ਜੀਡੀਪੀ ਦੇ ਅੰਕੜਿਆਂ ਦੀ ਕਹਾਣੀ
ਟੀਐੱਨ ਨੈਨਾਨ
ਭਾਰਤ ਦੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਦੇ ਤਾਜ਼ਾਤਰੀਨ ਅੰਕੜੇ ਹਾਲਾਂਕਿ ਅੱਖਾਂ ਵਿਚ ਧੂੜ ਤਾਂ ਨਹੀਂ ਪਾਉਂਦੇ ਪਰ ਚਾਪਲੂਸੀ ਕਰਦੇ ਜ਼ਰੂਰ ਦਿਖਾਈ ਹਨ ਕਿਉਂਕਿ ਇਨ੍ਹਾਂ ਦੀ ਸਤਹ ਹੇਠਲੀ ਕਹਾਣੀ ਕਾਫ਼ੀ ਚੰਗੀ ਹੈ। ਹਰ ਤਿੰਨ ਮਹੀਨਿਆਂ ਬਾਅਦ ਆਉਂਦੇ ਜੀਡੀਪੀ ਦੇ ਅੰਕੜਿਆਂ ਦੇ ਵਹਾਓ ਦੇ ਨਾਲ ਇਕ ਚਿਤਾਵਨੀ ਵੀ ਹੁੰਦੀ ਹੈ ਕਿ ਮਾਮਲਾ ਨਾਜ਼ੁਕ ਹੈ, ਇਸ ਨੂੰ ਧਿਆਨ ਨਾਲ ਨਜਿੱਠੋ! ਅਜਿਹਾ ਕਿਉਂ ਹੈ, ਇਸ ਨੂੰ ਸਮਝਣ ਲਈ ਅੰਕੜਿਆਂ ਦੇ ਸੱਜਰੇ ਸੈੱਟ ’ਤੇ ਗ਼ੌਰ ਫਰਮਾਓ ਜਿਸ ਵਿਚ ਜੁਲਾਈ-ਸਤੰਬਰ ਤਿਮਾਹੀ ਵਿਚ ਜੀਡੀਪੀ ਦਾ ਵਾਧਾ 7.6 ਫ਼ੀਸਦ ਹੋਣ ਦਾ ਅਨੁਮਾਨ ਹੈ ਅਤੇ ਉਨ੍ਹਾਂ ਖੇਤਰਵਾਰ ਅੰਕੜਿਆਂ ਨੂੰ ਚੁੱਕੋ ਜੋ ਮੂਲ ਰੂਪ ਵਿਚ ਕੁੱਲ ਅੰਕਾਂ ਨੂੰ ਸਹਾਰਾ ਦਿੰਦੇ ਹਨ: ਨਿਰਮਾਣ ਖੇਤਰ ਵਿਚ ਇਕ ਸਾਲ ਪਹਿਲਾਂ ਦੇ ਮੁਕਾਬਲੇ 13.9 ਫ਼ੀਸਦ ਵਾਧਾ ਹੋਇਆ ਹੈ ਜੋ ਆਪਣੇ ਆਪ ਵਿਚ ਗ਼ੈਰ-ਮਾਮੂਲੀ ਹੈ ਅਤੇ ਹੋਰਨਾਂ ਖੇਤਰਾਂ ਦੀਆਂ ਵਾਧਾ ਦਰਾਂ ਨਾਲੋਂ ਕਾਫ਼ੀ ਉਤਾਂਹ ਹੈ।
ਹੋਇਆ ਇੰਝ ਹੈ ਕਿ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਨਿਰਮਾਣ ਖੇਤਰ 3.8 ਫ਼ੀਸਦ ਸੁੰਗੜ ਗਿਆ ਸੀ ਜਿਸ ਨਾਲ ਇਸ ਸਾਲ ਲਈ ਬਹੁਤ ਨੀਵਾਂ ਆਧਾਰ ਪੈਦਾ ਹੋ ਗਿਆ ਸੀ। ਸੱਜਰੀ ਤਿਮਾਹੀ ਅਤੇ ਸਾਲ ਪਹਿਲਾਂ ਦੇ ਅੰਕੜਿਆਂ ਦਾ ਮਿਲਾਨ ਕਰਨ ’ਤੇ ਤੁਹਾਨੂੰ (13.9-3.8 =) 10.1 ਫ਼ੀਸਦ ਵਾਧੇ ਦੀ ਦਰ ਹਾਸਲ ਹੁੰਦੀ ਹੈ ਜਾਂ ਇਨ੍ਹਾਂ ’ਚੋਂ ਹਰ ਇੱਕ ਤਿਮਾਹੀ ਲਈ ਔਸਤਨ 5 ਫ਼ੀਸਦ। ਪੱਤਰਕਾਰੀ ਦੀ ਸ਼ਾਰਟਹੈਂਡ ਦੀ ਖੁੱਲ੍ਹ ਦਾ ਫ਼ਾਇਦਾ ਲੈਂਦਿਆਂ ਜੇ 13.9 ਫ਼ੀਸਦ ਦੇ ਅੰਕੜੇ ਦਾ ਸਾਧਾਰਨੀਕਰਨ ਕਰਦਿਆਂ ਇਸ ਨੂੰ 5 ਫ਼ੀਸਦ ਕਰ ਦਿੱਤਾ ਜਾਵੇ ਤਾਂ ਸੱਜਰੀ ਤਿਮਾਹੀ ਵਿਚ ਜੀਡੀਪੀ ਵਿਚ ਵਾਧੇ ਦੀ ਦਰ 7.6 ਫ਼ੀਸਦ ਤੋਂ ਘਟ ਕੇ ਕਰੀਬ 6 ਫ਼ੀਸਦ ਰਹਿ ਜਾਵੇਗੀ। ਇਸ ਲਈ ਜੀਡੀਪੀ ਦੇ ਅੰਕੜੇ ਦੇਖਦਿਆਂ ਪਹਿਲੀ ਚਿਤਾਵਨੀ ਇਹ ਹੈ ਕਿ ਅਸਾਧਾਰਨ ਕਾਰਗੁਜ਼ਾਰੀ ਦਿਖਾਉਣ ਵਾਲੇ ਖੇਤਰਾਂ ’ਤੇ ਖ਼ਾਸ ਧਿਆਨ ਰੱਖੋ।
ਨਿਰਮਾਣ ਖੇਤਰ ਮਾਪਣ ਵਿਚ ਕੁਝ ਹੋਰ ਮੁੱਦੇ ਵੀ ਜੁੜੇ ਹੋਏ ਹਨ ਪਰ ਸਪੇਸ ਦੀ ਮਜਬੂਰੀ ਕਰ ਕੇ ਇੱਥੇ ਜਿ਼ਆਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਜੀਡੀਪੀ ਦੇ ਪਾਸਾਰ ਵਿਚ ਛੋਟੇ ਛੋਟੇ ਕਈ ਹੋਰ ਬੰਬ ਪਏ ਹਨ, ਮਿਸਾਲ ਦੇ ਤੌਰ ’ਤੇ ਜਿਵੇਂ ਨਾਮਾਤਰ (ਨੋਮੀਨਲ) ਵਿਕਾਸ (ਚਲੰਤ ਕੀਮਤਾਂ ਦੇ ਹਿਸਾਬ ਨਾਲ) ਵਿਚੋਂ ਅਸਲ ਵਿਕਾਸ ਦਰ ਕੱਢਣ ਲਈ ਮਹਿੰਗਾਈ ਦਰ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਕੁਝ ਹੋਰ ਅੰਕੜਿਆਂ ਅੰਦਰ ਆਧਾਰ ਵੀ ਬਹੁਤ ਕਮਜ਼ੋਰ ਰਿਹਾ ਹੈ ਜਿਵੇਂ ਵੱਡਾ ਗ਼ੈਰ-ਜਥੇਬੰਦ ਖੇਤਰ। ਜੀਡੀਪੀ ਵਿਚ ਵਾਧੇ ’ਤੇ ਪਹੁੰਚਣ ਲਈ ਜਿਵੇਂ ਦਰਾਮਦੀ ਵਸਤਾਂ (ਤੇਲ ਆਦਿ) ਦੀਆਂ ਕੀਮਤਾਂ ਵਿਚ ਫੇਰਬਦਲ ਕੀਤਾ ਗਿਆ ਹੈ, ਉਸ ਨਾਲ ਵੀ ਵਿਘਨਕਾਰੀ ਪ੍ਰਭਾਵ ਪਿਆ ਹੈ। ਚਲੰਤ ਤਿਮਾਹੀ ਵਿਚ ਇਨ੍ਹਾਂ ਨੇ ਵੀ ਸਮੁੱਚੀ ਵਾਧੇ ਦੀ ਦਰ ਨੂੰ ਉਭਾਰ ਕੇ ਪੇਸ਼ ਕਰਨ ਵਿਚ ਯੋਗਦਾਨ ਪਾਇਆ ਹੈ। ਕਹਿਣਾ ਪਵੇਗਾ ਕਿ ਕੁੱਲ ਘਰੇਲੂ ਪੈਦਾਵਾਰ ਬਾਰੇ ਭਾਰਤ ਦੇ ਅਧਿਕਾਰਤ ਅੰਕੜਿਆਂ ਦੀ ਥਾਹ ਪਾਉਣਾ ਅਰਥ ਸ਼ਾਸਤਰੀਆਂ ਅਤੇ ਅੰਕੜਾ ਸ਼ਾਸਤਰੀਆਂ ਲਈ ਘੁੰਮਣਘੇਰੀ ਦੀ ਘਰੋਗੀ ਖੇਡ ਬਣ ਗਈ ਹੈ।
ਇਸ ਲਈ ਨਾ ਕੇਵਲ ਤਿਕੜਮ ਲੜਾਈ ਗਈ ਸਗੋਂ ਅੰਕੜਿਆਂ ਦਾ ਸ਼ੋਰ ਵੀ ਹਟਾ ਦਿੱਤਾ ਗਿਆ ਤਾਂ ਕਿ ਇਸ ਦੇ ਸਤਹੀ ਸੰਗੀਤ ਨੂੰ ਬਿਨਾਂ ਕਿਸੇ ਰੋਕ ਟੋਕ ਤੋਂ ਸੁਣਿਆ ਜਾਵੇ। ਅੰਕੜਿਆਂ ਵਿਚ ਉਕਤਾਈ ਪੱਖੋਂ ਕੋਵਿਡ ਦੀ ਕਾਫ਼ੀ ਭੂਮਿਕਾ ਰਹੀ ਹੈ। ਮਿਸਾਲ ਦੇ ਤੌਰ ’ਤੇ ਪਿਛਲੇ ਸਾਲ ਦੀ 7.2 ਫ਼ੀਸਦ ਵਾਧੇ ਦੀ ਦਰ ਨੂੰ ਪਹਿਲੀ ਤਿਮਾਹੀ ਵਿਚ ਕੋਵਿਡ ਦੇ ਨਿਘਾਰ ਤੋਂ ਹੋਏ ਉਭਾਰ ਦਾ ਫਾਇਦਾ ਮਿਲਿਆ ਸੀ। ਮਹਾਮਾਰੀ ਕਰ ਕੇ ਲੱਗੇ ਇਸ ਤਰ੍ਹਾਂ ਦੇ ਝਟਕੇ ਹੁਣ ਪਿਛਾਂਹ ਰਹਿ ਗਏ ਹਨ ਪਰ ਭਾਰਤ ਦੀ ਅੰਕੜਾ ਪ੍ਰਣਾਲੀ ਅਤੇ ਡੇਟਾ ਬੇਸ ਨਾਲ ਜੁੜੀਆਂ ਹੋਈਆਂ ਦੀਰਘਕਾਲੀ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ।
ਇਹ ਦੋਤਰਫ਼ਾ ਮਾਮਲਾ ਹੈ। ਜੇ ਕਿਸੇ ਖਾਸ ਅਰਸੇ ਦੇ ਅੰਕੜੇ ਵਧਾ ਚੜ੍ਹਾ ਕੇ ਪੇਸ਼ ਕੀਤੇ ਜਾਂਦੇ ਹਨ ਤਾਂ ਦੂਜੇ ਅਰਸੇ ਦੇ ਅੰਕੜੇ ਦਬ ਜਾਂਦੇ ਹਨ। ਇਸ ਲਈ ਭਾਵੇਂ ਪਿਛਲੇ ਸਾਲ 7.2 ਫ਼ੀਸਦ ਅਤੇ ਇਸ ਸਾਲ ਪਹਿਲੀ ਤਿਮਾਹੀ ਵਿਚ ਜੀਡੀਪੀ ਵਿਚ 7.7 ਫ਼ੀਸਦ ਵਾਧਾ ਬਾਕਮਾਲ ਰਿਹਾ ਹੈ ਪਰ ਅੰਤਰ-ਨਿਹਿਤ ਹਕੀਕਤ ਕਾਫ਼ੀ ਸਾਵੀਂ ਬਣੀ ਹੋਈ ਹੈ ਅਤੇ ਆਉਣ ਵਾਲੀਆਂ ਤਿਮਾਹੀਆਂ ਵਿਚ ਵਿਕਾਸ ਦਰ 6 ਫ਼ੀਸਦ ਦੇ ਨੇੜੇ ਤੇੜੇ ਰਹਿਣ ਦਾ ਅਨੁਮਾਨ ਹੈ। ਇਹ ਅਖ਼ੀਰਲਾ ਅੰਕੜਾ ਭਾਰਤ ਦੀ ਦੀਰਘਕਾਲੀ ਵਿਕਾਸ ਦਰ ਦੇ ਵਧੇਰੇ ਕਰੀਬ ਹੋ ਸਕਦਾ ਹੈ; ਜੇ ਤੁਸੀਂ ਕੁਝ ਜਿ਼ਆਦਾ ਹਾਂ ਪੱਖੀ ਹੋ ਤਾਂ ਇਹ ਥੋੜ੍ਹੀ ਜਿ਼ਆਦਾ ਅਤੇ ਜੇ ਤੁਹਾਨੂੰ ਵਧੇਰੇ ਸ਼ੱਕ ਹੁੰਦਾ ਹੈ ਤਾਂ ਇਹ ਥੋੜ੍ਹੀ ਘੱਟ ਸਕਦੀ ਹੈ।
ਆਸ਼ਾਵਾਦ ਦਾ ਕਾਰਨ ਇਹ ਹੈ ਕਿ ਅਰਥਚਾਰੇ ਦੀਆਂ ਸੁੱਤੀਆਂ ਕਲਾਵਾਂ ਜਗਾਉਣ ਲਈ ਨਿੱਜੀ ਨਿਵੇਸ਼ ਨੇ ਅਜੇ ਜ਼ੋਰ ਫੜਨਾ ਹੈ। ਸੰਦੇਹ ਦਾ ਕਾਰਨ ਇਸ ਤੱਥ ਵਿਚ ਪਿਆ ਹੈ ਕਿ ਹਾਲਾਂਕਿ ਜੀਡੀਪੀ ਦੇ ਅੰਕੜਿਆਂ ਵਿਚ ਨਿੱਜੀ ਖਪਤ ਵਿਚ ਵਾਧੇ ਦੀ ਦਰ ਉਮੀਦ ਤੋਂ ਨੀਵੀਂ ਦਰਸਾਈ ਗਈ ਹੈ ਅਤੇ ਜੋ ਵੀ ਦਰ ਹੈ, ਉਹ ਵੀ ਨਿੱਜੀ ਕਰਜਿ਼ਆਂ ਵਿਚ ਆਏ ਉਛਾਲ ਕਰ ਕੇ ਬਣੀ ਹੋਈ ਹੈ ਜੋ ਲੰਮਾ ਸਮਾਂ ਨਹੀਂ ਟਿਕ ਸਕੇਗੀ। ਜਿਹੜੇ ਖਪਤਕਾਰ ਕਰਜ਼ੇ ਚੁੱਕ ਕੇ ਖਰੀਦਾਰੀ ਕਰਦੇ ਹਨ, ਉਹ ਆਉਣ ਵਾਲੀਆਂ ਤਿਮਾਹੀਆਂ ਵਿਚ ਕਰਜ਼ੇ ਦੀਆਂ ਕਿਸ਼ਤਾਂ ਭਰਦੇ ਰਹਿ ਜਾਂਦੇ ਹਨ, ਖਪਤ ਕਰਨ ਤੋਂ ਰਹਿ ਜਾਂਦੇ ਹਨ। ਖਪਤ ਵਿਚ ਵਾਧੇ ਦੀ ਦਰ ਦੀ ਨਿਰੰਤਰ ਕਮੀ ਜੀਡੀਪੀ ਦੇ ਅੰਕੜੇ ਉੱਠਣ ਨਹੀਂ ਦੇਵੇਗੀ ਅਤੇ ਨਿਵੇਸ਼ ਨੂੰ ਹੁਲਾਰਾ ਵੀ ਨਹੀਂ ਮਿਲ ਸਕੇਗਾ।
ਇਸ ਸਭ ਕਾਸੇ ਦੇ ਬਾਵਜੂਦ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਆਰਥਿਕ ਵਾਧੇ ਦੇ ਲਿਹਾਜ਼ ਤੋਂ ਭਾਰਤੀ ਅਰਥਚਾਰਾ ਫਿਲਹਾਲ ਚੰਗੀ ਖ਼ਬਰ ਬਣਿਆ ਹੋਇਆ ਹੈ। ਇਹ ਆਲਮੀ ਅਰਥਚਾਰੇ ਦੇ ਵਾਧੇ ਨਾਲੋਂ ਲਗਭਗ ਦੁੱਗਣੀ ਰਫ਼ਤਾਰ ਨਾਲ ਵਿਕਾਸ ਕਰ ਰਿਹਾ ਹੈ ਅਤੇ ਇਸ ਦੀ ਕਾਰਗੁਜ਼ਾਰੀ ਹੋਰ ਵੱਡੇ ਅਰਥਚਾਰਿਆਂ ਨਾਲੋਂ ਬਿਹਤਰ ਹੈ; ਤੇ ਇਸ ਕਰ ਕੇ ਨਿਰੰਤਰ ਤੁਪਕੇ ਵਾਂਗ ਤਿਮਾਹੀ ਦਰ ਤਿਮਾਹੀ ਇੱਥੇ ਅਤੇ ਬਾਹਰ ਵੀ ਇਹ ਖ਼ਬਰ ਦਰਜ ਹੋ ਰਹੀ ਹੈ ਕਿ ਇਹ ਦਹਾਕਾ ਭਾਰਤੀ ਅਰਥਚਾਰੇ ਦਾ ਦਹਾਕਾ ਸਾਬਿਤ
ਹੋ ਸਕਦਾ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।