ਵਾਟਰ ਬੂਸਟਰ ’ਤੇ ਤਾਇਨਾਤ ਸਟਾਫ ਨੇ ਬੂਸਟਰ ਬੰਦ ਕੀਤੇ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 5 ਮਈ
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਵਾਟਰ ਬੂਸਟਰ ਟੈਂਕ ਬਣਾਏ ਗਏ ਹਨ। ਇਨ੍ਹਾਂ ’ਤੇ ਤਾਇਨਾਤ ਠੇਕਾ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਇਸ ਕਾਰਨ ਪੀੜਤ ਕਰਮਚਾਰੀਆਂ ਨੇ ਬੂਸਟਰ ਬੰਦ ਕਰ ਕੇ ਧਰਨਾ ਲਗਾ ਦਿੱਤਾ।
ਉਧਰ, ਸੂਚਨਾ ਮਿਲਦੇ ਹੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੁਰੰਤ ਮੌਕੇ ’ਤੇ ਪਹੁੰਚ ਗਏ ਤੇ ਠੇਕਾ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਸਿਰਫ਼ 10,500 ਰੁਪਏ ਤਨਖ਼ਾਹ ਦਿੱਤੀ ਜਾਂਦੀ ਹੈ, ਪਰ ਇਹ ਨਿਗੂਣੀ ਤਨਖ਼ਾਹ ਵੀ ਦਿੱਤੀ ਨਹੀਂ ਜਾ ਰਹੀ। ਮੁਹਾਲੀ ਦੇ ਵੱਖ-ਵੱਖ ਬੂਸਟਰਾਂ ਉੱਤੇ ਠੇਕਾ ਆਧਾਰ ’ਤੇ 20 ਮੁਲਾਜ਼ਮ ਕੰਮ ਕਰ ਰਹੇ ਹਨ।
ਡਿਪਟੀ ਮੇਅਰ ਬੇਦੀ ਨੇ ਕਰਮਚਾਰੀਆਂ ਨੂੰ ਇੱਕ ਦੋ ਦਿਨਾਂ ਵਿੱਚ ਇਹ ਮਸਲਾ ਹੱਲ ਕਰਵਾਉਣ ਦਾ ਭਰੋਸਾ ਦੇ ਕੇ ਮੁੜ ਬੂਸਟਰ ਚਾਲੂ ਕਰਵਾਏ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਜੇ ਪਾਣੀ ਦੀ ਸਪਲਾਈ ਨਹੀਂ ਮਿਲੇਗੀ ਤਾਂ ਸ਼ਹਿਰ ਵਿੱਚ ਹਾਹਾਕਾਰ ਮੱਚ ਜਾਵੇਗੀ। ਸ੍ਰੀ ਬੇਦੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕਰਮਚਾਰੀਆਂ ਦੀ ਤਨਖ਼ਾਹ ਲਈ ਬਜਟ ਨਹੀਂ ਆਇਆ ਅਤੇ ਕੋਈ ਤਕਨੀਕੀ ਖ਼ਾਮੀਆਂ ਕਾਰਨ ਇਨ੍ਹਾਂ ਦੀ ਤਨਖ਼ਾਹ ਰੁਕੀ ਹੋਈ ਹੈ। ਇਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਤਨਖ਼ਾਹ ਨਗਰ ਨਿਗਮ ਵੱਲੋਂ ਦਿੱਤੀ ਜਾਂਦੀ ਹੈ। ਡਿਪਟੀ ਮੇਅਰ ਦੇ ਭਰੋਸੇ ਤੋਂ ਬਾਅਦ ਧਰਨਾ ਖ਼ਤਮ ਕੀਤਾ ਗਿਆ।