ਪੰਚਾਇਤੀ ਚੋਣਾਂ ਵਿੱਚ ਜਮਹੂਰੀਅਤ ਦਾ ਘਾਣ ਕਰ ਰਹੀ ਹੈ ਸੂਬਾ ਸਰਕਾਰ: ਚੰਦੂਮਾਜਰਾ
ਸਰਬਜੀਤ ਸਿੰਘ ਭੰਗੂ
ਸਨੌਰ, 3 ਅਕਤੂਬਰ
ਹਲਕਾ ਸਨੌਰ ਦੇ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਦੌਰਾਨ ਪੰਜਾਬ ਸਰਕਾਰ ਲੋਕਤੰਤਰ ਅਤੇ ਜਮਹੂਰੀਅਤ ਦਾ ਘਾਣ ਕਰ ਰਹੀ ਹੈ ਜਿਸ ਕਾਰਨ ‘ਆਪ’ ਸਰਕਾਰ ਦਾ ਨਾਮ ਇਤਿਹਾਸ ’ਚ ਕਾਲੇ ਅੱੱਖਰਾਂ ’ਚ ਲਿਖਿਆ ਜਾਵੇਗਾ। ਉਹ ਸਨੌਰ ਅਤੇ ਭੁੱਨਰਹੇੜੀ ਬਲਾਕਾਂ ’ਚ ਪੰਚਾਇਤੀ ਚੋਣਾਂ ਤਹਿਤ ਆਪਣੇ ਦਸਤਾਵੇਜ਼ਾਂ ਦੀ ਪੂਰਤੀ ’ਚ ਰੁੱਝੇ ਲੋਕਾਂ ਨੂੰ ਮਿਲਣ ਲਈ ਪੁੱਜੇ ਸਨ। ਸ੍ਰੀ ਚੰਦੂਮਾਜਰਾ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਸਰਕਾਰ ਨੇ ਜਾਣ ਕੇ ਵੋਟਾਂ ਲਈ ਸਮਾਂ ਉਹ ਰੱਖਿਆ ਹੈ, ਜਦੋਂ ਸਮੁੱਚਾ ਪੇਂਡੂ ਵਰਗ ਝੋਨੇ ਦੇ ਸੀਜਨ ’ਚ ਰੁੱਝਿਆ ਹੋਵੇਗਾ। ਉਪਰੋਂ ਭਰੇ ਜਾਣ ਵਾਲੇ ਫਾਰਮ ਇਸ ਕਦਰ ਗੁੰਝਲਦਾਰ ਹਨ ਕਿ ਇਨ੍ਹਾਂ ਨੂੰ ਪੂਰਾ ਕਰਨ ’ਤੇ ਹੀ ਦੋ-ਤਿੰਨ ਦਿਨ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ 4 ਅਕਤੂਬਰ ਨੂੰ ਫਾਰਮ ਭਰਨ ਲਈ ਕੇਵਲ ਚਾਰ ਘੰਟੇ ਹੀ ਮਿਲਣੇ ਹਨ ਜਦਕਿ ਅਜੇ ਹਜ਼ਾਰਾਂ ਹੀ ਚਾਹਵਾਨ ਫਾਰਮ ਭਰਨ ਤੋਂ ਰਹਿੰਦੇ ਹਨ ਜਿਸ ਕਰਕੇ ਸਰਕਾਰ ਨੂੰ ਇਸ ਸਬੰਧੀ ਹੋਰ ਸਮਾਂ ਦੇਣਾ ਚਾਹੀਦਾ ਹੈ। ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਸਾਸ਼ਨ ਅਤੇ ਆਮ ਲੋਕਾਂ ਵਿੱਚ ਟਕਰਾਅ ਦੀ ਸਥਿਤੀ ਪੈਦਾ ਨਾ ਕਰੇ। ਸਾਬਕਾ ਵਿਧਾਇਕ ਨੇ ਕਿਹਾ ਕਿ ਜਿੱਥੇ ਐੱਨਓਸੀਜ਼ ਦੇਣ ਵਿੱਚ ਜਿੱਥੇ ਦੇਰੀ ਕੀਤੀ ਜਾ ਰਹੀ ਹੈ, ਉੱਥੇ ਕਈ ਲੋਕਾਂ ਦੀਆਂ ਫਾਈਲਾਂ ਹੀ ਦਫ਼ਤਰਾਂ ਵਿੱਚੋਂ ਗਾਇਬ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਮੁੜ ਕੇ ਫੇਰ ਫਾਈਲਾਂ ਅਪਲਾਈ ਕਰਨੀਆਂ ਪੈ ਰਹੀਆਂ ਹਨ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਵੀ ਕਿਹਾ ਕਿ ਬਾਅਦ ਲੋਕਾਂ ਨੂੰ ਐਨਾ ਪਰੇਸ਼ਾਨ ਕਰਨ ਕਿ ਚਾਹਵਾਨ ਉਮੀਦਵਾਰਾਂ ਨੂੰ ਅਦਾਲਤਾਂ ਦਾ ਸਹਾਰਾ ਲੈਣਾ ਪਵੇ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰਾਂ ਨੂੰ ਧੁੱਪਾਂ ਵਿੱਚ ਕਈ-ਕਈ ਘੰਟੇ ਖੜ੍ਹਨਾ ਪੈ ਰਿਹਾ ਹੈ ਅਤੇ ਬਜ਼ੁਰਗ ਮਹਿਲਾਵਾਂ ਪਿਛਲੇ ਤਿੰਨ ਦਿਨਾਂ ਤੋਂ ਫਾਈਲਾਂ ਦੇਣ ਲਈ ਲਾਈਨਾਂ ਵਿੱਚ ਉਡੀਕ ਕਰ ਰਹੇ ਹਨ।
ਭੁਨਰਹੇੜੀ ਦੇ ਬੀਡੀਪੀਓ ਨਾਲ ਉਮੀਦਵਾਰਾਂ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ
ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਬਿਨ੍ਹਾਂ ਚੋਣ ਨਿਸ਼ਾਨ ਤੋਂ ਚੋਣਾਂ ਕਰਵਾਉਣ ਦੇ ਫੈਸਲੇ ਕਰ ਰਹੀ ਹੈ ਅਤੇ ਦੂਜੇ ਪਾਸੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਵੀ ਨਹੀਂ ਉਤਰਨ ਦਿੱਤਾ ਜਾ ਰਿਹਾ। ਜੇਕਰ ਸਰਕਾਰ ਨੂੰ ਐਨਾ ਹੀ ਖਤਰਾ ਹੈ ਤਾਂ ਫੇਰ ਉਨ੍ਹਾਂ ਨੂੰ ਚੋਣਾਂ ਕਰਵਾਉਣ ਦੀ ਬਜਾਇ ਆਪਣੇ ਆਗੂਆਂ ਨੂੰ ਨਾਮਜ਼ਦ ਹੀ ਕਰ ਦਿੰਦੇ ਤਾਂ ਘੱਟੋ-ਘੱਟ ਪਿੰਡਾਂ ਵਿੱਚ ਆਪਸੀ ਭਾਈਚਾਰਾ ਬਣਿਆ ਰਹਿੰਦਾ। ਇਸ ਮੌਕੇ ਉਨ੍ਹਾਂ ਭੁਨਰਹੇੜੀ ਦੇ ਬੀਡੀਪੀਓ ਨਾਲ ਵੀ ਉਮੀਦਵਾਰਾਂ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ।