ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਨੇ ਸਾਥੀਆਂ ਸਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 30 ਜੂਨ
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਦੇ ਨਵੇਂ ਥਾਪੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅੱਜ ਵੱਡੀ ਗਿਣਤੀ ਸਮਰਥਕਾਂ ਸਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਝਿੰਜਰ ਤੇ ਸਾਥੀਆਂ ਦਾ ਸ੍ਰੀ ਆਨੰਦਪੁਰ ਸਾਹਿਬ ਪੁੱਜਣ ’ਤੇ ਸਵਾਗਤ ਕੀਤਾ।
ਗੁਰਦੁਆਰੇ ਵਿਖੇ ਮੱਥਾ ਟੇਕਣ ਉਪਰੰਤ ਡਾ. ਦਲਜੀਤ ਸਿੰਘ ਚੀਮਾ ਅਤੇ ਸਰਬਜੀਤ ਝਿੰਜਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਸ੍ਰੀ ਝਿੰਜਰ ਨੇ ਕਿਹਾ ਕਿ ਉਹ ਜਲਦੀ ਹੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਮੀਟਿੰਗ ਕਰ ਕੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ। ਸ੍ਰੀ ਝਿੰਜਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਡ਼੍ਹੀ ਸੰਬੰਧੀ ਦਿੱਤੇ ਬਿਆਨ ਦੀ ਆਲੋਚਣਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੇ ਕਕਾਰਾਂ ਤੇ ਤਨਜ਼ ਕੱਸਣਾ ਉਨ੍ਹਾਂ ਦੀ ਸੌੜੀ ਮਾਨਸਿਕਤਾ ਦੀ ਨਿਸ਼ਾਨੀ ਹੈ। ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਅਮਨ-ਕਾਨੂੰਨ ਬਰਕਰਾਰ ਰੱਖਣ ਵਿੱਚ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਸਟੇਡੀਅਮ ਵਿੱਚ ਕ੍ਰਿਕਟ ਵਿਸ਼ਵ ਕੱਪ ਦਾ ਕੋਈ ਮੈਚ ਨਾ ਹੋਣਾ ਸ਼ਰਮਨਾਕ ਹੈ ਤੇ ਇਸ ਲਈ ਸੂਬਾ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ ਕਿਉਂਕਿ ਇਹ ਪਾਰਟੀ ਸਾਂਝੇ ਸਿਵਲ ਕੋਡ ’ਤੇ ਕੇਂਦਰ ਨੂੰ ਸਮਰਥਨ ਦੇਣ ਵਾਲੀ ਸਭ ਤੋਂ ਪਹਿਲੀ ਪਾਰਟੀ ਹੈ।