For the best experience, open
https://m.punjabitribuneonline.com
on your mobile browser.
Advertisement

ਕਥਾ ਇੱਕ ਮਜਮੇਬਾਜ਼ ਲੋਕ-ਨਾਇਕ ਦੀ...

07:16 AM Feb 06, 2024 IST
ਕਥਾ ਇੱਕ ਮਜਮੇਬਾਜ਼ ਲੋਕ ਨਾਇਕ ਦੀ
Advertisement

ਸੁਰਿੰਦਰ ਸਿੰਘ ਤੇਜ

Advertisement

ਫਰਵਰੀ 2022 ਵਿੱਚ ਯੂਕਰੇਨ ਉੱਪਰ ਰੂਸੀ ਹਮਲੇ ਤੋਂ ਨੌਂ ਮਹੀਨੇ ਬਾਅਦ ਅਮਰੀਕੀ ਰਸਾਲੇ ‘ਟਾਈਮ’ ਦੇ ਨਾਮਾਨਿਗਾਰ ਸਾਇਮਨ ਸ਼ੂਸਟਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੀ ਰੇਲ ਗੱਡੀ ’ਤੇ ਸਫ਼ਰ ਕਰਨ ਦਾ ਮੌਕਾ ਮਿਲਿਆ। ਇਸ ਗੱਡੀ ਦੀ ਸਵਾਰੀ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ। ਜ਼ੇਲੈਂਸਕੀ ਇਸ ਗੱਡੀ ਰਾਹੀਂ ਪੂਰਬ ’ਚ ਸਰਹੱਦੀ ਮੋਰਚਿਆਂ ਵੱਲ ਜਾ ਰਿਹਾ ਸੀ। ਇਹ ਉਹ ਦਿਨ ਸਨ ਜਦੋਂ ਰੂਸ ਤੇ ਯੂਕਰੇਨ ਵੱਲੋਂ ਇੱਕ-ਦੂਜੇ ਦੇ ਇਲਾਕਿਆਂ ਅੰਦਰ ਡਰੋਨ ਹਮਲੇ ਕਰਨ ਦਾ ਦੌਰ ਅਜੇ ਸ਼ੁਰੂ ਨਹੀਂ ਸੀ ਹੋਇਆ। ਜ਼ੇਲੈਂਸਕੀ, ਵਿੰਸਟਨ ਚਰਚਿਲ ਬਾਰੇ ਕਿਤਾਬ ਪੜ੍ਹਨ ਦੇ ਨਾਲ-ਨਾਲ ਲਗਾਤਾਰ ਬਲੈਕ ਕੌਫ਼ੀ ਪੀਂਦਾ ਰਿਹਾ। ਜਦੋਂ ਉਸ ਨੇ ਕਿਤਾਬ ਪਾਸੇ ਰੱਖੀ ਤਾਂ ਸ਼ੂਸਟਰ ਨੇ ਉਸ ਪਾਸੋਂ ਪੁੱਛਿਆ ਕਿ ਵਿੰਸਟਨ ਚਰਚਿਲ ਨੂੰ ਕੀ ਉਹ ਦੂਜੇ ਵਿਸ਼ਵ ਯੁੱਧ ਦਾ ਨਾਇਕ ਮੰਨਦਾ ਹੈ। ਜ਼ੇਲੈਂਸਕੀ ਨੇ ਜਵਾਬ ਦਿੱਤਾ, ‘‘ਬਿਹਤਰ ਇਹ ਹੈ ਕਿ ਆਪਾਂ ਕਿਸੇ ਹੋਰ ਹਸਤੀ ਬਾਰੇ ਗੱਲ ਕਰੀਏ।’’ ‘‘ਕਿਹੜੀ ਹਸਤੀ?’’ ਸ਼ੂਸਟਰ ਨੇ ਹੈਰਾਨੀ ਨਾਲ ਇਹ ਸਵਾਲ ਕੀਤਾ ਤਾਂ ਯੂਕਰੇਨੀ ਰਾਸ਼ਟਰਪਤੀ ਬੋਲਿਆ, ‘‘ਚਾਰਲੀ ਚੈਪਲਿਨ।’’ ਫਿਰ ਆਪ ਹੀ ਦੱਸਣ ਲੱਗਾ, ‘‘ਚੈਪਲਿਨ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਫਾਸਿਸਟਾਂ ਨੂੰ ਪਛਾੜਨ ਲਈ ਗਿਆਨ ਤੇ ਸੰਚਾਰ ਵਿਧੀਆਂ ਵਰਗੇ ਹਥਿਆਰਾਂ ਦੀ ਵਰਤੋਂ ਸ਼ਾਨਦਾਰ ਢੰਗ ਨਾਲ ਕੀਤੀ। ਉਹ ਚਰਚਿਲ ਨਾਲੋਂ ਬਿਹਤਰ ਪ੍ਰਚਾਰਕ ਤੇ ਸੰਚਾਰਕ ਸੀ। ਹੁਣ ਜ਼ਮਾਨਾ ਬਦਲ ਚੁੱਕਾ ਹੈ। ਮੈਂ ਚੈਪਲਿਨ ਵਰਗੀ ਕਲਾਕਾਰੀ ਤਾਂ ਦੁਹਰਾਅ ਨਹੀਂ ਸਕਦਾ, ਪਰ ਸ਼ਬਦਾਂ ਤੇ ਅਕਸਾਂ ਨਾਲ ਖੇਡਣ ਦੀ ਕਲਾ ਜ਼ਰੂਰ ਸਿੱਖੀ ਹੋਈ ਹੈ। ਮੈਂ ਇਸ ਕਲਾ ਰਾਹੀਂ ਰੂਸ ਖ਼ਿਲਾਫ਼ ਦੁਨੀਆਂ ਭਰ ਵਿੱਚ ਜਨ-ਜਾਗ੍ਰਿਤੀ ਲਿਆਉਣੀ ਚਾਹੁੰਦਾ ਹਾਂ।
ਅਜਿਹੀਆਂ ਕਹਾਣੀਆਂ ਨਾਲ ਭਰਪੂਰ ਹੈ ਸ਼ੂਸਟਰ ਦੀ ਕਿਤਾਬ ‘‘ਦਿ ਸ਼ੋਅਮੈਨ (ਵਿਲੀਅਮ ਮੌਰੋ ਪਬਲਿਸ਼ਿੰਗ/ਹਾਰਪਰ ਕੌਲਿਨਜ਼; 363 ਪੰਨੇ; 799 ਰੁਪਏ) ਇਹ ਰੂਸੀ ਹਮਲੇ ਤੋਂ ਬਾਅਦ ਦੇ ਜ਼ੇਲੈਂਸਕੀ ਦੇ ਕਾਰਜਕਾਲ ਅਤੇ ਇਸ ਸੰਕਟਮਈ ਸਮੇਂ ਦੌਰਾਨ ਉਸ ਦੀਆਂ ਕਾਰਜ-ਵਿਧੀਆਂ ਦਾ ਧੁਰ-ਅੰਦਰਲਾ ਬਿਰਤਾਂਤ ਪੇਸ਼ ਕਰਦੀ ਹੈ। ਨਾਲ ਹੀ ਇਹ ਦੱਸਦੀ ਹੈ ਕਿ ਜ਼ੇਲੈਂਸਕੀ ਜੇਕਰ ਯੁੱਧ-ਨਾਇਕ ਵਜੋਂ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ ਤਾਂ ਇਸ ਕਾਮਯਾਬੀ ਵਿੱਚ ਮਜਮੇਬਾਜ਼ੀ ਜਾਂ ਸ਼ੋਅਮੈਨਸ਼ਿਪ ਦਾ ਕਿੰਨਾ ਯੋਗਦਾਨ ਹੈ। ਸ਼ੂਸਟਰ ਜਰਮਨ ਮੂਲ ਦਾ ਅਮਰੀਕੀ ਨਾਗਰਿਕ ਹੈ। ਉਹ 2009 ਤੋਂ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਨਾਮਾਨਿਗਾਰ ਵਜੋਂ ਤਾਇਨਾਤ ਹੈ। ਪਹਿਲਾਂ ਚਾਰ ਵਰ੍ਹੇ ‘ਦਿ ਇਕੌਨੋਮਿਸਟ’ ਦੇ ਵਿਸ਼ੇਸ਼ ਸੰਵਾਦਦਾਤਾ ਵਜੋਂ ਅਤੇ 2013 ਤੋਂ ‘ਟਾਈਮ’ ਦੇ ਬਿਊਰੋ ਚੀਫ ਵਜੋਂ। ਅੰਗਰੇਜ਼ੀ ਤੇ ਜਰਮਨ ਵਿੱਚ ਮੁਹਾਰਤ ਤੋਂ ਇਲਾਵਾ ਉਕਰਾਇਨੀ (ਯੂਕਰੇਨੀ) ਤੇ ਰੂਸੀ ਭਾਸ਼ਾਵਾਂ ਉਹ ਚੰਗੀ ਤਰ੍ਹਾਂ ਬੋਲ-ਸਮਝ ਲੈਂਦਾ ਹੈ। ਇਨ੍ਹਾਂ ਚੌਹਾਂ ਭਾਸ਼ਾਵਾਂ ਦਾ ਜ਼ੇਲੈਂਸਕੀ ਵੀ ਪੂਰਾ ਗਿਆਤਾ ਹੈ। ਇਹ ਭਾਸ਼ਾਈ ਸਾਂਝ 2019 ਤੋਂ ਦੋਵਾਂ ਦੀ ਦੋਸਤੀ ਦੀ ਮੁੱਖ ਕੜੀ ਬਣੀ ਹੋਈ ਹੈ। ਹੋਰਨਾਂ ਵਿਦੇਸ਼ੀ ਨਾਮਾਨਿਗਾਰਾਂ ਦੇ ਮੁਕਾਬਲੇ ਸ਼ੂਸਟਰ ਨਾਲ ਗੱਲਬਾਤ ਕਰਦਿਆਂ ਜ਼ੇਲੈਂਸਕੀ ਵੱਧ ਸਹਿਜ ਤੇ ਵੱਧ ਬੇਤਕਲੁੱਫ ਹੁੰਦਾ ਹੈ। ਸ਼ੂਸਟਰ ਪਹਿਲਾ ਵਿਦੇਸ਼ੀ ਪੱਤਰਕਾਰ ਸੀ ਜਿਸ ਨੇ 2019 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਸ ਅਹੁਦੇ ਦੇ ਪ੍ਰਮੁੱਖ ਦਾਅਵੇਦਾਰ ਜ਼ੇਲੈਂਸਕੀ ਨੂੰ ਇੰਟਰਵਿਊ ਕੀਤਾ, ਉਹ ਵੀ ਉਸ ਦੀ ਫਿਲਮ ਤੇ ਟੀਵੀ ਪ੍ਰੋਗਰਾਮ ਨਿਰਮਾਣ ਕੰਪਨੀ ‘ਕਵਾਰਤਲ 95’ ਦੇ ਮੁੱਖ ਸਟੂਡੀਓ ਅੰਦਰ। ਇਸ ਇੰਟਰਵਿਊ ਨੇ ਦੋਵਾਂ ਦਰਮਿਆਨ ਨੇੜਤਾ ਪੈਦਾ ਕੀਤੀ ਜੋ ਲਗਾਤਾਰ ਵਧਦੀ ਗਈ। ਜ਼ੇਲੈਂਸਕੀ ਦੇ ਸੰਯੁਕਤ ਰਾਸ਼ਟਰ ਜਾਂ ਅਮਰੀਕਾ ਦੌਰਿਆਂ ਸਮੇਂ ਸ਼ੂਸਟਰ ਉਸ ਦੇ ਪਰਛਾਵੇਂ ਵਾਂਗ ਵਿਚਰਦਾ ਰਿਹਾ ਹੈ। ਉਹ ਇਸ ਨੇੜਤਾ ਦਾ ਵਰਣਨ ਵੀ ਖੁੱਲ੍ਹ ਕੇ ਕਰਦਾ ਹੈ; ਸ਼ੇਖੀ ਨਾਲ ਨਹੀਂ, ਸੁਹਜਮਈ ਸਲੀਕੇ ਨਾਲ। ਉਹ ਲਿਖਦਾ ਹੈ ਕਿ ਉਸ ਨੇ 2019 ਵਿੱਚ ਇਹ ਕਿਆਸਿਆ ਤੱਕ ਨਹੀਂ ਸੀ ਕਿ ਜ਼ੇਲੈਂਸਕੀ ਆਪਣੀ ਮਜਮੇਬਾਜ਼ੀ ਰਾਹੀਂ ਦੁਨੀਆਂ ਭਰ ਦਾ ਧਿਆਨ ਖਿੱਚਣ ਪੱਖੋਂ ਏਨਾ ਕਾਮਯਾਬ ਸਾਬਤ ਹੋਵੇਗਾ। ਇਸ ਪ੍ਰਸੰਗ ਵਿੱਚ ਉਹ ਅਮਰੀਕੀ ਕਾਂਗਰਸ (ਪਾਰਲੀਮੈਂਟ) ਨੂੰ ਜ਼ੇਲੈਂਸਕੀ ਦੇ ਪਹਿਲੇ ਸੰਬੋਧਨ ਦਾ ਹਵਾਲਾ ਦਿੰਦਾ ਹੈ ਅਤੇ ਲਿਖਦਾ ਹੈ ਕਿ ਉਸ ਦੀ ਲੱਫਾਜ਼ੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਏਨਾ ਸੰਮੋਹਿਤ ਕੀਤਾ ਕਿ ਪਹਿਲੇ 20 ਮਿੰਟਾਂ ਦੌਰਾਨ ਮੈਂਬਰਾਂ ਨੇ 13 ਵਾਰ ਖੜ੍ਹੇ ਹੋ ਕੇ ਉਸ ਦੀ ਫ਼ਿਕਰੇਬਾਜ਼ੀ ਨੂੰ ਦਾਦ ਦਿੱਤੀ। ਸ਼ੂਸਟਰ ਲਿਖਦਾ ਹੈ: ‘‘ਵਾਹ-ਵਾਹੀ ਖੱਟਣ ਦੀ ਜਿਹੜੀ ਕਲਾ ਜ਼ੇਲੈਂਸਕੀ ਕੋਲ ਹੈ, ਉਹ ਬਹੁਤ ਘੱਟ ਆਲਮੀ ਨੇਤਾਵਾਂ ਦੇ ਹਿੱਸੇ ਆਈ ਹੈ।’’
ਕਿਤਾਬ ਜ਼ੇਲੈਂਸਕੀ ਦੇ ਮੁੱਢਲੇ ਜੀਵਨ ਦਾ ਬਿਆਨ ਸੰਖੇਪ ਵਿੱਚ ਕਰਦੀ ਹੈ। ਇਹ ਵੀ ਦੱਸਦੀ ਹੈ ਕਿ 2009 ਵਿੱਚ ਸ਼ੁਰੂ ਹੋਏ ਕਾਮੇਡੀ ਸ਼ੋਅ ਨੇ ਮਜਮੇਬਾਜ਼ੀ ਦੇ ਉਸ ਅੰਦਰ ਨਿਹਿਤ ਹੁਨਰ ਨੂੰ ਕਿਵੇਂ ਮੌਲਣ, ਪਲਰਨ ਤੇ ਨਿਖਰਨ ਦੇ ਅਵਸਰ ਪ੍ਰਦਾਨ ਕੀਤੇ ਅਤੇ ਫਿਰ ਕਿਵੇਂ ਇਹ ਸ਼ੋਅ 2017 ਤੋਂ 2019 ਤੱਕ ਉਸ ਦੇ ਰਾਜਸੀ ਪ੍ਰਚਾਰ ਦਾ ਮੁੱਖ ਸਰੋਤ ਬਣਿਆ ਜਾਂ ਬਣਾਇਆ ਗਿਆ। ਸ਼ੂਸਟਰ ਮੁਤਾਬਿਕ, ‘ਪੰਜ ਵਰ੍ਹੇ ਪਹਿਲਾਂ ਉਹ ਸਿਰਫ਼ ਕਾਮੇਡੀਅਨ ਜ਼ੇਲੈਂਸਕੀ ਸੀ। 2019 ਵਿੱਚ ਰਾਸ਼ਰਪਤੀ ਚੁਣੇ ਜਾਣ ਸਮੇਂ 31 ਫੀਸਦੀ ਵੋਟਰ ਉਸ ਨੂੰ ਇਸ ਅਹੁਦੇ ਦੇ ਕਾਬਲ ਮੰਨਦੇ ਸਨ, ਪਰ ਫਰਵਰੀ 2022 ਵਿੱਚ ਰੂਸ ਨਾਲ ਜੰਗ ਛਿੜਨ ਸਮੇਂ ਉਸ ਦੀ ਮਕਬੂਲੀਅਤ 81% ਤੱਕ ਜਾ ਪਹੁੰਚੀ।’ ਸ਼ੂਸਟਰ ਅਨੁਸਾਰ, ‘‘ਤਿੰਨ ਵਰ੍ਹਿਆਂ ਤੋਂ ਵੀ ਘੱਟ ਸਮੇਂ ਦੌਰਾਨ ਉਹ ਚਿਕਨੇ-ਚੁਪੜੇ ਕਾਮੇਡੀਅਨ ਤੋਂ ਜੰਗੀ ਨਾਇਕ ਦੇ ਰੁਤਬੇ ’ਤੇ ਜਾ ਪਹੁੰਚਿਆ। ਇਹ ਉਸ ਦੀ ਅਦਾਕਾਰੀ ਤੇ ਮਜਮੇਬਾਜ਼ੀ ਦਾ ਕਮਾਲ ਸੀ ਕਿ ਸਿਰਫ਼ ਫਲੀਸ ਦੇ ਕੱਪੜੇ ਵਾਲੀ ਉਸ ਦੀ ਟੀ-ਸ਼ਰਟ, ਪੱਛਮੀ ਜਗਤ ਦੀ ਨੌਜਵਾਨੀ ਲਈ ਫੈਸ਼ਨ ਤੇ ਜੱਦੋਜਹਿਦ ਦਾ ਪ੍ਰਤੀਕ ਬਣ ਗਈ।’’ ਰੂਸੀ ਹਮਲੇ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਤਾਂ ਉਹ ਜੂਝ ਮਰਨ ਦੇ ਜਜ਼ਬੇ ਦੀ ਮੂਰਤ ਵਜੋਂ ਵਿਚਰਦਾ ਰਿਹਾ, ਖ਼ਾਸ ਤੌਰ ’ਤੇ ਅਮਰੀਕਾ ਤੇ ਯੂਰੋਪੀਅਨ ਸੰਘ (ਈ.ਯੂ.) ਦੇ ਮੈਂਬਰ ਮੁਲਕਾਂ ਦੀਆਂ ਰਾਜਧਾਨੀਆਂ ਵਿੱਚ। ਹਿਜਰਤ ’ਤੇ ਉਤਾਰੂ ਯੂਕਰੇਨ ਵਾਸੀਆਂ ਨੂੰ ਵੀ ਉਹ ‘ਹਾਲਾਤ ਛੇਤੀ ਕਾਬੂ ਵਿੱਚ ਆਉਣ’ ਦਾ ਦਿਲਾਸਾ ਅਸਰਦਾਰ ਢੰਗ ਨਾਲ ਦਿੰਦਾ ਰਿਹਾ। ਟੈਲੀਵਿਜ਼ਨ ਕੈਮਰਿਆਂ ਸਾਹਮਣੇ ਆਉਣ ਤੋਂ ਪਹਿਲਾਂ ਸਹੀ ਮੁਦਰਾਵਾਂ ਤੇ ਸਹੀ ਟਾਈਮਿੰਗ ਹਾਸਿਲ ਕਰਨ ਲਈ ਉਹ ਖ਼ੁਦ ਨੂੰ ਵੰਗਾਰਦਾ ਸੀ: ‘ਤੂੰ ਪ੍ਰਤੀਕ ਏਂ ਸੰਘਰਸ਼ ਦਾ। ਤੈਨੂੰ ਉਹ ਪ੍ਰਭਾਵ ਪੈਦਾ ਕਰਨਾ ਚਾਹੀਦਾ ਹੈ ਜੋ ਯੁੱਧਗ੍ਰਸਤ ਮੁਲਕ ਦੇ ਹੁਕਮਰਾਨ ਦੀ ਸੋਭਾ ਵਧਾਉਣ ਵਾਲਾ ਹੋਣਾ ਚਾਹੀਦਾ ਹੈ, ਘਟਾਉਣ ਵਾਲਾ ਨਹੀਂ।’ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਉਸ ਨੂੰ ਅੜਿੱਕੇ ਵੀ ਖ਼ੂਬ ਪੇਸ਼ ਆਏ, ਪਰ ਉਸ ਦੀ ਮਜਮੇਬਾਜ਼ੀ ਇਨ੍ਹਾਂ ਨੂੰ ਬੇਅਸਰ ਬਣਾਉਣ ਵਿੱਚ ਕਾਰਗਰ ਸਾਬਤ ਹੋਈ।
ਜੰਗ ਸ਼ੁਰੂ ਹੋਣ ਤੋਂ ਹਫ਼ਤਾ ਕੁ ਪਹਿਲਾਂ, ਜਦੋਂ ਯੂਕਰੇਨੀ ਸਰਹੱਦ ਦੇ ਨਾਲ-ਨਾਲ 1.90 ਲੱਖ ਰੂਸੀ ਫ਼ੌਜੀ ਜਮ੍ਹਾਂ ਹੋ ਚੁੱਕੇ ਸਨ ਅਤੇ ਹਜ਼ਾਰ ਕੁ ਰੂਸੀ ਟੈਂਕ ਕਿਸੇ ਵੀ ਵੇਲੇ ਚੜ੍ਹਾਈ ਦਾ ਹੁਕਮ ਮਿਲਣ ਦੀ ਉਮੀਦ ਵਿੱਚ ਸਨ ਤਾਂ ਮਿਊਨਿਖ (ਜਰਮਨੀ) ਵਿੱਚ ‘ਨਾਟੋ’ ਦੇ ਸਿਖ਼ਰ ਸੰਮੇਲਨ ਦੌਰਾਨ ਕਈ ਯੂਰੋਪੀਅਨ ਨੇਤਾਵਾਂ ਨੇ ਜ਼ੇਲੈਂਸਕੀ ਨੂੰ ਪਾਸੇ ਲਿਜਾ ਕੇ ਕੀਵ ਛੱਡਣ ਅਤੇ ਪੈਰਿਸ ਜਾਂ ਬਰਲਿਨ ਵਿੱਚ ਜਲਾਵਤਨ ਸਰਕਾਰ ਕਾਇਮ ਕਰਨ ਦੀ ਸਲਾਹ ਦਿੱਤੀ। ਕੁਝ ਹੋਰ ਨੇ ਉਸ ਨੂੰ ਸਮਝੌਤੇ ਵਾਲਾ ਰੁਖ਼ ਅਖ਼ਤਿਆਰ ਕਰਕੇ ਰੂਸ ਨੂੰ ਕੁਝ ਹੋਰ ਇਲਾਕਾ ਸੌਂਪ ਦੇਣ ਦਾ ਮਸ਼ਵਰਾ ਦਿੱਤਾ। ਜ਼ੇਲੈਂਸਕੀ ਨੇ ਇਹ ਸਾਰੇ ਮਸ਼ਵਰੇ ਦਰਕਿਨਾਰ ਕਰ ਦਿੱਤੇ ਅਤੇ ਜੁਝਾਰੂ ਰੁਖ਼ ਅਪਨਾਉਣ ਨੂੰ ਤਰਜੀਹ ਦਿੱਤੀ। ਰੂਸੀ ਹਮਲੇ ਦੇ ਦੂਜੇ ਦਿਨ ਰਾਸ਼ਟਰਪਤੀ ਦੇ ਮਹੱਲ ਦੇ ਬੰਕਰ ਵਿੱਚੋਂ ਕੀਤੀ ਗਈ ਤਕਰੀਰ ਵਿੱਚੋਂ ਇਹ ਜਜ਼ਬਾ ਪੂਰੇ ਜਲੌਅ ਵਿੱਚ ਨਜ਼ਰ ਆਇਆ। ਇਹ ਤਕਰੀਰ ਉਸ ਨੇ ਆਪਣੇ ਸਮਾਰਟਫੋਨ ’ਤੇ ਰਿਕਾਰਡ ਕਰਵਾਈ। ਅਗਲੇ ਦਿਨ ਉਹ ਫਲੀਸ ਵਾਲੀ ਬੁਨੈਨ ਵਿੱਚ ਨੁਕਸਾਨਗ੍ਰਸਤ ਇਮਾਰਤਾਂ ਦਾ ਮੁਆਇਨਾ ਕਰਦਾ ਨਜ਼ਰ ਆਇਆ ਅਤੇ ਸੜਦੀ-ਬਲਦੀ ਇੱਕ ਇਮਾਰਤ ਦੇ ਬਾਹਰੋਂ ਆਪਣੀ ਤਕਰੀਰ ਰਾਹੀਂ ਉਸ ਨੇ ਯੂਕਰੇਨ ਵਾਸੀਆਂ ਤੇ ਬਾਕੀ ਦੁਨੀਆਂ ਨੂੰ ਸੁਨੇਹਾ ਦਿੱਤਾ: ‘ਮੈਂ ਤੇ ਮੇਰੇ ਸਾਥੀ ਇੱਥੇ ਕੀਵ ਵਿੱਚ ਹੀ ਹਾਂ, ਵਤਨ ਦੀ ਆਜ਼ਾਦੀ ਦੀ ਹਿਫਾਜ਼ਤ ਲਈ। ਯੂਕਰੇਨੀ ਨਾਗਰਿਕਾਂ ਦੇ ਬੇਖ਼ੌਫ਼ ਹੋ ਕੇ ਜਿਊਣ ਦੇ ਹੱਕ ਦੀ ਰਾਖੀ ਲਈ। ਟੈਂਕ ਭਾਵੇਂ ਕਿੰਨੇ ਵੀ ਕਿਉਂ ਨਾ ਆ ਜਾਣ, ਨਾ ਮੈਂ ਕਿਤੇ ਜਾਵਾਂਗਾ ਨਾ ਮੇਰੇ ਸਾਥੀ।’
ਇਸ ਤਰਜ਼ ਦੀ ਨਾਟਕੀਅਤਾ ਨੇ ਜਿੱਥੇ ਯੂਕਰੇਨ ਵਾਸੀਆਂ ਦੀ ਹਿਜਰਤ ਨੂੰ ਠੱਲ੍ਹ ਪਾਈ, ਉੱਥੇ ਬਹੁਤੇ ਪੱਛਮੀ ਮੁਲਕਾਂ ਨੂੰ ਰੂਸ ਉੱਪਰ ਬੰਦਸ਼ਾਂ ਹੋਰ ਸਖ਼ਤ ਬਣਾਉਣ ਅਤੇ ਯੂਕਰੇਨ ਨੂੰ ਹਰ ਕਿਸਮ ਦਾ ਜੰਗੀ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਲਈ ਇਖ਼ਲਾਕੀ ਤੌਰ ’ਤੇ ਮਜਬੂਰ ਕੀਤਾ; ਉਹ ਵੀ ਖ਼ੁਦ ਵੱਲੋਂ ਘੜੇ ਪ੍ਰਤੀਬੰਧਾਂ ਤੇ ਕਾਨੂੰਨੀ ਅੜਿੱਕਿਆਂ ਦੇ ਬਾਵਜੂਦ। ਜ਼ੇਲੈਂਸਕੀ ਨਾ ਤਾਂ ਨੀਤੀਵੇਤਾ ਸੀ, ਨਾ ਹੀ ਦੂਰਅੰਦੇਸ਼ ਡਿਪਲੋਮੈਟ। ਪਰ ਅਦਾਕਾਰੀ ਤੇ ਪੇਸ਼ਕਾਰੀ ਦੇ ਬਿਹਤਰ ਹੁਨਰ ਦੀ ਬਦੌਲਤ ਉਹ ਵਿਸ਼ਵ ਗੁਰੂਆਂ ਵਜੋਂ ਵਿਚਰਦੇ ਪੱਛਮੀ ਰਾਜਨੇਤਾਵਾਂ ਨਾਲੋਂ ਵੱਧ ਨਿਪੁੰਨ ਰਾਬਤਾਕਾਰ ਸਾਬਤ ਹੋਇਆ। ਇਹ ਵੱਖਰੀ ਗੱਲ ਹੈ ਕਿ ਜੰਗ, ਤੀਜੇ ਵਰ੍ਹੇ ਨੇੜੇ ਪੁੱਜਣ ਕਾਰਨ ਉਸ ਦਾ ਸ਼ਖਸੀ ਜਾਦੂ ਹੁਣ ਪਹਿਲਾਂ ਵਰਗਾ ਅਸਰਦਾਰ ਨਹੀਂ ਰਿਹਾ। ਲੋਕ ਉਸ ਨਾਲੋਂ ਟੁੱਟ ਰਹੇ ਹਨ।
ਸ਼ੂਸਟਰ 46 ਵਰ੍ਹਿਆਂ ਦੇ ਜ਼ੇਲੈਂਸਕੀ ਦਾ ਪ੍ਰਸੰਸਕ ਹੈ, ਇਹ ਤੱਥ ਉਸ ਨੇ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਕਬੂਲਦਾ ਹੈ ਕਿ ਜ਼ੇਲੈਂਸਕੀ ਨਾਲ ਨੇੜਤਾ ਕਾਰਨ ਉਸ ਦੀ ਲੇਖਣੀ ਖ਼ੁਸ਼ਾਮਦੀ ਸੁਰ ਤੋਂ ਬਚ ਨਹੀਂ ਸਕੀ। ਪਰ ਨਾਲ ਹੀ ਉਹ ਕਹਿੰਦਾ ਹੈ ਕਿ ਪਿਛਲੇ ਪੰਜ ਵਰ੍ਹਿਆਂ ਦੌਰਾਨ ਉਸ ਨੇ ਇੱਕ ਵੀ ਯੂਕਰੇਨੀ ਨੇਤਾ ਅਜਿਹਾ ਨਹੀਂ ਦੇਖਿਆ ਜੋ ਜ਼ੇਲੈਂਸਕੀ ਜਿੰਨਾ ਦਲੇਰ ਹੋਵੇ। ਅਜਿਹੀ ਰਾਇ ਦੇ ਬਾਵਜੂਦ ਉਹ ਜ਼ੇਲੈਂਸਕੀ ਦੇ ਆਲੋਚਕਾਂ ਦੀ ਇਸ ਰਾਇ ਨਾਲ ਮੁਤਫ਼ਿਕ ਹੈ ਕਿ ਰਾਸ਼ਟਰਪਤੀ ਵਿੱਚ ਦੂਰਅੰਦੇਸ਼ੀ ਦੀ ਘਾਟ ਹੈ, ਉਹ ਅੱਜ ਜਾਂ ਹੁਣ ਦੀ ਸੋਚਦਾ ਹੈ, ਭਵਿੱਖਮੁਖੀ ਫੈਸਲੇ ਨਹੀਂ ਲੈ ਸਕਦਾ। ਇਸ ਪ੍ਰਸੰਗ ਵਿੱਚ ਉਹ ਰੂਸੀ ਹਮਲੇ ਤੋਂ ਪੂਰਬਲੇ ਦਿਨਾਂ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਾ ਹੈ: ਜਦੋਂ ਕੁਝ ਵਿਰੋਧੀ ਨੇਤਾ ਤੇ ਖ਼ਾਸ ਕਰਕੇ ਦੋ ਸਾਬਕਾ ਰਾਸ਼ਟਰਪਤੀ, ਜ਼ੇਲੈਂਸਕੀ ਨੂੰ ਜੰਗੀ ਤਿਆਰੀਆਂ ਵਿੱਚ ਜੁਟਣ ਲਈ ਕਹਿ ਰਹੇ ਸਨ ਤਾਂ ਜ਼ੇਲੈਂਸਕੀ ਇਹ ਯਕੀਨਦਹਾਨੀ ਵਾਰ ਵਾਰ ਦੁਹਰਾਅ ਰਿਹਾ ਸੀ ਕਿ ਰੂਸੀ ਨੇਤਾ ਵਲਾਦੀਮੀਰ ਪੂਤਿਨ ਨਾਲ ਇੱਕ ਸਿੱਧੀ ਮੁਲਾਕਾਤ ਰਾਹੀਂ ਉਹ ਸਾਰੇ ਮਸਲੇ ਹੱਲ ਕਰਵਾ ਲਵੇਗਾ। ਇਹ ਸੋਚ ਕਿੰਨੀ ਗ਼ਲਤ ਸੀ, ਇਸ ਦੇ ਨਤੀਜੇ ਹੁਣ ਦੁਨੀਆ ਭਰ ਦੇ ਸਾਹਮਣੇ ਹਨ। ਸ਼ੂਸਟਰ ਇਹ ਵੀ ਲਿਖਦਾ ਹੈ ਕਿ ਜ਼ੇਲੈਂਸਕੀ ਇਤਫ਼ਾਕ-ਰਾਇ ਦੇ ਸੰਕਲਪ ਨੂੰ ਮਹੱਤਵ ਦੇਣ ਲਈ ਤਿਆਰ ਨਹੀਂ। ਸਮੂਹਿਕ ਸੋਚ ’ਤੇ ਅਮਲ ਕਰਨਾ ਉਸ ਦੀ ਮਨੋਬਣਤਰ ਦਾ ਹਿੱਸਾ ਹੀ ਨਹੀਂ। ਇਹ ਅਵਗੁਣ ਉਸ ਨੂੰ ਤਾਨਾਸ਼ਾਹੀ ਵੱਲ ਤੋਰ ਰਿਹਾ ਹੈ। ਪਿਛਲੇ ਦੋ ਸਾਲਾਂ ਦੌਰਾਨ ਉਸ ਨੇ ਵਿਰੋਧੀ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਸਿਰਫ਼ ਇੱਕ ਮੀਟਿੰਗ ਕੀਤੀ ਹੈ, ਉਹ ਵੀ ਰੂਸੀ ਹਮਲੇ ਦੇ ਸ਼ੁਰੂ ’ਚ। ਇਸੇ ਤਰ੍ਹਾਂ ਸੰਚਾਰ ਮੀਡੀਆ ਦੇ ਸਾਰੇ ਸਾਧਨ ਉਹ ਆਪਣੀ ਮੁੱਠੀ ਵਿੱਚ ਰੱਖਣ ਵਾਸਤੇ ਹਰ ਹੀਲਾ ਵਰਤਦਾ ਆ ਰਿਹਾ ਹੈ। ਸਾਰੇ ਯੂਕਰੇਨੀ ਟੈਲੀਵਿਜ਼ਨ, ਨੈੱਟਵਰਕ ਤੇ ਰੀਡੀਓ ਚੈਨਲ ਉਸ ਦੀ ਬੋਲੀ ਬੋਲਣ ਲਈ ਮਜਬੂਰ ਹਨ। ਇਹੋ ਹਾਲ ਪ੍ਰਿੰਟ ਮੀਡੀਆ ਦਾ ਹੈ। ਇਹੋ ਕਾਰਨ ਹੈ ਕਿ ਮੁਲਕ ਵਿੱਚ ਭ੍ਰਿਸ਼ਟਾਚਾਰ, ਜਿਸ ਦਾ ਖ਼ਾਤਮਾ ਕਰਨ ਦੇ ਵਾਅਦੇ ਨਾਲ ਉਹ ਸੱਤਾ ਵਿੱਚ ਆਇਆ ਸੀ, ਬਹੁਤ ਤੇਜ਼ੀ ਨਾਲ ਵਧਿਆ ਹੈ। ਸਭ ਤੋਂ ਵੱਡਾ ਸਕੈਂਡਲ ਜੰਗੀ ਸਾਜ਼ੋ-ਸਾਮਾਨ ਤੇ ਗੋਲੀ-ਸਿੱਕੇ ਦੀ ਖ਼ਰੀਦ ਵਿੱਚ ਘਪਲੇ ਦਾ ਰਿਹਾ। ਇਸ ਦੇ ਬੇਪਰਦ ਹੋਣ ’ਤੇ ਸਤੰਬਰ 2023 ਵਿੱਚ ਰੱਖਿਆ ਮੰਤਰੀ ਓਲੈਕਸੀ ਰੈਜ਼ਨਿਕੋਵ ਨੂੰ ਬਰਤਰਫ਼ ਕਰਨਾ ਪਿਆ ਅਤੇ ਫਿਰ ਦਸੰਬਰ ਮਹੀਨੇ ਛੇ ਉਪ ਰੱਖਿਆ ਮੰਤਰੀਆਂ ਨੂੰ। ਮਾਮਲਾ ਇੱਥੇ ਹੀ ਮੁੱਕਿਆ ਨਹੀਂ: ਇਹੋਰ ਕੋਲੋਮੌਸਕੀ, ਜੋ ਕਿ ਯੂਕਰੇਨ ਦਾ ਪ੍ਰਮੁੱਖ ਧਨ-ਕੁਬੇਰ ਤੇ ਜ਼ੇਲੈਂਸਕੀ ਦਾ ਮੁੱਖ ਵਿੱਤੀ ਸਰਪ੍ਰਸਤ ਸੀ, ਬਹੁਤ ਵੱਡੇ ਫਰਾਡ ਵਿੱਚ ਲਿਪਤ ਹੋਣ ਕਾਰਨ ਹੁਣ ਬੰਦੀਗ੍ਰਹਿ ਵਿੱਚ ਪਹੁੰਚਿਆ ਹੋਇਆ ਹੈ। ਉਸ ਦੀ ਨਾ-ਮੌਜੂਦਗੀ ਵਿੱਚ ਜ਼ੇਲੈਂਸਕੀ ਇੱਕ ਹੋਰ ਧਨ-ਕੁਬੇਰ ਰਿਨਾਤ ਲਿਓਨਿਦੋਵਿਚ ਅਖਮਤੋਵ ਉੱਤੇ ਨਿਰਭਰ ਹੈ ਜੋ ਸਰਕਾਰੀ ਨੀਤੀਆਂ ਆਪਣੇ ਕਾਰੋਬਾਰੀ ਹਿੱਤਾਂ ਮੁਤਾਬਕ ਢਲਵਾਉਣ ਲਈ ਸਦਾ ਹੀ ਬਦਨਾਮ ਰਿਹਾ ਹੈ।
ਅਜਿਹੇ ਝਟਕਿਆਂ ਤੋਂ ਇਲਾਵਾ ਇੱਕ ਵੱਡਾ ਸੰਕਟ ਇਹ ਵੀ ਹੈ ਕਿ ਜ਼ੇਲੈਂਸਕੀ ਦੀ ਮਕਬੂਲੀਅਤ ਦਾ ਗ੍ਰਾਫ਼ ਤੇਜ਼ੀ ਨਾਲ ਡਿੱਗਦਾ ਜਾ ਰਿਹਾ ਹੈ। ਤਾਜ਼ਾ ਸਰਵੇਖਣਾਂ ਮੁਤਾਬਕ ਸਿਰਫ਼ 32 ਫ਼ੀਸਦ ਲੋਕ ਹੁਣ ਉਸ ਦੇ ਹੱਕ ਵਿੱਚ ਹਨ ਜਦੋਂ ਕਿ 70 ਫ਼ੀਸਦ ਲੋਕ ਥਲ ਸੈਨਾ ਮੁਖੀ, ਜਨਰਲ ਵੈਲੇਰੀ ਜੈਲੋਜ਼ਨੀ ਨੂੰ ਬਿਹਤਰ ਲੀਡਰ ਮੰਨਦੇ ਹਨ। ਉਸ ਤੋਂ ਅਗਲਾ ਸਥਾਨ, 45% ਵੋਟਾਂ ਨਾਲ ਯੂਕਰੇਨੀ ਖੁਫ਼ੀਆ ਸੇਵਾਵਾਂ ਦੇ ਮੁਖੀ ਕੈਰਾਈਲੋ ਬੁਦਾਨੋਵ ਦਾ ਹੈ। ਯੁੱਧ ਜਦੋਂ ਦੋ ਵਰ੍ਹਿਆਂ ਤੱਕ ਚੱਲਦਾ ਰਹੇ ਤਾਂ ਇਸ ਦੇ ਹਮਾਇਤੀਆਂ ਦੀ ਸੰਖਿਆ ਲਗਾਤਾਰ ਖੁਰਦੀ ਚਲੀ ਜਾਂਦੀ ਹੈ। ਇਹੋ ਅਮਲ ਯੂਕਰੇਨ ਵਿੱਚ ਵੀ ਵਾਪਰ ਰਿਹਾ ਹੈ ਅਤੇ ਉਸ ਦੇ ਹਮਾਇਤੀ ਮੁਲਕਾਂ ਵਿੱਚ ਵੀ। ਫਰਾਂਸ, ਜਰਮਨੀ, ਸਪੇਨ ਤੇ ਹੋਰ ਯੂਰੋਪੀਅਨ ਦੇਸ਼ਾਂ ਵਿੱਚ ਚੱਲ ਰਿਹਾ ਕਿਸਾਨ ਸੰਘਰਸ਼ ਦਰਸਾਉਂਦਾ ਹੈ ਕਿ ਯੂਕਰੇਨ ਵੱਲੋਂ ਇਨ੍ਹਾਂ ਮੁਲਕਾਂ ਵਿੱਚ ਸਸਤੇ ਭਾਅ ਅਨਾਜ ਤੇ ਸਬਜ਼ੀਆਂ ਵੇਚੇ ਜਾਣ ਤੋਂ ਉੱਥੋਂ ਦੇ ਕਿਸਾਨਾਂ ਦੇ ਆਰਥਿਕ ਹਿੱਤਾਂ ਨੂੰ ਭਾਰੀ ਢਾਹ ਲੱਗੀ ਹੈ। ਉਹ ਯੂਕਰੇਨ ਨੂੰ ਹੋਰ ਰਿਆਇਤਾਂ ਦੇਣ ਦੇ ਸਖ਼ਤ ਖ਼ਿਲਾਫ਼ ਹਨ।
ਕੁਲ ਮਿਲਾ ਕੇ ਕਿਤਾਬ ਬੜੀ ਦਿਲਚਸਪ ਹੈ। ਜ਼ੇਲੈਂਸਕੀ ਦੇ ਹੱਕ ਵਿਚ ਝੁਕਾਅ ਦੇ ਬਾਵਜੂਦ ਇਹ ਦਰਸਾਉਂਦੀ ਹੈ ਕਿ ਮਜਮੇਬਾਜ਼ੀ, ਦੂਰਦਰਸ਼ਤਾ ਜਾਂ ਤਦੱਬੁਰ ਦਾ ਵਿਕਲਪ ਨਹੀਂ ਬਣ ਸਕਦੀ। ਇਹ ਦੱਬਵੀਂ ਜਿਹੀ ਸੁਰ ਵਿੱਚ ਇਹ ਸੰਕੇਤ ਵੀ ਦਿੰਦੀ ਹੈ ਕਿ ਜੇਕਰ 2024 ਦੌਰਾਨ ਯੂਕਰੇਨ ’ਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੁੰਦੀਆਂ ਹਨ ਤਾਂ ਜ਼ਰੂਰੀ ਨਹੀਂ ਕਿ ਜ਼ੇਲੈਂਸਕੀ ਦੀ ਵਾਪਸੀ ਹੋਵੇ।
***
ਕਰਨਲ ਬਲਦੇਵ ਸਿੰਘ ਸਰਾਂ ਪੰਜਾਬੀ ਵਿੱਚ ਫ਼ੌਜੀ ਸਾਹਿਤ ਦੇ ਪ੍ਰਮੁੱਖ ਲਿਖਾਰੀ ਹਨ। ਉਨ੍ਹਾਂ ਨੇ ਇਹ ਲੇਖਣ ਕਾਰਜ ਭਾਵੇਂ ਸੇਵਾ ਮੁਕਤੀ ਤੋਂ ਕਾਫ਼ੀ ਬਾਅਦ ਆਰੰਭਿਆ ਫਿਰ ਵੀ ਪਿਛਲੇ ਇੱਕ ਦਹਾਕੇ ਤੋਂ ਉਹ ਵੱਖ-ਵੱਖ ਜੰਗੀ ਘਟਨਾਵਾਂ ਦਾ ਬਿਰਤਾਂਤ ਅਖ਼ਬਾਰੀ ਮਜ਼ਮੂਨਾਂ ਦੇ ਰੂਪ ਵਿੱਚ ਲਗਾਤਾਰ ਛਪਵਾਉਂਦੇ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ 2019 ਤੋਂ 2023 ਤੱਕ ਉਹ 9 ਕਿਤਾਬਾਂ ਵੀ ਪਾਠਕਾਂ ਦੀ ਨਜ਼ਰ ਕਰ ਚੁੱਕੇ ਸਨ। ਇਨ੍ਹਾਂ ਵਿੱਚੋਂ ਪੰਜ ਮੌਲਿਕ ਤੇ ਤਿੰਨ ਸੰਪਾਦਿਤ ਪੁਸਤਕਾਂ ਹਨ; ਨੌਵੀਂ ‘ਸਿਰਲੱਥ ਸੂਰਮੇ’ ਸਿੱਖ ਲਾਈਟ ਇਨਫੈਂਟਰੀ (ਐੱਸ.ਆਈ.ਐੱਲ.) ਦੇ ਅੰਗਰੇਜ਼ੀ ਵਿੱਚ ਲਿਖੇ ਗਏ ਇਤਿਹਾਸ ਦਾ ਪੰਜਾਬੀ ਅਨੁਵਾਦ ਹੈ। ਇਹ ਪੰਜਾਬੀ ਸੰਸਕਰਣ ਮੂਲ ਅੰਗਰੇਜ਼ੀ ਐਡੀਸ਼ਨ ਦੇ ਨਾਲ 12 ਨਵੰਬਰ 2021 ਨੂੰ ਐੱਸ.ਆਈ.ਐੱਲ. ਦੇ ਫਤਹਿਪੁਰ (ਯੂ.ਪੀ.) ਸਥਿਤ ਰੈਂਜੀਮੈਂਟਲ ਸੈਂਟਰ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਤੱਤਕਾਲੀ ਥਲ ਸੈਨਾ ਮੁਖੀ ਜਨਰਲ ਐੱਮ.ਐੱਮ. ਨਰਵਣੇ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਦੋ ਸਾਬਕਾ ਥਲ ਸੈਨਾ ਮੁਖੀਆਂ ਸਮੇਤ ਦਰਜਨਾਂ ਉੱਚ ਫ਼ੌਜੀ ਹਸਤੀਆਂ ਸ਼ਾਮਲ ਹੋਈਆਂ। ਉਨ੍ਹਾਂ ਦੀ ਹਾਜ਼ਰੀ ਵਿੱਚ ਕਰਨਲ ਸਰਾਂ ਨੂੰ ਵੀ ਉਨ੍ਹਾਂ ਦੇ ਯੋਗਦਾਨ ਲਈ ਉਚੇਚੇ ਤੌਰ ’ਤੇ ਸਨਮਾਨਿਆ ਗਿਆ।
ਇਸ ਪ੍ਰਾਪਤੀ ਮਗਰੋਂ ਹੁਣ ਉਨ੍ਹਾਂ ਦੀ ਦਸਵੀਂ ਕਿਤਾਬ ‘‘ਭਾਰਤੀ ਫ਼ੌਜ ਦੀਆਂ ਜੰਗਾਂ’’ (ਪੀਪਲਜ਼ ਫੋਰਮ, ਬਰਗਾੜੀ, 168 ਪੰਨੇ, 200 ਰੁਪਏ) ਪ੍ਰਕਾਸ਼ਿਤ ਹੋਈ ਹੈ। ਇਸ ਵਿੱਚ ਗਿਆਰਾਂ ਲੜਾਈਆਂ ਦਾ ਵਰਨਣ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ 1971 ਦੀ ਹਿੰਦ-ਪਾਕਿ ਜੰਗ ਵੇਲੇ ਦੇ ਪਰਮਵੀਰ ਚੱਕਰ ਵਿਜੇਤਾ (ਸ਼ਹੀਦ) ਨਿਰਮਲਜੀਤ ਸਿੰਘ ਬਾਰੇ ਲੇਖ ਅਤੇ ਜੰਗੀ ਯਾਦਾਂ ਨਾਲ ਜੁੜੇ ਦੋ ਹੋਰ ਮਜ਼ਮੂਨ ਵੀ ਇਸ ਕਿਤਾਬ ਦਾ ਸ਼ਿੰਗਾਰ ਹਨ।
ਅੰਗਰੇਜ਼ੀ ਵਿੱਚ ਦੋ ਸ਼ਬਦਾਂ War (ਵਾਰ) ਤੇ Battle (ਬੈਟਲ) ਦਾ ਵਖਰੇਵਾਂ ਸਪੱਸ਼ਟ ਹੈ। ਪਹਿਲਾ ਸ਼ਬਦ ਕਈ ਮੋਰਚਿਆਂ ’ਤੇ ਇੱਕੋ ਸਮੇਂ ਲੜੀ ਜਾ ਰਹੀ ਲੜਾਈ ਬਾਰੇ ਹੈ ਅਤੇ ਦੂਜਾ ਕਿਸੇ ਇੱਕ ਮੋਰਚੇ ਜਾਂ ਇੱਕੋ ਭੂਗੋਲਿਕ ਖਿੱਤੇ ਵਿੱਚ ਚੱਲੇ ਫ਼ੌਜੀ ਸੰਘਰਸ਼ ਬਾਬਤ। ਭਾਰਤੀ ਭਾਸ਼ਾਵਾਂ ਵਿੱਚ ਦੋਵਾਂ ਨੂੰ ਇਸ ਢੰਗ ਨਾਲ ਅਕਸਰ ਵਖਰਾਇਆ ਨਹੀਂ ਜਾਂਦਾ। ਕਰਨਲ ਸਰਾਂ ਦੀ ਕਿਤਾਬ ਗਿਆਰਾਂ ਲੜਾਈਆਂ ਉੱਤੇ ਕੇਂਦ੍ਰਿਤ ਹੈ। ਇਹ ਕੁਝ ਇਸ ਅੰਦਰਲੇ ਚੈਪਟਰਾਂ ਵਿੱਚੋਂ ਕੁਝ ਕੁ ਦੇ ਨਾਵਾਂ ਜਿਵੇਂ ਕਿ ‘‘ਜੋਜ਼ੀਲਾ ਫਤਿਹ’’, ‘‘ਪੁੰਛ ਦੀਆਂ ਤਿੰਨ ਲੜਾਈਆਂ’’, ‘‘ਫ਼ਾਜ਼ਿਲਕਾ ਦੀ ਲੜਾਈ’’ ਆਦਿ ਤੋਂ ਸਪੱਸ਼ਟ ਹੋ ਜਾਂਦਾ ਹੈ। ਕਿਤਾਬ ਸਾਦ-ਮੁਰਾਦੀ ਭਾਸ਼ਾ ਵਿੱਚ ਹੈ। ਪੇਚੀਦਾ ਫ਼ੌਜੀ ਸ਼ਬਦਾਵਲੀ ਵਰਤਣ ਤੋਂ ਪਰਹੇਜ਼ ਕੀਤਾ ਗਿਆ ਹੈ। ਇਹ ਗੁਣ ਕਿਤਾਬ ਨੂੰ ਸੱਚਮੁਚ, ਰਸੀਲਾ ਬਣਾਉਂਦਾ ਹੈ।

Advertisement
Author Image

joginder kumar

View all posts

Advertisement
Advertisement
×