‘ਆਪ’ ਆਗੂ ਦੇ ਬਿਆਨ ਤੋਂ ਸਿਆਸਤ ਭਖੀ
ਪੱਤਰ ਪ੍ਰੇਰਕ
ਫਗਵਾੜਾ, 31 ਮਈ
ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਬਾਰੇ ਅਪਮਾਨਜਨਕ ਟਿੱਪਣੀ ਕਰਨਾ ਨਿੰਦਣਯੋਗ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵੱਲੋਂ ਵੀਰਵਾਰ ਨੂੰ ਫਗਵਾੜਾ ਵਿੱਚ ਚੋਣ ਜਲਸੇ ਦੌਰਾਨ ਭਗਵਾਨ ਰਾਮ ਬਾਰੇ ਕੀਤੀ ਗਈ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸ੍ਰੀ ਮਾਨ ਨੇ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਹੈ, ਉਹ ਭਗਵਾਨ ਵਾਲਮੀਕਿ ਦਾ ਵੀ ਅਪਮਾਨ ਕਰਨ ਵਾਲੀ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਣ ਵਾਲੇ ਕਰੋੜਾਂ ਹਿੰਦੂਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਹ ਮਾੜੀ ਸ਼ਬਦਾਵਲੀ ਸੂਬੇ ਦੀ ਸੱਤਾ ’ਤੇ ਕਾਬਜ਼ ਪਾਰਟੀ ਦੇ ਹਲਕਾ ਇੰਚਾਰਜ ਦੇ ਮੂੰਹੋਂ ਨਿਕਲੀ ਹੈ, ਇਸ ਲਈ ਹੋਰ ਵੀ ਗੰਭੀਰ ਮਾਮਲਾ ਬਣ ਜਾਂਦਾ ਹੈ।
ਉਨ੍ਹਾਂ ਜਿੱਥੇ ਚੋਣ ਕਮਿਸ਼ਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ, ਉੱਥੇ ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਆਪਣੇ ਆਪ ਨੂੰ ਭਗਵਾਨ ਰਾਮ ਦੇ ਵਾਰਸ ਮੰਨਣ ਵਾਲੇ ਭਾਜਪਾ ਅਤੇ ਸੱਤਾ ਧਿਰ ‘ਆਪ’ ਦੇ ਸੀਨੀਅਰ ਆਗੂਆਂ ਨੇ ਜੋਗਿੰਦਰ ਸਿੰਘ ਮਾਨ ਦੀ ਮੰਦਭਾਗੀ ਕਾਰਗੁਜ਼ਾਰੀ ’ਤੇ ਚੁੱਪ ਕਿਉਂ ਧਾਰ ਰੱਖੀ ਹੈ। ਵਿਧਾਇਕ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜੋਗਿੰਦਰ ਮਾਨ ਦੇ ਬਿਆਨ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਤੇ ਪਾਰਟੀ ਪ੍ਰਧਾਨ ਦੇ ਨਾਤੇ ਬਿਆਨ ਜਾਰੀ ਕਰ ਕੇ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ ਹੈ।
ਹਿੰਦੂ ਜਥੇਬੰਦੀਆਂ ਨੇ ਇਤਰਾਜ਼ ਜ਼ਾਹਰ ਕੀਤਾ
ਫਗਵਾੜਾ (ਪੱਤਰ ਪ੍ਰੇਰਕ): ਪੰਜਾਬ ਦੇ ਸਾਬਕਾ ਮੰਤਰੀ ਤੇ ‘ਆਪ’ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵੱਲੋਂ ਭਗਵਾਨ ਰਾਮ ਦੇ ਸਬੰਧ ’ਚ ਕੀਤੀ ਟਿੱਪਣੀ ਦਾ ਹਿੰਦੂ ਜਥੇਬੰਦੀਆਂ ਨੇ ਤਿੱਖਾ ਨੋਟਿਸ ਲੈ ਕੇ ਇਸ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਅੱਜ ਵੱਖ ਵੱਖ ਜਥੇਬੰਦੀਆਂ ਨੇ ਮੀਟਿੰਗਾਂ ਕਰ ਕੇ ਵਿਰੋਧ ਪ੍ਰਗਟਾਇਆ। ਅੱਜ ਹਨੂੰਮਾਨਗੜ੍ਹੀ ਵਿੱਚ ਹਿੰਦੂ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ ਤੇ ਨਾਅਰੇਬਾਜ਼ੀ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਮਾਨ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਤਹਿਸੀਲਦਾਰ ਮੌਕੇ ’ਤੇ ਪੁੱਜੇ। ਜਥੇਬੰਦੀਆਂ ਨੇ ਐੱਸਡੀਐੱਮ ਦੇ ਨਾਂ ’ਤੇ ਮੰਗ ਪੱਤਰ ਤਹਿਸੀਲਦਾਰ ਫਗਵਾੜਾ ਨੂੰ ਸੌਂਪਿਆ ਤੇ ਤਹਿਸੀਲਦਾਰ ਵਲੋਂ ਇਸ ਮਾਮਲੇ ’ਚ 3 ਵਜੇ ਤੱਕ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਬਾਅਦ ’ਚ ਪ੍ਰਸ਼ਾਸਨ ਵਲੋਂ ਇਹ ਮੰਗ ਪੱਤਰ ਐੱਸਪੀ ਫਗਵਾੜਾ ਨੂੰ ਭੇਜ ਦਿੱਤਾ ਗਿਆ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਚੋਣਾਂ ਦੇ ਕੰਮ ਕਰ ਕੇ ਇਸ ਦੀ ਪੜਤਾਲ ਅਗਲੇ ਦੋ ਦਿਨਾਂ ’ਚ ਕਰ ਕੇ ਸੋਮਵਾਰ ਸ਼ਾਮ ਤੱਕ ਇਸ ਮਾਮਲੇ ਦਾ ਹੱਲ ਕੀਤਾ ਜਾਵੇਗਾ।