ਪੰਜਾਬ ਦੇ ਸਿੱਖਿਆ ਪ੍ਰਬੰਧ ਦੀ ਦਸ਼ਾ ਤੇ ਦਿਸ਼ਾ
ਡਾ. ਇਕਬਾਲ ਸਿੰਘ ਸਕਰੌਦੀ
ਅੱਜ ਦੇ ਪਦਾਰਥਵਾਦੀ ਸਮੇਂ ਵਿੱਚ ਬਹੁਤ ਕੁਝ ਅਜਿਹਾ ਪੜ੍ਹਨ, ਸੁਣਨ ਅਤੇ ਵੇਖਣ ਨੂੰ ਮਿਲਦਾ ਹੈ ਜੋ ਹੈਰਾਨ, ਪਰੇਸ਼ਾਨ ਤਾਂ ਕਰਦਾ ਹੀ ਹੈ ਪਰ ਇਸ ਦੇ ਨਾਲ-ਨਾਲ ਇਹ ਅਤਿ ਚਿੰਤਾਜਨਕ ਵੀ ਹੈ। ਬੇਸ਼ੱਕ ਹੋਰ ਮਹਿਕਮਿਆਂ ਵਿੱਚ ਵੀ ਬਹੁਤ ਨਿਘਾਰ ਆਇਆ ਹੈ, ਪ੍ਰੰਤੂ ਇੱਥੇ ਗੱਲ ਸਿਰਫ਼ ਪੰਜਾਬ ਦੇ ਸਕੂਲੀ ਸਿੱਖਿਆ ਵਿਭਾਗ ਤੱਕ ਸੀਮਤ ਰੱਖਾਂਗੇ। ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਅਤੇ ਆਲੇ ਦੁਆਲੇ ਦੇ ਸਮਾਜ ਵਿੱਚ ਇਹ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਅੱਜ ਦੇ ਵਿਦਿਆਰਥੀ ਅਨੁਸ਼ਾਸਨਹੀਣ ਹੋ ਚੁੱਕੇ ਹਨ। ਉਨ੍ਹਾਂ ਦੀ ਪੜ੍ਹਨ ਲਿਖਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਬਹੁਤੇ ਬੱਚਿਆਂ ਦੇ ਮਨਾਂ ਵਿੱਚ ਪ੍ਰਿੰਸੀਪਲ, ਅਧਿਆਪਕਾਂ, ਮਾਪਿਆਂ ਲਈ ਕੋਈ ਆਦਰ ਸਤਿਕਾਰ ਨਹੀਂ ਰਿਹਾ।
ਜਮਾਤ ਵਿੱਚ ਕਰਵਾਏ ਜਾਂਦੇ ਅਧਿਆਪਨ ਦੇ ਕਾਰਜਾਂ ਵਿੱਚ ਵਿਦਿਆਰਥੀਆਂ ਵੱਲੋਂ ਅਕਸਰ ਵਿਘਨ ਪਾਇਆ ਜਾਂਦਾ ਹੈ। ਬਹੁਤੇ ਮੁੰਡੇ ਅਕਸਰ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਦੇ ਸਾਹਮਣੇ ਅਸੱਭਿਅਕ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਹੁਣ ਸਵਾਲ ਤਾਂ ਇਹ ਹੈ ਕਿ ਸਕੂਲੀ ਸਿੱਖਿਆ ਦੀ ਇਹ ਸਥਿਤੀ ਕਦੋਂ, ਕਿਵੇਂ ਤੇ ਕਿਉਂ ਹੋਈ ਹੈ? ਲੇਖਕ ਪ੍ਰੋ. ਪੂਰਨ ਸਿੰਘ ਨੇ ਇੱਕ ਥਾਂ ਲਿਖਿਆ ਹੈ, ‘‘ਕਿਸੇ ਵੀ ਕੌਮ, ਸਮਾਜ, ਦੇਸ਼ ਨੂੰ ਬੁਲੰਦੀਆਂ ਤੱਕ ਪਹੁੰਚਣ ਲਈ ਸੌ ਸਾਲ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਇਸੇ ਤਰ੍ਹਾਂ ਬੁਲੰਦੀਆਂ ਤੱਕ ਪਹੁੰਚੀ ਕੌਮ ਨੂੰ ਰਸਾਤਲ ਤੱਕ ਜਾਣ ਲਈ ਵੀ ਸੌ, ਡੇਢ ਸੌ ਵਰ੍ਹੇ ਲੱਗ ਜਾਂਦੇ ਹਨ।’’ ਦੇਸ਼ ਆਜ਼ਾਦ ਹੋਣ ਤੋਂ 77 ਸਾਲ ਬਾਅਦ ਅੱਜ ਵੀ ਸਿੱਖਿਆ ਪ੍ਰਬੰਧ ਦਾ ਉਹੀ ਢਾਂਚਾ ਲਾਗੂ ਹੈ, ਜਿਹੜਾ ਗ਼ੁਲਾਮੀ ਦੇ ਦੌਰ ਵਿੱਚ ਲਾਗੂ ਸੀ। ਬਦਲਦੇ ਹਾਲਾਤ ਅਨੁਸਾਰ ਇਸ ਵਿੱਚ ਬਹੁਤ ਵੱਡੀ ਤਬਦੀਲੀ ਕਰਨ ਦੀ ਲੋੜ ਹੈ।
ਪਿਛਲੇ ਸੱਤ-ਅੱਠ ਦਹਾਕਿਆਂ ਵਿੱਚ ਪੰਜਾਬ ਦੀ ਸਿੱਖਿਆ ਨੇ ਕਈ ਰੂਪ ਬਦਲੇ ਹਨ। ਆਰੰਭ ਵਿੱਚ ਸਕੂਲਾਂ ਵਿੱਚ ਸਾਧਨ ਬੇਸ਼ੱਕ ਬਹੁਤ ਸੀਮਤ ਸਨ, ਪ੍ਰੰਤੂ ਸਿੱਖਿਆ ਪ੍ਰਦਾਨ ਕਰਨ ਵਾਲਿਆਂ ਵਿੱਚ ‘ਸਾਧਨਾ’ ਕੁੱਟ-ਕੁੱਟ ਕੇ ਭਰੀ ਹੋਈ ਸੀ। ਇਸ ਲਈ ਸੀਮਤ ਸਾਧਨਾਂ ਨਾਲ ਵੀ ਸਿੱਖਿਆ ਪ੍ਰਾਪਤ ਵਿਅਕਤੀਆਂ ਦਾ ਬੌਧਿਕ ਅਤੇ ਮਾਨਸਿਕ ਪੱਧਰ ਬਹੁਤ ਉੱਚਾ ਸੀ। ਪਿਛਲੇ ਵੀਹ-ਬਾਈ ਸਾਲਾਂ ਤੋਂ ਸੰਸਾਰ ਬੈਂਕ ਤੋਂ ਮਿਲਦੇ ਧਨ ਨਾਲ ਸਕੂਲ ਸਿੱਖਿਆ ਲਈ ਇਮਾਰਤਾਂ, ਵਧੀਆ ਸਾਜ਼ੋ-ਸਾਮਾਨ, ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਦਿੱਤੀਆਂ ਜਾ ਰਹੀਆਂ ਪਾਠ-ਪੁਸਤਕਾਂ, ਮੁਫ਼ਤ ਵਿੱਚ ਮਿਲਦੀ ਸਕੂਲ ਦੀ ਵਰਦੀ ਅਤੇ ਦੁਪਹਿਰ ਦਾ ਭੋਜਨ, ਵਿਦਿਆਰਥੀਆਂ ਲਈ ਲਾਜ਼ਮੀ ਮੁਫ਼ਤ ਵਿੱਦਿਅਕ ਟੂਰ ਲਗਾਉਣ ਦਾ ਪ੍ਰਬੰਧ ਆਦਿ ਕਾਫ਼ੀ ਕੁਝ ਕੀਤਾ ਗਿਆ ਹੈ। ਇਸ ਨਾਲ ਸਿੱਖਿਆ ਦਾ ਪੱਧਰ ਉੱਚਾ ਹੋਣ ਦੀ ਉਮੀਦ ਕੀਤੀ ਜਾਂਦੀ ਸੀ। ਜੇਕਰ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਸਿੱਖਿਆ ਪ੍ਰਾਪਤ ਕਰ ਰਹੇ ਅਤੇ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਦਾ ਬੌਧਿਕ, ਮਾਨਸਿਕ, ਭਾਵਨਾਤਮਕ ਪੱਧਰ ਵੇਖਿਆ ਜਾਵੇ ਤਾਂ ਬਿਨਾਂ ਸ਼ੱਕ ਇਸ ਵਿੱਚ ਗਿਰਾਵਟ ਆਈ ਹੈ। ਬਹੁਤੇ ਵਿਦਿਆਰਥੀਆਂ ਨੂੰ ਚੰਗੀ ਗੱਲਬਾਤ ਕਰਨ ਦੀ ਜਾਚ ਨਹੀਂ ਹੈ। ਉਨ੍ਹਾਂ ਦੀ ਲਿਖਾਈ ਆਕਰਸ਼ਕ ਅਤੇ ਸੁੰਦਰ ਨਹੀਂ ਹੈ। ਉਨ੍ਹਾਂ ਦੀ ਬੋਲ-ਬਾਣੀ ਹੇਠਲੇ ਪੱਧਰ ਤੋਂ ਵੀ ਨਿੱਘਰ ਚੁੱਕੀ ਹੈ। ਅਚਾਨਕ ਦਿੱਤੇ ਕਿਸੇ ਵੀ ਵਿਸ਼ੇ ਉੱਤੇ ਉਹ ਪੰਜ-ਸੱਤ ਵਾਕ ਵੀ ਨਹੀਂ ਬੋਲ ਸਕਦੇ।
ਜਦੋਂ ਤੋਂ ਸਮਾਜ ਵਿੱਚ ਨਿੱਜੀ ਸਵਾਰਥ ਨੇ ਆਪਣਾ ਗਲਬਾ ਪਾਇਆ ਹੈ, ਉਦੋਂ ਤੋਂ ਹੀ ਸਾਡੇ ਘਰਾਂ ਵਿੱਚੋਂ ਬਜ਼ੁਰਗਾਂ ਨੂੰ ਵਾਧੂ ਅਤੇ ਬੇਕਾਰ ਸਮਝਿਆ ਜਾਣ ਲੱਗਾ ਹੈ। ਘਰ ਵਿੱਚ ਜਦੋਂ ਨੂੰਹ-ਪੁੱਤਰ ਹੀ ਆਪਣੇ ਮਾਪਿਆਂ ਦਾ ਤ੍ਰਿਸਕਾਰ ਕਰਦੇ ਹਨ ਤਾਂ ਉਨ੍ਹਾਂ ਦੀ ਔਲਾਦ ਨੇ ਕਦੋਂ ਆਪਣੇ ਦਾਦਾ-ਦਾਦੀ ਨੂੰ ਸਤਿਕਾਰ ਦੇਣਾ ਹੈ? ਇਨ੍ਹਾਂ ਘਰਾਂ ਵਿੱਚੋਂ ਆਏ ਬੱਚੇ ਸਕੂਲਾਂ ਵਿੱਚ ਵੀ ਅਸੱਭਿਅਕ ਵਿਹਾਰ ਅਤੇ ਅਨੁਸ਼ਾਸਨਹੀਣਤਾ ਕਰਦੇ ਹਨ। ਆਰਥਿਕ ਤੌਰ ’ਤੇ ਟੁੱਟੇ ਅਤੇ ਮੰਦਹਾਲੀ ਦਾ ਜੀਵਨ ਜੀਅ ਰਹੇ ਪਰਿਵਾਰਾਂ ਵਿੱਚ ਬੱਚੇ ਨਿਗੂਣੀਆਂ ਵਸਤਾਂ ਲਈ ਵੀ ਤਰਸਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਪੜ੍ਹਾਈ ਅਤੇ ਸਿਹਤ ਉੱਤੇ ਨਕਾਰਾਤਮਕ ਅਸਰ ਪੈਂਦਾ ਹੈ। ਇਸੇ ਤਰ੍ਹਾਂ ਘਰਾਂ ਵਿੱਚ ਪਤੀ-ਪਤਨੀ ਦਾ ਆਪਸੀ ਕਲੇਸ਼ ਬੱਚਿਆਂ ਲਈ ਜੀਅ ਦਾ ਜੰਜਾਲ ਬਣਿਆ ਰਹਿੰਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੋਬਾਈਲ ਫੋਨ ਨੇ ਸਾਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਪਰ ਇਸ ਦੇ ਨਾਲ ਹੀ ਇਸ ਨੇ ਮਨੁੱਖ ਵਿੱਚੋਂ ਜਿੱਥੇ ਇਨਸਾਨੀਅਤ ਨੂੰ ਖ਼ਤਮ ਕੀਤਾ ਹੈ, ਉੱਥੇ ਰਿਸ਼ਤੇ-ਨਾਤਿਆਂ, ਭੈਣ-ਭਰਾ ਅਤੇ ਮਾਤਾ-ਪਿਤਾ ਤੋਂ ਦੂਰੀਆਂ ਵਧਾ ਦਿੱਤੀਆਂ ਹਨ। ਯੂਟਿਊਬ ਉੱਤੇ ਪਈਆਂ ਵੀਡੀਓਜ਼ ਨੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਮਸੂਮ ਬੱਚੇ ਬੱਚੀਆਂ ਨੂੰ ਉਹ ਸਾਰੀ ਜਾਣਕਾਰੀ ਉਪਲੱਬਧ ਕਰਵਾ ਦਿੱਤੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਬਾਲਗ ਹੋਣ ’ਤੇ ਹੋਣੀ ਚਾਹੀਦੀ ਸੀ। ਇਸ ਪ੍ਰਕਾਰ ਬੱਚਿਆਂ ਵਿੱਚ ਪਾਠ ਪੁਸਤਕਾਂ ਪੜ੍ਹਨ ਲਈ ਕੋਈ ਰੁਚੀ ਰਹੀ ਹੀ ਨਹੀਂ।
ਅੱਜ ਦੇ ਦੌਰ ਵਿੱਚ ਵਿਦਿਆਰਥੀ ਅਤੇ ਅਧਿਆਪਕ ਮੋਬਾਈਲ ਫੋਨ ਦੇ ਜਾਦੂ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਹਨ। ਹੁਣ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਯੂਟਿਊਬ ਆਦਿ ਚਿੰਬੜ ਗਏ ਹਨ ਜਿਸ ਨਾਲ ਬਹੁਤ ਸਾਰਾ ਧਨ, ਸਮਾਂ ਅਤੇ ਸ਼ਕਤੀ ਅਜਾਈਂ ਜਾ ਰਹੀ ਹੈ। ਪੜ੍ਹਨ ਪੜ੍ਹਾਉਣ ਦਾ ਅਮਲ ਕਿਤੇ ਬਹੁਤ ਦੂਰ ਅਤੇ ਪਿੱਛੇ ਰਹਿ ਗਿਆ ਹੈ। ਲਗਭਗ ਚਾਰ ਕੁ ਦਹਾਕੇ ਪਹਿਲਾਂ ਤੱਕ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਬਿਹਤਰ ਬਣਾਉਣ ਲਈ ਅਧਿਆਪਕਾਂ ਵੱਲੋਂ ਸਖ਼ਤੀ ਕੀਤੀ ਜਾਂਦੀ ਰਹੀ ਹੈ, ਪਰ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਸਰਗਰਮੀ ਕਾਰਨ ਹੁਣ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਟੋਕਾ-ਟਾਕੀ ਕਰਨੀ ਲਗਭਗ ਬੰਦ ਹੀ ਕਰ ਦਿੱਤੀ ਹੈ। ਅਜਿਹੇ ਮਾਹੌਲ ਨੇ ਵਿਦਿਆਰਥੀਆਂ ਲਈ ‘ਸਿਰ ’ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ’ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਬਹੁਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਹੈੱਡਮਾਸਟਰ ਸਾਹਿਬਾਨ ਨੂੰ ਆਪਣੇ ਸਕੂਲ ਵਿੱਚ ਡਿਊਟੀ ਨਿਭਾਉਣ ਤੋਂ ਇਲਾਵਾ ਹੋਰ ਚਾਰ ਪੰਜ ਸਕੂਲਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਕਰਕੇ ਉਹ ਵੀ ਕੰਮ ਦੇ ਬੋਝ ਵਿੱਚ ਇੰਨਾ ਦੱਬੇ ਰਹਿੰਦੇ ਹਨ ਕਿ ਉਹ ਕਿਸੇ ਵੀ ਸਕੂਲ ਵੱਲ ਲੋੜੀਂਦਾ ਧਿਆਨ ਨਹੀਂ ਦੇ ਪਾਉਂਦੇ। ਅਧਿਆਪਕਾਂ ਦੀਆਂ ਵੀ ਪੜ੍ਹਾਈ ਤੋਂ ਇਲਾਵਾ ਹੋਰ ਕੰਮਾਂ ਵਿੱਚ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਕੋਲ ਵਿਦਿਆਰਥੀਆਂ ਲਈ ਬਹੁਤ ਘੱਟ ਸਮਾਂ ਬਚਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੜ੍ਹਾਉਣਾ ਇੱਕ ਕਲਾ ਹੈ। ਅਧਿਆਪਨ ਵਿੱਚ ਨਿਪੁੰਨ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਮਿਹਨਤ ਕਰਨ ਦੀ ਲੋੜ ਹੁੰਦੀ ਹੈ, ਪ੍ਰੰਤੂ ਹੁਣ ਵੱਡੀ ਗਿਣਤੀ ਅਧਿਆਪਕ ਇਸ ਪੱਖੋਂ ਬਿਲਕੁਲ ਅਵੇਸਲੇ ਅਤੇ ਉਦਾਸੀਨ ਹੋ ਗਏ ਹਨ। ਸਾਹਿਤ ਨਾਲ ਜੁੜੇ ਕੁਝ ਗਿਣਤੀ ਦੇ ਅਧਿਆਪਕਾਂ ਨੂੰ ਛੱਡ ਕੇ ਬਾਕੀਆਂ ਨੇ ਆਪਣੀ ਨੌਕਰੀ ਲੱਗਣ ਉਪਰੰਤ ਇੱਕ ਵੀ ਪੁਸਤਕ ਨਹੀਂ ਪੜ੍ਹੀ ਹੁੰਦੀ। ਰਾਜਸੀ ਲੀਡਰਾਂ, ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਦੀਆਂ ਪਤਨੀਆਂ ਵੱਡੀ ਗਿਣਤੀ ਵਿੱਚ ਸਿੱਖਿਆ ਵਿਭਾਗ ਵਿੱਚ ਆ ਗਈਆਂ ਹਨ। ਪਹਿਲੀ ਗੱਲ ਤਾਂ ਇਹ ਕਿ ਇਹ ਅਧਿਆਪਕਾਵਾਂ ਅਕਸਰ ਸਕੂਲ ਹੀ ਨਹੀਂ ਜਾਂਦੀਆਂ ਜੇ ਜਾਂਦੀਆਂ ਹਨ ਤਾਂ ਆਪਣੇ ਕਿੱਤੇ ਪ੍ਰਤੀ ਗੰਭੀਰ ਨਹੀਂ। ਜ਼ਿਲ੍ਹਾ ਸਿੱਖਿਆ ਅਧਿਕਾਰੀ, ਸਬੰਧਿਤ ਸਕੂਲ ਮੁਖੀਆਂ ਵਿੱਚ ਉਨ੍ਹਾਂ ਨੂੰ ਕੁੱਝ ਕਹਿਣ ਦੀ ਜੁਰੱਅਤ ਨਹੀਂ। ਬੇਸ਼ੱਕ ਸਕੂਲੀ ਸਿੱਖਿਆ ਦੀ ਦਸ਼ਾ ਤੇ ਦਿਸ਼ਾ ਬਹੁਤ ਨਿੱਘਰ ਚੁੱਕੀ ਹੈ, ਪਰ ਜੇਕਰ ਅਜੇ ਵੀ ਸਾਡੀਆਂ ਸਰਕਾਰਾਂ ਉਸਾਰੂ ਫ਼ੈਸਲੇ ਲੈ ਲੈਣ ਤਾਂ ਸਿੱਖਿਆ ਪ੍ਰਬੰਧ ਨੂੰ ਬਿਹਤਰ ਅਤੇ ਕਾਰਗਰ ਬਣਾਇਆ ਜਾ ਸਕਦਾ ਹੈ। ਇਸ ਲਈ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਫ਼ੈਸਲੇ ਲੈਣ ਵਾਲੇ ਸਕੂਲ ਮੁਖੀ ਇਸ ਸਬੰਧੀ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਸੰਪਰਕ: 84276-85020