ਪੰਜਾਬ ਵਾਸੀਆਂ ਦੇ ਨੁਕਸਾਨ ਲਈ ਰਾਜ ਸਰਕਾਰ ਜ਼ਿੰਮੇਦਾਰ: ਚੰਨੀ
ਸੰਜੀਵ ਬੱਬੀ
ਚਮਕੌਰ ਸਾਹਿਬ, 10 ਜੁਲਾਈ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਇੰਦਰਾ ਕਲੋਨੀ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲ ਕਰਦਿਆਂ ਕਿਹਾ ਕਿ ਰਾਜ ਭਰ ਵਿਚ ਮੀਂਹ ਕਾਰਨ ਸੂਬੇ ਦੇ ਲੋਕਾਂ ਦੇ ਹੋਏ ਭਾਰੀ ਨੁਕਸਾਨ ਲਈ ਜ਼ਿੰਮੇਦਾਰ ਪੰਜਾਬ ਸਰਕਾਰ ਹੈ, ਕਿਉਂਕਿ ਸਰਕਾਰ ਵੱਲੋਂ ਮੌਸਮ ਵਿਭਾਗ ਦੀ ਅਗਾਊਂ ਚਿਤਾਵਨੀ ਦੇ ਬਾਵਜੂਦ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਲੋਨੀ ਦੇ ਲੋਕਾਂ ਨੂੰ ਕਿਹਾ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਉਹ ਕਰਨਗੇ ਅਤੇ ਕਲੋਨੀ ਵਿਚੋਂ ਆਪਣੇ ਖਰਚੇ ’ਤੇ ਜੇਸੀਬੀ ਮਸ਼ੀਨਾਂ ਲਗਾ ਕੇ ਪਾਣੀ ਦੀ ਨਿਕਾਸੀ ਕਰਵਾਉਣਗੇ। ਉਨ੍ਹਾਂ ਕਲੋਨੀ ਵਿਚ ਕੰਧਾਂ ਤੇ ਚੜ੍ਹ ਕੇ ਘਰਾਂ ਅੰਦਰ ਘੁੰਮ ਰਹੇ ਪਾਣੀ ਦਾ ਜਾਇਜ਼ਾ ਵੀ ਲਿਆ। ਸ੍ਰੀ ਚੰਨੀ ਨੇ ਇੱਥੇ ਖਾਲਸਾ ਕਲੋਨੀ ਵਿਚ ਬੀਤੇ ਦਨਿੀਂ ਮੀਂਹ ਕਾਰਨ ਡਿੱਗੇ ਮਕਾਨ ਦਾ ਜਾਇਜ਼ਾ ਲੈਂਦਿਆ ਕਿਹਾ ਕਿ ਮਕਾਨ ਮਾਲਕ ਨੂੰ ਪੰਜਾਬ ਸਰਕਾਰ ਤੁਰੰਤ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਕਿ ਉਹ ਆਪਣਾ ਘਰ ਬਣਾ ਸਕੇ। ਉਨ੍ਹਾਂ ਕਸਬਾ ਬੇਲਾ, ਪਿੰਡ ਗੜ੍ਹੀ, ਚੌਂਤਾ, ਭੈਣੀ ਅਤੇ ਕਮਾਲਪੁਰ ਪਿੰਡਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਭੂਰਾ, ਸਮਿਤੀ ਮੈਂਬਰ ਰੋਹਿਤ ਸੱਭਰਵਾਲ, ਜਸਵੀਰ ਸਿੰਘ ਜਟਾਣਾ, ਦਵਿੰਦਰ ਸਿੰਘ, ਡਾ ਬਲਵਿੰਦਰ ਸਿੰਘ ਅਤੇ ਪੰਚ ਰਵਿੰਦਰ ਸ਼ਰਮਾ ਹਾਜ਼ਰ ਸਨ ।