ਸੂਬਾ ਸਰਕਾਰ ਲੜਕੀਆਂ ਦੀ ਤਰੱਕੀ ਲਈ ਵਚਨਬੱਧ: ਰੋੜੀ
ਜੇ ਬੀ ਸੇਖੋਂ
ਗੜ੍ਹਸ਼ੰਕਰ, 20 ਸਤੰਬਰ
ਇੱਥੇ ਸੀਡੀਪੀਓ ਦਫ਼ਤਰ ਗੜ੍ਹਸ਼ੰਕਰ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਨਵਜੰਮੀਆਂ ਬੱਚੀਆਂ ਦੇ ਜਨਮ ਦੀ ਖੁਸ਼ੀ ਮਨਾਉਣ ਲਈ ਬਲਾਕ ਪੱਧਰੀ ਸਮਾਗਮ ਗੁਰੂਸੇਵਾ ਕਾਲਜ ਆਫ਼ ਨਰਸਿੰਗ ਪਿੰਡ ਪਨਾਮ ਵਿੱਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਨਵਜੰਮੀਆਂ ਬੱਚੀਆਂ ਦੇ ਨਾਂ ’ਤੇ ਪੌਦੇ ਲਗਾ ਕੇ ਕੀਤੀ। ਇਸ ਉਪਰੰਤ ਕੇਕ ਕੱਟ ਕੇ ਬੱਚੀਆਂ ਦੇ ਜਨਮ ਦੀ ਖੁਸ਼ੀ ਮਨਾਈ ਗਈ ਅਤੇ ਸਮਾਜ ਨੂੰ ਇਸ ਅਹਿਮ ਉਪਰਾਲੇ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਿਪਟੀ ਸਪੀਕਰ ਨੇ ਬੇਟੀਆਂ ਦੇ ਸਮਾਜਿਕ ਸੁਰੱਖਿਆ, ਬਰਾਬਰਤਾ, ਸਿੱਖਿਆ ਅਤੇ ਜਨਮ ਦੇ ਅਧਿਕਾਰਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਟੀਆਂ ਦੀ ਤਰੱਕੀ ਲਈ ਵਚਨਬੱਧ ਹੈ। ਇਸ ਮੌਕੇ ਨਵਜੰਮੀਆਂ ਬੱਚੀਆਂ ਦੀਆਂ 10 ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਪੰਜ ਧੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਧੀਆਂ ਦੇ ਅਧਿਕਾਰਾਂ ਨੂੰ ਦਰਸਾਉਣ ਲਈ ਰੰਗੋਲੀ ਬਣਾਈ ਗਈ ਅਤੇ ਘਰ ਵਿੱਚ ਘੱਟ ਖਰਚੇ ਵਿੱਚ ਤਿਆਰ ਕੀਤੇ ਜਾ ਸਕਣ ਵਾਲੇ ਪਕਵਾਨਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।
ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਲਿੰਗ ਭੇਦ-ਭਾਵ ਨੂੰ ਖਤਮ ਕਰਨ ਦੇ ਸੰਦੇਸ਼ ਨਾਲ ਇੱਕ ਸਕਿੱਟ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਪੋਸ਼ਣ ਅਭਿਆਨ ਬਾਰੇ ਜਾਗਰੂਕ ਕਰਦਿਆਂ ਗਿੱਧਾ ਪਾਇਆ। ਸਮਾਗਮ ਮੌਕੇ ਕਾਲਜ ਦੇ ਮੁੱਖ ਪ੍ਰਬੰਧਕ ਡਾ. ਜੰਗ ਬਹਾਦਰ ਸਿੰਘ ਰਾਏ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।