For the best experience, open
https://m.punjabitribuneonline.com
on your mobile browser.
Advertisement

‘ਨਾਕਾਮੀ’ ਦਾ ਬਦਨੁਮਾ ਦਾਗ਼

07:54 AM May 03, 2024 IST
‘ਨਾਕਾਮੀ’ ਦਾ ਬਦਨੁਮਾ ਦਾਗ਼
Advertisement

ਅਵਿਜੀਤ ਪਾਠਕ

ਯੂਪੀਐੱਸਸੀ ਦੀ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਜਿਵੇਂ ਹੀ ਮੀਡੀਆ ਅਤੇ ਲੋਕਾਂ ਦਾ ਧਿਆਨ ਖਿੱਚਦੇ ਹਨ, ਹਰ ਪਾਸੇ ਆਈਏਐੱਸ ‘ਟੌਪਰਾਂ’ ਦੇ ਖਿੜੇ ਹੋਏ ਚਿਹਰੇ ਨਜ਼ਰ ਆਉਂਦੇ ਹਨ। ਸਾਡੇ ਸ਼ਹਿਰਾਂ ਵਿੱਚ ਵੱਡੇ-ਵੱਡੇ ਬੈਨਰਾਂ ਤੋਂ ਲੈ ਕੇ ਮੋਹਰੀ ਅਖ਼ਬਾਰਾਂ ’ਚ ਬਰਾਂਡਿਡ ਕੋਚਿੰਗ ਸੈਂਟਰਾਂ ਦੇ ਪਹਿਲੇ ਸਫ਼ੇ ਦੇ ਇਸ਼ਤਿਹਾਰਾਂ ’ਚ ਇਹ ਦੇਖੇ ਜਾ ਸਕਦੇ ਹਨ। ਜਾਂ, ਇਸ ਵਿਸ਼ੇ ’ਚ ਸਕੂਲਾਂ ਦੀ ਉਦਾਹਰਨ ਵੀ ਹੈ ਜਿੱਥੇ ਵੱਖ-ਵੱਖ ਸਕੂਲ ਬੋਰਡਾਂ ਦੇ ਨਤੀਜੇ ਨਿਕਲਣ ਦੇ ਨਾਲ ਹੀ, ਅਸੀਂ ‘ਟੌਪਰਾਂ’ ਦੀ ਪਛਾਣ ਬਣਾਉਣ ਦੀ ਇੱਕ ਹੋਰ ਪ੍ਰਕਿਰਿਆ ਨੂੰ ਵੀ ਦੇਖਦੇ ਹਾਂ -ਭੌਤਿਕ ਤੇ ਰਸਾਇਣ ਵਿਗਿਆਨ, ਗਣਿਤ ਤੇ ਜੀਵ-ਵਿਗਿਆਨ ’ਚ ਚਮਤਕਾਰੀ ਪ੍ਰਦਰਸ਼ਨ ਕਰਨ ਵਾਲੇ ਲੜਕੇ-ਲੜਕੀਆਂ!
ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ-ਸੁਣ ਕੇ ਮੈਂ ਥੱਕ ਚੁੱਕਾ ਹਾਂ; ਬਲਕਿ ਮੇਰੀ ਦਿਲਚਸਪੀ ਉਸ ਰੋਗੀ ਢਾਂਚੇ ਨੂੰ ਸਮਝਣ ’ਚ ਹੈ ਜੋ ਸਫ਼ਲਤਾ ਦੀਆਂ ਚੋਣਵੀਆਂ ਕਹਾਣੀਆਂ ਵਿਚਕਾਰ ‘ਨਾਕਾਮੀਆਂ’ ਦਾ ਬਿਰਤਾਂਤ ਘੜਦਾ ਹੈ। ਮਸਲਨ, ਭਾਰਤ ਦੇ 3,000 ਕਰੋੜ ਰੁਪਏ ਮੁੱਲ ਦੇ ਯੂਪੀਐੱਸਸੀ ਕੋਚਿੰਗ ਉਦਯੋਗ ਦੇ ਲਾਹੇਵੰਦ ਧੰਦੇ ਨੂੰ ਹੀ ਲੈ ਲਓ। ਦਿੱਲੀ ’ਚ ਕਰੋਲ ਬਾਗ਼ ਤੇ ਮੁਕਰਜੀ ਨਗਰ ਦੀਆਂ ਗਲੀ-ਕੂਚਿਆਂ ’ਚ ਘੁੰਮੋ; ਨੌਜਵਾਨ ਉਮੀਦਵਾਰਾਂ ਦੀ ਭੀੜ ਨਾਲ ਗੱਲ ਕਰੋ -ਜਿਨ੍ਹਾਂ ’ਚ ਇੰਜਨੀਅਰ, ਡਾਕਟਰ, ਪੀਐੱਚਡੀ ਧਾਰਕ, ਯੂਨੀਵਰਸਿਟੀ ਵਿਦਿਆਰਥੀ ਸ਼ਾਮਲ ਹਨ; ਤੇ ‘ਸਫ਼ਲਤਾ’ ਦੇ ਸੁਫ਼ਨੇ ਦੀ ਤਾਕਤ ਨੂੰ ਮਹਿਸੂਸ ਕਰ ਕੇ ਦੇਖੋ, ਇਸੇ ਰਾਹੀਂ ਇਨ੍ਹਾਂ ਕੋਚਿੰਗ ਸੈਂਟਰਾਂ ਦੇ ਪ੍ਰਸਿੱਧੀ ਪ੍ਰਾਪਤ ‘ਗੁਰੂ’ ਲੇਖ, ਲੈਕਚਰ ਦੇ ਕੇ ਤੇ ਗਾਈਡ ਪੁਸਤਕਾਂ ਅਤੇ ਇੰਟਰਵਿਊ ਰਣਨੀਤੀਆਂ ਸੁਝਾਅ ਕੇ ਉਮੀਦਵਾਰਾਂ ਨੂੰ ਫਸਾਉਂਦੇ ਹਨ, ਪ੍ਰੇਰਨਾਦਾਇਕ ਭਾਸ਼ਣ ਦੇਣ ਵਾਲੇ ‘ਮੋਟੀਵੇਸ਼ਨਲ ਗੁਰੂ’ ਵੀ ਇਹ ਪੈਂਤੜਾ ਅਪਣਾਉਂਦੇ ਹਨ। ਖ਼ੈਰ, ਇਹ ਸੁਫ਼ਨਾ ਵਿਕਦਾ ਹੈ ਕਿਉਂਕਿ ਅਸੀਂ ਇਕ ਅਜਿਹੇ ਸਮਾਜ ਵਿਚ ਰਹਿੰਦੇ ਹਾਂ ਜੋ ਤਾਕਤ ਨੂੰ ਪੂਜਦਾ ਹੈ -ਜ਼ਰੂਰੀ ਨਹੀਂ ਕਿ ਇਹ ਗਿਆਨ ਤੇ ਬਿਬੇਕ ਨੂੰ ਪੂਜਦਾ ਹੈ ਪਰ ਸਿਆਸੀ-ਪ੍ਰਸ਼ਾਸਕੀ ਅਤੇ ਆਰਥਿਕ ਸ਼ਕਤੀ ਨੂੰ ਲਾਜ਼ਮੀ ਪੂਜਦਾ ਹੈ। ਛੋਟੇ ਕਸਬਿਆਂ ਤੇ ਪਿੰਡਾਂ ਵਿਚ ਰਹਿੰਦੇ ਅਣਗਿਣਤ ਮੱਧਵਰਗੀ ਮਾਪਿਆਂ ਲਈ, ਇਸ ਗੱਲ ਦਾ ਬਹੁਤ ਮਹੱਤਵ ਹੈ ਕਿ ਉਨ੍ਹਾਂ ਦਾ ਪੁੱਤਰ/ਧੀ ਜ਼ਿਲ੍ਹਾ ਕਲੈਕਟਰ ਜਾਂ ਪੁਲੀਸ ਸੁਪਰਡੈਂਟ ਬਣੇ ਜੋ ਕਿ ਸਰਕਾਰੀ ਤਾਕਤ, ਵਿਸ਼ੇਸ਼ ਅਧਿਕਾਰ ਤੇ ਠਾਠ-ਬਾਠ ਦਾ ਪ੍ਰਤੀਕ ਹੁੰਦੇ ਹਨ। ਇਸ ਨਾਲ ਸਮਾਜ ਵਿਚ ਉਨ੍ਹਾਂ ਦਾ ਦਰਜਾ ਤੇ ਕੱਦ ਉੱਚਾ ਹੁੰਦਾ ਹੈ। ਬੇਸ਼ੱਕ, ਯੂਪੀਐੱਸਸੀ ਦਾ ਮਿੱਥਕ ਮੰਤਰ-ਮੁਗਧ ਕਰਨ ਵਾਲਾ ਹੈ ਪਰ ਸਫ਼ਲਤਾ ਦੀ ਦਰ ਬੇਹੱਦ ਘੱਟ ਹੈ (ਮਿਸਾਲ ਦੇ ਤੌਰ ’ਤੇ, 2023 ਵਿਚ, 13 ਲੱਖ ਉਮੀਦਵਾਰ ਮੁਢਲੀ ਪ੍ਰੀਖਿਆ ਵਿਚ ਬੈਠੇ; ਆਖ਼ਰ, 1016 ਚੁਣੇ ਗਏ), ਇਸ ਦੇ ਬਾਵਜੂਦ ਧੰਦਾ ਚੱਲ ਰਿਹਾ ਹੈ। ਅਸੀਂ ਸਫ਼ਲਤਾ ਦੀਆਂ ਕਹਾਣੀਆਂ ਤਾਂ ਸੁਣਾਉਂਦੇ ਰਹਿੰਦੇ ਹਾਂ ਪਰ ਫੇਲ੍ਹ ਹੋਣ ਵਾਲਿਆਂ ਦਾ ਜਿਹੜਾ ਮਾਨਸਿਕ ਤੇ ਬੌਧਿਕ ਨੁਕਸਾਨ ਕੋਚਿੰਗ ਦਾ ਇਹ ਧੰਦਾ ਕਰਦਾ ਹੈ, ਉਸ ਨੂੰ ਨਹੀਂ ਕਬੂਲਦੇ। ਇਨ੍ਹਾਂ ਜ਼ਿਆਦਾਤਰ ਉਮੀਦਵਾਰਾਂ ਦੀ ਹੋਣੀ ਬਾਰੇ ਸੋਚ ਕੇ ਦੇਖੋ ਜਿਨ੍ਹਾਂ ਇਹ ਕਲਪਿਤ ਸਫ਼ਲਤਾ ਹਾਸਲ ਕਰਨ ਲਈ ਇਕ ਤੋਂ ਬਾਅਦ ਇਕ ਲਗਾਤਾਰ ਪੰਜ-ਛੇ ਸਾਲ ਖ਼ਰਚ ਕੀਤੇ ਹਨ, ਦਿਨ-ਰਾਤ ਇਤਿਹਾਸ/ਭੂਗੋਲ/ਸਮਾਜ ਵਿਗਿਆਨ/ਮਨੋਵਿਗਿਆਨ/ ਆਮ ਵਿਸ਼ਿਆਂ ਦੇ ‘ਨੋਟਸ’ ਰਟੇ ਹਨ, ਮੋਟੀ ਰਾਸ਼ੀ ਵੀ ਖ਼ਰਚ ਕੀਤੀ ਹੈ ਤੇ ਵਾਰ-ਵਾਰ ਅਸਫ਼ਲ ਹੋਏ ਹਨ! ਹਾਂ, ਇਹ ਅਣਮਨੁੱਖੀ ਤੇ ਮਸ਼ੀਨੀ ਢਾਂਚਾ ਉਨ੍ਹਾਂ ਨੂੰ ਮਨੋਵਿਗਿਆਨਕ ਤੇ ਬੌਧਿਕ ਤੌਰ ’ਤੇ ਤੋੜ ਕੇ ਰੱਖ ਦਿੰਦਾ ਹੈ। ਇਨ੍ਹਾਂ ਵਿਚੋਂ ਕਈਆਂ ਲਈ ਤਾਂ, ਫੱਟੜ ਹੋਏ ਆਤਮ-ਸਨਮਾਨ ’ਚੋਂ ਉੱਭਰਨਾ, ਤੇ ਜ਼ਿੰਦਗੀ ਨੂੰ ਉਮੀਦ ਅਤੇ ਕਲਾਤਮਕਤਾ ਨਾਲ ਨਵੇਂ ਮਾਇਨੇ ਦੇਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਇਸ ਤੋਂ ਇਲਾਵਾ, ਇਹ ਪੂਰਾ ਤੰਤਰ ਉੱਚ ਸਿੱਖਿਆ ਦੇ ਮੁੱਢਲੇ ਮੰਤਵਾਂ ਦਾ ਵੀ ਗੰਭੀਰ ਨੁਕਸਾਨ ਕਰਦਾ ਹੈ। ਇਹ ਕੋਈ ਸ਼ਾਨ ਦੀ ਗੱਲ ਨਹੀਂ ਹੈ ਜੇ ਆਈਆਈਟੀ-ਕਾਨਪੁਰ ਦਾ ਇਕ ਇੰਜਨੀਅਰਿੰਗ ਗ੍ਰੈਜੂਏਟ ਜਾਂ ਏਮਸ ਦਿੱਲੀ ਦਾ ਇਕ ਐੱਮਬੀਬੀਐੱਸ ਡਾਕਟਰ, ਪੁਲੀਸ ਅਧਿਕਾਰੀ ਜਾਂ ਇਕ ਆਮਦਨ ਕਰ ਕਮਿਸ਼ਨਰ ਬਣੇ। ਇਸੇ ਤਰ੍ਹਾਂ, ਜੇ ਇਕ ਮੋਹਰੀ ਯੂਨੀਵਰਸਿਟੀ ਦਾ ਇਤਿਹਾਸ ਵਿਸ਼ੇ ਦਾ ਵਿਦਿਆਰਥੀ ਆਪਣੀਆਂ ਕਲਾਸਾਂ ਨਿਯਮਿਤ ਤੌਰ ’ਤੇ ਛੱਡ ਅਤੇ ਇਰਫ਼ਾਨ ਹਬੀਬ ਤੇ ਐਰਿਕ ਹੌਬਸਬਾਮ ਜਿਹੇ ਇਤਿਹਾਸਕਾਰਾਂ ਨੂੰ ਭੁੱਲ, ਕੋਚਿੰਗ ਸੈਂਟਰਾਂ ਦੇ ਰਣਨੀਤੀਕਾਰਾਂ (ਹਾਂ, ਜਿਨ੍ਹਾਂ ਦੇ ਯੂਟਿਊਬ ’ਤੇ ਲੱਖਾਂ ਪੈਰੋਕਾਰ ਹਨ) ਵੱਲੋਂ ਸਪਲਾਈ ਕੀਤੇ ‘ਸਫ਼ਲਤਾ ਦੇ ਮੈਨੂਅਲਾਂ’ ਜਾਂ ‘ਨੋਟਸ’ ਉਤੇ ਧਿਆਨ ਲਾਉਂਦਾ ਹੈ ਤਾਂ ਇਹ ਕੋਚਿੰਗ ਉਦਯੋਗ ਵੱਲੋਂ ਸਾਡੀਆਂ ਯੂਨੀਵਰਸਿਟੀਆਂ ਵਿਚ ਅਧਿਆਪਨ ਅਤੇ ਖੋਜ ਵਿਕਾਸ ਦੇ ਕੀਤੇ ਜਾ ਰਹੇ ਗੰਭੀਰ ਨੁਕਸਾਨ ਦਾ ਸੰਕੇਤ ਹੈ। ਕੀ ਅਸੀਂ ਭੁੱਲ ਗਏ ਹਾਂ ਕਿ ਇਕ ਵਿਕਾਸ ਕਰ ਰਹੇ ਮੁਲਕ ਨੂੰ ਮਹਾਨ ਭੌਤਿਕ ਵਿਗਿਆਨੀਆਂ, ਸਿਆਸੀ ਦਾਰਸ਼ਨਿਕਾਂ, ਸਮਾਜ ਵਿਗਿਆਨੀਆਂ ਤੇ ਸਾਹਿਤਕ ਆਲੋਚਕਾਂ ਦੀ ਵੀ ਲੋੜ ਹੈ -ਨਾ ਕਿ ਜ਼ਿਲ੍ਹਾ ਕਲੈਕਟਰਾਂ ਤੇ ਪੁਲੀਸ ਕਮਿਸ਼ਨਰਾਂ ਦੇ ਇਕ ਝੁੰਡ ਦੀ ਹੀ?
ਨਿਰਾਸ਼ਾਨਜਕ ਹੈ ਕਿ ਸਮਾਜਿਕ ਡਾਰਵਿਨਵਾਦ ’ਚੋਂ ਨਿਕਲੀ ਇਸ ਤਰ੍ਹਾਂ ਦੀ ਅਤਿ-ਮੁਕਾਬਲੇਬਾਜ਼ੀ ਦੀ ਸਨਕ ਸਕੂਲੀ ਵਿਦਿਆਰਥੀਆਂ ’ਚ, ਉਨ੍ਹਾਂ ਦੀ ਖ਼ੁਦ ਬਾਰੇ ਸਮਝ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਢੰਗ-ਤਰੀਕਿਆਂ ਨੂੰ ਗੌਰ ਨਾਲ ਦੇਖੋ, ਜਿਨ੍ਹਾਂ ਨਾਲ ਬੋਰਡ ਪ੍ਰੀਖਿਆਵਾਂ ਜਾਂ ਜੇਈਈ ਤੇ ‘ਨੀਟ’ ਜਿਹੇ ਪੇਪਰਾਂ ਦੇ ‘ਟੌਪਰਾਂ’ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਹਨ -ਜਿਸ ਤਰੀਕੇ ਨਾਲ ਇਨ੍ਹਾਂ ਲੜਕੀਆਂ ਤੇ ਲੜਕਿਆਂ ਨੂੰ ਇਕਦਮ ‘ਸਟਾਰ’ ਬਣਾਇਆ ਜਾਂਦਾ ਹੈ ਤੇ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਉਹ ‘ਸਪੈਸ਼ਲ’ ਹਨ। ਇਕ ਵਾਰ ਫੇਰ, ‘ਸਫ਼ਲਤਾ’ ਨੂੰ ਇਸ ਤਰ੍ਹਾਂ ਚਮਕਾ ਕੇ, ਅਸੀਂ ‘ਨਾਕਾਮ’ ਹੋਏ ਹਜ਼ਾਰਾਂ ਨੌਜਵਾਨਾਂ ਦੇ ਦਰਦ ਤੇ ਨਮੋਸ਼ੀ ਨੂੰ ਭੁਲਾ ਦਿੰਦੇ ਹਾਂ ਜਦਕਿ ਇਹ ਉਨ੍ਹਾਂ ਦੀ ਨਿੱਘਰੀ ਮਾਨਸਿਕ ਹਾਲਤ ਲਈ ਜ਼ਿੰਮੇਵਾਰ ਹਨ। ਅਸੀਂ ਇਹ ਕਦੋਂ ਸਮਝਾਂਗੇ ਕਿ ਸਾਡੀ ਸਕੂਲੀ ਸਿੱਖਿਆ ਵਿਚ ਸਭ ਕੁਝ ਸਹੀ ਨਹੀਂ ਹੈ? ਸਾਨੂੰ ਇਹ ਅਹਿਸਾਸ ਕਦੋਂ ਹੋਵੇਗਾ ਕਿ ਸਕੂਲ ਆਪਣੇ ਸਖ਼ਤ ਅਨੁਸ਼ਾਸਨ, ਨਿਗਰਾਨੀ ਦੀਆਂ ਤਕਨੀਕਾਂ ਅਤੇ ਸੀਮਤ/ਪ੍ਰੀਖਿਆ-ਕੇਂਦਰਤ/ਕਿਤਾਬੀ ਸਿੱਖਿਆਵਾਂ ਕਰ ਕੇ ਅਕਸਰ ਉਨ੍ਹਾਂ ਵਿਦਿਆਰਥੀਆਂ ’ਤੇ ਧਿਆਨ ਦੇਣ ’ਚ ਨਾਕਾਮ ਹੋ ਜਾਂਦੇ ਹਨ ਜੋ ਕਲਪਨਾਸ਼ੀਲ ਹਨ ਤੇ ਸਕੂਲੀ ਸਿੱਖਿਆਵਾਂ ਤੋਂ ਪਰ੍ਹੇ ਕੁਝ ਉਤਸ਼ਾਹਜਨਕ ਕਰਨ ਦਾ ‘ਪਾਗਲਪਣ’ ਰੱਖਦੇ ਹਨ। ਸ਼ਾਇਦ, ਉਹ ਉਸ ਕਿਸਮ ਦੇ ਗੁਣਾਂ ਤੇ ਯੋਗਤਾਵਾਂ ਨਾਲ ਲੈਸ ਹੁੰਦੇ ਹਨ ਜੋ ਸਾਡੇ ਰਵਾਇਤੀ ਅਧਿਕਾਰਤ ਪਾਠਕ੍ਰਮ ਦੇ ਘੇਰੇ ਵਿਚ ਫਿੱਟ ਨਹੀਂ ਬੈਠਦੇ।ਜੌਨ੍ਹ ਹਾਲਟ (ਹਾਓ ਚਿਲਡਰਨ ਫੇਲ੍ਹ) ਅਤੇ ਕਰਸਟਨ ਓਲਸਨ (ਵੂੰਡਿਡ ਬਾਇ ਸਕੂਲਜ਼) ਜਿਹੇ ਸਿੱਖਿਆ ਸ਼ਾਸਤਰੀਆਂ ਦੇ ਲੀਹ ਪਾੜਵੇਂ ਅਧਿਐਨਾਂ ਨੇ ਸਾਨੂੰ ਅਜਿਹੀ ਵਿਦਿਅਕ ਪਹੁੰਚ ਦੇ ਤਬਾਹਕੁਨ ਸਿੱਟਿਆਂ ਮੁਤੱਲਕ ਚੇਤਾ ਕਰਾਇਆ ਸੀ ਜੋ ਰਚਨਾਤਮਿਕਤਾ ’ਤੇ ਲਕੀਰ ਦੀ ਫ਼ਕੀਰੀ ਨੂੰ ਵੁੱਕਤ ਦਿੰਦੀ ਹੈ, ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਮਸਲਦੀ ਹੈ ਅਤੇ ਉਨ੍ਹਾਂ ਦਰਮਿਆਨ ਸਭ ਕਿਸਮ ਦੇ ਵਖਰੇਵਿਆਂ ਨੂੰ ਮੇਟ ਦਿੰਦੀ ਹੈ। ਦਰਅਸਲ, ਇੱਥੇ ਇਕ ਅਜਿਹੀ ਪ੍ਰਣਾਲੀ ਮੌਜੂਦ ਹੈ ਜੋ ਬਹੁਤੇ ਵਿਦਿਆਰਥੀਆਂ ਨੂੰ ਸ਼ਰਮਿੰਦਾ, ਨਕਾਰਾ ਕਰਨ ਅਤੇ ਅਕਾ ਦੇਣ ਦਾ ਕੰਮ ਕਰਦੀ ਹੈ।
ਇਨ੍ਹਾਂ ਬੇਸ਼ਕੀਮਤੀ ਯੁਵਾ ਦਿਮਾਗਾਂ ’ਚੋਂ ਬਹੁਤਿਆਂ ਲਈ ਨਾਕਾਮੀ ਦੇ ਦਾਗ ਤੋਂ ਉੱਭਰਨਾ ਸੌਖਾ ਨਹੀਂ ਹੁੰਦਾ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਉਨ੍ਹਾਂ ਦੀਆਂ ਰਚਨਾਤਮਿਕ ਸੰਭਾਵਨਾਵਾਂ ਨੂੰ ਵਰਤੋਂ ਵਿਚ ਲਿਆਉਣ ਵਿਚ ਅਸਫ਼ਲ ਰਹਿੰਦੇ ਹਾਂ। ਉਨ੍ਹਾਂ ਦੇ ਰਚਨਾਤਮਿਕ ਅਤੇ ਸਾਰਥਕ ਜ਼ਿੰਦਗੀ ਜਿਊਣ ਦੇ ਜੋਸ਼ ਉਪਰ ਥਕੇਵਾਂ, ਨੀਰਸਤਾ ਅਤੇ ਇਕਲਾਪੇ ਦਾ ਭਾਵ ਹਾਵੀ ਹੋਣ ਲੱਗ ਪੈਂਦਾ ਹੈ। ਪਰ ਫਿਰ ‘ਸਫ਼ਲਤਾ ਦੇ ਬੁਖ਼ਾਰ’ ਤੋਂ ਪੀੜਤ ਇਸ ਦੁਨੀਆ ਵਿਚ ਉਨ੍ਹਾਂ ਦੀ ਪੀੜ ਸਮਝਣ ਦੀ ਖੇਚਲ ਕੌਣ ਕਰੇਗਾ? ਇਸ ਦੌਰਾਨ, ਸਾਡੇ ‘ਸਫ਼ਲ’ ਯੁਵਕ ਲਕੀਰ ਦੇ ਫ਼ਕੀਰ ਬਣਨ ਵਿਚ ਮਾਣ ਮਹਿਸੂਸ ਕਰਨ ਲੱਗ ਪੈਂਦੇ ਹਨ; ਕੋਈ ਅਸਚਰਜ ਦੀ ਗੱਲ ਨਹੀਂ ਕਿ ਉਨ੍ਹਾਂ ਲਈ ਮਹਿਫ਼ੂਜ਼ ਕਰੀਅਰ ਤੋਂ ਪਰ੍ਹੇ ਆਪਣੀ ਜ਼ਿੰਦਗੀ ਦੀਆਂ ਪ੍ਰਵਾਜ਼ਾਂ ਨੂੰ ਦੇਖ ਸਕਣਾ ਮੁਸ਼ਕਲ ਹੋਣ ਲੱਗ ਪੈਂਦਾ ਹੈ -ਜਿੱਥੇ ਟੈਕਨੋ ਮੈਨੇਜਰ ਨਵਉਦਾਰਵਾਦੀ ਮੰਡੀ ਦੇ ਵਿਸਤਾਰ ਲਈ ਦਿਨ ਰਾਤ ਜੁਟੇ ਹੋਏ ਹਨ ਜਾਂ ਪ੍ਰਸ਼ਾਸਕ/ਨੌਕਰਸ਼ਾਹ ਯਥਾ ਸਥਿਤੀ ਨੂੰ ਕਾਇਮ ਦਾਇਮ ਰੱਖਣ ਵਾਲੀ ਸ਼ਾਸਨ ਵਿਧਾ ਨੂੰ ਪ੍ਰਵਾਨ ਚੜ੍ਹਾਉਣ ਲਈ ਲੱਗੇ ਹੋਏ ਹਨ। ਇਸ ਦੌਰਾਨ, ਰਾਜਸਥਾਨ ਦੇ ਕੋਟਾ ਸ਼ਹਿਰ ਤੋਂ ਲੈ ਕੇ ਦਿੱਲੀ ਦੇ ਮੁਕਰਜੀ ਨਗਰ ਤੱਕ ਕੋਚਿੰਗ ਫੈਕਟਰੀਆਂ ਆਪਣੇ ਲਾਹੇਵੰਦ ਧੰਦੇ ਦਾ ਫੈਲਾਅ ਕਰ ਰਹੀਆਂ ਹਨ, ਸਫ਼ਲਤਾ ਦੇ ਸੁਫ਼ਨੇ ਵੇਚ ਰਹੀਆਂ ਹਨ, ਮੱਧ ਵਰਗ ਦੀਆਂ ਬੇਚੈਨੀਆਂ ਤੋਂ ਲਾਹਾ ਲੈਣ ਅਤੇ ਯੁਵਾ ਮਨਾਂ ਦੇ ਰਚਨਾਤਮਿਕ ਵਿਦਰੋਹ ਦੀ ਚਿਣਗ ਨੂੰ ਤਹਿਸ ਨਹਿਸ ਕਰਨ ਲੱਗੀਆਂ ਹੋਈਆਂ ਹਨ।

Advertisement

ਲੇਖਕ ਸਮਾਜ ਸ਼ਾਸਤਰੀ ਹੈ।

Advertisement

Advertisement
Author Image

sukhwinder singh

View all posts

Advertisement