ਪੈੜਾਂ
ਅਵਨੀਤ ਕੌਰ
ਮੇਰਾ ਪੜ੍ਹਾਈ ਦਾ ਸਫ਼ਰ ਪਿੰਡ ਤੋਂ ਸ਼ੁਰੂ ਹੋਇਆ। ਮਿਹਨਤ ਦੇ ਰਾਹ ਰਸਤੇ ਤੁਰਦਿਆਂ ਸਫ਼ਰ ਜਾਰੀ ਰੱਖਿਆ। ਉੱਤਮ ਗਰੇਡ ਲੈ ਰਾਜਧਾਨੀ ਵਿਚਲੇ ਉੱਚ ਵਿੱਦਿਅਕ ਅਦਾਰੇ ਦੇ ਦਰਾਂ ’ਤੇ ਦਸਤਕ ਦਿੱਤੀ। ਪਹਿਲੀ ਝਲਕ ਹੀ ਮਨ ਨੂੰ ਭਾਅ ਗਈ। ਪੜ੍ਹਨ ਲਿਖਣ ਦਾ ਖੁਸ਼ਨੁਮਾ ਮਾਹੌਲ ਮਨ ਨੂੰ ਲੱਗਾ। ਖੁੱਲ੍ਹੀਆਂ ਸੜਕਾਂ ਦੇ ਆਸ-ਪਾਸ ਲਹਿਰਾਉਂਦੇ ਹਰੇ ਭਰੇ ਰੁੱਖ ਤੇ ਫੁੱਲ ਸਵਾਗਤ ਕਰਦੇ ਨਜ਼ਰ ਆਏ। ਪਸੰਦੀਦਾ ਵਿਸ਼ੇ ਵਿੱਚ ਦਾਖ਼ਲਾ ਮਿਲ ਗਿਆ। ਨਾਲ ਮਿਲੀ ਹੋਸਟਲ ਦੀ ਸਹੂਲਤ ਸੋਨੇ ’ਤੇ ਸੁਹਾਗਾ ਬਣੀ। ਮਨ ਦੀ ਮੁਰਾਦ ਪੂਰੀ ਹੁੰਦੀ ਜਾਪੀ। ਇਹ ਨਵਾਂ ਸਫ਼ਰ ਮੈਨੂੰ ਜੀਵਨ ਰਾਹ ਦਾ ਚਾਨਣ ਨਜ਼ਰ ਆਇਆ ਜਿਸ ਵਿੱਚ ਭਵਿੱਖ ਦੀ ਸਵੇਰ ਛੁਪੀ ਸੀ।
ਆਪਣੇ ਵਿਭਾਗ ਵਿੱਚ ਨਿੱਤ ਰੋਜ਼ ਆਉਣ ਜਾਣ ਬਣਿਆ। ਹੋਰਨਾਂ ਰਾਜਾਂ ਦੇ ਵਿਦਿਆਰਥੀ ਨਾਲ ਪੜ੍ਹਦੇ। ਵਕਤ ਮਿਲਣ ’ਤੇ ਸੰਵਾਦ ਹੁੰਦਾ। ਉਨ੍ਹਾਂ ਦੀ ਪਛਾਣ ਸਾਦਗੀ, ਮਿਹਨਤ ਤੇ ਨਿਮਰਤਾ ਹੁੰਦੀ। ਚਿਹਰਿਆਂ ’ਤੇ ਆਤਮ ਵਿਸ਼ਵਾਸ ਦਾ ਜਲੌਅ ਸਾਫ਼ ਨਜ਼ਰ ਆਉਂਦਾ ਸੀ। ਕੇਰਲਾ, ਬੰਗਾਲ ਦੀਆਂ ਸਹਿਪਾਠਣਾਂ ਨਾਲ ਮੇਲ-ਜੋਲ ਹੋਣ ਲੱਗਾ। ਉਨ੍ਹਾਂ ਦੀ ਪੜ੍ਹਾਈ ਪ੍ਰਤੀ ਲਗਨ ਤੇ ਪੁਸਤਕਾਂ ਸਾਂਭਣ ਦਾ ਸਲੀਕਾ ਪ੍ਰੇਰਨਾ ਦਾ ਸਬੱਬ ਬਣਦਾ। ਸਿਲੇਬਸ ਦੀਆਂ ਪੁਸਤਕਾਂ ਉਨ੍ਹਾਂ ਦੇ ਸੰਗ ਸਾਥ ਹੁੰਦੀਆਂ। ਇੱਕ ਅੱਧ ਸਾਹਿਤ ਦੀ ਪੁਸਤਕ ਬੈਗ ਵਿੱਚ ਰੱਖੀ ਹੁੰਦੀ। ਉਨ੍ਹਾਂ ਦੀਆਂ ਗੱਲਾਂ ਵਿਚਲੀ ਗਿਆਨ ਦੀ ਮਿਠਾਸ ਕੰਨਾਂ ਵਿੱਚ ਰਸ ਘੋਲਦੀ। ਪੰਜਾਬ ਬਾਰੇ ਉਨ੍ਹਾਂ ਦੁਆਰਾ ਪੁੱਛੇ ਜਾਂਦੇ ਸਵਾਲ ਜਗਿਆਸਾ ਦੀ ਤੰਦ ਫੜਦੇ ਨਜ਼ਰ ਆਉਂਦੇ।
ਜਦੋਂ ਕਦੇ ਮਿਲ ਬੈਠਣ ਦਾ ਮੌਕਾ ਮਿਲਦਾ ਤਾਂ ਉਨ੍ਹਾਂ ਦੇ ਵਿਚਾਰ ਸੋਚਣ ਲਈ ਮਜਬੂਰ ਕਰਦੇ। ‘ਮਾਂ ਬੋਲੀ ਤੇ ਸਾਹਿਤ ਦਾ ਸਾਥ ਪੜ੍ਹਾਈ ਦੇ ਉਚੇਰੇ ਮਿਆਰਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਵਿਰਸੇ ਤੇ ਸੱਭਿਆਚਾਰ ਨਾਲ ਜੋੜ ਕੇ ਰੱਖਦਾ ਹੈ। ਸਬਰ, ਸਿਦਕ ਤੇ ਸੰਤੁਲਨ ਇਸ ਦੇ ਕਲਾਵੇ ਵਿੱਚੋਂ ਮਿਲਦੇ ਹਨ। ਗਿਆਨ ਦੀ ਥਾਹ ਪਾਉਣ ਲਈ ਇਨ੍ਹਾਂ ਦੀ ਸੰਗਤ ਉੱਤਮ ਹੁੰਦੀ ਹੈ’। ਅਜਿਹੇ ਬੋਲ ਮੈਨੂੰ ਨਾਨਾ ਜੀ ਦੀ ਜੀਵਨ ਪੁਸਤਕ ਕੋਲ ਜਾ ਬਿਠਾਉਂਦੇ। ਆਪਣੀ ਅਧਿਆਪਨ ਸੇਵਾ ਵਿੱਚ ਉਹ ਖੇਡਾਂ ਦੇ ਅਧਿਆਪਕ ਰਹੇ। ਸੇਵਾਮੁਕਤੀ ਤੋਂ ਬਾਅਦ ਸਾਡੇ ਕੋਲ ਅਕਸਰ ਆਉਂਦੇ ਜਾਂਦੇ। ਪੁਸਤਕਾਂ ਵਾਲਾ ਕਮਰਾ ਉਨ੍ਹਾਂ ਦਾ ਟਿਕਾਣਾ ਹੁੰਦਾ। ਅਲਮਾਰੀ ਵਿਚੋਂ ਮਨਪਸੰਦ ਕਿਤਾਬ ਚੁੱਕਦੇ ਤੇ ਪੜ੍ਹਨ ਬੈਠ ਜਾਂਦੇ। ਸਵੇਰ ਸ਼ਾਮ ਰੋਟੀ ਪਾਣੀ ਵੇਲੇ ਉਹ ਨਿੱਕੀਆਂ ਨਿੱਕੀਆਂ ਪ੍ਰੇਰਨਾਦਾਇਕ ਗੱਲਾਂ ਕਰਦੇ।
‘ਪੁੱਤਰ! ਤੁਹਾਡੇ ਕੋਲ ਆ ਕੇ ਮੇਰਾ ਮਨ ਸਹਿਜ ਹੋ ਜਾਂਦਾ ਹੈ। ਦਿਨ ਬੀਤਦੇ ਦਾ ਪਤਾ ਹੀ ਨਹੀਂ ਲੱਗਦਾ। ਪੁਸਤਕਾਂ ਧਿਆਨ ਉੱਕਣ ਨਹੀਂ ਦਿੰਦੀਆਂ। ਆਪਣੇ ਨਾਲ ਬੰਨ੍ਹ ਕੇ ਬਿਠਾ ਲੈਂਦੀਆਂ ਨੇ। ਇਨ੍ਹਾਂ ਕੋਲ ਪ੍ਰੇਰਨਾ ਤੇ ਸਬਕ ਦਾ ਭੰਡਾਰ ਹੈ। ਹਰੇਕ ਪੰਨੇ ’ਤੇ ਸਨੇਹ, ਸਾਂਝ ਤੇ ਸਿਆਣਪ ਦੇ ਮੋਤੀ ਬਿਖਰੇ ਹਨ। ਬੰਦਾ ਮਰਜ਼ੀ ਨਾਲ ਆਪਣੀ ਜਿਊਣ ਝੋਲੀ ਭਰ ਸਕਦਾ ਹੈ। ਮੈਨੂੰ ਤਾਂ ਜੀਵਨ ਦਾ ਇਹ ਬੇਸ਼ਕੀਮਤੀ ਗਹਿਣਾ ਉਮਰ ਬਿਤਾ ਕੇ ਲੱਭਾ ਹੈ’।
ਇਹ ਜੀਵਨ ਝਲਕ ਮਨ ਦਾ ਉਤਸ਼ਾਹ ਬਣਦੀ ਹੈ। ਆਪਣੇ ਵਿਭਾਗ ਤੋਂ ਕਦਮ ਸਿੱਧੇ ਲਾਇਬਰੇਰੀ ਵੱਲ ਹੋ ਤੁਰਦੇ ਹਨ। ਹਜ਼ਾਰਾਂ ਪੁਸਤਕਾਂ ਨਾਲ ਸਜੀ ਲਾਇਬ੍ਰੇਰੀ। ਆਪੋ ਆਪਣੇ ਵਿਸ਼ਿਆਂ ਤੇ ਰੁਚੀ ਦੀਆਂ ਪੁਸਤਕਾਂ ਵੱਲ ਅਹੁਲਦੇ ਨੌਜਵਾਨ। ਪੁਸਤਕਾਂ ਸਾਹਿਤ, ਇਤਿਹਾਸ, ਵਿਗਿਆਨ ਦੀਆਂ ਖੋਜੀ ਵਿਦਿਆਰਥੀਆਂ ਦੇ ਹੱਥਾਂ ਦਾ ਸੁਹਜ ਬਣਦੀਆਂ। ਉਨ੍ਹਾਂ ਦੀ ਜਗਿਆਸਾ ਤੇ ਸ਼ੰਕਿਆਂ ਦਾ ਉੱਤਰ ਬਣਦੀਆਂ। ਵਿਦਿਆਰਥੀਆਂ ਨਾਲ ਭਰੀ ਲਾਇਬ੍ਰੇਰੀ ਵਿੱਚ ਚੁਫੇਰੇ ਪਸਰੀ ਚੁੱਪ। ਵਿਦਿਆਰਥੀਆਂ ਦੀ ਲਗਨ ਦਾ ਪ੍ਰਤੀਕ ਨਜ਼ਰ ਆਉਂਦੀ। ਲਾਇਬ੍ਰੇਰੀ ਵਿੱਚ ਰਾਤ ਨਹੀਂ ਪੈਂਦੀ। ਗਿਆਨ ਦੇ ਚਾਨਣ ਨਾਲ ਦਿਨ ਰਾਤ ਸੰਵਾਦ ਚੱਲਦਾ ਰਹਿੰਦਾ। ਸਬਰ ਨਾਲ ਅਧਿਐਨ ਵਿੱਚ ਜੁਟੇ ਵਿਦਿਆਰਥੀ ਆਪਣੇ ਭਵਿੱਖ ਦੀ ਪੈੜ ਤਲਾਸ਼ਦੇ ਦਿਸਦੇ।
ਸਵੇਰ ਸਾਰ ਹਰੇ-ਭਰੇ ਘਾਹ ਉੱਪਰ ਪਸਰੀ ਤ੍ਰੇਲ ਮਨ ਦਾ ਸਕੂਨ ਬਣਦੀ ਹੈ। ਉਗਮਦੇ ਸੂਰਜ ਦੀਆਂ ਸੁਨਿਹਰੀ ਕਿਰਨਾਂ ਸੁਆਗਤ ਕਰਦੀਆਂ ਨਜ਼ਰ ਆਉਂਦੀਆਂ ਹਨ। ਮਸਤਕ ਵਿੱਚ ਆਪਣੇ ਪੇਂਡੂ ਸਕੂਲ ਦੀ ਸਵੇਰ ਦੀ ਸਭਾ ਦਾ ਦ੍ਰਿਸ਼ ਉਜਾਗਰ ਹੁੰਦਾ ਹੈ। ਸਕੂਲ ਦੇ ਸਾਹਿਤਕਾਰ ਪ੍ਰਿੰਸੀਪਲ ਦੇ ਬੋਲ ਚੇਤਿਆਂ ਵਿੱਚ ਸੁਣਾਈ ਦੇਣ ਲੱਗਦੇ ਹਨ।
‘ਸਰਘੀ ਵੇਲੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਵੱਲ ਤੱਕਿਆ ਕਰੋ। ਉਨ੍ਹਾਂ ਦਾ ਜਲੌਅ ਕਿਵੇਂ ਚੁਫੇਰੇ ਚਾਨਣ ਬਣ ਬਿਖਰਦਾ ਹੈ ਜਿਹੜਾ ਜੀਵਨ ਦੇ ਰਾਹ ਰੌਸ਼ਨ ਕਰਦਾ ਹੈ। ਇਹੋ ਚਾਨਣ ਬੰਦੇ ਵਿੱਚ ਜਿਊਣ ਦੀ ਤਾਂਘ ਜਗਾਉਂਦਾ ਹੈ। ਜਾਗਿਆ ਬੰਦਾ ਖ਼ੇਤ, ਸਕੂਲ, ਘਰ ਤੇ ਦਫ਼ਤਰ ਵਿੱਚ ਕਰਮ ਕਰਦਾ ਹੈ। ਸਿੱਖਿਆ ਵੀ ਇਸੇ ਚਾਨਣ ਦਾ ਇੱਕ ਰੂਪ ਹੈ ਜਿਸ ਨਾਲ ਜੁੜਿਆਂ ਜ਼ਿੰਦਗੀ ਸਫ਼ਲਤਾ ਰੂਪੀ ਚਾਨਣ ਨਾਲ ਭਰ ਜਾਂਦੀ ਹੈ’।
ਇਹ ਸਿੱਖਿਆ ਤੇ ਸਬਕ ਜ਼ਿੰਦਗੀ ਦਾ ਕਦੇ ਨਾ ਛੱਡਣ ਵਾਲਾ ਲੜ ਬਣਦੇ ਹਨ। ਵਿਭਾਗ ਵਿੱਚ ਆਪਣੇ ਵਿਦਵਾਨ ਪ੍ਰੋਫ਼ੈਸਰਾਂ ਦੀ ਮਿਹਨਤ ਪ੍ਰੇਰਨਾ ਦਾ ਪਾਠ ਪੜ੍ਹਾਉਂਦੀ ਹੈ। ਉਨ੍ਹਾਂ ਦੇ ਗਿਆਨ ਭੰਡਾਰ ਵਿਚਲੇ ਮੋਤੀ ਮਸਤਕ ਨੂੰ ਰੁਸ਼ਨਾਉਂਦੇ ਹਨ। ਆਪ ਲੱਭਣ, ਖੋਜਣ ਦੀ ਪ੍ਰਵਿਰਤੀ ਲੋੜ ਬਣਦੀ ਹੈ। ਲਾਇਬ੍ਰੇਰੀ ਦੀਆਂ ਪੁਸਤਕਾਂ ਦਾ ਸਾਥ ਮਾਰਗ ਦਰਸ਼ਨ ਕਰਦਾ ਹੈ। ਦੇਸ਼, ਦੁਨੀਆਂ ਦੇ ਖੋਜੀਆਂ ਵਿਗਿਆਨੀਆਂ ਤੇ ਵਿਦਵਾਨਾਂ ਦੀ ਜੀਵਨ ਘਾਲਣਾ ਗਿਆਨ ਦੇ ਦਰ ਦਰਵਾਜ਼ੇ ਖੋਲ੍ਹਦੀ ਹੈ। ਅਜਿਹੀ ਸੰਗਤ ਸੁਪਨੇ ਸੱਚ ਕਰਨ ਦੇ ਰਾਹ ਤੋਰਦੀ ਹੈ।
ਜੀ ਆਇਆਂ ਤੇ ਵਿਦਾਇਗੀ ਪਾਰਟੀਆਂ ਵਿੱਚ ਮਿਲਦੇ। ਖਾਂਦੇ-ਪੀਂਦੇ ਬੋਲਦੇ, ਸੁਣਦੇ, ਹੱਸਦੇ ਸਹਿਪਾਠੀ ਜ਼ਿੰਦਗੀ ਦਾ ਜਲੌਅ ਜਾਪਦੇ ਹਨ। ਅਜਿਹੇ ਮੌਕੇ ਸਾਹਿਤ ਨਾਲ ਕੀਤੇ ਸੰਵਾਦ ਦਾ ਸੁਖਾਵਾਂ ਅਹਿਸਾਸ ਬੋਲਾਂ ਦਾ ਰੂਪ ਲੈਂਦਾ ਹੈ, ‘ਜਦ ਤੁਹਾਡੇ ਕੋਲ ਮਾਂ ਬੋਲੀ ਦੇ ਮੁੱਲਵਾਨ ਸ਼ਬਦਾਂ ਦੀ ਸੌਗਾਤ ਹੋਵੇ। ਮਨ ਵਿੱਚ ਮਿਹਨਤ, ਲਗਨ ਦਾ ਬੁਲੰਦ ਜ਼ਜ਼ਬਾ ਹੋਵੇ। ਕਿਰਤ ਨੂੰ ਪ੍ਰਣਾਏ ਸੁਹਿਰਦ ਮਾਪਿਆਂ ਦੀ ਵਿਰਾਸਤ ਹੋਵੇ। ਪੁਸਤਕਾਂ ਦਾ ਸੰਗ-ਸਾਥ ਪ੍ਰੇਰਨਾ ਦਾ ਪਾਠ ਬਣੇ ਫ਼ਿਰ ਜ਼ਿੰਦਗੀ ਦੀਆਂ ਪੈੜਾਂ ਦਾ ਸਫ਼ਲਤਾ ਦੇ ਦਰ ਪਹੁੰਚਣਾ ਲਾਜ਼ਮੀ ਹੁੰਦਾ ਹੈ’।
ਸੰਪਰਕ: salamzindgi88@gmail.com