For the best experience, open
https://m.punjabitribuneonline.com
on your mobile browser.
Advertisement

ਹੱਕ ਸੱਚ ਦੀ ਲੜਾਈ ਲੜਦੀ ਕੁੜੀ ਦਾ ਬਿਰਤਾਂਤ

07:25 AM May 17, 2024 IST
ਹੱਕ ਸੱਚ ਦੀ ਲੜਾਈ ਲੜਦੀ ਕੁੜੀ ਦਾ ਬਿਰਤਾਂਤ
Advertisement

ਕੇ.ਐਲ. ਗਰਗ

ਇੱਕ ਪੁਸਤਕ - ਇੱਕ ਨਜ਼ਰ

ਰਿਪੁਦਮਨ ਸਿੰਘ ‘ਰੂਪ’ ਪੰਜਾਬੀ ਭਾਸ਼ਾ ਦਾ ਬਹੁ-ਵਿਧਾਈ ਲੇਖਕ ਹੈ ਜਿਸ ਨੇ ਕਵਿਤਾ, ਕਹਾਣੀ, ਮਿੰਨੀ ਕਹਾਣੀ, ਨਾਵਲ ਅਤੇ ਸੰਪਾਦਨਾ ਦੇ ਖੇਤਰ ਵਿੱਚ ਚੋਖਾ ਕੰਮ ਕਰਕੇ ਚੰਗਾ ਨਾਂ ਕਮਾਇਆ ਹੈ। ਉਸ ਦੀ ਸੋਚ ਅਤੇ ਚਿੰਤਨ ਪ੍ਰਗਤੀਵਾਦੀ ਖਾਸੇ ਵਾਲਾ ਹੈ। ਉਸ ਦੀਆਂ ਰਚਨਾਵਾਂ ਵਿੱਚੋਂ ਇਨਸਾਨੀ ਮੁਹੱਬਤ ਅਤੇ ਮਨੁੱਖੀ ਕਦਰਾਂ ਕੀਮਤਾਂ ਕੀਮਤਾਂ ਦੀ ਥਾਹ ਮਿਲਦੀ ਹੈ ਤੇ ਮਨੁੱਖਵਾਦੀ ਸੋਚ ਵਾਲੀ ਗੂੰਜ ਸੁਣਾਈ ਦਿੰਦੀ ਹੈ।
‘ਪ੍ਰੀਤੀ’ (ਕੀਮਤ 400 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ/ ਚੰਡੀਗੜ੍ਹ) ਉਸ ਦਾ ਦੂਸਰਾ ਨਾਵਲ ਹੈ ਜੋ ਪ੍ਰੀਤੀ ਨਾਂ ਦੀ ਜੁਝਾਰੂ ਕੁੜੀ, ਜੋ ਹੱਕ-ਸੱਚ ਲਈ ਲੜਨਾ ਆਪਣਾ ਧਰਮ ਸਮਝਦੀ ਹੈ, ਦੁਆਲੇ ਘੁੰਮਦਾ ਹੈ। ਇੰਝ ਇਹ ਨਾਇਕਾ ਪ੍ਰਧਾਨ ਨਾਵਲ ਹੈ, ਜੋ ਸਾਰੇ ਸੰਘਰਸ਼ਾਂ ਅਤੇ ਘੋਲਾਂ ਦੇ ਬਾਵਜੂਦ ਸੁਖਾਂਤਕ ਸੁਰ ਵਿੱਚ ਪੂਰਾ ਹੁੰਦਾ ਦਿਖਾਈ ਦਿੰਦਾ ਹੈ।
ਪ੍ਰੀਤੀ ਇੱਕ ਅਜਿਹੇ ਸੰਘਰਸ਼ਸ਼ੀਲ ਟੱਬਰ ਦੀ ਤੀਸਰੀ ਪੀੜ੍ਹੀ ਦੀ ਸੰਤਾਨ ਹੈ ਜੋ ਸਾਰੇ ਦੇ ਸਾਰੇ ਇਨਸਾਨੀ ਹੱਕਾਂ ਅਤੇ ਘੋਲਾਂ ਲਈ ਲੜਦੇ ਦਿਖਾਈ ਦਿੰਦੇ ਹਨ। ਉਹ ਕਮਿਊਨਿਸਟ ਪਾਰਟੀ ਦੇ ਅਜਿਹੇ ਰੁਕਨ ਹਨ ਜੋ ਤਨ, ਮਨ ਤੇ ਧਨ ਨਾਲ ਪਾਰਟੀ ਦੀ ਸੇਵਾ ਵਿੱਚ ਰੁੱਝੇ ਹੋਏ ਹਨ। ਦਾਦਾ ਕੁਲਵਿੰਦਰ ਸਿੰਘ ਪਾਰਟੀ ਦਾ ਮੈਂਬਰ ਹੈ ਤੇ ਲੋਕ ਘੋਲਾਂ ਵਿੱਚ ਮੋਢੀ ਰੋਲ ਅਦਾ ਕਰਦਾ ਰਿਹਾ ਹੈ। ਪੁਲੀਸ ਦਾ ਡਟ ਕੇ ਵਿਰੋਧ ਕਰਦਾ ਹੈ ਤੇ ਆਪਣੀਆਂ ਮੰਗਾਂ ਲਈ ਡਟ ਕੇ ਖਲੋਂਦਾ ਹੈ। ਪ੍ਰੀਤੀ ਦਾ ਪਿਤਾ ਪੰਜਾਬੀ ਦਾ ਪ੍ਰਸਿੱਧ ਨਾਟਕਕਾਰ ਸਤਿਨਾਮ ਸਿੰਘ ਹੈ ਜਿਸ ਦੇ ਅਗਾਂਹਵਧੂ ਨਾਟਕਾਂ ਦੀ ਕਾਫ਼ੀ ਪ੍ਰਸਿੱਧੀ ਹੈ। ਚਾਚਾ ਪ੍ਰਣਾਮ ਸਿੰਘ ਹਾਈਕੋਰਟ ਵਿੱਚ ਵਕੀਲ ਹੈ ਤੇ ਚਾਚੀ ਚੰਡੀਗੜ੍ਹ ਵਿਖੇ ਕਾਲਜ ਪ੍ਰੋਫੈਸਰ ਹੈ। ਇਸ ਤਰ੍ਹਾਂ ਹੱਕ-ਸੱਚ ਲਈ ਲੜਨਾ ਤੇ ਆਪਣੀਆਂ ਜਾਇਜ਼ ਮੰਗਾਂ ਲਈ ਘੋਲ ਕਰਨਾ ਪ੍ਰੀਤੀ ਦੇ ਜੀਨਸ ਵਿੱਚ ਹੀ ਸ਼ਾਮਲ ਹੈ। ਪ੍ਰੀਤੀ ਦੇ ਨੰਬਰ ਘੱਟ ਹੋਣ ਕਾਰਨ ਉਸ ਨੂੰ ਯੂਨੀਵਰਸਿਟੀ ਵਿੱਚ ਦਾਖ਼ਲਾ ਨਹੀਂ ਮਿਲਦਾ ਸਗੋਂ ਇੱਕ ਖੇਤਰੀ ਕਾਲਜ ਜਿੱਥੇ ਤਿੰਨ ਫੈਕਲਟੀਜ਼ ਚੱਲ ਰਹੀਆਂ ਸਨ, ਭਾਵ ਲਾਅ, ਕੰਪਿਊਟਰ ਅਤੇ ਇੰਜੀਨੀਅਰਿੰਗ ਆਦਿ, ਦਾਖ਼ਲਾ ਮਿਲ ਜਾਂਦਾ ਹੈ।
ਉੱਥੇ ਦਾਖ਼ਲ ਹੁੰਦਿਆਂ ਹੀ ਉਸ ਦਾ ਪੰਗਾ ਲਾਇਬ੍ਰੇਰੀਅਨ ਤੇ ਮਗਰੋਂ ਕਾਲਜ ਦੇ ਇੱਕ ਗੈਂਗਸਟਰ ਤੇ ਬਦਮਾਸ਼ ਮੁੰਡੇ ਭੀਰੇ ਨਾਲ, ਜੋ ਡੀ.ਐਸ.ਪੀ. ਦਾ ਪੁੱਤਰ ਹੈ, ਨਾਲ ਪੈ ਜਾਂਦਾ ਹੈ। ਪ੍ਰੀਤੀ ਪਹਿਲਾਂ ਇਕੱਲੀ ਹੀ ਡਟ ਕੇ ਉਸ ਦਾ ਮੁਕਾਬਲਾ ਕਰਦੀ ਹੈ। ਪਰ ਦਾਦੇ ਦੇ ਸਮਝਾਉਣ ’ਤੇ ਉਹ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਸ ਲੜਾਈ ਵਿੱਚ ਆਪਣੇ ਨਾਲ ਰਲਾ ਲੈਂਦੀ ਹੈ। ਦਾਦੇ ਦਾ ਕਹਿਣਾ ਸੀ ਕਿ ਇਕੱਲਿਆਂ ਕੋਈ ਲੜਾਈ ਜਬਰ ਦੇ ਖਿ਼ਲਾਫ਼ ਨਹੀਂ ਜਿੱਤੀ ਜਾ ਸਕਦੀ। ਹਰ ਲੜਾਈ ਨੂੰ ਲੋਕਾਂ ਨਾਲ ਰਲ ਕੇ ਲੋਕ-ਲਹਿਰ ਬਣਾਓ। ਦਾਦੇ ਦੀ ਸਿੱਖਿਆ ’ਤੇ ਅਮਲ ਕਰਦਿਆਂ ਉਹ ਕਾਲਜ ਦੇ ਹੋਰ ਮੁੰਡੇ ਕੁੜੀਆਂ ਨੂੰ ਆਪਣੇ ਗਰੁੱਪ ਵਿੱਚ ਰਲਾ ਲੈਂਦੀ ਹੈ ਤੇ ਆਪਣਾ ਸੰਘਰਸ਼ ਸ਼ੁਰੂ ਕਰ ਦਿੰਦੀ ਹੈ।
ਹੌਲੀ-ਹੌਲੀ ਉਹ ਕਾਲਜ ਦੀਆਂ ਹੋਰ ਸਮੱਸਿਆਵਾਂ ਵੱਲ ਵੀ ਧਿਆਨ ਦੇਣਾ ਸ਼ੁਰੂ ਕਰਦੀ ਹੈ। ਕਾਲਜ ਦੀ ਕੰਟੀਨ, ਮੈੱਸ, ਫਲੱਸ਼ਾਂ, ਬੂਹੇ-ਬਾਰੀਆਂ, ਟੂਟੀਆਂ ਆਦਿ ਦੀ ਭੈੜੀ ਹਾਲਤ ਵੱਲ ਕਾਲਜ ਪ੍ਰਸ਼ਾਸਨ ਦਾ ਧਿਆਨ ਦਿਵਾਉਂਦੀ ਹੈ। ਮੈਮੋਰੰਡਮ ਦਿੱਤੇ ਜਾਂਦੇ ਹਨ। ਕਾਲਜ ਦੀ ਇੰਚਾਰਜ, ਡਾਇਰੈਕਟਰ ਆਦਿ ਨੂੰ ਅਪੀਲਾਂ ਕਰਕੇ ਸੁਚੇਤ ਕੀਤਾ ਜਾਂਦਾ ਹੈ। ਜਦੋਂ ਉਹ ਗੌਰ ਨਹੀਂ ਕਰਦੇ ਤਾਂ ਹੜਤਾਲਾਂ ਤੇ ਧਰਨਿਆਂ ਵਾਲਾ ਤਰੀਕਾ ਵੀ ਵਰਤਿਆ ਜਾਂਦਾ ਹੈ। ਵਿਦਿਆਰਥੀਆਂ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ ਉਨ੍ਹਾਂ ਦਾ ਪਰਿਵਾਰ ਆ ਕੇ ਕਾਲਜ ਵਿੱਚ ਨਸ਼ਿਆਂ ਖਿਲਾਫ਼ ਪ੍ਰਭਾਵਸ਼ਾਲੀ ਨਾਟਕ ਵੀ ਖੇਡਦਾ ਹੈ। ਉਹ ਆਪਣੀ ਹਿੰਮਤ ਨਾਲ ਵੱਡਾ ਯੂਥ ਫੈਸਟੀਵਲ ਵੀ ਕਰਵਾਉਂਦੀ ਹੈ ਜੋ ਕਾਲਜ ਦੇ ਇਤਿਹਾਸ ਵਿੱਚ ਅਮਿਟ ਪੈੜਾਂ ਛੱਡ ਜਾਂਦਾ ਹੈ।
ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਉਹ ਵਾਈਸ ਚਾਂਸਲਰ ਨੂੰ ਵੀ ਮੈਮੋਰੰਡਮ ਘੱਲਦੀ ਹੈ, ਸਿੰਡੀਕੇਟ ਅਤੇ ਸੈਨੇਟਰਾਂ ਦੀ ਵੀ ਸਹਾਇਤਾ ਲੈਂਦੀ ਹੈ। ਪੱਤਰਕਾਰਾਂ ਨੂੰ ਵੀ ਸੂਚਿਤ ਕਰਦੀ ਹੈ। ਸਿੱਟਾ, ਮੰਗਾਂ ਮੰਨ ਲਈਆਂ ਜਾਂਦੀਆਂ ਹਨ। ਪ੍ਰੀਤੀ ਵਿੱਚ ਇਨਸਾਨੀ ਗੁਣਾਂ ਦੀ ਵੀ ਭਰਮਾਰ ਹੈ। ਉਹ ਪੱਕਾ ਵੈਰ-ਵਿਰੋਧ ਕਿਸੇ ਨਾਲ ਨਹੀਂ ਵਿੱਢਦੀ। ਭੀਰੇ ਦਾ ਕਤਲ ਹੋ ਜਾਣ ’ਤੇ ਉਹ ਆਪਣੇ ਸਾਥੀਆਂ ਨਾਲ ਉਸ ਦੇ ਸੰਸਕਾਰ ’ਤੇ ਵੀ ਜਾਂਦੀ ਹੈ ਤੇ ਭੋਗ ਵਾਲੇ ਦਿਨ ਉਸ ਦੇ ਮਾਪਿਆਂ ਨਾਲ ਵੀ ਹਮਦਰਦੀ ਦਿਖਾਉਂਦੀ ਦਿਖਾਈ ਦਿੰਦੀ ਹੈ। ਪ੍ਰੋਫੈਸਰ ਖੁਸ਼ੀ ਰਾਮ ਨੇਗੀ ਵੱਲੋਂ ਉਨ੍ਹਾਂ ਦਾ ਲਗਾਤਾਰ ਵਿਰੋਧ ਕਰਨ ਦੇ ਬਾਵਜੂਦ ਉਸ ਪ੍ਰਤੀ ਉਸ ਦਾ ਵਤੀਰਾ ਸ਼ਾਲੀਨਤਾ ਵਾਲਾ ਹੈ। ਮਨੁੱਖੀ ਕਦਰਾਂ-ਕੀਮਤਾਂ ਹਮੇਸ਼ਾਂ ਉਸ ਦੇ ਅੰਗ-ਸੰਗ ਰਹਿੰਦੀਆਂ ਹਨ। ਆਪਣੀਆਂ ਮੰਗਾਂ ਦੇ ਨਾਲ-ਨਾਲ ਉਹ ਮਾਲੀਆਂ, ਚਪੜਾਸੀਆਂ ਅਤੇ ਸੁਰੱਖਿਆ ਗਾਰਡਾਂ ਦੇ ਹੱਕਾਂ ਲਈ ਵੀ ਲੜਦੀ ਦਿਖਾਈ ਦਿੰਦੀ ਹੈ।
ਇਸ ਨਾਵਲ ਵਿੱਚੋਂ ਸਵੈ-ਜੀਵਨੀ ਮੂਲਕ ਪਾਤਰਾਂ ਦੀ ਭਾਹ ਵੀ ਮਾਰਦੀ ਦਿਖਾਈ ਦਿੰਦੀ ਹੈ। ਦਾਦਾ ਕੁਲਵਿੰਦਰ ਸਿੰਘ ਵਿੱਚੋਂ ਸ. ਸੰਤੋਖ ਸਿੰਘ ਧੀਰ ਦੇ ਬਹੁਤੇ ਲੱਛਣ ਤੇ ਕਾਰਜ ਦ੍ਰਿਸ਼ਟੀਗੋਚਰ ਹੁੰਦੇ ਹਨ। ਪਿਤਾ ਨਾਟਕਕਾਰ ਸਤਿਨਾਮ ਸਿੰਘ ਖ਼ੁਦ ਰਿਪੁਦਮਨ ਸਿੰਘ ਰੂਪ ਦਾ ਹੀ ਪ੍ਰਤਿਰੂਪ ਭਾਸਦਾ ਹੈ। ਪ੍ਰੀਤੀ ਵੀ ਉਨ੍ਹਾਂ ਦੀ ਪੋਤਰੀ ਰਿਤੂ ਰਾਗ ਦੇ ਰੂਪ ਵਿੱਚ ਨਾਵਲ ਵਿੱਚ ਵਿਚਰਦੀ ਪ੍ਰਤੀਤ ਹੁੰਦੀ ਹੈ। ਦਾਦਾ ਕੁਲਵਿੰਦਰ ਸਿੰਘ ਦਾ ਉਂਗਲ ਖੜ੍ਹੀ ਕਰਕੇ ਭਾਸ਼ਣ ਦੇਣਾ ਸ. ਸੰਤੋਖ ਸਿੰਘ ਧੀਰ ਦੇ ਹੀ ਇੱਕ ਰੂਪ ਨੂੰ ਪ੍ਰਗਟ ਕਰਦਾ ਹੈ।
ਪ੍ਰੀਤੀ ਨਾਵਲ ਦੇ ਆਖ਼ਰ ਵਿੱਚ ਇੱਕ ਸਫਲ ਨੇਤਾ ਦੇ ਰੂਪ ਵਿੱਚ ਉੱਭਰਦੀ ਪ੍ਰਤੀਤ ਹੁੰਦੀ ਹੈ ਜਿਸ ਨੇ ਆਪਣੀ ਸਿਆਣਪ, ਸੂਝ, ਦਲੇਰੀ ਅਤੇ ਦ੍ਰਿੜ੍ਹ ਇਰਾਦੇ ਨਾਲ ਕਾਲਜ ਨੂੰ ਨਮੂਨੇ ਦਾ ਕਾਲਜ ਬਣਾ ਦਿੱਤਾ ਤੇ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕੀਤੀ। ਇਹੋ ਜਿਹੇ ਪਾਤਰ ਸਿਰਜ ਕੇ ਰੂਪ ਨੇ ਇੱਕ ਆਦਰਸ਼ ਕਾਇਮ ਕੀਤਾ ਹੈ ਜੋ ਔਰਤਾਂ ਲਈ ਤਾਂ ਇੱਕ ਮਿਸਾਲ ਬਣੇਗਾ ਹੀ, ਪਾਠਕਾਂ ਨੂੰ ਵੀ ਸੁਚੇਤ ਕਰੇਗਾ। ਪ੍ਰੀਤੀ ਇੱਕ ਸਫਲ ਕਿਰਦਾਰ ਦੇ ਰੂਪ ਵਿੱਚ ਪੇਸ਼ ਹੋਇਆ ਹੈ।

Advertisement

ਸੰਪਰਕ: 94635-37050

Advertisement
Advertisement

Advertisement
Author Image

sukhwinder singh

View all posts

Advertisement