ਕਹਾਣੀ ਇੱਕ ਕੁੱਲੀ ਦੀ
ਸੁਰਿੰਦਰ ਸਿੰਘ ਰਾਏ
“ਹਾਂ ਬਈ ਜੁਆਨੋ! ਤੁਹਾਡੇ ਵਿੱਚੋਂ ਸਭ ਤੋਂ ਤਕੜਾ ਮੁੰਡਾ ਕਿਹੜਾ ਵਾ?” ਸੰਝ ਵੇਲੇ ਪਿੰਡ ਦੇ ਬਾਹਰਲੇ ਪਾਸੇ ਗੱਭਰੂਆਂ ਦੀ ਕੌਡੀ ਖ਼ਤਮ ਹੋਣ ਤੋਂ ਬਾਅਦ ਲੋਕਾਂ ਦੇ ਬਣੇ ਝੁਰਮਟ ਵਿੱਚੋਂ ਚਾਣਚੱਕ ਹੀ ਇੱਕ ਓਪਰੀ ਜਿਹੀ ਆਵਾਜ਼ ਗੂੰਜੀ। ਅਜਨਬੀ ਜਿਹੀ ਆਵਾਜ਼ ਸੁਣ ਕੇ ਲੋਕ ਹੈਰਾਨੀ ਨਾਲ ਇੱਕ ਦੂਸਰੇ ਵੱਲ ਤੱਕਣ ਲੱਗੇ। ਕੁਝ ਚਿਰ ਲਈ ਆਲੇ-ਦੁਆਲੇ ਖ਼ਾਮੋਸ਼ੀ ਪਸਰ ਗਈ।
“ਜੁਆਨੋਂ, ਜਕਦੇ ਕਿਉਂ ਹੋ? ਦੱਸੋ ਨਾ, ਤੁਹਾਡੇ ਵਿੱਚੋਂ ਕਿਹੜਾ ਮੁੰਡਾ ਤਕੜਾ ਵਾ?” ਕਿਧਰੋਂ ਵੀ ਕੋਈ ਹੁੰਗਾਰਾ ਨਾ ਆਇਆ ਵੇਖ ਉਹ ਹੱਟਾ-ਕੱਟਾ ਵਿਅਕਤੀ ਫਿਰ ਬੋਲਿਆ। ਵਾਰ-ਵਾਰ ਇਹੀ ਗੱਲ ਆਖਣ ’ਤੇ ਉੱਥੇ ਖੜ੍ਹੇ ਲੋਕ ਉਸ ਵਿਅਕਤੀ ਵੱਲ ਹੋਰ ਵੀ ਵਧੇਰੇ ਦਿਲਚਸਪੀ ਨਾਲ ਵੇਖਣ ਲੱਗੇ।
“ਇਹ ਤਾਂ ਸਾਡੇ ਸ਼ਹਿਰ ਦੇ ਲਾਲਾ ਜੀ ਨੇ। ਇਨ੍ਹਾਂ ਦੀ ਤਾਂ ਬਾਜ਼ਾਰ ਵਿੱਚ ਕੱਪੜੇ ਦੀ ਦੁਕਾਨ ਐਂ।” ਉਸ ਵਿਅਕਤੀ ਨੂੰ ਪਛਾਣ ਕੇ ਬਚਿੱਤਰ ਸਿੰਘ ਝੱਟ ਦੇਣੀਂ ਬੋਲਿਆ।
“ਬੱਲੇ-ਬੱਲੇ, ਬਚਿੱਤਰ ਸਿੰਘ ਐਂ! ਤੂੰ ਤਾਂ ਮੇਰਾ ਪਹਿਲਾਂ ਈ ਜਾਣੂ ਐਂ। ਹੋਰ ਕਿਵੇਂ ਠੀਕ-ਠਾਕ ਐਂ। ਮੈਂ ਤਾਂ ਉਗਰਾਹੀ ’ਕੱਠੀ ਕਰਨ ਇੱਧਰ ਆਇਆ ਸੀ। ਮੈਂ ਸੋਚਿਆ ਜਾਂਦੇ-ਜਾਂਦੇ ਤੁਹਾਡੇ ਪਿੰਡ ਦੇ ਗੱਭਰੂਆਂ ਦੀ ਕੌਡੀ ਈ ਵੇਖ ਜਾਈਏ।” ਲਾਲਾ ਜੀ ਨੇ ਬਚਿੱਤਰ ਸਿੰਘ ਨੂੰ ਬਹੁਤ ਹੀ ਖ਼ੁਸ਼ਮਿਜ਼ਾਜੀ ਨਾਲ ਆਖਿਆ।
“ਬਚਿੱਤਰ ਸਿੰਹਾ, ਤੂੰ ਈ ਦੱਸ ਦੇ, ਤੁਹਾਡੇ ਪਿੰਡ ’ਚ ਕਿਹੜਾ ਮੁੰਡਾ ਤਕੜਾ ਵਾ।” ਲਾਲਾ ਜੀ ਬਚਿੱਤਰ ਸਿੰਘ ਨੂੰ ਸੰਬੋਧਨ ਹੁੰਦਿਆਂ ਦੁਬਾਰਾ ਬੋਲੇ। ਬਚਿੱਤਰ ਸਿੰਘ ਨੇ ਪਿੰਡ ਦੇ ਗੱਭਰੂਆਂ ਵੱਲ ਵੇਖਿਆ। ਸਾਰੇ ਜਣੇ ਇੱਕ ਦੂਸਰੇ ਵੱਲ ਵੇਖ ਨਿੰਮਾ-ਨਿੰਮਾ ਮੁਸਕਰਾਈ ਜਾ ਰਹੇ ਸਨ। ਕੋਈ ਕਿਸੇ ਦਾ ਨਾਂ ਆਖ ਦੇਵੇ ਤੇ ਕੋਈ ਕਿਸੇ ਦਾ।
“ਸਾਰਿਆਂ ਵਿੱਚੋਂ ਅਹਿ ਮੁੰਡਾ ਤਕੜਾ ਐ ਜੀ।” ਆਖਿਰ ਪਿੰਡ ਦੇ ਇੱਕ ਬਜ਼ੁਰਗ ਨੇ ਇੱਕ ਭਰਵੇਂ ਜੁੱਸੇ ਵਾਲੇ ਮੁੰਡੇ ਨੂੰ ਬਾਹੋਂ ਫੜ ਲਾਲਾ ਜੀ ਦੇ ਅੱਗੇ ਕਰ ਦਿੱਤਾ।
“ਲੈ ਬਈ ਜੁਆਨਾ, ਫੜ ਮੇਰੀ ਵੀਣੀਂ।” ਲਾਲਾ ਜੀ ਨੇ ਉਸ ਗੱਭਰੂ ਵੱਲ ਆਪਣੀ ਬਾਂਹ ਵਧਾਉਂਦਿਆਂ ਆਖਿਆ। ਉਸ ਗੱਭਰੂ ਨੇ ਜਕਦਿਆਂ-ਜਕਦਿਆਂ ਕਸੀਸ ਜਿਹੀ ਵੱਟ ਕੇ ਲਾਲਾ ਜੀ ਦੀ ਵੀਣੀਂ ਦੋਹਾਂ ਹੱਥਾਂ ਦੀ ਜਕੜ ਵਿੱਚ ਜ਼ੋਰ ਨਾਲ ਨੱਪ ਲਈ। ਲਾਲਾ ਜੀ ਨੇ ਇੱਕੋ ਝਟਕੇ ਨਾਲ ਉਸ ਦੀ ਪਾਈ ਜਕੜ ਤੋੜ ਸੁੱਟੀ। ਸਭ ਲੋਕ ਹੈਰਾਨ ਸਨ ਕਿ ਲਾਲਾ ਜੀ ਨੇ ਜੱਟਾਂ ਦੇ ਇੱਕ ਭਰਵੇਂ ਜੁੱਸੇ ਵਾਲੇ ਮੁੰਡੇ ਤੋਂ ਆਪਣੀ ਵੀਣੀਂ ਕਿੰਨੀ ਆਸਾਨੀ ਨਾਲ ਛੁਡਾ ਲਈ ਏ।
“ਜਦੋਂ ਮੈਂ ਸਵੇਰ ਵੇਲੇ ਸਕੂਲ ਜਾਨੈ, ਤਾਂ ਸ਼ਹਿਰ ਵਿੱਚੋਂ ਲੰਘਦੇ ਵੇਖੀ ਦਾ, ਲਾਲਾ ਜੀ ਆਪਣੀ ਦੁਕਾਨ ’ਚ ਬੈਠੇ ਰੋਜ਼ ਦੁੱਧ ਪੀਂਦੇ ਹੁੰਦੇ ਆ।” ਲਾਲਾ ਜੀ ਦੇ ਜਾਣ ਤੋਂ ਬਾਅਦ ਪਿੰਡ ਦੇ ਇੱਕ ਪੜ੍ਹਾਕੂ ਮੁੰਡੇ ਨੇ ਲਾਲਾ ਜੀ ਦੇ ਤਕੜੇ ਸਰੀਰ ਦੀ ਸਿਫ਼ਤ ਕਰਦਿਆਂ ਗੱਲ ਛੇੜੀ।
“ਲਾਲਾ ਜੀ, ਜ਼ਰੂਰ ਵੇਟ ਕਰਦੇ ਹੋਣੇ ਆਂ। ਤਾਂ ਹੀ ਇਹਦੀਆਂ ਬਾਹਾਂ ਵਿੱਚ ਐਨੀ ਜਾਨ ਆ। ਜਾਨ ਤੋਂ ਬਿਨਾਂ ਹੱਥਾਂ ਦੀ ਗਰਿੱਪ ਤੋੜਨਾ ਖ਼ਾਲਾ ਜੀ ਦਾ ਵਾੜਾ ਨ੍ਹੀਂ ਐਂ।” ਕੋਲ ਹੀ ਖੜ੍ਹਾ ਕਬੱਡੀ ਦਾ ਖਿਡਾਰੀ ਪੰਮਾ ਘੱਗੀ ਜਿਹੀ ਆਵਾਜ਼ ਕੱਢ ਕੇ ਉੱਚੀ ਦੇਣੀ ਬੋਲਿਆ।
“ਯਾਰ, ਬਾਹਾਂ ’ਚ ਜਾਨ ਦੀ ਗੱਲ ਵੀ ਠੀਕ ਆ, ਪਰ ਇਹ ਢੰਗ ਵੀ ਹੁੰਦਾ। ਤੁਸੀਂ ਅਗਲੇ ਦੇ ਇੱਕ ਹੱਥ ਨੂੰ ਜ਼ੋਰ ਨਾਲ ਤੋੜ ਦਿਓ। ਦੂਜਾ ਹੱਥ ਆਪੇ ਢਿੱਲਾ ਪੈ ਜਾਂਦੈ। ਤੁਸੀਂ ਵੇਖਿਆ ਨ੍ਹੀਂ! ਲਾਲਾ ਜੀ ਨੇ ਵੀ ਇਹੀ ਢੰਗ ਵਰਤਿਐ।” ਲੋਕਾਂ ਦੇ ਭਰੇ ਇਕੱਠ ਵਿੱਚੋਂ ਇੱਕ ਹੋਰ ਆਵਾਜ਼ ਗੂੰਜੀ, ਜਿਸ ਨੇ ਪੰਮੇ ਦੀ ਆਖੀ ਗੱਲ ਦਾ ਵਜ਼ਨ ਕੁਝ ਕੁ ਘਟਾ ਦਿੱਤਾ।
“ਯਾਰ, ਢੰਗ ਵੀ ਹੁੰਦਾ ਐ। ਪਰ ਲਾਲਾ ਊਂ ਵੀ ਪੂਰੀ ਜਾਨ ’ਚ ਐ।”
“ਭਾਈ, ਜਾਨ ਕਰਕੇ ਈ ਅਗਲਾ ਪੰਗਾ ਲੈਣ ਆ ਗਿਆ। ਸਾਡੇ ਅਰਗੇ ਹਮਾਤੜ੍ਹ ਨੇ ਕਿਸੇ ਨਾਲ ਪੰਗਾ ਲੈ ਕੇ ਹੱਡ ਤੁੜਾਉਣੇ ਆ।” ਲੋਕਾਂ ਦੇ ਖੜ੍ਹੇ ਝੁਰਮਟ ਵਿੱਚੋਂ ਅਜਿਹੀਆਂ ਕਈ ਹੋਰ ਆਵਾਜ਼ਾਂ ਉੱਠੀਆਂ।
“ਓਏ ਮੁੰਡਿਓ, ਤੁਸੀਂ ਤਾਂ ਸਭ ਨਿਆਣੇ ਹੋ। ਵਿਚਲੀ ਗੱਲ ਤਾਂ ਹੋਰ ਐ। ਲਾਲਾ ਤਾਂ ਲੋਕਾਂ ਦਾ ਵੱਡਾ ਸਾਰਾ ਇਕੱਠ ਵੇਖ ਕੇ ਆਪਣੀ ਵਾਕਫ਼ੀਅਤ ਵਧਾਉਣ ਆਇਆ ਸੀ ਤਾਂ ਕਿ ਲੋਕ ਉਸ ਦੀ ਦੁਕਾਨ ਤੋਂ ਕੱਪੜਾ ਖ਼ਰੀਦਣ ਆਇਆ ਕਰਨ। ਇਹ ਵੀ ਵਪਾਰੀਆਂ ਦਾ ਇੱਕ ਢੰਗ ਹੁੰਦੈ। ਹੋਰ ਉਹਨੇ ਤੁਹਾਡੇ ਤੋਂ ਕੀ ਲੈਣਾ ਸੀ।” ਸ਼ਾਂਤ-ਚਿੱਤ ਖੜ੍ਹੇ ਬਚਿੱਤਰ ਸਿੰਘ ਨੇ ਜਦੋਂ ਇਹ ਗੱਲ ਆਖੀ, ਤਾਂ ਉੱਥੇ ਖੜ੍ਹੇ ਸਭ ਲੋਕ ਹੈਰਾਨੀ ਨਾਲ ਸੋਚਣ ਲੱਗੇ, ਜਿਵੇਂ ਸਹਿਮਤੀ-ਅਸਹਿਮਤੀ ਦਾ ਮਾਹੌਲ ਬਣ ਗਿਆ ਹੋਵੇ।
“ਬਾਬਾ ਜੀ, ਮੈਨੂੰ ਤਾਂ ਤਾਏ ਬਚਿੱਤਰ ਸਿੰਘ ਦੀ ਇਹ ਗੱਲ ਠੀਕ ਨ੍ਹੀਂ ਜਾਪੀ। ਕਈਆਂ ਬੰਦਿਆਂ ਨੂੰ ਆਪਣੀ ਕਲਾ ਵਿਖਾਉਣ ਦਾ ਸ਼ੌਕ ਵੀ ਹੁੰਦੈ।” ਇਕੱਠ ਖਿੰਡਣ ਤੋਂ ਬਾਅਦ ਘਰ ਜਾਂਦਿਆਂ ਇੱਕ ਮੁੰਡੇ ਨੇ ਆਪਣੇ ਬਾਬਾ ਜੀ ਨਾਲ ਗੱਲ ਛੇੜੀ।
“ਕਾਕਾ, ਇਹ ਤਾਂ ਆਪੋ-ਆਪਣੇ ਕਿਆਫ਼ੇ ਹੁੰਦੇ ਐ। ਕਿਆਫ਼ੇ ਗ਼ਲਤ ਵੀ ਹੋ ਸਕਦੇ ਐ, ਠੀਕ ਵੀ। ਪਰ ਗੱਲ ਤਾਂ ਸੋਚਣ ਵਾਲੀ ਇਹ ਐ ਕਿ ਬਚਿੱਤਰ ਸਿੰਘ ਨੇ ਗੱਲ ਦੀ ਘੁੰਡੀ ਕਿੱਥੋਂ ਫੜੀ ਜਾ ਕੇ। ਇਹ ਗੱਲ ਵੀ ਕੋਈ ਫੜ ਸਕਦੈ।”
“ਬਾਬਾ ਜੀ, ਤਾਇਆ ਬਚਿੱਤਰ ਸਿੰਘ ਇਹ ਘੁੰਡੀ ਕਿੱਦਾਂ ਫੜ ਲੈਂਦਾ ਐ?” ਉਸ ਮੁੰਡੇ ਨੇ ਹੈਰਾਨੀ ਨਾਲ ਪੁੱਛਿਆ।
“ਕਾਕਾ, ਇਹਦੇ ਲਈ ਸਿਆਣਪ ਚਾਹੀਦੀ ਐ। ਨਾਲੇ ਬੰਦਾ ਐਵੇਂ ਨ੍ਹੀਂ ਸਿਆਣਾ ਬਣ ਜਾਂਦੈ। ਬੰਦੇ ਨੂੰ ਬੜੇ ਠੇਡੇ-ਠੋਕਰਾਂ ਖਾਣੇ ਪੈਂਦੇ ਆ। ਸਾਨੂੰ ਪਤੈ, ਬਚਿੱਤਰ ਸਿੰਘ ਨੇ ਜ਼ਿੰਦਗੀ ’ਚ ਕਿੰਨੇ ਧੱਕੇ ਖਾਧੇ ਐ।” ਆਪਣੇ ਬਾਬਾ ਜੀ ਦੀ ਇਹ ਗੱਲ ਸੁਣ ਕੇ ਉਹ ਲੜਕਾ ਗੰਭੀਰ ਹੋ ਕੇ ਆਪਣੇ ਬਾਬਾ ਜੀ ਵੱਲ ਵੇਖਣ ਲੱਗਾ।
“ਕਾਕਾ, ਤੈਨੂੰ ਮੈਂ ਇੱਕ ਵਾਰ ਦੀ ਗੱਲ ਸੁਣਾਉਂਦੈ। ਇੱਕ ਵਾਰ ਸਾਡੇ ਪਿੰਡ ਵਿੱਚ ਦੋ ਗੁਆਂਢੀ ਨਹਿਰੀ ਪਾਣੀ ਲਾਉਣ ਖਾਤਰ ਆਪਸ ਵਿੱਚ ਖਹਿਬੜ ਪਏ। ਇੱਕ ਆਖੇ ਕਿ ਪਾਣੀ ਪਹਿਲਾਂ ਮੈਂ ਲਾਉਣਾ। ਪਾਣੀ ਦੀ ਖਾਲ਼ ਮੈਂ ਸਾਫ਼ ਕੀਤੀ ਐ। ਦੂਜਾ ਆਖੇ, ਪਹਿਲਾਂ ਮੇਰੀ ਵਾਰੀ ਐ। ਮੇਰੀ ਫ਼ਸਲ ਸੁੱਕਦੀ ਐ। ਗੱਲ ਤੂੰ-ਤੂੰ, ਮੈਂ-ਮੈਂ ਤੋਂ ਹੱਥੋਪਾਈ ਤੱਕ ਪਹੁੰਚ ਗਈ। ਬਾਅਦ ਵਿੱਚ ਇਹ ਮਾਮਲਾ ਪੰਚਾਇਤ ਤੱਕ ਜਾ ਅੱਪੜਿਆ। ਦੋਵਾਂ ਧਿਰਾਂ ਵਿੱਚੋਂ ਕੋਈ ਵੀ ਆਪਣੀ ਅੜੀ ਛੱਡਣ ਨੂੰ ਤਿਆਰ ਨਹੀਂ ਸੀ। ਪੰਚਾਇਤ ਮੈਂਬਰ ਹੋਣ ਕਾਰਨ ਬਚਿੱਤਰ ਸਿੰਘ ਚੁੱਪ-ਚਾਪ ਬੈਠਾ ਦੋਵਾਂ ਧਿਰਾਂ ਦੀਆਂ ਗੱਲਾਂ ਸੁਣੀ ਜਾ ਰਿਹਾ ਸੀ।
ਆਖ਼ਰ ਫ਼ੈਸਲਾ ਹੋਇਆ ਕਿ ਬਚਿੱਤਰ ਸਿੰਘ ਜੋ ਵੀ ਫ਼ੈਸਲਾ ਕਰ ਦੇਵੇ, ਸਭ ਨੂੰ ਮਨਜ਼ੂਰ ਹੋਏਗਾ। ਦੋਵੇਂ ਸ਼ਰੀਕ ਬਚਿੱਤਰ ਸਿੰਘ ਦੇ ਸਕੇ ਭਾਈਚਾਰੇ ਵਿੱਚੋਂ ਸਨ। ਬਚਿੱਤਰ ਸਿੰਘ ਕੀ ਫ਼ੈਸਲਾ ਦੇਵੇ? ਹੁਣ ਸਭ ਦੀਆਂ ਨਜ਼ਰਾਂ ਬਚਿੱਤਰ ਸਿੰਘ ’ਤੇ ਟਿਕੀਆਂ ਹੋਈਆਂ ਸਨ। ‘ਭਾਈ ਸੱਜਣੋਂ, ਇਹ ਦੋਵੇਂ ਲੜਦੇ ਥੋੜ੍ਹੇ ਐ। ਇਹ ਤਾਂ ਲੋਕਾਂ ਨੂੰ ਜਾਗਰੂਕ ਕਰਦੇ ਐ ਕਿ ਪਾਣੀ ਦਾ ਮੁੱਦਾ ਸਾਡੇ ਲਈ ਕਿੰਨਾ ਅਹਿਮ ਐ।’ ਬਚਿੱਤਰ ਸਿੰਘ ਦੇ ਇੰਜ ਆਖਣ ’ਤੇ ਸਾਰੀ ਪੰਚਾਇਤ ਵਿੱਚ ਹਾਸਾ ਛਣਕ ਗਿਆ। ਝਗੜਾ ਕਰਨ ਵਾਲੇ ਦੋਵਾਂ ਵਿਅਕਤੀਆਂ ਦੀਆਂ ਗੁੱਸੇ ਨਾਲ ਮੱਥੇ ’ਤੇ ਉੱਭਰੀਆਂ ਤਿਊੜੀਆਂ ਵੀ ਝੱਟ ਢਿੱਲੀਆਂ ਪੈ ਗਈਆਂ। ਇਸ ਬਦਲੇ ਹੋਏ ਮਾਹੌਲ ਵਿੱਚ ਦੋਵੇਂ ਇੱਕ-ਦੂਜੇ ਨੂੰ ਆਖਣ ਲੱਗ ਪਏ, ਪਹਿਲਾਂ ਤੂੰ ਪਾਣੀ ਲਾ ਲੈ, ਪਹਿਲਾਂ ਤੂੰ ਪਾਣੀ ਲਾ ਲੈ। ਦੋਵੇਂ ਠੰਢੇ ਜਿਹੇ ਹੋਏ ਆਪੋ-ਆਪਣੇ ਘਰਾਂ ਨੂੰ ਪਰਤ ਗਏ। ਬਚਿੱਤਰ ਸਿੰਘ ਦਾ ਦਿੱਤਾ ਇਹ ਫ਼ੈਸਲਾ ਕਈ ਦਿਨ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।”
“ਬਾਬਾ ਜੀ, ਫਿਰ ਤਾਂ ਬਚਿੱਤਰ ਸਿੰਘ ਤਾਇਆ ਬੜਾ ਢੰਗੀ ਬੰਦਾ ਐ।” ਆਪਣੇ ਬਾਬਾ ਜੀ ਦੀ ਇਹ ਗੱਲ ਸੁਣ ਕੇ ਉਹ ਲੜਕਾ ਝੱਟ ਬੋਲਿਆ।
“ਕਾਕਾ, ਬਚਿੱਤਰ ਸਿੰਘ ਗੁਣੀ ਬੰਦਾ ਐ, ਗੁਣੀ। ਢੰਗੀ ਵੀ ਐ ਤੇ ਮਿਹਨਤੀ ਵੀ ਐ। ਉਸ ਦਾ ਬੜਾ ਮੁੰਡਾ ਬਲਰਾਜ ਫ਼ੌਜ ਵਿੱਚ ਨੌਕਰੀ ਕਰਦੈ। ਛੋਟਾ ਸ਼ਿਵਰਾਜ ਲੁਧਿਆਣੇ ਕੰਮ ਕਰਦੈ। ਸਾਰੀ ਖੇਤੀ ਦਾ ਕੰਮ ’ਕੱਲੇ ਨੇ ਈਂ ਸਾਂਭਿਆ ਹੋਇਐ। ਕਦੇ ਕਿਸੇ ਮੁੰਡੇ ਨੂੰ ਉਲਾਂਭਾ ਨ੍ਹੀਂ ਦਿੰਦਾ। ਜਦੋਂ ਬਲਰਾਜ ਛੁੱਟੀ ਆਉਂਦੈ, ਤਾਂ ਉਹਨੂੰ ਵੀ ਕੰਮ ਨੂੰ ਨ੍ਹੀਂ ਆਖਦੈ। ਆਪਣੀ ਮਰਜ਼ੀ ਨਾਲ ਕੰਮ ਕਰੇ ਜਾਂ ਨਾ ਕਰੇ। ਕਾਕਾ, ਇੱਦਾਂ ਦੇ ਬੰਦੇ ਤੋਂ ਕੁਝ ਸਿੱਖੀਦਾ ਹੁੰਦੈ।” ਉਸ ਬਜ਼ੁਰਗ ਨੇ ਬਚਿੱਤਰ ਸਿੰਘ ਦੀਆਂ ਗੱਲਾਂ ਸੁਣਾਉਂਦੇ-ਸੁਣਾਉਂਦੇ ਆਪਣੇ ਪੋਤਰੇ ਨੂੰ ਇਸ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ।
ਵੀਹ ਵਰ੍ਹੇ ਪੂਰੇ ਹੁੰਦਿਆਂ ਹੀ ਬਲਰਾਜ ਹੌਲਦਾਰ ਦੀ ਪੈਨਸ਼ਨ ਆ ਗਿਆ ਸੀ। ਬਲਰਾਜ ਦੇ ਪੈਨਸ਼ਨ ਆਉਣ ਤੋਂ ਬਾਅਦ ਬਚਿੱਤਰ ਸਿੰਘ ਦੇ ਸਿਰ ਪਈ ਪਰਿਵਾਰਕ ਜ਼ਿੰਮੇਵਾਰੀ ਕਾਫ਼ੀ ਘਟ ਗਈ। ਜੇ ਸੁੱਖ ਦਾ ਸਾਹ ਲੈਣ ਦਾ ਸਮਾਂ ਸੀ, ਉਸ ਲਈ ਹੁਣ ਇਹ ਹੀ ਸਭ ਤੋਂ ਬਿਹਤਰ ਸਮਾਂ ਸੀ। ਹੌਲੀ-ਹੌਲੀ ਸਾਰਾ ਖੇਤੀਬਾੜੀ ਦਾ ਕੰਮ ਬਲਰਾਜ ਨੇ ਖ਼ੁਦ ਹੀ ਆਪਣੇ ਮੋਢਿਆਂ ’ਤੇ ਚੁੱਕ ਲਿਆ ਸੀ। ਬਸ ਹੁਣ ਬਚਿੱਤਰ ਸਿੰਘ ਜ਼ਿੰਮੇ ਖੇਤੀਬਾੜੀ ਦੀ ਆਮਦਨ ਦਾ ਲੇਖਾ-ਜੋਖਾ ਰੱਖਣਾ ਤੇ ਸ਼ਹਿਰ ਤੋਂ ਘਰ ਲਈ ਸੌਦਾ-ਪੱਤਾ ਲਿਆਉਣ ਦਾ ਕੰਮ ਹੀ ਰਹਿ ਗਿਆ ਸੀ। ਹੁਣ ਉਹ ਬਹੁਤ ਖ਼ੁਸ਼ ਸੀ, ਜਿਵੇਂ ਰੱਬ ਨੇ ਇਸ ਢਲਦੀ ਉਮਰੇ ਉਸ ’ਤੇ ਰਹਿਮਤਾਂ ਦੀ ਝੜੀ ਲਾ ਦਿੱਤੀ ਹੋਵੇ।
“ਡੈਡੀ ਜੀ, ਹੁਣ ਤੁਸੀਂ ਘਰ ਦੇ ਕੰਮਾਂ ਦੀ ਬਾਹਲੀ ਚਿੰਤਾ ਨਾ ਕਰਿਆ ਕਰੋ। ਬਥੇਰਾ ਕੰਮ ਕਰ ਲਿਆ ਤੁਸੀਂ ਸਾਰੀ ਉਮਰ। ਆਪੇ ਹੁਣ ਇਹ ਸਾਂਭ ਲੈਣਗੇ। ਬਸ ਤੁਸੀਂ ਤਾਂ ਹੁਣ ਨਹਾ-ਧੋ ਕੇ ਪ੍ਰਾਹੁਣਿਆਂ ਵਾਂਗ ਮੰਜੇ ’ਤੇ ਬੈਠਿਆ ਕਰੋ। ਜੇ ਬਾਹਲਾ ਈ ਦਿਲ ਕਰੇ ਤਾਂ ਸੁਬ੍ਹਾ-ਸ਼ਾਮ ਪੈਲੀ ਵੱਲ ਗੇੜਾ ਮਾਰ ਆਏ। ਇੰਨੇ ਨਾਲ ਈ ਬੰਦੇ ਦੀ ਸਿਹਤ ਠੀਕ ਰਹਿੰਦੀ ਆ।” ਇੱਕ ਦਿਨ ਬਚਿੱਤਰ ਸਿੰਘ ਦੀ ਨੂੰਹ ਨੇ ਆਪਣੇ ਸਹੁਰੇ ਨੂੰ ਆਖਿਆ। ਆਪਣੀ ਨੂੰਹ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਬਾਗ਼ੋ-ਬਾਗ਼ ਹੋ ਗਿਆ। ਅੱਜ ਉਹ ਆਪਣੀ ਵੱਡੀ ਨੂੰਹ ’ਤੇ ਕੁਰਬਾਨ ਜਾ ਰਿਹਾ ਸੀ, ਜਿਸ ਨੂੰ ਆਪਣੇ ਸਹੁਰੇ ਦੀ ਸਿਹਤ ਦੀ ਐਨੀ ਚਿੰਤਾ ਸੀ। ਉਸ ਨੇ ਆਂਢ-ਗੁਆਂਢ ਵਿੱਚ ਵੀ ਆਪਣੀ ਨੂੰਹ ਦੀਆਂ ਰੱਜ-ਰੱਜ ਸਿਫ਼ਤਾਂ ਕੀਤੀਆਂ। ਬਚਿੱਤਰ ਸਿੰਘ ਰੋਜ਼ ਸਵਖਤੇ ਉੱਠ ਖਲੋਂਦਾ ਤੇ ਚਾਹ-ਪਾਣੀ ਪੀ ਕੇ ਖੇਤ ਬੰਨੇ ਗੇੜਾ ਮਾਰ ਆਉਂਦਾ। ਫਿਰ ਘਰ ਦਾ ਕੋਈ ਸੌਦਾ-ਪੱਤਾ ਲੈਣ ਸ਼ਹਿਰ ਜਾ ਆਉਂਦਾ। ਹੁਣ ਤਾਂ ਉਸ ਨੇ ਆਪਣੇ ਪੜ੍ਹਨ ਲਈ ਘਰ ਵਿੱਚ ਇੱਕ ਅਖ਼ਬਾਰ ਵੀ ਲਗਵਾ ਲਈ ਸੀ। ਦਿਨ ਦਾ ਪਤਾ ਹੀ ਨਾ ਲੱਗਦਾ, ਕਦੋਂ ਚੜ੍ਹਦਾ ਤੇ ਕਦੋਂ ਛਿਪ ਜਾਂਦਾ। ਬਚਿੱਤਰ ਸਿੰਘ ਪੂਰੀ ਮੌਜ ਵਿੱਚ ਸੀ।
“ਡੈਡੀ ਜੀ, ਛੱਡੋ ਖਹਿੜਾ ਹੁਣ ਸ਼ਹਿਰੋਂ ਸੌਦੇ ਲਿਆਉਣ ਦਾ ਵੀ। ਅੱਜਕੱਲ੍ਹ ਸੜਕਾਂ ’ਤੇ ਭੀੜ ਬੜੀ ਵਧ ਗਈ ਆ। ਤੁਹਾਡੇ ਕੋਈ ਸੱਟ-ਫੇਟ ਮਾਰ ਜਾਵੇ, ਫਿਰ ਦੁੱਖ ਤਾਂ ਸਾਨੂੰ ਈ ਹੋਣਾ ਏਂ। ਰੋਜ਼-ਰੋਜ਼ ਐਕਸੀਡੈਂਟਾਂ ਦੀਆਂ ਗੱਲਾਂ ਸੁਣ-ਸੁਣ ਮੈਨੂੰ ਤਾਂ ਬਾਹਲਾ ਈ ਡਰ ਆਉਂਦੈ।” ਕੁਝ ਕੁ ਦਿਨਾਂ ਬਾਅਦ ਵੱਡੀ ਨੂੰਹ ਨੇ ਦੁਬਾਰਾ ਫਿਰ ਆਪਣੇ ਸਹੁਰੇ ਨੂੰ ਇਹ ਸਲਾਹ ਦਿੱਤੀ। ਆਪਣੀ ਨੂੰਹ ਦੀ ਇਹ ਸਲਾਹ ਸੁਣ ਕੇ ਬਚਿੱਤਰ ਸਿੰਘ ਹੋਰ ਵੀ ਖ਼ੁਸ਼ ਹੋ ਗਿਆ। ਉਹ ਫੁੱਲਿਆ ਨਹੀਂ ਸੀ ਸਮਾ ਰਿਹਾ। ਉਸ ਦੀ ਨੂੰਹ ਨੂੰ ਉਸ ਦੇ ਸੱਟ-ਚੋਟ ਲੱਗਣ ਦਾ ਕਿੰਨਾ ਫ਼ਿਕਰ ਸੀ ਪਰ ਬਚਿੱਤਰ ਸਿੰਘ ਤਾਂ ਆਪਣੀ ਮਰਜ਼ੀ ਦਾ ਮਾਲਕ ਸੀ। ਉਹ ਘਰ ਵਿੱਚ ਟਿਕ ਕੇ ਕਿਵੇਂ ਬੈਠ ਸਕਦਾ ਸੀ। ਉਸ ਨੇ ਆਪਣੀ ਨੂੰਹ ਦੀ ਦਿੱਤੀ ਇਸ ਸਲਾਹ ਵੱਲ ਕੋਈ ਗ਼ੌਰ ਨਾ ਕੀਤਾ।
“ਡੈਡੀ ਜੀ, ਅੱਜਕੱਲ੍ਹ ਬਾਜ਼ਾਰ ਵਿੱਚ ਨਕਲੀ ਸਾਮਾਨ ਬੜਾ ਵਿਕਦਾ ਐ। ਤੁਹਾਡਾ ਜ਼ਮਾਨਾ ਹੋਰ ਸੀ। ਹੁਣ ਤਾਂ ਮਾਰਕਾ ਵੇਖ ਕੇ ਸੌਦੇ ਖ਼ਰੀਦਣੇ ਪੈਂਦੇ ਆ। ਦੁਕਾਨਦਾਰ ਤਾਂ ਚੰਗੇ ਭਲੇ ਬੰਦੇ ਨੂੰ ਲੁੱਟ ਕੇ ਔਹ ਜਾਂਦੇ ਆ। ਸੌਦੇ-ਸੂਦੇ ਲਿਆਉਣ ਦਾ ਕੰਮ ਵੀ ਔਖੇ-ਸੌਖੇ ਮੈਂ ਆਪ ਈ ਕਰ ਲਿਆ ਕਰੂੰਗਾ। ਛੱਡੋ ਖਹਿੜਾ ਤੁਸੀਂ ਇਨ੍ਹਾਂ ਝੰਜਟਾਂ ਦਾ। ਹੁਣ ਆਰਾਮ ਕਰਿਆ ਕਰੋ।” ਕੁਝ ਕੁ ਦਿਨਾਂ ਬਾਅਦ ਬਲਰਾਜ ਦੇ ਮੂੰਹੋਂ ਇਹ ਗੱਲ ਸੁਣ ਕੇ ਬਚਿੱਤਰ ਸਿੰਘ ਦਾ ਮੱਥਾ ਠਣਕਿਆ। ਉਹ ਚੁਕੰਨਾ ਹੋ ਗਿਆ। ਉਸ ਨੇ ਆਪਣੇ ਮਨ ਦੇ ਇਸ ਭੇਤ ਦੀ ਮਨ ਵਿੱਚ ਹੀ ਗੰਢ ਮਾਰ ਲਈ। ਸਭ ਕੁਝ ਜਾਣਦਾ ਹੋਇਆ ਵੀ ਅਣਜਾਣ ਜਿਹਾ ਬਣ ਗਿਆ।
ਯਾਰ, ਮੈਂ ਸਾਰੀ ਉਮਰ ਕਿਸੇ ਅੱਗੇ ਹੱਥ ਨ੍ਹੀਂ ਅੱਡੇ। ਕਿਸੇ ਦਾ ਮੁਥਾਜ ਨ੍ਹੀਂ ਹੋਇਆ। ਇਸ ਢਲਦੀ ਉਮਰੇ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਦਖਲਅੰਦਾਜ਼ੀ ਕਿਉਂ ਝੱਲਾਂ? ਸਾਰੀ ਭੋਇੰ ਅਜੇ ਮੇਰੇ ਨਾਂ ਹੈ। ਗੁਜ਼ਾਰੇ ਜੋਗੇ ਪੈਸੇ ਜਮ੍ਹਾਂ ਹਨ। ਮੈਂ ਕਿਸ ਤੋਂ ਘੱਟ ਆਂ? ਉਸ ਨੇ ਸੋਚਿਆ। ਉਸ ਨੂੰ ਇਉਂ ਲੱਗ ਰਿਹਾ ਸੀ, ਜਿਵੇਂ ਕੋਈ ਸਰਕਾਰੀ ਕਰਮਚਾਰੀ ਸਿਆਸੀ ਆਧਾਰ ’ਤੇ ਜਬਰੀ ਰਿਟਾਇਰ ਕਰ ਦਿੱਤਾ ਹੋਵੇ।
“ਬਲਰਾਜ, ਹੁਣ ਘਰ ਦਾ ਸਾਰਾ ਕਾਰੋਬਾਰ ਆਪ ਈ ਸੰਭਾਲੋ ਬਈ। ਮੈਂ ਥੋੜ੍ਹੇ ਦਿਨ ਲੁਧਿਆਣੇ ਸ਼ਿਵਰਾਜ ਕੋਲ ਰਹਿ ਆਵਾਂ। ਅੱਜ ਤਾਈਂ ਮੈਂ ਉਹਦੇ ਕੋਲ ਕਦੇ ਰਾਤ ਨਹੀਂ ਠਹਿਰਿਆ। ਅਹਿ ਤੇਰੇ ਪੈਨਸ਼ਨ ਆਉਣ ਨਾਲ ਕੁਝ ਕੁ ਰਾਹਤ ਮਿਲੀ ਆ। ਹੁਣ ਮੈਂ ਸੋਚਿਐ, ਛੋਟੀ ਨੂੰਹ ਦਾ ਉਲਾਂਭਾ ਵੀ ਲਾਹ ਹੀ ਆਵਾਂ।”
ਆਪਣੇ ਬਾਪ ਦੀ ਆਖੀ ਇਹ ਗੱਲ ਸੁਣ ਕੇ ਬਲਰਾਜ ਨੇ ਵੀ ਝੱਟ ਹਾਂ ਕਰ ਦਿੱਤੀ। ਦੂਸਰੇ ਦਿਨ ਸਵਖਤੇ ਹੀ ਬਚਿੱਤਰ ਸਿੰਘ ਨੇ ਲੁਧਿਆਣੇ ਜਾਣ ਲਈ ਲਾਰੀ ਜਾ ਫੜੀ। ਤਿੰਨ-ਚਾਰ ਘੰਟੇ ਦੇ ਸਫ਼ਰ ਤੋਂ ਬਾਅਦ ਉਹ ਲੁਧਿਆਣੇ ਜਾ ਅੱਪੜਿਆ।
“ਪੁੱਤਰ, ਮੈਂ ਸੋਚਿਆ ਆਪਣੀ ਛੋਟੀ ਨੂੰਹ ਕੋਲ ਵੀ ਕੁਝ ਦਿਨ ਰਹਿ ਆਵਾਂ। ਪਹਿਲਾਂ ਤਾਂ ਘਰ ਦੇ ਕੰਮਾਂ ਤੋਂ ਈ ਵਿਹਲ ਨਹੀਂ ਸੀ ਮਿਲਦੀ। ਬਲਰਾਜ ਦੇ ਪੈਨਸ਼ਨ ਆਉਣ ਨਾਲ ਕੁਝ ਕੁ ਰਾਹਤ ਮਿਲੀ ਆ।” ਰਾਤ ਨੂੰ ਖਾਣਾ ਖਾਂਦਿਆਂ ਬਚਿੱਤਰ ਸਿੰਘ ਨੇ ਆਪਣੀ ਛੋਟੀ ਨੂੰਹ ਨਾਲ ਗੱਲ ਛੇੜੀ।
“ਡੈਡੀ ਜੀ, ਅਹਿ ਵੀ ਤੁਹਾਡਾ ਈ ਘਰ ਆ। ਅਸੀਂ ਤਾਂ ਤੁਹਾਨੂੰ ਪਹਿਲਾਂ ਵੀ ਬਥੇਰਾ ਆਖਦੇ ਹੁੰਦੇ ਸੀ ਪਰ ਤੁਹਾਨੂੰ ਹੀ ਪਿੰਡ ਦਾ ਮੋਹ ਨਹੀਂ ਸੀ ਛੱਡਦਾ।” ਰਾਣੋ ਨੇ ਵੀ ਆਪਣੇ ਸਹੁਰੇ ਦੀ ਆਖੀ ਇਸ ਗੱਲ ਦਾ ਤੁਰੰਤ ਜਵਾਬ ਮੋੜਿਆ।
“ਨਹੀਂ ਪੁੱਤਰ, ਸਮੇਂ-ਸਮੇਂ ਦੀ ਗੱਲ ਹੁੰਦੀ ਆ। ਉਸ ਵੇਲੇ ਬਲਰਾਜ ਫ਼ੌਜ ਵਿੱਚ ਨੌਕਰ ਸੀ। ਉਸ ਦੇ ਟੱਬਰ ਦਾ ਵੀ ਖ਼ਿਆਲ ਰੱਖਣਾ ਸੀ ਨਾ। ਹੁਣ ਜ਼ਿੰਮੇਵਾਰੀਆਂ ਤੋਂ ਕੁਝ ਕੁ ਵਿਹਲ ਮਿਲੀ ਆ। ਜਿੰਨਾ ਚਿਰ ਰੱਖਣਾ, ਰੱਖ ਲਿਓ। ਮੈਨੂੰ ਤਾਂ ਦੋਵੇਂ ਨੂੰਹਾਂ ਬਰਾਬਰ ਨੇ।” ਆਪਣੇ ਸਹੁਰੇ ਦੀ ਇਹ ਗੱਲ ਸੁਣ ਕੇ ਰਾਣੋ ਬਾਗ਼ੋ-ਬਾਗ਼ ਹੋ ਗਈ। ਉਸ ਦੇ ਸਹੁਰੇ ਨੇ ਅੱਜ ਉਸ ਦੇ ਅਗਲੇ-ਪਿਛਲੇ ਸਭ ਗਿਲੇ-ਸ਼ਿਕਵੇ ਦੂਰ ਕਰ ਦਿੱਤੇ ਸਨ।
ਬਚਿੱਤਰ ਸਿੰਘ ਸੁਬ੍ਹਾ ਸੈਰ ਕਰਨ ਲਈ ਘਰੋਂ ਨਿਕਲ ਜਾਂਦਾ ਤੇ ਦੁਪਹਿਰ ਤੱਕ ਘਰ ਮੁੜਦਾ। ਉਹ ਸ਼ਹਿਰ ਦੀਆਂ ਗਲੀਆਂ ਵਿੱਚ ਇੱਧਰ-ਉੱਧਰ ਗੇੜੇ ਮਾਰਦਾ ਰਹਿੰਦਾ। ਇੰਨੇ ਕੁ ਦਿਨਾਂ ਵਿੱਚ ਉਹ ਅਜੇ ਸ਼ਹਿਰੀ ਜੀਵਨ ਦੀ ਟੋਹ ਲਾਉਣ ਵਿੱਚ ਸਫਲ ਨਹੀਂ ਸੀ ਹੋ ਸਕਿਆ। ਇੱਕ ਚੁਸਤ-ਫੁਰਤ ਵਿਅਕਤੀ ਕਿੰਨਾ ਕੁ ਚਿਰ ਘਰ ਵਿਹਲਾ ਬੈਠ ਸਕਦਾ ਸੀ। ਇਸ ਵਿਹਲੇਪਣ ਅਤੇ ਮਾਨਸਿਕ ਗ਼ੁਲਾਮੀ ਨੇ ਤਾਂ ਉਸ ਨੂੰ ਪਿੰਡ ਛੱਡਣ ਲਈ ਮਜਬੂਰ ਕੀਤਾ ਸੀ। ਉਹ ਆਪਣੇ ਮਨ ਵਿੱਚ ਕਈ ਸਕੀਮਾਂ ਉਣਦਾ ਪਰ ਅਜੇ ਉਸ ਦੀ ਗੱਲ ਸੂਤ ਨਹੀਂ ਸੀ ਆ ਰਹੀ। ਲੰਬਾ ਸਮਾਂ ਕਿਸੇ ’ਤੇ ਭਾਰ ਬਣਨਾ ਉਸ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ। ਭਾਵੇਂ ਉਹ ਉਸ ਦਾ ਮੁੰਡਾ ਹੀ ਕਿਉਂ ਨਾ ਹੋਵੇ।
“ਵਿਅਕਤੀ ਉਦੋਂ ਬੁੱਢਾ ਹੁੰਦੈ, ਜਦੋਂ ਉਸ ਦੀ ਸੋਚ ਬੁੱਢੀ ਹੋ ਜਾਂਦੀ ਏ।” ਜੁਆਨੀ ਵੇਲੇ ਇਟਾਲੀਅਨ ਲੋਕਾਂ ਤੋਂ ਸਿੱਖੀ ਇਹ ਗੱਲ ਉਸ ਨੇ ਚੰਗੀ ਤਰ੍ਹਾਂ ਲੜ ਬੰਨ੍ਹੀ ਹੋਈ ਸੀ।
“ਮੇਰੇ ਕੋਲ ਇਟਲੀ ਵਿੱਚ ਹੋਟਲ ’ਤੇ ਕੰਮ ਕਰਨ ਦਾ ਪੰਜ-ਛੇ ਸਾਲ ਦਾ ਤਜਰਬਾ ਐ। ਮੈਂ ਤਾਂ ਇਹਦੇ ਨਾਲ ਮਿਲਦਾ-ਜੁਲਦਾ ਕੋਈ ਕੰਮ ਵੀ ਖੋਲ੍ਹ ਸਕਦੈਂ।” ਇੱਕ ਦਿਨ ਸੋਚਦਿਆਂ-ਸੋਚਦਿਆਂ ਉਸ ਦੇ ਦਿਮਾਗ਼ ਵਿੱਚ ਇਹ ਵਿਚਾਰ ਆਇਆ। ਫਿਰ ਉਸ ਨੇ ਆਪਣੇ ਛੋਟੇ ਮੁੰਡੇ ਦੀ ਸਲਾਹ ਪੁੱਛੀ।
“ਸ਼ਿਵਰਾਜ, ਜੇ ਮੈਂ ਸ਼ਹਿਰ ਵਿੱਚ ਛੋਟਾ-ਮੋਟਾ ਕੋਈ ਟੀ-ਸਟਾਲ ਖੋਲ੍ਹ ਲਵਾਂ ਤਾਂ ਚੱਲ ਜਾਊ?”
“ਹਾਂ-ਹਾਂ ਡੈਡੀ ਜੀ, ਕਿਉਂ ਨਹੀਂ? ਸ਼ਹਿਰਾਂ ਵਿੱਚ ਤਾਂ ਫੱਟਿਆਂ ’ਤੇ ਚਾਹ ਬਣਾਉਣ ਵਾਲੇ ਨ੍ਹੀਂ ਮਾਣ। ਟੀ-ਸਟਾਲ ਵਿੱਚ ਤਾਂ ਬਾਹਲੀ ਕਮਾਈ ਹੋ ਜਾਂਦੀ ਆ।” ਆਪਣੇ ਬਾਪ ਦੀ ਪੁੱਛੀ ਸਲਾਹ ਦੀ ਸ਼ਿਵਰਾਜ ਨੇ ਵੀ ਝਬਦੇ ਹੀ ਹਾਮੀ ਭਰ ਦਿੱਤੀ। ਬਸ ਫਿਰ ਕੀ ਸੀ? ਉਸ ਦਾ ਅੱਧ-ਪਚੱਧਾ ਮਨ ਤਾਂ ਪਹਿਲਾਂ ਈ ਤਿਆਰ ਸੀ। ਪੁੱਤਰ ਦੀ ਦਿੱਤੀ ਹਾਂ-ਪੱਖੀ ਸਲਾਹ ਨੇ ਉਸ ਨੂੰ ਹੋਰ ਵੀ ਉਤਸ਼ਾਹਤ ਕਰ ਦਿੱਤਾ। ਫਿਰ ਉਸ ਨੇ ਜਲਦੀ ਹੀ ਸ਼ਹਿਰ ਦੇ ਬਾਹਰ ਇੰਡਸਟਰੀਅਲ ਏਰੀਏ ਵਿੱਚ ਇੱਕ ਦੁਕਾਨ ਵੀ ਭਾਲ਼ ਲਈ। ਉਸ ਦਾ ਕਿਰਾਇਆ ਵੀ ਬਾਹਲਾ ਨਹੀਂ ਸੀ। ਜੇ ਇਹ ਟੀ-ਸਟਾਲ ਤਿੰਨ-ਚਾਰ ਮਹੀਨੇ ਨਾ ਵੀ ਚੱਲਦਾ ਤਾਂ ਵੀ ਬਚਿੱਤਰ ਸਿੰਘ ਲਈ ਇਸ ਦਾ ਕਿਰਾਇਆ ਦੇਣਾ ਕੋਈ ਅੱਖੀ ਗੱਲ ਨਹੀਂ ਸੀ। ਦੁਕਾਨ ਮਿਲ ਜਾਣ ਕਾਰਨ ਉਹ ਬੜਾ ਖ਼ੁਸ਼ ਸੀ। ਉਸ ਦਾ ਆਪਣਾ ਅੱਡਾ ਬਣ ਗਿਆ ਸੀ। ਗੱਲ ਘਾਟੇ-ਨਫ਼ੇ ਦੀ ਨਹੀਂ ਸੀ। ਗੱਲ ਤਾਂ ਆਪਣੀ ਜ਼ਿੰਦਗੀ ਖ਼ੁਦ ਆਪਣੇ ਪੈਰਾਂ ’ਤੇ ਜਿਊਣ ਦੀ ਸੀ। ਆਪਣੀ ਰੂਹਾਨੀ ਖ਼ੁਸ਼ੀ ਦੀ ਸੀ। ਬਚਿੱਤਰ ਸਿੰਘ ਕਈ ਮਹੀਨੇ ਵਾਪਸ ਆਪਣੇ ਪਿੰਡ ਨਾ ਮੁੜਿਆ।
“ਜੋਗ ਰਾਜ, ਜਦੋਂ ਦਾ ਬਚਿੱਤਰ ਸਿੰਘ ਪਿੰਡੋਂ ਲੁਧਿਆਣੇ ਗਿਐ, ਉਦੋਂ ਦਾ ਪਿੰਡ ਮੁੜ ਕੇ ਈ ਨਹੀਂ ਆਇਐ। ਉਹ ਤਾਂ ਘਰ ਦਾ ਕੰਮ ਛੱਡਣ ਵਾਲਾ ਬੰਦਾ ਨ੍ਹੀਂ ਐਂ।” ਇੱਕ ਦਿਨ ਪਿੰਡ ਦੀ ਸੱਥ ਵਿੱਚ ਗੱਲਾਂ ਚੱਲਦਿਆਂ ਮੇਹਰ ਚੰਦ ਨੇ ਗੱਲ ਛੇੜੀ।
“ਮੇਹਰ ਚੰਦ, ਤੈਨੂੰ ਪਤਾ ਈ ਨਹੀਂ, ਉਹਨੇ ਤਾਂ ਲੁਧਿਆਣੇ ਇੰਡਸਟਰੀਅਲ ਏਰੀਏ ਵਿੱਚ ਆਪਣਾ ਟੀ-ਸਟਾਲ ਖੋਲ੍ਹਿਆ ਹੋਇਐ। ਮੈਂ ਤਾਂ ਲੁਧਿਆਣੇ ਜਾ ਕੇ ਉਹਨੂੰ ਦੋ ਵਾਰ ਮਿਲ ਆਇਐਂ। ਪਹਿਲਾਂ ’ਕੱਲਾ ਟੀ-ਸਟਾਲ ਸੀ, ਜਦੋਂ ਮੈਂ ਦੂਜੀ ਵਾਰ ਗਿਆ ਸੀ, ਹੁਣ ਤਾਂ ਉਹਨੇ ਮਠਿਆਈ-ਪਕੌੜੇ ਸਭ ਕੁਝ ਰੱਖਿਆ ਹੋਇਐ। ਤੂੰ ਜਾ ਕੇ ਤਾਂ ਵੇਖੀਂ, ਉੱਥੇ ਕਿੰਨੀ ਰੌਣਕ ਲੱਗੀ ਰਹਿੰਦੀ ਐ।” ਜੋਗ ਰਾਜ ਨੇ ਮੇਹਰ ਚੰਦ ਨੂੰ ਬੜੇ ਹੁੱਬ ਕੇ ਦੱਸਿਆ।
“ਜੋਗ ਰਾਜ, ਤੂੰ ਕਦੋਂ ਗਿਆ ਸੀ?” ਕੋਲ ਹੀ ਖੜ੍ਹੇ ਸੁਰਜਨ ਸਿੰਘ ਨੇ ਜੋਗ ਰਾਜ ਨੂੰ ਪੁੱਛਿਆ।
“ਆਹ ਹੁਣੇ ਪੰਜ-ਛੇ ਮਹੀਨੇ ਹੋਏ ਹੋਣੇ ਆਂ ਅਜੇ ਸਾਰੇ।”
“ਜੋਗ ਰਾਜ, ਮੈਂ ਤਾਂ ਅਜੇ ਹਫ਼ਤਾ ਹੋਇਐ, ਲੁਧਿਆਣੇ ਆਪਣੇ ਕੰਮ ਗਿਆ, ਉਹਨੂੰ ਮਿਲ ਕੇ ਆਇਐਂ। ਹੁਣ ਤਾਂ ਉਹਨੇ ਨਾਲ ਲੱਗਦੀ ਚੁਬਾਰੇ ਵਾਲੀ ਦੁਕਾਨ ਵੀ ਖ਼ਰੀਦ ਲਈ ਐ। ਉਸ ਦੁਕਾਨ ਵਿੱਚ ਉਹਨੇ ਆਪਣਾ ਢਾਬਾ ਖੋਲ੍ਹਿਆ ਹੋਇਐ। ਇੰਡਸਟਰੀਅਲ ਏਰੀਆ ਕਰਕੇ ਢਾਬਾ ਬਹੁਤ ਚੱਲਦਾ ਐ। ਚਾਰ-ਪੰਜ ਤਾਂ ਬਚਿੱਤਰ ਸਿੰਘ ਨੇ ਨੌਕਰ ਰੱਖੇ ਹੋਏ ਆ।”
“ਅੱਛਾ, ਐਨਾ ਬੜਾ ਕਾਰੋਬਾਰ ਵਧਾ ਲਿਆ ਬਚਿੱਤਰ ਸਿੰਘ ਨੇ?” ਸੁਰਜਨ ਸਿੰਘ ਦੀ ਦੱਸੀ ਇਹ ਗੱਲ ਸੁਣ ਕੇ ਮੇਹਰ ਚੰਦ ਵਿਚਾਲਿਉਂ ਹੀ ਹੈਰਾਨੀ ਵਿੱਚ ਬੋਲਿਆ।
“ਮੇਹਰ ਚੰਦ, ਤੂੰ ਜਾ ਕੇ ਵੇਖੀਂ ਤਾਂ ਸਈ ਲੁਧਿਆਣੇ। ਤਾਊ ਦਾ ਢਾਬਾ ਜਿੱਥੋਂ ਮਰਜ਼ੀ ਪਤਾ ਕਰ ਲਵੀਂ। ਤੈਨੂੰ ਲੋਕਾਂ ਨੇ ਆਪੇ ਦੱਸ ਦੇਣਾਂ। ਢਾਬਾ ਅੱਧੀ-ਅੱਧੀ ਰਾਤ ਤੱਕ ਚੱਲਦਾ ਰਹਿੰਦਾ ਐ।” ਸੁਰਜਨ ਸਿੰਘ ਨੇ ਆਖਿਆ।
“ਵਾਹ ਬਈ ਵਾਹ! ਫਿਰ ਤਾਂ ਨਜ਼ਾਰਾ ਆ ਗਿਆ। ਮੈਂ ਤਾਂ ਪਹਿਲਾਂ ਈ ਸੋਚਦਾ ਸੀ, ਭਈ ਬਚਿੱਤਰ ਸਿੰਘ ਤਾਂ ਬੜਾ ਜੁਗਾੜੂ ਬੰਦਾ ਐ, ਵਿਹਲਾ ਤਾਂ ਉਹ ਰਹਿ ਨ੍ਹੀਂ ਸਕਦਾ।” ਮੇਹਰ ਚੰਦ ਖ਼ੁਸ਼ ਹੋ ਕੇ ਬੋਲਿਆ।
“ਮੇਹਰ ਚੰਦ, ਬਚਿੱਤਰ ਸਿੰਘ ਉੱਥੇ ਗਏ ਦੀ ਸੇਵਾ ਵੀ ਬੜੀ ਕਰਦਾ ਐ। ਮੈਨੂੰ ਉਹ ਰਾਤ ਰਹਿਣ ਲਈ ਬੜਾ ਜ਼ੋਰ ਲਾਉਂਦਾ ਸੀ ਪਰ ਮੈਂ ਹੀ ਨ੍ਹੀਂ ਮੰਨਿਆ। ਦੁਕਾਨ ’ਤੇ ਇੱਕ ਖੁੱਲ੍ਹਾ-ਡੁੱਲ੍ਹਾ ਜਿਹਾ ਚੁਬਾਰਾ ਬਣਿਆ ਹੋਇਐ। ਉੱਥੇ ਮੌਜਾਂ ਮਾਣਦੈ।”
“ਸੁਰਜਨ ਸਿਆਂ, ਜਦ ਕਦੇ ਹੁਣ ਤੂੰ ਦੁਬਾਰਾ ਜਾਵੇਂਗਾ, ਮੈਨੂੰ ਵੀ ਨਾਲ ਲੈ ਜਾਈਂ। ਮੇਰਾ ਵੀ ਉਹਨੂੰ ਮਿਲਣ ਨੂੰ ਬੜਾ ਦਿਲ ਕਰਦੈ।”
“ਮੇਹਰ ਚੰਦ, ਬਚਿੱਤਰ ਸਿੰਘ ਹਫ਼ਤਾ ਕੁ ਪਹਿਲਾਂ ਦੁਰਗਾ ਦਾਸ ਦੇ ਘਰ ਅਫ਼ਸੋਸ ਕਰਨ ਆਇਆ ਤਾਂ ਸੀ, ਉਸ ਦਿਨ ਮਿਲ ਲੈਂਦਾ।” “ਮਿਲ ਤਾਂ ਲੈਂਦਾ, ਪਰ ਮੈਨੂੰ ਪਤਾ ਈ ਨ੍ਹੀਂ ਲੱਗਾ।” ਮੇਹਰ ਚੰਦ, ਬਚਿੱਤਰ ਸਿੰਘ ਹੁਣ ਪਿੰਡ ਘੱਟ ਈ ਰਹਿੰਦਾ ਐ। ਬਲਰਾਜ ਰਹਿਣ ਲਈ ਆਖਦਾ ਵੀ ਰਹਿੰਦਾ ਐ। ਫਿਰ ਵੀ ਮੰਨਦਾ ਨਹੀਂ, ਜਿਵੇਂ ਉਹਦਾ ਪਿੰਡ ਨਾਲੋਂ ਮੋਹ ਈ ਟੁੱਟ ਗਿਆ ਹੁੰਦੈ।” ਵਿਚਾਲਿਉਂ ਜੋਗ ਰਾਜ ਬੋਲਿਆ।
“ਜੋਗ ਰਾਜ, ਬਈ ਇਹ ਤਾਂ ਉਨ੍ਹਾਂ ਦਾ ਘਰ ਦਾ ਮਾਮਲਾ ਐ। ਅਸੀਂ ਇਸ ਗੱਲ ਤੋਂ ਕੀ ਲੈਣੈਂ।” ਮੇਹਰ ਚੰਦ ਨੇ ਇੰਜ ਆਖਦਿਆਂ ਗੱਲ ਮੁਕਾਈ।
“ਬਚਿੱਤਰ ਸਿੰਹਾਂ, ਤੂੰ ਮਹੀਨੇ ਕੁ ਲਈ ਤਾਂ ਪਿੰਡ ਚੱਲ। ਪੰਚਾਇਤ ਚੋਣਾਂ ਤੋਂ ਬਾਅਦ ਮੁੜ ਆਈਂ। ਤੇਰੇ ਤੋਂ ਬਿਨਾਂ ਤਾਂ ਸਾਡੀ ਗੱਲ ਨ੍ਹੀਂ ਬਣਨੀ।” ਇੱਕ ਦਿਨ ਪਿੰਡ ਦੀਆਂ ਪੰਚਾਇਤ ਚੋਣਾਂ ਮੌਕੇ ਬਚਿੱਤਰ ਸਿੰਘ ਦੇ ਸ਼ਰੀਕੇ ਭਾਈਚਾਰੇ ਨੇ ਉਸ ਨੂੰ ਲੁਧਿਆਣੇ ਜਾ ਕੇ ਆਖਿਆ।
“ਮੈਂ ਕਿਹੜਾ ਹੁਣ ਪਿੰਡ ਵਿੱਚ ਰਹਿੰਦਾ ਆਂ। ਮੇਰੇ ਲਈ ਤਾਂ ਸਾਰਾ ਨਗਰ ਇੱਕ ਸਮਾਨ ਏਂ। ਫਿਰ ਮੈਂ ਹੁਣ ਉੱਥੇ ਜਾਵਾਂ ਵੀ ਕਿਉਂ?” ਬਚਿੱਤਰ ਸਿੰਘ ਨੇ ਦੋ ਟੁੱਕ ਆਖਿਆ। ਪਿੰਡ ਤੋਂ ਗਏ ਮੋਹਤਬਰਾਂ ਦੇ ਵਾਰ-ਵਾਰ ਆਖਣ ’ਤੇ ਵੀ ਬਚਿੱਤਰ ਸਿੰਘ ਨਹੀਂ ਸੀ ਮੰਨਿਆ।
ਆਖਰ ਬਚਿੱਤਰ ਸਿੰਘ ਨਾਲ ਔਖੇ ਹੋਏ ਉਹ ਵਾਪਸ ਪਰਤ ਗਏ। ਸ਼ਰੀਕਾ-ਭਾਈਚਾਰਾ ਸੋਚੀਂ ਪੈ ਗਿਆ। ਉਨ੍ਹਾਂ ਦਾ ਮੋਹਰੀ ਇਸ ਵਾਰ ਪਿੰਡ ਜਾਣ ਤੋਂ ਹੀ ਕੰਨੀਂ ਕਤਰਾਅ ਰਿਹਾ ਸੀ। “ਆਪਾਂ ਇਸ ਵਾਰ ਬਲਰਾਜ ਨੂੰ ਈ ਸਰਪੰਚੀ ਲਈ ਖੜ੍ਹਾ ਕਰ ਦਿੰਨੇ ਆਂ।” ਮੋਹਤਬਰਾਂ ’ਚੋਂ ਕਿਸੇ ਨੇ ਸਲਾਹ ਦਿੱਤੀ। ਇਹ ਸਲਾਹ ਸਭ ਨੇ ਝੱਟ ਮੰਨ ਲਈ। ਸ਼ਰੀਕੇ ਭਾਈਚਾਰੇ ਦੇ ਮੋਹਤਬਰਾਂ ਦਾ ਇਹ ਵਾਰ ਬਚਿੱਤਰ ਸਿੰਘ ਲਈ ਸੰਭਾਲਣਾ ਔਖਾ ਸੀ। ਉਸ ਨੂੰ ਇਉਂ ਜਾਪਿਆ, ਜਿਵੇਂ ਕਿਸੇ ਤਕੜੇ ਭਲਵਾਨ ਨੇ ਉਸ ਨੂੰ ਸਹਿਜੇ ਹੀ ਦਾਅ ਮਾਰ ਹੇਠਾਂ ਸੁੱਟ ਲਿਆ ਹੋਵੇ। ਉਸ ਲਈ ਦੁਬਿਧਾ ਖੜ੍ਹੀ ਹੋ ਗਈ। ਉਹ ਆਪਣੇ ਪੁੱਤਰ ਨੂੰ ਚੋਣਾਂ ਵਿੱਚ ਹਰਦਾ ਕਿਵੇਂ ਵੇਖ ਸਕਦਾ ਸੀ। ਇਹ ਹਾਰ ’ਕੱਲੇ ਬਲਰਾਜ ਦੀ ਹਾਰ ਨਹੀਂ ਸੀ। ਬਚਿੱਤਰ ਸਿੰਘ ਦੀ ਹਾਰ ਸੀ। ਉਸ ਦੇ ਸਾਰੇ ਕੁਨਬੇ-ਭਾਈਚਾਰੇ ਦੀ ਹਾਰ ਸੀ। ਇਹ ਗੱਲ ਉਸ ਤੋਂ ਬਰਦਾਸ਼ਤ ਨਹੀਂ ਸੀ ਹੋ ਸਕਦੀ। ਆਖ਼ਿਰ ਉਸ ਨੇ ਕੁਝ ਦਿਨਾਂ ਲਈ ਪਿੰਡ ਜਾਣ ਦਾ ਫ਼ੈਸਲਾ ਕਰ ਲਿਆ।
“ਰਾਣੋ, ਮੈਂ ਕੁਝ ਦਿਨਾਂ ਲਈ ਪਿੰਡ ਜਾਣਾ ਏਂ। ਤੂੰ ਮੇਰੇ ਪਿੱਛੋਂ ਢਾਬੇ ਦਾ ਕਾਰੋਬਾਰ ਸੰਭਾਲ ਲਵੇਂਗੀ?” ਬਚਿੱਤਰ ਸਿੰਘ ਨੇ ਆਪਣੀ ਛੋਟੀ ਨੂੰਹ ਨੂੰ ਪੁੱਛਿਆ।
“ਡੈਡੀ ਜੀ, ਕਿਉਂ ਨਹੀਂ। ਮੈਂ ਸੰਭਾਲ ਲਵਾਂਗੀ।” ਰਾਣੋ ਝੱਟ ਬੋਲੀ।
“ਰਾਣੋਂ, ਇਹ ਕੋਈ ਵੱਡਾ ਕੰਮ ਨ੍ਹੀਂ ਐਂ। ਬਾਕੀ ਸਾਰਾ ਕੰਮ ਨੌਕਰਾਂ ਈ ਕਰਨਾ ਐਂ। ਬਸ ਤੂੰ ਤਾਂ ਗੱਲੇ ’ਤੇ ਬੈਠ ਕੇ ਗਾਹਕਾਂ ਦੇ ਪੈਸੇ ਦਾ ਹਿਸਾਬ-ਕਿਤਾਬ ਰੱਖਣਾ ਏਂ।”
“ਡੈਡੀ ਜੀ, ਤੁਸੀਂ ਘਬਰਾਉਂਦੇ ਕਿਉਂ ਹੋ। ਮੈਂ ਪੂਰਾ ਹਿਸਾਬ-ਕਿਤਾਬ ਰੱਖਾਂਗੀ।” ਰਾਣੋਂ ਦੇ ਇਵੇਂ ਆਖਣ ’ਤੇ ਬਚਿੱਤਰ ਸਿੰਘ ਖ਼ੁਸ਼ ਹੋ ਗਿਆ ਤੇ ਬੇਫ਼ਿਕਰ ਹੋ ਕੇ ਪਿੰਡ ਚਲੇ ਗਿਆ।
“ਅਹਿ ਵੇਖੋ ਜੀ, ਅੱਜ ਮੈਂ ਢਾਬੇ ਦਾ ਹਫ਼ਤੇ ਦਾ ਹਿਸਾਬ ਕੀਤੈ। ਜਿੰਨੀ ਥੋਡੀ ਮਹੀਨੇ ਦੀ ਤਨਖਾਹ ਏ, ਓਨੀ ਤਾਂ ਢਾਬੇ ਦੀ ਇੱਕ ਹਫ਼ਤੇ ਦੀ ਕਮਾਈ ਹੋ ਜਾਂਦੀ ਆ। ਆਪਣਾ ਖਾਣਾ-ਪੀਣਾ ਤੇ ਰਿਸ਼ਤੇਦਾਰਾਂ ਦਾ ਵੀ ਮੁਫ਼ਤ ਵਿੱਚ ਈ ਸਰ ਜਾਂਦਾ ਐ।” ਢਾਬੇ ਦੀ ਹੁੰਦੀ ਕਮਾਈ ਵੇਖ ਕੇ ਹੈਰਾਨ ਹੋਈ ਰਾਣੋ ਨੇ ਆਪਣੇ ਘਰਵਾਲੇ ਨੂੰ ਆਖਿਆ। ਸ਼ਿਵਰਾਜ ਵੀ ਆਪਣੀ ਪਤਨੀ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ।
“ਰਾਣੋ, ਮੈਨੂੰ ਢਾਬੇ ਦਾ ਸਾਰਾ ਹਿਸਾਬ-ਕਿਤਾਬ ਤਾਂ ਸਮਝਾ ਦੇ। ਮੈਂ ਨੌਕਰਾਂ ਦੀਆਂ ਤਨਖਾਹਾਂ ਦੇਣੀਆਂ ਨੇ। ਨਾਲੇ ਬਿਜਲੀ ਦਾ ਬਿੱਲ ਤੇ ਕਰਿਆਨੇ ਵਾਲੇ ਦਾ ਹਿਸਾਬ-ਕਿਤਾਬ ਵੀ ਨਿਬੇੜਨਾ ਹੈ।” ਪਿੰਡੋਂ ਵਾਪਸ ਆ ਕੇ ਦੋ-ਚਾਰ ਦਿਨ ਵੇਖਣ ਤੋਂ ਬਾਅਦ ਬਚਿੱਤਰ ਸਿੰਘ ਨੇ ਆਪਣੀ ਨੂੰਹ ਤੋਂ ਹਿਸਾਬ-ਕਿਤਾਬ ਮੰਗਿਆ। ਹਿਸਾਬ-ਕਿਤਾਬ ਮੰਗਣ ’ਤੇ ਮਰਦ-ਤ੍ਰੀਮਤ ਨੇ ਮਨੋਂ-ਮਨੀਂ ਬੜਾ ਰੰਜ ਮਨਾਇਆ। ਦੋਵਾਂ ਨੇ ਬਚਿੱਤਰ ਸਿੰਘ ਨਾਲ ਮੂੰਹ ਮੋਟੇ ਕਰ ਲਏ। ਬਚਿੱਤਰ ਸਿੰਘ ਆਪਣੇ ਪੁੱਤ-ਨੂੰਹ ਦਾ ਬਦਲਿਆ ਰੁਖ਼ ਤਾੜ ਗਿਆ।
“ਚਲੋ, ਕੋਈ ਗੱਲ ਨ੍ਹੀਂ। ਮਹੀਨੇ ਡੇਢ ਮਹੀਨੇ ਦੀ ਕਮਾਈ ਏ। ਰੱਖ ਲੈਣ ਆਪਣੇ ਕੋਲ। ਉਹ ਵੀ ਤਾਂ ਮੇਰੇ ਪੁੱਤ-ਨੂੰਹ ਈ ਨੇ।” ਬਚਿੱਤਰ ਸਿੰਘ ਨੇ ਮਨੋਂ-ਮਨੀਂ ਸੋਚਿਆ। ਉਸ ਨੇ ਸਾਰਾ ਹਿਸਾਬ-ਕਿਤਾਬ ਆਪਣੇ ਕੋਲੋਂ ਹੀ ਕਰ ਦਿੱਤਾ। ਫਿਰ ਵੀ ਦੋਵਾਂ ਦੇ ਮੂੰਹ ਮੋਟੇ ਦੇ ਮੋਟੇ ਹੀ ਰਹੇ। ਉਨ੍ਹਾਂ ਢਾਬੇ ’ਤੇ ਆਉਣਾ-ਜਾਣਾ ਹੀ ਬੰਦ ਕਰ ਦਿੱਤਾ, ਜਿਵੇਂ ਬਚਿੱਤਰ ਸਿੰਘ ਉਨ੍ਹਾਂ ਦਾ ਦੁਸ਼ਮਣ ਹੋਵੇ। ਬਚਿੱਤਰ ਸਿੰਘ ਨੂੰ ਇਸ ਗੱਲ ਨੇ ਬੜਾ ਦੁਖੀ ਕੀਤਾ। ਇਸ ਜਹਾਨ ਵਿੱਚ ਅੱਜ ਉਸ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ।
“ਪ੍ਰੀਤਮ ਕੌਰੇ, ਤੂੰ ਵੀ ਮੇਰੇ ਮੋਢਿਆਂ ’ਤੇ ਐਡਾ ਬੜਾ ਭਾਰ ਸੁੱਟ ਕੇ ਭਰ ਜਵਾਨੀ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਈ। ਤੂੰ ਮੇਰੇ ਵੱਲ ਈ ਵੇਖ ਲੈਂਦੀ।” ਅੱਜ ਬਚਿੱਤਰ ਸਿੰਘ ਨੂੰ ਆਪਣੀ ਪਤਨੀ ਬੜੀ ਯਾਦ ਆ ਰਹੀ ਸੀ। ਉਸ ਨੂੰ ਉਹ ਔਖੇ ਦਿਨ ਵੀ ਬੜੇ ਯਾਦ ਆ ਰਹੇ ਸਨ, ਜਦੋਂ ਉਸ ਨੇ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਪਾਲ-ਪਲੋਸ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਜੋਗੇ ਕੀਤਾ ਸੀ। ਜਿਨ੍ਹਾਂ ਖਾਤਰ ਉਹ ਚੜ੍ਹਦੀ ਵਰੇਸੇ ਇਟਲੀ ਵਿੱਚ ਆਪਣਾ ਚੰਗਾ ਭਲਾ ਚੱਲਦਾ ਕਾਰੋਬਾਰ ਛੱਡ ਕੇ ਵਾਪਸ ਆਪਣੇ ਵਤਨ ਮੁੜ ਆਇਆ ਸੀ। ਢਾਬੇ ਵਾਲੇ ਚੁਬਾਰੇ ਵਿੱਚ ’ਕੱਲਾ ਬੈਠਾ ਅੱਜ ਉਹ ਬਹੁਤ ਉਦਾਸ ਸੀ। ਰਮਜ਼ਾਂ ਪਿੱਛੇ ਛੁਪੀਆਂ ਰਮਜ਼ਾਂ ਬੁੱਝਣ ਵਾਲਾ ਇੱਕ ਸਿਰੇ ਦਾ ਪਾਰਖੂ ਅੱਜ ਖ਼ੁਦ ਹੀ ਹਾਲਾਤ ਅੱਗੇ ਹਥਿਆਰ ਸੁੱਟੀ ਬੈਠਾ ਸੀ।
“ਟਣ-ਟਣ-ਟਣ।” ਇੱਕ ਦਿਨ ਤੜਕੇ ਹੀ ਬੇਵਕਤੇ ਫੋਨ ਦੀ ਖੜਕੀ ਰਿੰਗ ਨੇ ਅੱਧ-ਸੁੱਤੇ ਪਏ ਬਚਿੱਤਰ ਸਿੰਘ ਨੂੰ ਉਨੀਂਦਰੇ ਹੀ ਉਠਾ ਦਿੱਤਾ।
“ਡੈਡੀ ਜੀ, ਨਾਲੇ ਤੁਸੀਂ ਵਾਧੂ ਦੀਆਂ ਜ਼ਿੰਮੇਵਾਰੀਆਂ ਚੁੱਕਦੇ ਓ, ਨਾਲੇ ਬੁਰਾ ਭਲਾ ਕਹਾਉਂਦੇ ਓ। ਤੁਸੀਂ ਇਸ ਜੱਬ੍ਹ ਤੋਂ ਕੀ ਲੈਣਾ ਏਂ। ਵੱਢੋ ਫਾਹਾ ਰੋਜ਼ ਦੀ ਕਿੜ-ਕਿੜ ਦਾ।” ਫੋਨ ਚੁੱਕਦਿਆਂ ਹੀ ਬਚਿੱਤਰ ਸਿੰਘ ਦੇ ਕੰਨੀਂ ਇਹ ਆਵਾਜ਼ ਪਈ। ਇਹ ਕੁਰਖ਼ਤ ਜਿਹੀ ਆਵਾਜ਼ ਸੁਣ ਕੇ ਉਸ ਦਾ ਸਿਰ ਚਕਰਾ ਗਿਆ। ਉਹ ਝੱਲਿਆਂ ਵਾਂਗ ਬੈਠਾ ਆਲਾ-ਦੁਆਲਾ ਵੇਖੀ ਜਾ ਰਿਹਾ ਸੀ, ਜਿਵੇਂ ਔਟਲਿਆ ਹੋਵੇ।
“ਡੈਡੀ ਜੀ, ਮੈਂ ਇੰਗਲੈਂਡ ਤੋਂ ਜਸਬੀਰ ਬੋਲਦੀ ਆਂ।” ਫੋਨ ’ਤੇ ਕੋਈ ਹੁੰਗਾਰਾ ਨਾ ਮਿਲਣ ਕਾਰਨ ਉਹ ਦੁਬਾਰਾ ਬੋਲੀ।
“ਅੱਛਾ, ਤੂੰ ਇੰਗਲੈਂਡ ਤੋਂ ਜਸਬੀਰ ਬੋਲਦੀ ਐਂ। ਕੁੜੀਏ, ਮੈਂ ਤਾਂ ਪਹਿਲਾਂ ਘਬਰਾਅ ਈ ਗਿਆ ਸੀ। ਤੂੰ ਫੋਨ ਕਰਨ ਲਈ ਟੈਮ ਤਾਂ ਦੇਖ ਲਿਆ ਕਰ।”
“ਡੈਡੀ ਜੀ, ਇੱਕ ਜ਼ਰੂਰੀ ਸੁਨੇਹਾ ਸੀ। ਕੱਲ੍ਹ ਮੈਨੂੰ ਲੁਧਿਆਣੇ ਤੋਂ ਛੋਟੇ ਭਾਅ ਜੀ ਤੇ ਭਾਬੀ ਜੀ ਦਾ ਫੋਨ ਆਇਆ ਸੀ। ਉਹ ਆਂਹਦੇ ਸੀ ਕਿ ਡੈਡੀ ਹੁਣੀਂ ਬੜੇ ਭਾਅ ਜੀ ਨੂੰ ਤਾਂ ਸਰਪੰਚ ਵੀ ਬਣਾ ਆਏ ਆ। ਪਿੰਡ ਵਾਲੀ ਜ਼ਮੀਨ ਵੀ ਓਹੀ ਵਾਹੁੰਦਾ ਐ। ਸਾਨੂੰ ਡੈਡੀ ਨੇ ਕੀ ਦਿੱਤਾ ਐ। ਸਾਨੂੰ ਤਾਂ ਹੋਟਲ ਨੂੰ ਵੀ ਨ੍ਹੀਂ ਹੱਥ ਲਾਉਣ ਦਿੰਦਾ। ਡੈਡੀ ਜੀ, ਮੈਂ ਤਾਂ ਤੁਹਾਨੂੰ ਇਹੀ ਸਮਝਾਉਣਾ ਸੀ ਕਿ ਤੁਸੀਂ ਹੁਣ ਛੱਡੋ ਪਰ੍ਹਾਂ ਇਨ੍ਹਾਂ ਜ਼ਿੰਮੇਵਾਰੀਆਂ ਨੂੰ। ਆਪੇ ਸੰਭਾਲਣ, ਨਾ ਸੰਭਾਲਣ। ਬਾਅਦ ਵਿੱਚ ਵੀ ਇਨ੍ਹਾਂ ਈ ਸਾਂਭਣਾ ਏਂ।” ਆਪਣੀ ਲੜਕੀ ਦੀ ਇਹ ਗੱਲ ਸੁਣ ਕੇ ਬਚਿੱਤਰ ਸਿੰਘ ਸਭ ਕੁਝ ਜਾਣਦਾ ਹੋਇਆ ਵੀ ਅਣਜਾਣ ਜਿਹਾ ਬਣ ਗਿਆ ਪਰ ਮੂੰਹੋਂ ਕੁਝ ਨਾ ਬੋਲਿਆ।
“ਡੈਡੀ ਜੀ, ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਸੀ।” ਕੁਝ ਸਮੇਂ ਦੀ ਚੁੱਪ ਬਾਅਦ ਉਹ ਫਿਰ ਬੋਲੀ।
“ਹਾਂ, ਕੁੜੀਏ ਦੱਸ ਤੂੰ। ਜਕਦੀ ਕਿਉਂ ਐਂ?” ਬਚਿੱਤਰ ਸਿੰਘ ਫ਼ਿਕਰ ਨਾਲ ਬੋਲਿਆ।
“ਡੈਡੀ ਜੀ, ਸਾਡੀ ਪਿੰਡ ਵਾਲੀ ਕੋਠੀ ਨੂੰ ਕਈ ਸਾਲਾਂ ਤੋਂ ਤਾਲਾ ਲੱਗਿਆ ਹੋਇਐ। ਤੁਹਾਨੂੰ ਪਤਾ ਈ ਆ, ਪਿਛਲੇ ਸਾਲ ਕੋਠੀ ਵਿੱਚ ਚੋਰੀ ਵੀ ਹੋ ਗਈ ਸੀ। ਤੁਸੀਂ ਮੁਕਾਓ ਨਿੱਤ ਦੇ ਕਲੇਸ਼ ਨੂੰ। ਸਾਡੀ ਕੋਠੀ ਵਿੱਚ ਜਾ ਕੇ ਰਹਿ ਲਓ। ਨਾਲੇ ਉਹਦੀ ਦੇਖਭਾਲ ਹੋਈ ਜਾਊ ਤੇ ਨਾਲੇ ਸਾਡੇ ਆਉਣ ਜਾਣ ਲਈ ਖੱਲ੍ਹੀ ਰਹੂ। ਉੱਥੇ ਤੁਸੀਂ ਆਪਣੀ ਆਜ਼ਾਦੀ ਨਾਲ ਰਿਹੋ। ਨਾ ਕਿਸੇ ਦੀ ਐਂ ਨਾ ਟੈਂ।” ਆਪਣੀ ਇੰਗਲੈਂਡ ਰਹਿੰਦੀ ਧੀ ਦੀ ਇਹ ਗੱਲ ਸੁਣ ਕੇ ਬਚਿੱਤਰ ਸਿੰਘ ਤ੍ਰਭਕ ਕੇ ਉੱਠਿਆ, ਜਿਵੇਂ ਬਿਜਲੀ ਦਾ ਝਟਕਾ ਲੱਗਿਆ ਹੋਵੇ। ਉਸ ਦੇ ਲੜਖੜਾਉਂਦੇ ਹੱਥਾਂ ਵਿੱਚੋਂ ਰਿਸੀਵਰ ਹੇਠਾਂ ਡਿੱਗ ਪਿਆ। ਕੁਝ ਚਿਰ ਦੀ ਟੂੰ-ਟੂੰ ਦੀ ਆਵਾਜ਼ ਤੋਂ ਬਾਅਦ ਫੋਨ ਆਪੇ ਕੱਟਿਆ ਗਿਆ। ਉਨੀਂਦਰਾ ਹੋਣ ਕਾਰਨ ਉਸ ਦੀ ਦੁਬਾਰਾ ਛੇਤੀ ਹੀ ਅੱਖ ਲੱਗ ਗਈ।
“ਭੂਤ-ਭੂਤ-ਭੂਤ, ਬਚਾਓ-ਬਚਾਓ-ਬਚਾਓ!” ਅਚਾਨਕ ਹੀ ਤੜਕਸਾਰ ਚੁਬਾਰੇ ਵਿੱਚੋਂ ਬੋਲ-ਬੁਰਾਲੇ ਦੀ ਉੱਚੀ ਆਵਾਜ਼ ਆਈ, ਜਿਵੇਂ ਕੋਈ ਝਗੜਦਾ ਹੋਵੇ। ਇਹ ਅਜੀਬ ਜਿਹਾ ਰੌਲਾ-ਰੱਪਾ ਸੁਣ ਕੇ ਹੇਠਾਂ ਸੁੱਤੇ ਪਏ ਨੌਕਰ ਵਾਹੋ-ਦਾਹੀ ਚੁਬਾਰੇ ਉੱਪਰ ਨੱਸੇ ਗਏ। ਬਚਿੱਤਰ ਸਿੰਘ ਸੁਪਨੇ ਵਿੱਚ ਹੀ ਉੱਚੀ-ਉੱਚੀ ਬੁੜਬੜਾਈ ਜਾ ਰਿਹਾ ਸੀ। “ਸਰਦਾਰ ਜੀ, ਕਿਆ ਹੂਆ ਹੈ, ਕਿਆ ਹੂਆ ਹੈ? ਮੈਂ ਆਪ ਕਾ ਨੌਕਰ ਰਾਜੂ ਭਈਆ ਹੂੰ, ਰਾਜੂ ਭਈਆ।” ਨੌਕਰ ਦੇ ਇਵੇਂ ਉੱਚੀ ਦੇਣੀ ਆਖਣ ’ਤੇ ਬਚਿੱਤਰ ਸਿੰਘ ਦੀ ਅੱਖ ਖੁੱਲ੍ਹ ਗਈ। ਉਹ ਉੱਭੜਵਾਹੇ ਉੱਠਿਆ ਤੇ ਬੜੇ ਗਹੁ ਨਾਲ ਆਲਾ-ਦੁਆਲਾ ਤੱਕਣ ਲੱਗਾ। ਉਹ ਤਾਂ ਆਪਣੇ ਚੁਬਾਰੇ ਵਿੱਚ ਹੀ ਸੁੱਤਾ ਪਿਆ ਸੀ। ਉਸ ਦੇ ਮਨ ਨੂੰ ਤਸੱਲੀ ਹੋਈ ਤੇ ਫਿਰ ਉਹ ਘੂਕ ਸੌਂ ਗਿਆ, ਜਿਵੇਂ ਕੋਈ ਫੱਕਰ ਆਪਣੀ ਕੁੱਲੀ ਵਿੱਚ ਅਲਮਸਤ ਲੇਟਿਆ ਹੋਵੇ।