ਕਬਰਵਾਲਾ ਖ਼ਰੀਦ ਕੇਂਦਰ ਤੋਂ ਚੋਰੀ ਝੋਨਾ ‘ਇੱਕ ਨੰਬਰ’ ’ਚ ਸ਼ੈਲਰ ਪੁੱਜਾ
ਇਕਬਾਲ ਸਿੰਘ ਸ਼ਾਂਤ
ਲੰਬੀ, 20 ਨਵੰਬਰ
ਪਿੰਡ ਕਬਰਵਾਲਾ ਦੇ ਖ਼ਰੀਦ ਕੇਂਦਰ ਤੋਂ ਕਿਸਾਨਾਂ ਦਾ ਕਥਿਤ ਤੌਰ ’ਤੇ ਚੋਰੀ ਕੀਤਾ ਗਿਆ ਚਾਰ ਹਜ਼ਾਰ ਗੱਟਾ ਝੋਨਾ ‘ਇੱਕ ਨੰਬਰ’ ਵਿੱਚ ਸ਼ੈਲਰ ’ਚ ਪੁੱਜਣ ਦਾ ਮਾਮਲਾ ਭਖ ਗਿਆ ਹੈ। ਕਥਿਤ ਚੋਰੀ ਸਬੰਧੀ ਵਾਇਰਲ ਆਡੀਓ ਨਾਲ ਖ਼ਰੀਦ ਕੇਂਦਰ ਤੋਂ ਕਿਸਾਨਾਂ ਦੀ ਵੱਡੀ ਲੁੱਟ ਦਾ ਖੁਲਾਸਾ ਹੋਇਆ ਹੈ। ਸ਼ੁਰੂਆਤੀ ਤੌਰ ’ਤੇ ਕਥਿਤ ਚੋਰੀ ਹੋਏ ਝੋਨੇ ਦੀ ਸਰਕਾਰੀ ਕੀਮਤ 34.80 ਲੱਖ ਰੁਪਏ ਮੰਨੀ ਜਾ ਰਹੀ ਹੈ। ਵਾਇਰਲ ਆਡੀਓ ਅਨੁਸਾਰ ਇਹ ਮਾਮਲਾ ਥਾਣਾ ਕਬਰਵਾਲਾ ’ਚ ਪੁੱਜਾ ਸੀ ਅਤੇ ਅਜੇ ਤੱਕ ਪੇਂਡੂ ਭਾਈਚਾਰਕ ਪੰਚਾਇਤ ਕੋਲ ਵਿਚਾਰ ਅਧੀਨ ਹੈ। ਆਡੀਓ ਅਨੁਸਾਰ ਇਹ ਚਾਰ ਹਜ਼ਾਰ ਗੱਟਾ ਝੋਨਾ ਕਬਰਵਾਲਾ ਖ਼ਰੀਦ ਕੇਂਦਰ ਤੋਂ ਰਾਤਾਂ ਨੂੰ ਆੜ੍ਹਤੀਆਂ ਦੇ ਢੇਰਾਂ ਤੋਂ ਦਸ-ਦਸ, ਵੀਹ-ਵੀਹ ਗੱਟੇ ਕਰ ਕੇ ਕਥਿਤ ਚੋਰੀ ਕੀਤਾ ਗਿਆ। ਜਾਣਕਾਰੀ ਮੁਤਾਬਕ ਕਬਰਵਾਲਾ ਖ਼ਰੀਦ ਕੇਂਦਰ ’ਤੇ ਅੱਠ ਆੜ੍ਹਤੀਏ ਸਰਗਰਮ ਹਨ। ਦਾਅਵਾ ਕੀਤਾ ਜਾ ਰਿਹਾ ਕਿ ਕਥਿਤ ਚੋਰੀ ਦੇ ਝੋਨੇ ਨੂੰ ਪਹਿਲਾਂ ਇੱਕ ਗੈਰ-ਸਰਗਰਮ ਆੜ੍ਹਤ ਦੇ ਖਾਤੇ ਚੜ੍ਹਾ ਕੇ ਕਥਿਤ ਤੌਰ ’ਤੇ ਜਾਇਜ਼ ਬਣਾਇਆ ਗਿਆ। ਬਾਅਦ ਵਿੱਚ ਸਰਕਾਰੀ ਖ਼ਰੀਦ ਏਜੰਸੀ ਤੋਂ ਖ਼ਰੀਦ ਕਰਵਾ ਕੇ ਸ਼ੈਲਰ ’ਚ ਭੇਜ ਦਿੱਤਾ ਗਿਆ। ਆਡੀਓ ’ਚ ਇੱਕ ਆੜ੍ਹਤੀ ਅਤੇ ਸ਼ੈੱਲਰ ਦਾ ਬਾਕਾਇਦਾ ਨਾਂ ਲੈ ਕੇ ਸਮੁੱਚੀ ਚੋਰੀ ਦਾ ਵਿਰਤਾਂਤ ਸੁਣਾਇਆ ਗਿਆ ਹੈ। ਖ਼ਰੀਦ ਕੇਂਦਰ ਦੇ ਸੂਤਰ ਕਥਿਤ ਫ਼ਸਲ ਚੋਰੀ ਪਿੱਛੇ ਵੱਡਾ ਗਰੋਹ ਹੋਣ ਦਾ ਦਾਅਵਾ ਕਰਦੇ ਹਨ ਜਿਸ ਦੀ ਮਾਰ ਹੇਠ ਹੋਰਨਾਂ ਖ਼ਰੀਦ ਕੇਂਦਰ ਵੀ ਆਏ ਹੋਣ ਦੀ ਸੰਭਾਵਨਾ ਹੈ। ਮਾਮਲੇ ਦੀ ਭਿੜਕ ਲੱਗਣ ’ਤੇ ਕਬਰਵਾਲਾ ਦੇ ਕਿਸਾਨਾਂ ਨੇ ਸਬੂਤ ਜੁਟਾਉਣੇ ਸ਼ੁਰੂ ਕਰ ਦਿੱਤੇ ਹਨ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਵੱਡੀ ਸਾਜ਼ਿਸ਼ ਤਹਿਤ ਖ਼ਰੀਦ ਕੇਂਦਰ ਤੋਂ ਮਜ਼ਦੂਰਾਂ ਨੂੰ ਕਥਿਤ ਲਾਲਚ ਦੇ ਕੇ ਗੱਟਿਆਂ ਦੀ ਕਥਿਤ ਚੋਰੀ ਕਰਵਾਈ ਗਈ। ਉਨ੍ਹਾਂ ਨੂੰ ਖ਼ਰੀਦ ਏਜੰਸੀ ਦੇ ਗੇਟ ਪਾਸ ਕਟਵਾ ਕੇ ਇੱਕ ਨੰਬਰ ਕਰਵਾ ਦਿੱਤਾ। ਕਿਸਾਨ ਸੂਤਰਾਂ ਦਾ ਕਹਿਣਾ ਹੈ ਕਿ ਸਬੰਧਤ ਫਰਮ ਦੀ ਖ਼ਰੀਦ ਕੇਂਦਰ ’ਤੇ ਕੋਈ ਖ਼ਰੀਦ ਸਰਗਰਮੀ ਨਹੀਂ ਸੀ। ਮਾਮਲਾ ਭਖਣ ’ਤੇ ਸਬੰਧਤ ਵਿਅਕਤੀ ਫ਼ਸਲ ਦੇ ਮਾਲਕ ਕਿਸਾਨਾਂ ਦੇ ਵੇਰਵੇ ਨਹੀਂ ਪੇਸ਼ ਕਰ ਸਕੇ।
ਫ਼ਸਲ ਦੀ ਨਿਯਮਾਂ ਤਹਿਤ ਖਰੀਦ ਕੀਤੀ: ਮਾਰਕਫੈੱਡ ਮੈਨੇਜਰ
ਮਾਰਕਫੈੱਡ ਮਲੋਟ ਦੇ ਮੈਨੇਜਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਨਿਯਮਾਂ ਤਹਿਤ ਖ਼ਰੀਦ ਕੀਤੀ ਗਈ। ਜੇਕਰ ਕੋਈ ਊਣਤਾਈ ਹੋਈ ਹੈ ਤਾਂ ਕਾਰਵਾਈ ਪੁਲੀਸ ਅਤੇ ਮੰਡੀ ਬੋਰਡ ਦੇ ਪੱਧਰ ’ਤੇ ਹੋਣੀ ਹੈ।
ਚੋਰੀ ਬਾਰੇ ਕਿਸਾਨਾਂ ਦੀ ਸ਼ਿਕਾਇਤ ਪੁੱਜੀ: ਸਕੱਤਰ
ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਕਿਹਾ ਕਿ ਕਬਰਵਾਲਾ ਤੇ ਗੁਰੂਸਰ ਦੇ ਤਿੰਨ ਕਿਸਾਨਾਂ ਵੱਲੋਂ ਕਬਰਵਾਲਾ ਖ਼ਰੀਦ ਕੇਂਦਰ ’ਤੇ ਉਨ੍ਹਾਂ ਦੀਆਂ ਕ੍ਰਮਵਾਰ 100, 150 ਤੇ 85 ਗੱਟੇ ਝੋਨੇ ਚੋਰੀ ਦੀ ਲਿਖਤੀ ਸ਼ਿਕਾਇਤ ਪੁੱਜੀ ਹੈ। ਸ਼ਿਕਾਇਤ ਵਿੱਚ ਕੁੱਲ 41 ਸੌ ਗੱਟੇ ਚੋਰੀ ਹੋਣ ਦੇ ਦੋਸ਼ ਹਨ। ਖ਼ਰੀਦ ਏਜੰਸੀ ਮਾਰਕਫੈੱਡ ਤੋਂ ਜਾਣਕਾਰੀ ਮੰਗੀ ਗਈ ਹੈ। ਪੜਤਾਲ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।