‘ਆਪ’ ਵੱਲੋਂ ਜਨ ਸੰਪਰਕ ਮੁਹਿੰਮ ਦਾ ਆਗਾਜ਼
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਅਕਤੂਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿੱਚ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਉਹ ਮੁਹਿੰਮ ਰਾਹੀਂ ਭਾਜਪਾ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨਗੇ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਮੁਹਿੰਮ ਤਹਿਤ ‘ਆਪ’ ਵਰਕਰ 16 ਤੋਂ 29 ਅਕਤੂਬਰ ਤੱਕ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਵੱਲੋਂ ਲਿਖੀ ਚਿੱਠੀ ਨੂੰ ਲੈ ਕੇ ਘਰ-ਘਰ ਜਾ ਕੇ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਅਸਲ ਸੱਚਾਈ ਜਨਤਾ ਨੂੰ ਦੱਸਣਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਮੁਫਤ ਅਤੇ 24 ਘੰਟੇ ਬਿਜਲੀ, ਪਾਣੀ, ਇਲਾਜ, ਔਰਤਾਂ ਲਈ ਬੱਸ ਯਾਤਰਾ, ਬਜ਼ੁਰਗਾਂ ਲਈ ਤੀਰਥ ਯਾਤਰਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਪਰ ਇਹ ਲੋਕ (ਭਾਜਪਾ ਆਗੂ) ਆਪਣੇ ਸ਼ਾਸਨ ਵਾਲੇ 22 ਰਾਜਾਂ ਵਿੱਚ ਦਿੱਲੀ ਵਰਗੀਆਂ ਸਹੂਲਤਾਂ ਦੇਣ ਦੇ ਸਮਰੱਥ ਨਹੀਂ ਹਨ। ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ, ‘‘ਇਸੇ ਲਈ ਉਨ੍ਹਾਂ ਨੇ ਮੈਨੂੰ ਜੇਲ੍ਹ ਵਿੱਚ ਡੱਕ ਦਿੱਤਾ ਤਾਂ ਜੋ ਉਹ ਆਪਣੇ ਸ਼ਾਸਨ ਵਾਲੇ ਰਾਜਾਂ ਵਿੱਚ ਦਿੱਲੀ ਵਿੱਚ ਸਹੂਲਤਾਂ ਬੰਦ ਕਰਕੇ ਲੋਕਾਂ ਦੀਆਂ ਮੰਗਾਂ ਨੂੰ ਦਬਾਅ ਸਕਣ। ਹੁਣ ਉਹ ਕਿਸੇ ਵੀ ਤਰੀਕੇ ਨਾਲ ਦਿੱਲੀ ਦੀ ਸੱਤਾ ਹਾਸਲ ਕਰਨਾ ਚਾਹੁੰਦੇ ਹਨ’’। ਕੇਜਰੀਵਾਲ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਸਾਰੀਆਂ ਸਹੂਲਤਾਂ ਬੰਦ ਕਰ ਦੇਣਗੇ। ਇਸ ਮੌਕੇ ਕੇਜਰੀਵਾਲ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਵਿਧਾਨ ਸਭਾ ਚੋਣਾਂ ’ਚ ਦਿੱਲੀ ਵਾਸੀ ਵੋਟ ਦੀ ਤਾਕਤ ਨਾਲ ਭਾਜਪਾ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰਨਗੇ ਅਤੇ ‘ਆਪ’ ਦੀ ਮੁੜ ਸਰਕਾਰ ਬਣੇਗੀ।
ਇੱਥੇ ਪਾਰਟੀ ਦਫਤਰ ਵਿੱਚ ਜਨ ਸੰਪਰਕ ਮੁਹਿੰਮ ਦਾ ਐਲਾਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਅੱਜ ਤੋਂ ਅਸੀਂ ਪੂਰੀ ਦਿੱਲੀ ਵਿੱਚ ਜਨ ਸੰਪਰਕ ਮੁਹਿੰਮ ਸ਼ੁਰੂ ਕਰ ਰਹੇ ਹਾਂ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲ ਰਿਹਾ ਹਾਂ ਅਤੇ ਸਾਰੀ ਦਿੱਲੀ ਘੁੰਮ ਰਿਹਾ ਹਾਂ ਅਤੇ ਵੱਖ-ਵੱਖ ਥਾਵਾਂ ’ਤੇ ਜਾ ਰਿਹਾ ਹਾਂ। ਮੈਂ ਜੇਲ੍ਹ ਕਿਉਂ ਗਿਆ? ਮੈਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ? ਇਸ ਸਬੰਧੀ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਹਨ। ਮੈਂ ਉਨ੍ਹਾਂ ਲੋਕਾਂ ਨੂੰ ਜਵਾਬ ਦਿੰਦਾ ਹਾਂ ਜਿਨ੍ਹਾਂ ਨੂੰ ਮੈਂ ਵਿਅਕਤੀਗਤ ਤੌਰ ’ਤੇ ਮਿਲਦਾ ਹਾਂ। ਬਹੁਤ ਸਾਰੇ ਲੋਕਾਂ ਨੂੰ ਮਿਲਣ ਤੋਂ ਬਾਅਦ ਮੈਂ ਇੱਕ ਪੱਤਰ ਦੇ ਰੂਪ ਵਿੱਚ ਜਨਤਾ ਦੇ ਸਾਰੇ ਸਵਾਲਾਂ ਦੇ ਜਵਾਬ ਤਿਆਰ ਕੀਤੇ ਹਨ। ਮੈਂ ਜਨਤਾ ਨੂੰ ਪੱਤਰ ਲਿਖਿਆ ਹੈ। ਹੁਣ ਸਾਡੇ ਵਰਕਰ 29 ਅਕਤੂਬਰ ਤੱਕ ਇਸ ਪੱਤਰ ਨੂੰ ਲੈ ਕੇ ਦਿੱਲੀ ਦੇ ਹਰ ਘਰ ਵਿੱਚ ਜਾਣਗੇ ਅਤੇ ਇਹ ਪੱਤਰ ਜਨਤਾ ਨੂੰ ਸੌਂਪਣਗੇ, ਤਾਂ ਜੋ ਜਨਤਾ ਦੇ ਮਨਾਂ ਵਿੱਚ ਉੱਠ ਰਹੇ ਸਵਾਲਾਂ ਦੇ ਜਵਾਬ ਮਿਲ ਸਕਣ। ਇਸ ਮੌਕੇ ਸੀਨੀਅਰ ਆਗੂ ਮਨੀਸ਼ ਸਿਸੋਦੀਆ, ਮੁੱਖ ਮੰਤਰੀ ਆਤਿਸ਼ੀ, ਦਿੱਲੀ ਪ੍ਰਦੇਸ਼ ਕਨਵੀਨਰ ਤੇ ਮੰਤਰੀ ਗੋਪਾਲ ਰਾਏ, ਮੰਤਰੀ ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਲਿਖੀ ਆਪਣੀ ਚਿੱਠੀ ’ਚ ਕਿਹਾ ਕਿ ਉਹ ਭ੍ਰਿਸ਼ਟਾਚਾਰ ਨਹੀਂ ਕਰ ਸਕਦੇ। ਉਨ੍ਹਾਂ ਲਿਖਿਆ ਕਿ ਦਿੱਲੀ ਵਾਸੀਆਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਰੋਕਣ ਲਈ ਉਸ ਨੂੰ ਜੇਲ੍ਹ ਡੱਕਿਆ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਹੁਣ ਉਨ੍ਹਾਂ (ਭਾਜਪਾ) ਨੇ ਕਿਸੇ ਵੀ ਤਰੀਕੇ ਨਾਲ ਦਿੱਲੀ ਦੀ ਸੱਤਾ ਹਾਸਲ ਕਰਨ ਦੀ ਇਕ ਹੋਰ ਯੋਜਨਾ ਬਣਾਈ ਹੈ। ਇਸ ਪਿੱਛੇ ਉਨ੍ਹਾਂ ਦਾ ਮਕਸਦ ਦਿੱਲੀ ਵਿੱਚ ਕੰਮ ਕਰਵਾਉਣਾ ਨਹੀਂ ਹੈ, ਸਗੋਂ ਪਿਛਲੇ 10 ਸਾਲਾਂ ਵਿੱਚ ਦਿੱਲੀ ਵਿੱਚ ਜੋ ਕੰਮ ਹੋਇਆ ਹੈ, ਉਸ ਨੂੰ ਰੋਕਣਾ ਹੈ ਤਾਂ ਜੋ ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਰਾਜਾਂ ਦੇ ਲੋਕ ਉਨ੍ਹਾਂ ਤੋਂ ਸਵਾਲ ਨਾ ਪੁੱਛਣ। ਇਸ ਲਈ ਉਨ੍ਹਾਂ ਨੇ ਕਿਸੇ ਵੀ ਤਰੀਕੇ ਨਾਲ ਦਿੱਲੀ ਵਿਚ ਸੱਤਾ ਹਾਸਲ ਕਰਨ ਅਤੇ ਦਿੱਲੀ ਵਿਚ ਕੰਮ ਬੰਦ ਕਰਨ ਦੀ ਯੋਜਨਾ ਬਣਾਈ ਹੈ। ਹੁਣ ਸਭ ਕੁਝ ਦਿੱਲੀ ਦੇ ਲੋਕਾਂ ਦੇ ਹੱਥ ਵਿੱਚ ਹੈ। ਜੇਕਰ ਦਿੱਲੀ ਦੇ ਲੋਕ ਉਸ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੋਟਾਂ ਪਾ ਕੇ ਜਿਤਾਉਂਦੇ ਹਨ ਤਾਂ ਉਹ ਦਿੱਲੀ ਦੇ ਸਾਰੇ ਕੰਮ ਬੰਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਹ ਲੋਕ ਦਿੱਲੀ ਦੀ ਮੁਫਤ ਬਿਜਲੀ ਬੰਦ ਕਰਨਗੇ। ਕਿਉਂਕਿ ਉਹ ਖੁਦ ਕਿਤੇ ਵੀ ਮੁਫਤ ਬਿਜਲੀ ਨਹੀਂ ਦੇ ਰਹੇ ਹਨ। ਉਨ੍ਹਾਂ ਦਾ ਇਰਾਦਾ ਦਿੱਲੀ ਤੋਂ ਸਿੱਖਣ ਅਤੇ ਆਪਣੇ ਰਾਜਾਂ ਵਿੱਚ ਵੀ ਮੁਫਤ ਬਿਜਲੀ ਦੇਣ ਦਾ ਨਹੀਂ ਹੈ, ਸਗੋਂ ਉਹ ਦਿੱਲੀ ਵਿੱਚ ਮੁਫਤ ਬਿਜਲੀ ਬੰਦ ਕਰਨਾ ਚਾਹੁੰਦੇ ਹਨ, ਤਾਂ ਜੋ ਗੁਜਰਾਤ ਅਤੇ ਹੋਰ ਰਾਜਾਂ ਦੇ ਲੋਕ ਉਨ੍ਹਾਂ ਨੂੰ ਸਵਾਲ ਪੁੱਛਣੇ ਬੰਦ ਕਰ ਦੇਣ। ਦਿੱਲੀ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੇ ਭਾਜਪਾ ਨੂੰ ਵੋਟ ਦਿੱਤੀ ਤਾਂ ਦਿੱਲੀ ਵਿੱਚ ਫਿਰ ਤੋਂ ਦਸ-ਦਸ ਘੰਟੇ ਬਿਜਲੀ ਕੱਟ ਲੱਗ ਜਾਣਗੇ।