‘ਪੰਜਾਬ ਦਿਵਸ’ ਮਨਾਉਣਾ ਹੀ ਭੁੱਲ ਗਈ ਸੂਬਾ ਸਰਕਾਰ
ਚਰਨਜੀਤ ਭੁੱਲਰ
ਚੰਡੀਗੜ੍ਹ, 1 ਨਵੰਬਰ
ਦੇਸ਼ ਦੇ ਪੰਜ ਸੂਬਿਆਂ ਨੇ ਅੱਜ ਆਪੋ ਆਪਣੇ ਸੂਬੇ ਦਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਪ੍ਰੰਤੂ ਪੰਜਾਬ ਸਰਕਾਰ ਅੱਜ ‘ਪੰਜਾਬ ਦਿਵਸ’ ਮੌਕੇ ਕੋਈ ਸਮਾਗਮ ਕਰਾਏ ਜਾਣ ਤੋਂ ਹੀ ਖੁੰਝ ਗਈ ਹੈ। ਆਮ ਤੌਰ ’ਤੇ ‘ਪੰਜਾਬ ਦਿਵਸ’ ਮੌਕੇ ਭਾਸ਼ਾ ਵਿਭਾਗ ਵੱਲੋਂ ਸਮਾਗਮ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਜਾਂ ਮੰਤਰੀ ਸ਼ਮੂਲੀਅਤ ਕਰਦੇ ਰਹੇ ਹਨ ਪਰ ਅੱਜ ਪੰਜਾਬ ਦਿਵਸ ਮੌਕੇ ਅਜਿਹਾ ਕੋਈ ਸਮਾਗਮ ਨਹੀਂ ਹੋਇਆ ਅਤੇ ਨਾ ਹੀ ਭਾਸ਼ਾ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਕੋਈ ਸਮਾਗਮ ਕੀਤਾ ਗਿਆ।
ਇਹ ਪਤਾ ਲੱਗਿਆ ਹੈ ਕਿ ਭਾਸ਼ਾ ਵਿਭਾਗ ਵੱਲੋਂ ‘ਪੰਜਾਬ ਦਿਵਸ’ ਸਮਾਗਮਾਂ ਲਈ ਮੁੱਖ ਮੰਤਰੀ ਦਫ਼ਤਰ ਤੋਂ ਪਿਛਲੇ ਕਈ ਦਿਨਾਂ ਤੋਂ ਸਮਾਂ ਮੰਗਿਆ ਜਾ ਰਿਹਾ ਸੀ। ਅੱਜ ਸਥਾਪਨਾ ਦਿਵਸ ਮਨਾਉਣ ਵਾਲੇ ਸੂਬਿਆਂ ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਅਤੇ ਕੇਰਲਾ ਨੇ ਸੂਬਾ ਪੱਧਰੀ ਸਮਾਗਮ ਕਰ ਕੇ ਆਪਣਾ ਦਿਵਸ ਮਨਾਇਆ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਨ੍ਹਾਂ ਸਮਾਗਮਾਂ ਵਿੱਚ ਸ਼ਮੂਲੀਅਤ ਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਥਾਪਨਾ ਦਿਵਸ ਮਨਾਉਣ ਵਾਲੇ ਸੂਬਿਆਂ ਨੂੰ ਵਧਾਈ ਵੀ ਦਿੱਤੀ ਹੈ। ਦੂਜੇ ਪਾਸੇ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਜੋ ਕਿ ਭਾਸ਼ਾ ਅਤੇ ਸਭਿਆਚਾਰ ਨੂੰ ਲੈ ਕੇ ਆਪਣੀ ਮੁਹਾਰਤ ਦੀ ਗੱਲ ਕਰਦੀ ਹੈ, ‘ਪੰਜਾਬ ਦਿਵਸ’ ਨੂੰ ਮਨਾਉਣਾ ਹੀ ਭੁੱਲ ਗਈ ਹੈ। ਚੇਤੇ ਰਹੇ ਕਿ ਪਿਛਲੇ ਕਈ ਵਰ੍ਹਿਆਂ ਤੋਂ ਭਾਸ਼ਾ ਵਿਭਾਗ ਵਿੱਤੀ ਤੰਗੀ ਤੁਰਸ਼ੀ ਨਾਲ ਜੂਝ ਰਿਹਾ ਹੈ।
ਭਗਵੰਤ ਮਾਨ ਸਰਕਾਰ ਨੇ ਇੱਕ ਨਵੀਂ ਪੈੜ ਜ਼ਰੂਰ ਪਾਈ ਹੈ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਸਾਹਿਤਕ ਹਸਤੀ ਦੀ ਝੋਲੀ ਪਾਈ ਹੈ ਅਤੇ ਕੁਝ ਮਹੀਨੇ ਪਹਿਲਾਂ ਜਸਵੰਤ ਜ਼ਫ਼ਰ ਨੂੰ ਭਾਸ਼ਾ ਵਿਭਾਗ ਦਾ ਡਾਇਰੈਕਟਰ ਲਾਇਆ ਗਿਆ ਹੈ। ਪਹਿਲਾਂ ਭਾਸ਼ਾ ਵਿਭਾਗ ਦੇ ਅਧਿਕਾਰੀ ਹੀ ਇਹ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ।
ਸਿਆਸੀ ਹਸਤੀਆਂ ਵੱਲੋਂ ਸਮਾਂ ਨਾ ਦੇਣ ਕਾਰਨ ਨਾ ਹੋਇਆ ਸਮਾਗਮ
ਸੂਤਰ ਦੱਸਦੇ ਹਨ ਕਿ ਭਾਸ਼ਾ ਵਿਭਾਗ ‘ਪੰਜਾਬ ਦਿਵਸ’ ਦੇ ਪ੍ਰੋਗਰਾਮ ਕਰਾਉਣ ਲਈ ਤਿਆਰ ਸੀ ਪ੍ਰੰਤੂ ਸਿਆਸੀ ਹਸਤੀਆਂ ਵੱਲੋਂ ਵਿਭਾਗ ਨੂੰ ਸਮਾਂ ਨਹੀਂ ਦਿੱਤਾ ਗਿਆ। ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਅੱਜ ਸਰਕਾਰੀ ਛੁੱਟੀ ਅਤੇ ਤਿਉਹਾਰ ਦਾ ਮੌਕਾ ਸੀ ਜਿਸ ਕਰਕੇ ਪਹਿਲੀ ਨਵੰਬਰ ਵਾਲੇ ਦਿਨ ਪ੍ਰੋਗਰਾਮ ਕਰਨੇ ਸੰਭਵ ਨਹੀਂ ਸਨ। ਪਤਾ ਲੱਗਾ ਹੈ ਕਿ ਭਾਸ਼ਾ ਵਿਭਾਗ ਵੱਲੋਂ ਪੰਜ ਨਵੰਬਰ ਨੂੰ ਸਮਾਗਮ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪੁੱਜਣਗੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਪੰਜਾਬੀ ਮਾਹ-2024 ਦਾ ਉਦਘਾਟਨੀ ਸਮਾਰੋਹ ਪੰਜ ਨਵੰਬਰ ਨੂੰ ਹੋਵੇਗਾ। ਇਸ ਮੌਕੇ ਪੰਜਾਬੀ ਸਾਹਿਤਕ ਪੁਸਤਕਾਂ ਲਈ ਇਨਾਮਾਂ ਦੀ ਵੰਡ ਭਾਸ਼ਾ ਭਵਨ ਵਿਚ ਕੀਤੀ ਜਾਵੇਗੀ। ਇਸ ਮੌਕੇ ਪੰਜਾਬੀ ਗਾਇਕਾ ਅਨੂਜੋਤ ਸੰਗੀਤਕ ਪ੍ਰੋਗਰਾਮ ਪੇਸ਼ ਕਰਨਗੇ। ਭਾਸ਼ਾ ਵਿਭਾਗ ਵੱਲੋਂ ਹਾਲ ਹੀ ਵਿਚ ਪੰਜਾਬੀ ਸਾਹਿਤਕ ਪੁਸਤਕਾਂ ਦੀ ਚੋਣ ਕੀਤੀ ਗਈ ਹੈ।