਼ਾਮਿਲ ਘਟਨਾਵਾਂ, ਵੇਰਵੇ ਤੇ ਵਰਤਾਰੇ ਵਧੇਰੇ ਸਕੂਲੀ ਲੜਕੀਆਂ ਜਾਂ ਸੈਕੰਡਰੀ ਸਕੂਲ ਛੱਡ ਰਹੀਆਂ ਲੜਕੀਆਂ ਨਾਲ ਸਬੰਧਿਤ ਹਨ। ਇਹ ਲੜਕੀਆਂ ਜਦੋਂ ਇਕੱਠੀਆਂ ਹੁੰਦੀਆਂ ਹਨ ਤਾਂ ਆਪਣੇ ਮਾਪਿਆਂ, ਹਮ-ਉਮਰ ਲੜਕਿਆਂ ਜਾਂ ਆਪਣੀਆਂ ਮੈਡਮਾਂ ਬਾਰੇ ਆਪਣੀਆਂ ਜਮਾਤਣਾਂ ਜਾਂ ਸਹੇਲੀਆਂ ਨਾਲ ਕਿਹੋ ਜਿਹੀ ਗੁਫ਼ਤਗੂ ਕਰਦੀਆਂ ਹਨ; ਉਨ੍ਹਾਂ ਦੀ ਨਿੰਦਾ ਕਰਦੀਆਂ ਹਨ ਜਾਂ ਪ੍ਰਸ਼ੰਸਾ; ਇਹ ਜਾਣਨ ਲਈ ਲੇਖਿਕਾਵਾਂ ਅਨੁਸਾਰ ਅੱਗੇ ਅੱਗੇ ਜਾ ਰਹੀਆਂ ਲੜਕੀਆਂ ਦੇ ਪਿੱਛੇ, ਵਿੱਥ ਰੱਖ ਕੇ ਤੁਰੋ ਤਾਂ ਪਤਾ ਲੱਗਦਾ ਹੈ।
ਲੇਖਿਕਾਵਾਂ ਨੇ ਕੁਝ ਲੜਕੀਆਂ ਅਤੇ ਲੜਕਿਆਂ ਨਾਲ ਨਿੱਜੀ ਤੌਰ ’ਤੇ ਵਾਰਤਾਲਾਪ ਕਰਨ ਦਾ ਦਾਅਵਾ ਕੀਤਾ ਹੈ। ਲੇਖਿਕਾਵਾਂ ਨੇ ਆਪਣੇ ਆਪ ਨੂੰ ਇਨ੍ਹਾਂ ‘ਸਾਊ ਕੁੜੀਆਂ’ ਤੋਂ ਵੱਖ ਕਰ ਕੇ ਭਾਰਤੀ ਸਮਾਜ ਜਾਂ ਦੇਸ਼ ਨੂੰ ਸਿੱਧਾ ਪ੍ਰਸ਼ਨ ਕੀਤਾ ਹੈ ਤੇ ਜਵਾਬ ਮੰਗਿਆ ਹੈ। ਲੇਖਿਕਾਵਾਂ ਵਿੱਚ ਕਦੇ ਕਦੇ ‘ਓਸ਼ੋ’ ਵੀ ਬੋਲਣ ਲੱਗਦਾ ਹੈ।
ਲੇਖਿਕਾਵਾਂ ਸਾਊ ਕੁੜੀਆਂ ਨੂੰ ਪ੍ਰਭਾਸ਼ਿਤ ਕਰਦੀਆਂ ਹਨ:
* ਚੰਗੀ ਕੁੜੀ ਵਿਖਾਈ ਦੇਣਾ ਸਾਊ ਕੁੜੀ। ਹਰ ਰੋਜ਼ ਨਹਾਉਣ ਵਾਲੀ ਸਾਊ ਕੁੜੀ। ਸਾਊ ਕੁੜੀ ਸਹੁਰਿਆਂ ਅਨੁਸਾਰ ਢਲ ਜਾਂਦੀ ਹੈ। ਸਾਊ ਕੁੜੀ ਜੋ ਪ੍ਰਾਪਤ ਨਹੀਂ ਹੁੰਦਾ, ਉਨ੍ਹਾਂ ਲਈ ਦੁਖੀ ਨਹੀਂ ਹੁੰਦੀ।
* ਕੁਝ ਸਾਊ ਕੁੜੀਆਂ ਦਾ ਮੱਤ ਹੈ;
‘‘ਰੱਬ ਚੰਗੇ ਚਾਲ-ਚਲਣ ਵਾਲਾ ਨਹੀਂ ਹੈ। ਪਰਿਵਾਰਕ ਕਦਰਾਂ ਕੀਮਤਾਂ ਵਾਲਾ ਨਹੀਂ ਹੈ। ਚੰਗਾ ਕਮਾਉਣ ਵਾਲਾ ਮੁੰਡਾ ਨਹੀਂ ਹੈ।’’
ਪੁਸਤਕ ਵਿੱਚ ਹਰ ਕਾਂਡ ਦੇ ਬਾਅਦ ਲੇਖਿਕਾਵਾਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਆਪਣਾ ਮਹੱਤਵ ਹੈ। ਇਹ ਪੁਸਤਕ ਕੁੜੀਆਂ ਅੰਦਰ ਦੱਬੇ ਵਲਵਲਿਆਂ ਅਤੇ ਰੀਝਾਂ ਨੂੰ ਉਜਾਗਰ ਕਰਦੀ ਹੈ। ਪ੍ਰਕਾਸ਼ ਕੌਰ ਨੇ ਇਸ ਦਾ ਪੰਜਾਬੀ ਵਿੱਚ ਅਨੁਵਾਦ ਰੂਹ ਨਾਲ ਕੀਤਾ ਹੈ। ਚੰਗਾ ਹੁੰਦਾ ਇਹ ਲੇਖਿਕਾਵਾਂ ਇਸ ਪੁਸਤਕ ਵਿੱਚ ਵਰਤੇ ਗਏ ਅਣਕੱਜੇ ਸ਼ਬਦਾਂ ਤੋਂ ਗੁਰੇਜ਼ ਕਰਦੀਆਂ। ਇਸ ਅਲਾਮਤ ਤੋਂ ਬਚਿਆ ਜਾ ਸਕਦਾ ਸੀ।
ਆਸਾ ਹੈ, ‘ਸਾਊ’ ਕੁੜੀਆਂ, ਮੁੰਡਿਆਂ ਲਈ ਇਹ ਚਹੇਤੀ ਪੁਸਤਕ ਬਣੇਗੀ, ਯੂਨੀਸਟਾਰ ਬੁਕਸ ਨੇ ਇਸ ਨੂੰ ਖ਼ੂਬਸੂਰਤ ਦਿੱਖ ਨਾਲ ਛਾਪਿਆ ਹੈ।
ਸੰਪਰਕ: 98147-83069