ਮਾਨਸਾ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼
ਪੱਤਰ ਪ੍ਰੇਰਕ
ਮਾਨਸਾ, 4 ਸਤੰਬਰ
ਭਾਜਪਾ ਦੀ ਨਵੀਂ ਮੈਂਬਰਸ਼ਿਪ ਦੀ ਸ਼ੁਰੂਆਤ ਅੱਜ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਵੱਲੋਂ ਇਥੇ ਕੀਤੀ ਗਈ। ਉਨ੍ਹਾਂ ਨਵੀਂ ਮੈਂਬਰਸ਼ਿਪ ਦਾ ਆਗਾਜ਼ ਕਰਦਿਆਂ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ ਅਤੇ ਪਾਰਟੀ ਦੇ ਜ਼ਿਲ੍ਹਾ ਆਗੂਆਂ ਅਤੇ ਸਰਕਲਾਂ ਦੇ ਪ੍ਰਧਾਨਾਂ ਨੂੰ ਆਨ-ਲਾਈਨ ਨਵੀਂ ਮੈਂਬਰਸ਼ਿਪ ਦਿਵਾਈ। ਭਾਜਪਾ ਨੇਤਾ ਦਿਆਲ ਸੋਢੀ ਨੇ ਕਿਹਾ ਕਿ 2 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ 3 ਸਤੰਬਰ ਨੂੰ ਹਰ ਸੂਬਾ ਪੱਧਰ ’ਤੇ ਨਵੀਂ ਮੈਂਬਰਸ਼ਿਪ ਦੀ ਸ਼ੁਰੂਆਤ ਕਰਨ ਤੋਂ ਬਾਅਦ ਅੱਜ ਪੰਜਾਬ ਦੇ ਹਰ ਜ਼ਿਲ੍ਹਾ ਪੱਧਰ ਉੱਤੇ ਨਵੀਂ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਪਾਰਟੀ ਦੇ ਸਰਕਲ ਪੱਧਰ ’ਤੇ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਬੂਥ ਉੱਪਰ ਪਾਰਟੀ ਵੱਲੋਂ 200 ਨਵੇਂ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਕਰਕੇ ਪਾਰਟੀ ਵਰਕਰ ਟੋਲੀਆਂ ਬਣਾ ਕੇ ਘਰ-ਘਰ ਜਾਣਗੇ ਅਤੇ ਲੋਕਾਂ ਨਾਲ ਸੰਪਰਕ ਕਰਕੇ ਨਵੇਂ ਮੈਂਬਰ ਬਣਾਉਣਗੇ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਵਜੋਂ ਭਾਜਪਾ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਹੈ। ਪੰਜਾਬ ਵਿੱਚ ਵੀ ਇਸ ਸਮੇਂ ਪਾਰਟੀ ਦੀ 23 ਲੱਖ ਮੈਂਬਰਸ਼ਿਪ ਹੈ। ਇਸ ਮੌਕੇ ਗੁਰਮੇਲ ਸਿੰਘ ਠੇਕੇਦਾਰ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਐਡਵੋਕੇਟ ਸੂਰਜ ਛਾਬੜਾ, ਵਿਨੋਦ ਕਾਲੀ, ਗੋਮਾ ਰਾਮ, ਮੱਖਣ ਲਾਲ, ਮਨਦੀਪ ਸਿੰਘ ਵੀ ਮੌਜੂਦ ਸਨ।