For the best experience, open
https://m.punjabitribuneonline.com
on your mobile browser.
Advertisement

ਸ਼ੇਅਰ ਬਾਜ਼ਾਰ 900 ਅੰਕ ਡਿੱਗਿਆ

06:35 AM Mar 14, 2024 IST
ਸ਼ੇਅਰ ਬਾਜ਼ਾਰ 900 ਅੰਕ ਡਿੱਗਿਆ
Advertisement

* 1.12 ਲੱਖ ਕਰੋੜ ਰੁਪਏ ਡੁੱਬੇ

Advertisement

ਮੁੰਬਈ, 13 ਮਾਰਚ
ਸਮਾਲਕੈਪ ਤੇ ਮਿਡਕੈਪ ਸੂਚਕ ਅੰਕ ਦੇ ਤੇਜ਼ੀ ਨਾਲ ਡਿੱਗਣ ਦਰਮਿਆਨ ਸ਼ੇਅਰ ਬਾਜ਼ਾਰ ਅੱਜ 900 ਤੋਂ ਵੱਧ ਅੰਕ ਡਿੱਗ ਕੇ 73000 ਦੇ ਪੱਧਰ ਤੋਂ ਹੇਠਾਂ ਚਲਿਆ ਗਿਆ। ਸਟਾਕ ਐਕਸਚੇਂਜ ਵਿਚ ਸੂਚੀਬੰਦ ਅਡਾਨੀ ਸਮੂਹ ਦੀਆਂ ਦਸ ਕੰਪਨੀਆਂ ਦੇ ਸ਼ੇਅਰ ਵੀ ਮੂਧੇ ਮੂੰਹ ਡਿੱਗ ਗਏ ਤੇ ਇਨ੍ਹਾਂ ਦੀ ਸਾਂਝੀ ਮਾਰਕੀਟ ਵੈਲਿਊ ਜੋ 1.12 ਲੱਖ ਕਰੋੜ ਰੁਪਏ ਦੇ ਕਰੀਬ ਬਣਦੀ ਸੀ, ਮਿੱਟੀ ਹੋ ਗਈ। ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਾ ਮੁੱਖ ਕਾਰਨ ਵਿਕਰੀ ਦਾ ਦਬਾਅ ਦੱਸਿਆ ਜਾ ਰਿਹਾ ਹੈ। ਰਹਿੰਦੀ ਸਹਿੰਦੀ ਕਸਰ ਯੂਟਿਲਟੀ, ਊਰਜਾ ਤੇ ਧਾਤ ਦੇ ਸ਼ੇਅਰਾਂ ਨੂੰ ਪਏ ਵੱਡੇ ਘਾਟੇ ਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਹਾਲ ਹੀ ਵਿਚ ਵੇਚੇੇ ਸ਼ੇਅਰਾਂ ਨੇ ਪੂਰੀ ਕਰ ਦਿੱਤੀ।
ਦਿਨ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਨੇ ਸਕਾਰਾਤਮਕ ਸ਼ੁਰੂਆਤ ਕੀਤੀ ਪਰ ਦੁਪਹਿਰ ਦੇ ਕਾਰੋਬਾਰ ਵਿਚ ਸ਼ੇਅਰਾਂ ਦੀ ਵਿਕਰੀ ਦੇ ਜ਼ੋਰ ਫੜਨ ਕਰਕੇ ਲਗਪਗ ਹਰੇਕ ਸੈਕਟਰ ਵਿਚ ਸ਼ੇਅਰਾਂ ਦਾ ਭਾਅ ਡਿੱਗ ਗਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 906.07 ਨੁਕਤਿਆਂ ਦੇ ਨਿਘਾਰ ਜਾਂ 1.23 ਫੀਸਦ ਡਿੱਗ ਕੇ 72,761.89 ਦੇ ਪੱਧਰ ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਇਕ ਵਾਰ 1152.25 ਨੁਕਤੇ ਡਿੱਗ ਕੇ 72,515.71 ਦੇ ਪੱਧਰ ਨੂੰ ਵੀ ਪੁੱਜਾ। ਉਧਰ ਐੱਨਐੱਸਈ ਦਾ ਨਿਫਟੀ 338 ਨੁਕਤਿਆਂ ਦੇ ਨੁਕਸਾਨ ਨਾਲ 21997.70 ਦੇ ਪੱਧਰ ਨੂੰ ਪਹੁੰਚ ਗਿਆ। ਸੈਂਸੈਕਸ ਦੇ ਪੈਕ ਵਿਚ ਸ਼ਾਮਲ ਕੰਪਨੀਆਂ ਵਿਚੋਂ ਪਾਵਰ ਗਰਿੱਡ ਨੂੰ ਸਭ ਤੋਂ ਵੱਧ ਮਾਰ ਪਈ ਤੇ ਕੰਪਨੀ ਦੇ ਸ਼ੇਅਰ 7 ਫੀਸਦ ਤੱਕ ਡਿੱਗ ਗਏ। ਨੁਕਸਾਨ ਝੱਲਣ ਵਾਲੀਆਂ ਹੋਰਨਾਂ ਕੰਪਨੀਆਂ ਵਿਚ ਐੱਨਟੀਪੀਸੀ, ਟਾਟਾ ਸਟੀਲ, ਟਾਟਾ ਮੋਟਰਜ਼, ਜੇਐੱਸਡਬਲਿਊ ਸਟੀਲ, ਭਾਰਤੀ ਏਅਰਟੈੱਲ, ਟਾਈਟਨ, ਰਿਲਾਇੰਸ ਇੰਡਸਟਰੀਜ਼ ਤੇ ਹਿੰਦੁਸਤਾਨ ਯੂਨੀਲਿਵਰਜ਼ ਸ਼ਾਮਲ ਹਨ। ਇਸ ਦੇ ਉਲਟ ਆਈਟੀਸੀ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ, ਨੈਸਲੇ, ਬਜਾਜ ਫਾਇਨਾਂਸ ਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰ ਮੁਨਾਫ਼ੇ ਵਿਚ ਬੰਦ ਹੋਏ। ਬੀਐੱਸਈ ਦੇ ਸਮਾਲਕੈਪ ਸ਼ੇਅਰ 5.11 ਫੀਸਦ ਤੇ ਮਿਡਕੈਪ ਸੂਚਕ ਅੰਕ 4.20 ਫੀਸਦ ਡਿੱਗਿਆ। ਬੀਐੱਸਈ ਵਿਚ ਦਰਜ ਅਡਾਨੀ ਟੋਟਲ ਗੈਸ ਦੇ ਸ਼ੇਅਰ 9.50 ਫੀਸਦ, ਅਡਾਨੀ ਗ੍ਰੀਨ ਐਨਰਜੀ 9.07 ਫੀਸਦ, ਅਡਾਨੀ ਐਨਰਜੀ ਸੌਲਿਊਸ਼ਨਜ਼ 8.54 ਫੀਸਦ, ਐੱਨਡੀਟੀਵੀ 7.93 ਫੀਸਦ ਤੇ ਅਡਾਨੀ ਪੋਰਟਜ਼ ਦੇ ਸ਼ੇਅਰ 6.97 ਫੀਸਦ ਤੱਕ ਡਿੱਗ ਗਏ। ਇਸੇ ਤਰ੍ਹਾਂ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ 6.91 ਫੀਸਦ, ਏਸੀਸੀ 6.87 ਫੀਸਦ, ਅਡਾਨੀ ਪਾਵਰ 4.99 ਫੀਸਦ, ਅੰਬੁਜਾ ਸੀਮਿੰਟ 4.58 ਫੀਸਦ ਤੇ ਅਡਾਨੀ ਵਿਲਮਰ ਦੇ ਸ਼ੇਅਰ 4.25 ਫੀਸਦ ਤੱਕ ਡਿੱਗੇ। ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ ਵਿਚ ਨਿਘਾਰ ਦਾ ਰੁਝਾਨ ਪਿਛਲੇ ਸੱਤ ਦਿਨਾਂ ਤੋਂ ਜਾਰੀ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×