ਹਿੰਡਨਬਰਗ ਦੀ ਰਿਪੋਰਟ ਤੋਂ ਬੇਪਰਵਾਹ ਰਿਹਾ ਸ਼ੇਅਰ ਬਾਜ਼ਾਰ
ਮੁੰਬਈ, ਅਗਸਤ 12
ਸ਼ੇਅਰ ਬਜ਼ਾਰ ਹਾਲ ਹੀ ਵਿਚ ਆਈ ਹਿੰਡਨਬਰਗ ਦੀ ਰਿਪੋਰਟ ਤੋਂ ਅੱਜ ਬੇਪਰਵਾਹ ਰਿਹਾ। ਮਾਮੂਲੀ ਗਿਰਾਵਟ ਦੇ ਨਾਲ ਖੁੱਲ੍ਹਣ ਦੇ ਬਾਵਜੂਦ ਬੀਐੱਸਈ ਸੈਂਸੈਕਸ ਅਤੇ ਨਿਫਟੀ-50 ਸੂਚਕ ਅੰਕ ਦੋਵੇਂ ਮਿਡ-ਡੇਅ ਵਪਾਰ ਦੌਰਾਨ ਮੁੜ ਉੱਠਣ ਵਿੱਚ ਕਾਮਯਾਬ ਰਹੇ ਅਤੇ ਸਕਾਰਾਤਮਕਤਾ ਵੱਲ ਜਾਂਦਿਆਂ ਨਿਵੇਸ਼ਕਾਂ ਦੇ ਵਿਸ਼ਵਾਸ ਅਤੇ ਮਾਰਕੀਟ ਦੀ ਤਾਕਤ ਨੂੰ ਦਰਸਾਇਆ। ਬੀਐਸਈ ਸੈਂਸੈਕਸ 207 ਅੰਕਾਂ ਦੀ ਤੇਜ਼ੀ ਨਾਲ 79,909 ਅੰਕਾਂ 'ਤੇ ਪਹੁੰਚ ਗਿਆ ਸੀ। ਇਸੇ ਤਰ੍ਹਾਂ ਨਿਫਟੀ-50 ਇਹ ਰਿਪੋਰਟ ਦਰਜ ਕਰਨ ਸਮੇਂ 56.05 ਅੰਕ ਵਧ ਕੇ 24,416 'ਤੇ ਪਹੁੰਚ ਗਿਆ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਸੋਮਵਾਰ ਦੇ ਕਾਰੋਬਾਰੀ ਦਿਨ ਦੀ ਸ਼ੁਰੂਆਤ ਸਾਵਧਾਨੀ ਨਾਲ ਹੋਈ, ਕਿਉਂਕਿ ਬਾਜ਼ਾਰ ਹੇਠਲੇ ਪੱਧਰ ’ਤੇ ਖੁੱਲ੍ਹੇ ਸਨ।
ਹਾਲਾਂਕਿ ਵਪਾਰਕ ਸੈਸ਼ਨ ਦੇ ਅੱਗੇ ਵਧਣ ਦੇ ਨਾਲ ਦੋਵੇਂ ਸੂਚਕ ਅੰਕ ਵਾਪਸ ਉਛਾਲ ਦੇ ਨਾਲ ਠੀਕ ਹੋ ਗਏ। ਮਾਹਿਰਾਂ ਨੇ ਕਿਹਾ ਕਿ ਸੂਚਕ ਅੰਕ ਵਿੱਚ ਰਿਕਵਰੀ ਮਾਰਕੀਟ ਦੇ ਲਚਕੀਲੇਪਣ ਅਤੇ ਵਿਆਪਕ ਨਿਵੇਸ਼ਕ ਭਾਵਨਾ ਨੂੰ ਉਜਾਗਰ ਕਰਦੀ ਹੈ ਜੋ ਕਿ ਹਿੰਡਨਬਰਗ ਰਿਪੋਰਟ ਦੁਆਰਾ ਵੱਡੇ ਪੱਧਰ 'ਤੇ ਪ੍ਰਭਾਵਤ ਨਹੀਂ ਜਾਪਦੀ ਹੈ।
ਇੱਥੋਂ ਤੱਕ ਕਿ ਅਡਾਨੀ ਸਮੂਹ ਦੇ ਸ਼ੇਅਰ ਜਿਨ੍ਹਾਂ ਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਉਮੀਦ ਸੀ, ਨੇ ਸਿਰਫ ਮਾਮੂਲੀ ਉਤਰਾਅ-ਚੜ੍ਹਾਅ ਦਿਖਾਇਆ। ਇਹ ਰਿਪੋਰਟ ਦਰਜ ਕਰਨ ਦੇ ਸਮੇਂ ਅਡਾਨੀ ਗ੍ਰੀਨਜ਼ ਵਿੱਚ 1 ਪ੍ਰਤੀਸ਼ਤ, ਏਸੀਸੀ ਸੀਮੈਂਟਸ ਦੇ ਸ਼ੇਅਰਾਂ ਵਿੱਚ 1.3 ਪ੍ਰਤੀਸ਼ਤ, ਅਡਾਨੀ ਪਾਵਰ ਵਿੱਚ ਵੀ 1.5 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ। ਅਡਾਨੀ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਅਡਾਨੀ ਟੋਟਲ ਗੈਸ 4 ਫ਼ੀਸਦੀ ਤੋਂ ਜ਼ਿਆਦਾ ਦੇਖਣ ਨੂੰ ਮਿਲੀ। ਨਿਫਟੀ 50 ਇੰਡੈਕਸ 'ਚ 28 ਸ਼ੇਅਰਾਂ 'ਚ ਵਾਧਾ ਹੋਇਆ ਜਦਕਿ ਸਿਰਫ਼ 22 'ਚ ਗਿਰਾਵਟ ਦਰਜ ਕੀਤੀ ਗਈ। -ਏਐੱਨਆਈ