ਕੱਸੋਆਣਾ ਵਿੱਚ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦਾ ਆਗਾਜ਼
ਪੱਤਰ ਪ੍ਰੇਰਕ
ਜ਼ੀਰਾ, 8 ਨਵੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਕਰਵਾਈਆਂ ਜਾ ਰਹੀਆਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਸਾਫਟਬਾਲ ਅੰਡਰ-17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਐੱਸਐੱਸਐਮ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਸੋਆਣਾ ਵਿੱਚ ਕਰਵਾਏ ਜਾ ਰਹੇ ਹਨ ਜਿਨ੍ਹਾਂ ਦਾ ਉਦਘਾਟਨ ਵਿਧਾਇਕ ਫੌਜਾ ਸਿੰਘ ਸਰਾਰੀ ਵੱਲੋਂ ਝੰਡਾ ਲਹਿਰਾ ਕੇ ਕੀਤਾ ਗਿਆ। ਉਨ੍ਹਾਂ ਨਾਲ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਪੁੱਤਰ ਅਤੇ ਯੂਥ ਆਗੂ ਸ਼ੰਕਰ ਕਟਾਰੀਆ, ਡਾ. ਸਤਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ, ਪ੍ਰਿੰਸੀਪਲ ਕਰਮਜੀਤ ਸਿੰਘ ਜੋਸ਼ਨ ਅਤੇ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਹਾਜ਼ਰ ਸਨ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਲੜਕੇ/ਲੜਕੀਆਂ ਦੀਆਂ ਕਰੀਬ 27 ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੀਲਾ ਅਰੋੜਾ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਅਤੇ ਤਹਿਸੀਲ ਟੂਰਨਾਮੈਂਟ ਕਮੇਟੀ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਅੱਜ ਦੇ ਮੁਕਾਬਲੇ ਅਧਿਆਪਕ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਮੁੱਖ ਮਹਿਮਾਨ ਵੱਲੋਂ ਖਿਡਾਰੀਆਂ ਨੂੰ ਖੇਡ ਭਾਵਨਾਂ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੇ ਅਖੀਰ ਤੇ ਆਏ ਹੋਏ ਮਹਿਮਾਨਾਂ ਅਤੇ ਮੁੱਖ ਮਹਿਮਾਨ ਦਾ ਪ੍ਰਬੰਧਗੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਰਵਿੰਦਰ ਸਿੰਘ, ਹਰਸ਼ਵਿੰਦਰ ਸਿੰਘ, ਹਰਜਿੰਦਰ ਸਿੰਘ, ਸਾਰਜ ਸਿੰਘ, ਅੰਗਰੇਜ਼ ਸਿੰਘ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਮੇਜਰ ਸਿੰਘ, ਪ੍ਰੀਤਪਾਲ ਕੌਰ ਆਦਿ ਅਧਿਆਪਕ ਹਾਜ਼ਰ ਸਨ।