ਆਮ ਇਨਸਾਨ ਦੀ ਕਹਾਣੀ ‘ਜੱਟੂ ਨਿਖੱਟੂ’
ਸੁਰਜੀਤ ਜੱਸਲ
ਪਿਆਰ ਵਾਸਤੇ ਇਨਸਾਨ ਕੀ-ਕੀ ਨਹੀਂ ਕਰਦਾ। ਆਪਾਂ ਅਕਸਰ ਫਿਲਮਾਂ ’ਚ ਪਿਆਰ ਵਿੱਚ ਡੁੱਬੇ ਪਾਤਰ ਦਾ ਪਾਗਲਪਣ ਵੇਖਦੇ ਹਾਂ ਕਿ ਉਹ ਪਿਆਰ ਲਈ ਆਪਣੀ ਮਾਨਸਿਕ ਅਤੇ ਆਰਥਿਕ ਸਥਿਤੀ ਗਵਾ ਲੈਂਦਾ ਹੈ, ਪਰ ਇਹ ਪਿਆਰ ਦੀ ਦਾਸਤਾਨ ਅਸਲ ਜ਼ਿੰਦਗੀ ਦੀ ਸੱਚਾਈ ਨੂੰ ਚੰਗੀ ਤਰ੍ਹਾਂ ਬਿਆਨ ਨਹੀਂ ਕਰਦੀ। ਕਈ ਵਾਰ ਪਿਆਰ ਲਈ ਸਾਨੂੰ ਪਿੱਛੇ ਹਟਣਾ ਪੈਂਦਾ ਹੈ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਨ੍ਹਾਂ ਸਭ ਹਾਲਤਾਂ ਨੂੰ ਇੱਕ ਆਮ ਘਰ ਦੇ ਨੌਜਵਾਨ ਦੀ ਜ਼ਿੰਦਗੀ ਰਾਹੀਂ ਫਿਲਮ ‘ਜੱਟੂ ਨਿਖੱਟੂ’ ਵਿੱਚ ਵਿਖਾਇਆ ਗਿਆ ਹੈ।
ਨਿਖੱਟੂ ਦਾ ਅਰਥ ਹੁੰਦਾ ਹੈ ਜਿਸ ਨੇ ਜ਼ਿੰਦਗੀ ਵਿੱਚ ਕੁਝ ਹਾਸਲ ਨਾ ਕੀਤਾ ਹੋਵੇ ਜਾਂ ਉਸ ਇਨਸਾਨ ਨੂੰ ਤਾਅਨਾ ਦੇਣ ਲਈ ਵਰਤਿਆ ਜਾਂਦਾ ਹੈ ਜੋ ਵਿਹਲਾ ਹੈ। ਅਵੱਲੀ ਫਿਤਰਤ ਦਾ ਇਨਸਾਨ ਜਤਿੰਦਰ ਸਿੰਘ ‘ਜੱਟੂ ਨਿਖੱਟੂ’ ਆਪਣੇ ਮਾਂ-ਬਾਪ ਦੇ ਕਹਿਣ ਤੋਂ ਬਾਹਰ ਰਹਿੰਦਾ ਹੈ। ਆਪਣੇ ਪਿਓ ਦੇ ਤੇਲ ਡੀਪੂ ਦੇ ਕਾਰੋਬਾਰ ਵਿੱਚ ਦਿਲਚਸਪੀ ਨਾ ਲੈਂਦਾ ਹੋਇਆ ਉਹ ਅੱਲੜ੍ਹ ਉਮਰ ਵਿੱਚ ਗੁਆਂਢ ਵਿੱਚ ਭੂਆ ਦੇ ਘਰ ਆਈ ਹਾਣ ਦੀ ਕੁੜੀ ਨੂੰ ਪਿਆਰ ਕਰ ਬੈਠਦਾ ਹੈ, ਪਰ ਉਹ ਇੱਕ ਔਖੇ ਮੋੜ ’ਤੇ ਆ ਕੇ ਖੜ੍ਹਦਾ ਹੈ ਅਤੇ ਸਮਾਜ ਦੀ ਅਮੀਰੀ-ਗ਼ਰੀਬੀ ਦੀ ਉੱਚ ਨੀਚ ਨੂੰ ਦੇਖ ਕੇ ਆਪਣਾ ਇਮਾਨ ਸਮਝ ਕੇ ਆਪਣੇ ਪਿਆਰ ਨੂੰ ਅਲਵਿਦਾ ਕਹਿ ਕੇ ਮੁੜ ਜਾਂਦਾ ਹੈ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਦਾ ਦੂਜਾ ਪੜਾਅ ਸ਼ੁਰੂ ਹੁੰਦਾ ਹੈ। ਉਹ ਆਪਣੇ ਅੱਖਾਂ ਦੇ ਹੰਝੂ ਪੂੰਝ ਕੇ ਆਪਣੇ ਮਾਮੇ ਦੀ ਮਦਦ ਨਾਲ ਠੇਕੇਦਾਰੀ ਦੇ ਕੰਮ ਵਿੱਚ ਚਲਾ ਜਾਂਦਾ ਹੈ, ਜਿਸ ਵਿੱਚ ਉਹ ਨਵੀਆਂ ਪੁਲਾਂਘਾ ਪੁੱਟਦਾ ਹੋਇਆ ਆਪਣੀ ਜ਼ਿੰਦਗੀ ਨੂੰ ਨਵੀਂ ਲੀਹ ’ਤੇ ਲੈ ਆਉਂਦਾ ਹੈ। ਦੂਜੇ ਪਾਸੇ ਸਮਾਜ ਦੇ ਦੋਗਲੇ ਚਿਹਰਿਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਉਹ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ-ਨਿਭਾਉਂਦਾ ਟੁੱਟਣ ਲੱਗ ਜਾਂਦਾ ਹੈ।
ਦੂਜੇ ਪਾਸੇ ਮਾੜੀ ਸੰਗਤ ਦੀ ਸ਼ਿਕਾਰ ਹੋਈ ਔਲਾਦ ਉਸ ਦੇ ਮਨ ਦਾ ਵੱਡਾ ਬੋਝ ਬਣ ਜਾਂਦੀ ਹੈ, ਜੋ ਉਸ ਦੀਆਂ ਭਵਿੱਖ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੰਦੀ ਹੈ। ਇਸ ਦੌਰਾਨ ਉਹ ਮਨ ਦੀ ਉਦਾਸੀ ਕੱਢਣ ਲਈ ਸ਼ਾਇਰੀ ਦਾ ਸਹਾਰਾ ਲੈਂਦਾ ਹੈ। ਮਹਿਕਮੇ ਵਿੱਚ ਨਾਲ ਕੰਮ ਕਰਦੇ ਲੋਕ ਟੈਂਡਰ ਆਪਣੇ ਨਾਂ ਲੁਆ ਕੇ ਸਾਰਾ ਮੁਨਾਫ਼ਾ ਆਪਣੇ ਨਾਂ ਕਰ ਲੈਂਦੇ ਹਨ, ਦੂਜੇ ਪਾਸੇ ਉਸ ਦਾ ਪੁੱਤਰ ਗ਼ਲਤ ਕੰਮਾਂ ਵਿੱਚ ਕੋਈ ਰਾਹ ਨਾ ਲੱਭਦਾ ਦੇਖ ਮੌਤ ਨੂੰ ਗਲ਼ ਲਾ ਲੈਂਦਾ ਹੈ। ਇਸ ਤਰ੍ਹਾਂ ਜੱਟੂ ਇੱਕ ਵਾਰ ਫਿਰ ਆਪਣੀ ਜ਼ਿੰਦਗੀ ਦੇ ਔਖੇ ਮੋੜ ’ਤੇ ਆ ਕੇ ਖੜ੍ਹਦਾ ਹੈ। ਉਹ ਆਪਣੀਆਂ ਪੋਤਰੀਆਂ ਨੂੰ ਪਾਲ ਕੇ ਚੰਗੀ ਜ਼ਿੰਦਗੀ ਦੇਣ ਦਾ ਇੱਕ ਹੋਰ ਮੌਕਾ ਹਾਸਲ ਕਰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਕਦੇ ਡਿੱਗਣ ਨਹੀਂ ਦਿੰਦਾ ਅਤੇ ਅੱਗੇ ਵਧਦਾ ਰਹਿੰਦਾ ਹੈ। ਇਸ ਤਰ੍ਹਾਂ ਆਪਣੀ ਸੰਪੂਰਨ ਜ਼ਿੰਦਗੀ ਨੂੰ ਕਾਗਜ਼ ’ਤੇ ਉਤਾਰ ਕੇ ਆਪਣੀ ਜੀਵਨੀ ਲਿਖਦਾ ਹੈ।
ਨਿਰਮਾਤਾ ਮਨਮੋਹਨ ਸਿੰਘ ਦੀ ਐੱਮਐੱਮ ਮੂਵੀਜ਼ ਤੇ ਪੰਜਾਬੀ ਸਕਰੀਨ ਦੇ ਬੈਨਰ ਹੇਠ ਓ.ਟੀ.ਟੀ. ਚੌਪਾਲ ’ਤੇ ਰਿਲੀਜ਼ ਹੋਈ ਇਸ ਫਿਲਮ ਨੂੰ ਮਨਜੋਤ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ। ਮਨਜੋਤ ਨੇ ਪਾਤਰ ਦੇ ਹਾਵ-ਭਾਵਾਂ ਅਤੇ ਮਾਨਸਿਕਤਾ ਨੂੰ ਬਾਰੀਕੀ ਨਾਲ ਸਮਝ ਕੇ ਇੱਕ ਆਮ ਇਨਸਾਨ ਦੀ ਅਸਲ ਜ਼ਿੰਦਗੀ ਪੇਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫਿਲਮ ਦੇ ਮੁੱਖ ਕਿਰਦਾਰ ‘ਜੱਟੂ’ ਵਿੱਚ ਪੰਜਾਬੀ ਇੰਡਸਟਰੀ ਦਾ ਨਵਾਂ ਚਿਹਰਾ ਬਣੇ ਹਰਵਿੰਦਰ ਔਜਲਾ ਬਾਖੂਬੀ ਢਲਦੇ ਹਨ। ਫਿਲਮ ਦੀ ਨਾਇਕਾ ਦਿਵਜੋਤ ਕੌਰ ਦੀ ਅਦਾਕਾਰੀ ਵੀ ਦਰਸ਼ਕਾਂ ਨੂੰ ਭਾਵੁਕ ਕਰਨ ਵਿੱਚ ਸਫਲ ਹੁੰਦੀ ਹੈ। ਤਰਸੇਮ ਪਾਲ, ਮਲਕੀਤ ਰੌਣੀ, ਵਿਜੈ ਟੰਡਨ, ਬੋਬ ਖਹਿਰਾ, ਜਗਦੀਸ਼ ਸੱਚਦੇਵਾ, ਅਰਵਿੰਦਰ ਸਿੰਘ ਭੱਟੀ, ਗੁਰਿੰਦਰ ਮਕਨਾ, ਗੁਰੂ ਰੰਧਾਵਾ, ਸ਼ਮਸ਼ੇਰ ਢਿੱਲੋਂ ਆਦਿ ਕਲਾਕਾਰਾਂ ਨੇ ਵੀ ਇਸ ਫਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਸਤੀਸ਼ ਕੌਲ ਨੇ ਵੀ ਇਸ ਫਿਲਮ ਵਿੱਚ ਆਪਣੀ ਆਖਰੀ ਹਾਜ਼ਰੀ ਦੇ ਕੇ ਫਿਲਮ ਨੂੰ ਭਾਵੁਕਤਾ ਨਾਲ ਭਰਿਆ ਹੈ। ਫਿਲਮ ਦੀ ਕਹਾਣੀ ਜਗਦੀਸ਼ ਸੱਚਦੇਵਾ ਨੇ ਲਿਖੀ ਹੈ। ਸਾਰੇ ਗਾਣੇ ਦਿਲਜੀਤ ਸਿੰਘ ਅਰੋੜਾ ਨੇ ਲਿਖੇ ਹਨ ਤੇ ਸੰਗੀਤ ਗੁਰਮੀਤ ਸਿੰਘ ਅਤੇ ਕੁਮਾਰ ਕਿਸ਼ੋਰ ਨੇ ਦਿੱਤਾ ਹੈ।
ਸੰਪਰਕ: 98146-07737