For the best experience, open
https://m.punjabitribuneonline.com
on your mobile browser.
Advertisement

ਅਧਿਆਪਕ ਨੂੰ ਗੁਰੂ ਦਾ ਦਰਜਾ

11:37 AM Sep 09, 2023 IST
ਅਧਿਆਪਕ ਨੂੰ ਗੁਰੂ ਦਾ ਦਰਜਾ
Advertisement

ਮੁਖ਼ਤਾਰ ਗਿੱਲ

Advertisement

ਜੇ ਵਿਦਿਆਰਥੀ ਦੇਸ਼ ਦਾ ਭਵਿਖ ਹੁੰਦੇ ਹਨ ਤਾਂ ਅਧਿਆਪਕ ਉਨ੍ਹਾਂ ਦੇ ਹਨੇਰੇ ਮਨ ਵਿਚ ਵਿਦਿਆ ਅਤੇ ਗਿਆਨ ਦੀ ਰੋਸ਼ਨੀ ਫੈਲਾ ਦਿੰਦਾ ਹੈ। ਉਹ ਕੌਮ ਦਾ ਨਿਰਮਾਤਾ ਹੀ ਨਹੀਂ ਹੁੰਦਾ ਸਗੋਂ ਰਾਸ਼ਟਰ ਦਾ ਸਰਮਾਇਆ ਵੀ ਬਣਦਾ ਹੈ। ਅਧਿਆਪਨ ਨੂੰ ਸਮਰਪਿਤ ਤੇ ਸਿੱਖਿਆ ਵੰਡਣ ਵਾਲੇ ਅਧਿਆਪਕ ‘ਚਾਨਣ ਦੇ ਵਣਜਾਰੇ’ ਹੁੰਦੇ ਹਨ। ਅਧਿਆਪਕ ਕੋਲ ਕੋਮਲ ਭਾਵੀ ਹਿਰਦਾ ਹੋਣ ਦੇ ਨਾਲ ਨਾਲ ਮਨੋਵਿਗਿਆਨ ਨੂੰ ਸਮਝਣ ਦੀ ਸਮਰੱਥਾ ਹੋਣੀ ਚਾਹੀਦੀ ਹੈ। 6 ਕੁ ਦਹਾਕੇ ਪਹਿਲਾਂ ਜਦੋਂ ਅਸੀਂ ਅੱਠਵੀਂ ਵਿਚ ਪੜ੍ਹਦੇ ਸੀ ਤੇ ਸਾਨੂੰ ਪੜ੍ਹਾਉਣ ਵਾਲੇ ਉਹ ਅਧਿਆਪਕ ਬਿਨਾ ਸ਼ੱਕ ਬੜੇ ਮਹਾਨ ਸਨ। ਮੇਰੇ ਅਧਿਆਪਕ ਗਿਆਨੀ ਮੱਖਣ ਸਿੰਘ ਛੀਨਾ, ਸ੍ਰੀ ਦੇਸ਼ ਰਾਜ, ਸ੍ਰੀ ਰਾਮ ਚੰਦਰ ਸ਼ਾਸਤਰੀ, ਮਾਸਟਰ ਅਮਰ ਸਿੰਘ ਸਹੀ ਮਾਇਨਿਆਂ ਵਿਚ ‘ਗੁਰੂ’ ਦਾ ਰੁਤਬਾ ਰੱਖਦੇ ਸਨ। ਸੱਤਵੀਂ ਅੱਠਵੀਂ ਵਿਚ ਪੜ੍ਹਦਿਆਂ ਗਿਆਨੀ ਮੱਖਣ ਸਿੰਘ ਛੀਨਾ ਨੇ ਮੈਨੂੰ ਸਾਹਿਤ ਪੜ੍ਹਨ ਅਤੇ ਮਾਸਟਰ ਹਰਪਾਲ ਸਿੰਘ ਹੁੰਦਲ ਵੇਰਕਾ ਨੇ ਲਿਖਣ ਕਾਰਜ (ਸਾਹਿਤ ਸਿਰਜਣਾ) ਦੀ ਚੇਟਕ ਲਾਈ। ਉਹਨਾਂ ਅਤੇ ਲੇਖਕਾਂ ਦੇ ਮੱਕਾ ਪ੍ਰੀਤ ਨਗਰ ਦੀ ਪ੍ਰੇਰਨਾ ਨਾਲ ਕਹਾਣੀ ਲਿਖਣ ਲੱਗਾ ਸੀ।
ਇਕ ਛੋਟੀ ਜਿਹੀ ਪਰ ਕਦੇ ਨਾ ਭੁੱਲਣ ਵਾਲੀ ਘਟਨਾ ਦੀ ਯਾਦ ਆਉਂਦੀ ਹੈ। ਮੈਂ ਸਰਕਾਰੀ ਮਿਡਲ ਸਕੂਲ ਜਗਦੇਵ ਕਲਾਂ ਦੀ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਸਾਡੇ ਬੋਰਡ ਦੇ ਪੇਪਰ ਸੀ। ਸਾਨੂੰ ਸਾਡੇ ਅਧਿਆਪਕ ਸਾਹਿਬਾਨ ਗਿਆਨੀ ਮੱਖਣ ਸਿੰਘ ਛੀਨਾ, ਸ੍ਰੀ ਦੇਸ ਰਾਜ, ਸ੍ਰੀ ਰਾਮ ਚੰਦਰ ਸ਼ਾਸਤਰੀ ਰਾਤ ਨੂੰ ਸਕੂਲ ਵਿਚ ਰਹਿ ਕੇ ਪੜ੍ਹਾਉਂਦੇ ਸਨ। ਸੇਵਾਦਾਰ ਲਖਬੀਰ ਸਿੰਘ ਉਨ੍ਹਾਂ ਦੀ ਰਾਤ ਦੀ ਰੋਟੀ, ਚਾਹ ਆਦਿ ਬਣਾ ਕੇ ਦਿੰਦੇ ਸਨ। ਅਸੀ ਬੱਚੇ ਦੁੱਧ, ਸਾਗ, ਸਬਜ਼ੀ, ਆਟਾ-ਦਾਲ ਆਪੋ-ਆਪਣੇ ਘਰਾਂ ਤੋਂ ਲੈ ਕੇ ਆਉਂਦੇ ਸੀ। ਸੇਵਾਦਾਰ ਜਮਾਤ ਦੇ ਕਮਰੇ ਵਿਚੋਂ ਡੈਸਕ ਬੈਂਚ ਬਾਹਰ ਕਢਵਾ ਸਾਡੇ ਫਰਸ਼ ਉਤੇ ਬਿਸਤਰੇ ਲਗਵਾ ਦਿੰਦਾ ਸੀ। ਅਸੀਂ ਰਾਤ ਅਧਿਆਪਕਾਂ ਤੋਂ ਪੜ੍ਹਦੇ ਸੀ। ਸਵੇਰੇ ਉਹ ਸਾਨੂੰ ਤੜਕਸਾਰ ਜਗਾ ਕੇ ਯਾਦ ਕਰਵਾਉਂਦੇ ਅਤੇ ਪਾਠ ਕਰਮ ਦਹੁਰਾਉਂਦੇ ਸਨ। ਅਸੀਂ ਘਰਾਂ ਨੂੰ ਚਲੇ ਜਾਂਦੇ ਤੇ ਅਧਿਆਪਕ ਸਾਈਕਲਾਂ ’ਤੇ ਆਪਣੇ ਨੇੜਲੇ ਪਿੰਡਾਂ ਨੂੰ ਤੁਰ ਜਾਂਦੇ ਅਤੇ ਸਕੂਲ ਲਗਣ ਤੋਂ ਪਹਿਲਾਂ ਫਿਰ ਹਾਜ਼ਰ ਹੋ ਜਾਂਦੇ ਸਨ। ਧੰਨ ਸਨ ਸਾਡੇ ਉਹ ਅਧਿਆਪਕ ਸਾਹਿਬਾਨ।
ਅਧਿਆਪਕ ਤੇ ਸਮਾਜ ਵਿਦਿਅਕ ਕੜੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਬਹੁਤ ਕੁਝ ਇਹਨਾਂ ਦੀ ਸਾਰਥਕ ਸੋਚ, ਲਗਨ ਤੇ ਸਮਾਜ ਪ੍ਰਤੀ ਜਿ਼ੰਮੇਵਾਰੀ ’ਤੇ ਨਿਰਭਰ ਕਰਦਾ ਹੈ। ਬੱਚੇ ਨੂੰ ਥੋੜ੍ਹੀ ਬਹੁਤੀ ਸਜ਼ਾ ਦੇਣ ਤੋਂ ਗੁੱਸੇ ਵਿਚ ਆਏ ਮਾਤਾ ਪਿਤਾ ਜਦੋਂ ਸਕੂਲ ਆ ਅਧਿਆਪਕ ਦੀ ਲਾਹ-ਪਾਹ ਕਰਦੇ ਹਨ ਤਾਂ ਅਧਿਆਪਕ ਦੀ ਅਧਿਆਪਨ ਪ੍ਰਤੀਬੱਧਤਾ ਨੂੰ ਠੇਸ ਪਹੁੰਚਦੀ ਹੈ। ਇਸ ਦੇ ਉਲਟ ਜੇ ਅਧਿਆਪਕ ਸਮੇਂ ਸਿਰ ਸਕੂਲ ਨਹੀਂ ਪਹੁੰਚਦਾ ਤਾਂ ਬੱਚਿਆਂ ਨੂੰ ਸਮੇਂ ਦੀ ਮਹੱਤਤਾ ਤੇ ਅਨੁਸ਼ਾਸਨ ਬਾਰੇ ਕਿਵੇਂ ਸਮਝਾਇਆ ਜਾ ਸਕਦਾ ਹੈ? ਵਿਦਿਅਕ ਗੁਣਾਂ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਅਕਸਰ ਹੀ ਵਿਦਿਆਰਥੀਆਂ ਲਈ ‘ਆਦਰਸ਼’ (ਮਾਡਲ) ਦਾ ਰੁਤਬਾ ਹਾਸਲ ਕਰ ਲੈਂਦੇ ਹਨ।
ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਦੋਸਤਾਨਾ ਤੇ ਭੈਅ ਮੁਕਤ ਹੋਣਾ ਚਾਹੀਦਾ ਹੈ। ਅਧਿਆਪਕ ਵਿਦਿਆਰਥੀ ਨੂੰ ਖੁੱਲ੍ਹ ਵਾਲਾ ਮਾਹੌਲ ਨਾ ਦੇਵੇ। ਇਸ ਤਰ੍ਹਾਂ ਕਲਾਸ ਵਿਚ ਅਨੁਸ਼ਾਸਨਹੀਣਤਾ ਨਜ਼ਰ ਆਵੇਗੀ। ਅਧਿਆਪਕ ਵਿਦਿਆਰਥੀ ਵਿਚਾਲੇ ਕੋਈ ਦੀਵਾਰ ਵੀ ਨਹੀਂ ਹੋਣੀ ਚਾਹੀਦੀ। ਅਧਿਆਪਕ ਨੂੰ ਵਿਦਿਆਰਥੀ ਨਾਲ ਭਾਵਨਾਤਮਿਕ ਰਿਸ਼ਤਾ ਕਾਇਮ ਕਰਦਿਆਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਯੋਗ ਹੋਣਾ ਚਾਹੀਦਾ ਹੈ। ਕਈ ਅਧਿਆਪਕਾਂ ਦਾ ਆਪਣੇ ਵਿਦਿਆਰਥੀਆਂ ਪ੍ਰਤੀ ਵਿਹਾਰ ਬੜਾ ਸਖਤ ਹੁੰਦਾ ਹੈ। ਅਜਿਹੇ ਵਿਹਾਰ ਵਾਲੇ ਅਧਿਆਪਕ ਦੇ ਵਿਦਿਆਰਥੀਆ ਦੀ ਸਿੱਖਣ ਪ੍ਰਕਿਰਿਆ ਨਾਂਹ ਪੱਖੀ ਰੂਪ ਵਿਚ ਪ੍ਰਭਾਵਿਤ ਹੋਣ ਲੱਗਦੀ ਹੈ। ਕਈ ਅਧਿਆਪਕ ਇਹ ਤਾਂ ਕਹਿੰਦੇ ਹਨ ਕਿ ਜੇ ਕਿਸੇ ਵਿਦਿਆਰਥੀ ਨੂੰ ਕੋਈ ਗੱਲ ਸਮਝ ਨਹੀਂ ਲੱਗੀ ਤਾਂ ਉਹ ਬਿਨਾ ਝਿਜਕ ਦੁਬਾਰਾ ਪੁੱਛ ਸਕਦੇ ਹਨ ਪਰ ਜਦੋਂ ਕੋਈ ਵਿਦਿਆਰਥੀ ਸਮਝ ਨਾ ਆਉਣ ਦੀ ਸੂਰਤ ਵਿਚ ਦੁਬਾਰਾ ਪੁੱਛਦਾ ਹੈ ਤਾਂ ਕੁਝ ਅਧਿਆਪਕ ਨਾਰਾਜ਼ ਹੋ ਜਾਂਦੇ ਹਨ। ਅਧਿਆਪਕ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵੀ ਬਣਾਉਣ ਲਈ ਅਧਿਆਪਕ ਵਿਦਿਆਰਥੀ ਰਿਸ਼ਤੇ ਵਿਚ ਮਰਿਆਦਾ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਵੀ ਜਿ਼ਆਦਾ ਜ਼ਰੂਰੀ ਹੈ ਕਿ ਸਮਾਜ ਵੱਲੋਂ ਅਧਿਆਪਕ ਦਾ ‘ਗੁਰੂ’ ਦਾ ਦਰਜਾ ਬਹਾਲ ਕਰ ਕੇ ਉਹਨਾਂ ਨੂੰ ਸਨਮਾਨ ਦੇਣਾ ਬਣਦਾ ਹੈ।
*ਪ੍ਰੀਤ ਨਗਰ-ਚੋਗਾਵਾਂ-143 109 (ਅੰਮ੍ਰਿਤਸਰ)
ਸੰਪਰਕ: 98140-82217

Advertisement
Author Image

sukhwinder singh

View all posts

Advertisement
Advertisement
×