ਥਿੜਕੇ ਪੈਰਾਂ ਦੀ ਚੀਸ
ਆਸ਼ਾ ਨੇ ਉਸ ਨੂੰ ਦੋ ਵਾਰ ਸਿਹਤ ਬਾਰੇ ਪੁੱਛਿਆ, ਪਰ ਉਹ ‘ਕੁਝ ਨਹੀਂ’ ਕਹਿ ਕੇ ਟਾਲ ਦਿੰਦੀ ਰਹੀ। ਫਿਰ ਮਨ ’ਚ ਖਿਆਲ ਆਇਆ, ਕਿਸੇ ਨੇ ਗਲਤ ਥੋੜ੍ਹਾ ਕਿਹਾ ਕਿ ਮਾਂ ਤਾਂ ਧੀ ਦਾ ਮਨ ਉਸ ਦੀ ਅੱਖ ’ਚੋਂ ਪੜ੍ਹ ਲੈਂਦੀ ਆ। ਬੁੱਝੇ ਜਿਹੇ ਮਨ ਨਾਲ ਉਹ ਤਿਆਰ ਹੋਈ। ਮੰਮੀ ਨੂੰ ਕੰਮ ਜਾ ਰਹੀ ਆਂ ਕਹਿ ਕੇ ਉਹ ਬਾਹਰ ਨਿਕਲੀ ਤੇ ਕਾਹਲੇ ਕਦਮ ਪੁੱਟਦੀ ਹੋਈ ਲੋਕਲ ਬੱਸ ਅੱਡੇ ਨੂੰ ਜਾਂਦਾ ਮੋੜ ਮੁੜ ਗਈ। ਤਿਆਰ ਖੜ੍ਹੀ ਬੱਸ ਜਵਿੇਂ ਉਸੇ ਦੀ ਉਡੀਕ ਕਰ ਰਹੀ ਸੀ। ਅਜੇ ਖਾਲੀ ਸੀਟ ਲੱਭ ਹੀ ਰਹੀ ਸੀ ਕਿ ਟੁੱਟਵੀਂ ਵਿਸਲ ਵੱਜੀ ਤੇ ਸ਼ੀਸ਼ੇ ’ਚੋਂ ਪਿੱਛੇ ਝਾਕ ਕੇ ਡਰਾਈਵਰ ਨੇ ਗੇਅਰ ਪਾ ਲਿਆ। ਸੋਚਾਂ ਦੀ ਲੜੀ ਉਦੋਂ ਟੁੱਟੀ ਜਦ ਉਸ ਦੀ ਨਜ਼ਰ ਖੱਬੇ ਪਾਸੇ ਵੱਡੇ ਸਾਰੇ ਬੋਰਡ ’ਤੇ ਪਈ। ਉਸ ਤੋਂ ਅਗਲੇ ਸਟਾਪ ਉਤਰ ਕੇ 150-200 ਮੀਟਰ ’ਤੇ ਉਹ ਘਰ ਸੀ ਜਿੱਥੇ ਉਸ ਨੇ ਪਹੁੰਚਣਾ ਸੀ।
ਅੱਠ ਸਾਲਾਂ ’ਚ ਕੁਝ ਵੀ ਤੇ ਨਹੀਂ ਸੀ ਬਦਲਿਆ। ਗੇਟ ਦਾ ਰੰਗ ਉਹੀ, ਪਰ ਫਿੱਕਾ ਪਿਆ ਹੋਇਆ। ਕੋਨੇ ’ਤੇ ਲੱਗੀ ਨਾਂ ਵਾਲੀ ਤਖ਼ਤੀ ’ਚੋਂ ਰੁਸਤਮ ਹੀ ਪੜ੍ਹਿਆ ਜਾ ਸਕਦਾ ਸੀ, ਭੰਡਾਰੀ ਦੇ ਅੱਖਰ ਭੁਰੇ ਹੋਏ ਸਨ। ਖੁੱਲ੍ਹੇ ਗੇਟ ’ਚੋਂ ਉਸ ਨੇ ਵੇਖਿਆ, ਲੋਕਾਂ ਦੀ ਕਾਫ਼ੀ ਭੀੜ ਸੀ। ਅੰਦਰ ਵੜਨ ਲੱਗਿਆਂ ਪੈਰ ਥੋੜ੍ਹਾ ਥਿੜਕੇ, ਪਰ ਉਹ ਰਵਾਂ ਰਵੀਂ ਤੁਰਦੀ ਗਈ ਤੇ ਔਰਤਾਂ ਵਾਲੇ ਪਾਸੇ ਖੂੰਡੀ ਸਹਾਰੇ ਖੜ੍ਹੀ ਸੱਤਿਆ ਦੇ ਪੈਰੀਂ ਹੱਥ ਲਾ ਕੇ ਉਸ ਦੇ ਗਲ਼ ਲੱਗ ਕੇ ਹੌਸਲਾ ਦੇਣ ਲੱਗੀ।
“ਧੀਏ ਤੂੰ ਮੇਰਾ ਮਾਣ ਰੱਖ ਲਿਆ, ਮੌਕੇ ’ਤੇ ਪਹੁੰਚ ਗਈ ਏਂ। ਮੈਂ ਤਾਂ ਤੈਨੂੰ ਫੋਨ ਕਰਨ ਤੋਂ ਬਾਅਦ ਈ ਉਡੀਕਣ ਲੱਗ ਪਈ ਸੀ।’’ ਸੱਤਿਆ ਨੂੰ ਪਤਾ ਨਾ ਲੱਗਾ ਕਿ ਸੁਮਿਤਰਾ ਨੂੰ ਜੱਫੀ ’ਚ ਲੈਂਦਿਆਂ ਉਸ ਦੇ ਹੱਥੋਂ ਖੂੰਡੀ ਛੁੱਟ ਗਈ ਸੀ।
“ਮੰਮੀ ਤੁਹਾਡਾ ਕਿਹਾ ਤਾਂ ਮੈਂ ਪਹਿਲਾਂ ਵੀ ਕਦੇ ਨਹੀਂ ਸੀ ਮੋੜਿਆ, ਹੁਣ ਕਵਿੇਂ ਰਹਿ ਜਾਂਦੀ?”
ਸੁਮਿੱਤਰਾ ਨੇ ਉਸ ਨੂੰ ਸੱਜੇ ਹੱਥ ਖੂੰਡੀ ਫੜਾਉਂਦੇ ਹੋਏ ਖੱਬੇ ਪਾਸੇ ਬਾਂਹ ਦਾ ਸਹਾਰਾ ਦਿੱਤਾ। ਦਾਦੀ ਕੋਲ ਖੜ੍ਹਾ 6-7 ਸਾਲਾਂ ਦਾ ਪੋਤਾ ਰੋਣ ਹਾਕਾ ਹੋਇਆ ਕਦੇ ਇੱਕ ਵੱਲ ਵੇਖਦਾ ਤੇ ਕਦੇ ਦੂਜੀ ਨੂੰ ਤੱਕਣ ਲੱਗ ਜਾਂਦਾ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਘਰ ਵਿੱਚ ਐਨੀਂ ਭੀੜ ਕਿਉਂ ਹੋਈ ਪਈ ਹੈ। ਸਾਰਿਆਂ ਦੇ ਚਿੱਟੇ ਪਹਿਰਾਵੇ ਦੀ ਉਸ ਨੂੰ ਕੋਈ ਸਮਝ ਨਹੀਂ ਸੀ। ਦਾਦੀ ਵੱਲੋਂ ਵਾਰ ਵਾਰ ਉਸ ਨੂੰ ਗਲੇ ਲਗਾਉਣ ਦਾ ਸਵਾਲ ਤਾਂ ਰਿਸ਼ਭ ਦੇ ਮਨ ’ਚ ਉੱਠਦਾ, ਪਰ ਉਸ ਦਾ ਜਵਾਬ ਬੱਚਿਆਂ ਵਾਲੀ ਸਮਝ ਵਿੱਚ ਖਿੱਲਰ ਜਾਂਦਾ। ਉਸ ਨੂੰ ਨਹੀਂ ਸੀ ਪਤਾ ਕਿ ਲੋਕਾਂ ਦੀ ਭੀੜ ਵਿੱਚ ਘਿਰੀ ਤੇ ਸਫ਼ੈਦ ਕੱਪੜਿਆਂ ਵਿੱਚ ਲਪੇਟ ਕੇ ਫੱਟੇ ਉੱਤੇ ਪਾਈ ਗਈ ਉਸ ਨੂੰ ਜਨਮ ਦੇਣ ਵਾਲੀ ਔਰਤ ਹੈ। ਉਸ ਦਾ ਬਚਪਨ ਦਾਦੀ ਦੇ ਲਾਡ ਪਿਆਰ ਵਿੱਚ ਗੜੁੱਚ ਸੀ। ਉਸ ਨੂੰ ਦਾਦੀ ਤੋਂ ਦਾਦਾ ਜੀ ਦੀ ਬਹਾਦਰੀ ਦੀਆਂ ਗੱਲਾਂ ਸੁਣਨੀਆਂ ਚੰਗੀਆਂ ਲੱਗਦੀਆਂ ਸਨ।
ਪਤਨੀ ਦੀ ਲਾਸ਼ ਕੋਲ ਖੜ੍ਹੇ ਰੁਸਤਮ ਭੰਡਾਰੀ ਦੀ ਨਜ਼ਰ ਉਸ ਉੱਤੇ ਪਈ। ਕੁਝ ਸਕਿੰਟ ਤਾਂ ਉਸ ਨੂੰ ਯਕੀਨ ਨਾ ਆਇਆ ਕਿ ਉਹੀ ਸੁਮਿੱਤਰਾ ਹੈ ਜੋ ਕਦੇ ਇਸੇ ਘਰ ’ਚ ਸ਼ਗਨਾਂ ਨਾਲ ਆਈ ਸੀ ਤੇ ਦੋ ਸਾਲਾਂ ਬਾਅਦ ਹੱਥ ’ਚ ਫੜੇ ਅਟੈਚੀ ਤੇ ਅੱਖਾਂ ’ਚੋਂ ਕਿਰਦੇ ਹੰਝੂਆਂ ਦੀ ਲਕੀਰ ਬਣਾਉਂਦੀ ਹੋਈ ਭਾਰੇ ਕਦਮ ਪੁੱਟਦੀ ਇੱਥੋਂ ਗਈ ਸੀ। ਵੱਡਾ ਸਾਰਾ ਘਰ, ਜੋ ਕਦੇ ਸੁਮਿੱਤਰਾ ਦੇ ਡੈਡੀ ਦੇ ਦੋਸਤ ਕਰਨਲ ਭੰਡਾਰੀ ਦਾ ਸੀ। ਦੋਸਤੀ ਨੂੰ ਰਿਸ਼ਤੇ ’ਚ ਬਦਲਣ ਦੀ ਇੱਛਾ ਨੇ ਸੁਮਿੱਤਰਾ ਨੂੰ ਇਸ ਘਰ ਨਾਲ ਜੋੜ ਦਿੱਤਾ। ਕਾਰਗਿਲ ਦੀ ਜੰਗ ਨੇ ਕਰਨਲ ਭੰਡਾਰੀ ਨੂੰ ਪੁੱਤਰ ਦੇ ਮੁੱਖੜੇ ਉੱਤੇ ਸਜਿਆ ਸਿਹਰਾ ਵੇਖਣਾ ਨਸੀਬ ਨਾ ਹੋਣ ਦਿੱਤਾ।
ਮੰਗਣੀ ਤੋਂ ਬਾਅਦ ਸੁਮਿੱਤਰਾ ਤੇ ਰੁਸਤਮ ਦੀਆਂ ਗੱਲਾਂ ਘੰਟਿਆਂ ਵਿੱਚ ਨਾ ਮੁੱਕਦੀਆਂ। ਅੱਧੀ ਅੱਧੀ ਰਾਤ ਤੱਕ ਉਨ੍ਹਾਂ ਦੇ ਫੋਨ ਬਿਜੀ ਰਹਿੰਦੇ। ਪਤੀ ਦੀ ਘਾਟ ਨੂੰ ਪਾਸੇ ਰੱਖ ਕੇ ਸੱਤਿਆ ਨੇ ਵਿਆਹ ਮੌਕੇ ਕਿੰਨੇ ਚਾਅ ਕੀਤੇ ਸੀ। ਉਹ ਦੋਹਾਂ ਦੇ ਕਿਸੇ ਅਰਮਾਨ ਉੱਤੇ ਪਿਤਾ ਦੇ ਵਿਛੋੜੇ ਦਾ ਪਰਛਾਵਾਂ ਨਹੀਂ ਸੀ ਪੈਣ ਦੇਣਾ ਚਾਹੁੰਦੀ। ਸੱਤਿਆ ਨੇ ਤੁੰਨ ਕੇ ਭਰੇ ਨੋਟਾਂ ਵਾਲਾ ਬੈਗ ਦੇ ਕੇ ਉਨ੍ਹਾਂ ਨੂੰ ਹਨੀਮੂਨ ਲਈ ਸਵਿਟਜ਼ਰਲੈਂਡ ਭੇਜਿਆ ਸੀ। ਸੁਮਿੱਤਰਾ ਆਪਣੇ ਆਪ ਨੂੰ ਕਿੰਨੇ ਚੰਗੇ ਭਾਗਾਂ ਵਾਲੀ ਸਮਝਣ ਲੱਗੀ ਸੀ। ਕੋਈ ਇੱਛਾ ਉਸ ਦੇ ਮੂੰਹੋਂ ਬਾਅਦ ’ਚ ਨਿਕਲਦੀ, ਉਸ ਨੂੰ ਪੂਰਾ ਕਰਨ ਦੇ ਪ੍ਰਬੰਧ ਪਹਿਲਾਂ ਸ਼ੁਰੂ ਹੋ ਜਾਂਦੇ। ਸੱਤਿਆ ਨੂੰ ਲੱਗਦਾ ਕਿ ਜਿਸ ਬੇਟੀ ਦੀ ਮੰਗ ਉਹ ਰੱਬ ਤੋਂ ਕਈ ਸਾਲ ਕਰਦੀ ਰਹੀ, ਉਹ ਉਸ ਦੀ ਆਪਣੀ ਕੁੱਖੋਂ ਤਾਂ ਪੂਰੀ ਨਾ ਹੋ ਸਕੀ, ਪਰ ਘਾਟ ਸੁਮਿੱਤਰਾ ਦੇ ਰੂਪ ਵਿੱਚ ਪੂਰੀ ਹੋ ਗਈ ਹੈ।
ਸ਼ਮਸ਼ਾਨਘਾਟ ਤੋਂ ਆਈ ਗੱਡੀ ਵਿੱਚ ਰੁਕਮਣੀ ਦੀ ਲਾਸ਼ ਰੱਖ ਕੇ ਚੱਲ ਪਏ। ਸਾਰੇ ਆਦਮੀ ਆਪਣੀਆਂ ਗੱਡੀਆਂ ’ਚ ਬੈਠ ਕੇ ਪਿੱਛੇ ਪਿੱਛੇ ਜਾਣ ਲੱਗੇ। ਬਹੁਤੀਆਂ ਔਰਤਾਂ ਆਪੋ ਆਪਣੇ ਘਰੀਂ ਮੁੜਨ ਲੱਗੀਆਂ। ਸੁਮਿੱਤਰਾ ਨੇ ਆਸਰਾ ਦੇ ਕੇ ਸੱਤਿਆਂ ਨੂੰ ਵਿਛੀ ਹੋਈ ਦਰੀ ’ਤੇ ਜਾ ਬਿਠਾਇਆ। ਸੁਮਿੱਤਰਾ ਰਸੋਈ ’ਚ ਗਈ ਤੇ ਸਭ ਲਈ ਚਾਹ ਬਣਾ ਲਿਆਈ। ਉਸ ਨੂੰ ਪਤਾ ਸੀ ਕਿ ਸਵੇਰ ਤੋਂ ਕਿਸੇ ਨੇ ਚੁੱਲ੍ਹਾ ਨਹੀਂ ਬਾਲਿਆ ਹੋਣਾ। ਸੱਤਿਆ ਦੇ ਕੰਬਦੇ ਹੱਥਾਂ ਵੱਲ ਵੇਖ ਕੇ ਸੁਮਿੱਤਰਾ ਦਾ ਮਨ ਤੜਪ ਉੱਠਿਆ। ਉਹ ਭੱਜ ਕੇ ਰਸੋਈ ’ਚੋਂ ਪਲੇਟ ਲੈ ਆਈ ਤੇ ਆਪਣੇ ਹੱਥੀਂ ਚਾਹ ਪਿਆਉਣ ਲੱਗੀ। ਉਸ ਦੇ ਚੇਤਿਆਂ ’ਚੋਂ ਉਹ ਦ੍ਰਿਸ਼ ਉੱਭਰ ਆਇਆ, ਜਦ ਗੇਟ ਮੂਹਰੇ ਛੋਟੇ ਟੇਬਲ ’ਤੇ ਖੜ੍ਹ ਕੇ ਸੱਤਿਆ ਉਨ੍ਹਾਂ ਤੋਂ ਪਾਣੀ ਵਾਰ ਕੇ ਪੀ ਰਹੀ ਸੀ, ਪਰ ਦਸ ਸਾਲਾਂ ’ਚ ਸੱਤਿਆ ਦੀ ਇਹ ਹਾਲਤ ਕਿ ਉਸ ਤੋਂ ਚਾਹ ਦਾ ਕੱਪ ਫੜਨਾ ਔਖਾ ਹੋ ਗਿਆ ਸੀ।
ਸਸਕਾਰ ਕਰਨ ਗਏ ਅਜੇ ਮੁੜੇ ਨਹੀਂ ਸਨ। ਸੁਮਿੱਤਰਾ ਰੁਸਤਮ ਦੇ ਪਰਤਣ ਤੋਂ ਪਹਿਲਾਂ ਉੱਥੋਂ ਚਲੇ ਜਾਣਾ ਚਾਹੰਦੀ ਸੀ। ਉਸ ਨੇ ਸੱਤਿਆ ਨੂੰ ਜੱਫੀ ’ਚ ਲੈ ਕੇ ਜਾਣ ਦੀ ਆਗਿਆ ਮੰਗੀ, ਪਰ ਸੱਤਿਆ ਨੇ ਉਸ ਨੂੰ ਸ਼ਾਮ ਤੱਕ ਰਹਿਣ ਲਈ ਮਨਾ ਲਿਆ। ਸੁਮਿੱਤਰਾ ਉਸ ਦੇ ਦਰਦ ਨੂੰ ਸਮਝਦੀ ਸੀ। ਸੱਤਿਆ ਨੇ ਆਰਤੀ ਬਾਰੇ ਮਨ ਆਇਆ ਸਵਾਲ ਸੁਮਿੱਤਰਾ ਦੇ ਮੱਥੇ ਤੋਂ ਪੜ੍ਹ ਲਿਆ ਸੀ।
“ਬੇਟਾ ਤੂੰ ਚੰਗਾ ਕੀਤਾ ਆਰਤੀ ਨੂੰ ਨਾਲ ਨਹੀਂ ਲੈ ਕੇ ਆਈ। ਐਵੇਂ ਕੁੜੀ ਦੇ ਚੰਚਲ ਮਨ ਵਿੱਚ ਕਈ ਤਰ੍ਹਾਂ ਦੇ ਗ਼ਲਤ ਮਲਤ ਸ਼ੱਕ ਪੈਦਾ ਹੋ ਜਾਣੇ ਸਨ।’’
“ਹਾਂ ਮੰਮੀ, ਮੈਂ ਵੀ ਇਹੋ ਸੋਚ ਕੇ ਉਸ ਨੂੰ ਨਾਨੀ ਕੋਲ ਛੱਡ ਆਈ ਸੀ। ਹੁਣ ਉਡੀਕਦੀ ਹੋਊ, ਇਸੇ ਕਰਕੇ ਜਲਦੀ ਵਾਪਸ ਜਾਣ ਬਾਰੇ ਸੋਚਿਆ ਸੀ।’’
“ਹਾਂ ਬੇਟਾ; ਮੈਨੂੰ ਪਤਾ, ਤੂੰ ਆਰਤੀ ਕਰਕੇ ਵਾਪਸ ਜਾਣ ਨੂੰ ਕਾਹਲੀ ਹੋਵੇਂਗੀ, ਪਰ ਮੈਂ ...?”
ਸੱਤਿਆ ਮੂੰਹ ਆਈ ਅਗਲੀ ਗੱਲ ਕਹਿੰਦੀ ਕਹਿੰਦੀ ਰੁਕ ਗਈ। ਜੇ ਉਹ ਮੌਕੇ ’ਤੇ ਨਾ ਸੰਭਲਦੀ ਤਾਂ ਉਸ ਨੇ,
“....ਚਾਹੁੰਦੀ ਸੀ ਕਿ ਤੂੰ ਰੁਸਤਮ ਦੇ ਵਾਪਸ ਆਉਣ ਤੋਂ ਬਾਅਦ ਵਾਪਸ ਜਾਵੇਂ।” ਕਹਿ ਕੇ ਆਪਣੀ ਗੱਲ ਪੂਰੀ ਕਰਨੀ ਸੀ।
ਲੰਮੇ ਹੋਈ ਜਾ ਰਹੇ ਪਰਛਾਵੇਂ ਦੁਪਹਿਰ ਢਲਣ ਤੇ ਸ਼ਾਮ ਦੀ ਆਮਦ ਦਾ ਸੰਕੇਤ ਦੇਣ ਲੱਗ ਪਏ ਸਨ। ਸਸਕਾਰ ਲਈ ਗਏ ਲੋਕਾਂ ’ਚੋਂ ਕੁਝ ਮੁੜਨ ਲੱਗੇ ਸਨ। ਉਨ੍ਹਾਂ ’ਚੋਂ ਕੋਈ ਸੱਤਿਆ ਕੋਲ ਦੋ ਮਿੰਟ ਬੈਠ ਜਾਂਦਾ ਤੇ ਕੋਈ ਆਪਣੀ ਪਾਰਕ ਕੀਤੀ ਕਾਰ ਲੈ ਕੇ ਵਾਪਸ ਜਾ ਰਿਹਾ ਸੀ। ਸੁਮਿੱਤਰਾ ਹੋਰ ਦੇਰ ਨਹੀਂ ਸੀ ਰੁਕਣਾ ਚਾਹੁੰਦੀ।
“ਚੰਗਾ ਮੰਮੀ, ਕੋਸ਼ਿਸ਼ ਕਰਾਂਗੀ, ਕੱਲ੍ਹ ਵੀ ਆ ਸਕਾਂ। ਜਾਣ ਵਾਲੀ ਤਾਂ ਚਲੇ ਗਈ, ਹੁਣ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਿਓ। ਰਿਸ਼ਭ ਨੂੰ ਤੁਹਾਡੀ ਬੜੀ ਲੋੜ ਹੈ।’’
ਗੇਟ ਤੋਂ ਬਾਹਰ ਨਿਕਲੀ ਹੀ ਸੀ ਕਿ ਹੁਣੇ ਆ ਕੇ ਖੜ੍ਹੀ ਕਾਰ ’ਚੋਂ ਨਿਕਲਦੇ ਰੁਸਤਮ ਨਾਲ ਉਸ ਦੀ ਨਜ਼ਰ ਭਿੜ ਗਈ। ਉਹ ਤੇਜ਼ੀ ਨਾਲ ਸੱਜੇ ਮੁੜ ਕੇ ਕਾਹਲੇ ਕਦਮ ਪੁੱਟਦੀ ਬੱਸ ਸਟਾਪ ਵਲ ਵਧਣ ਲੱਗੀ। ਧੀ ਨੂੰ ਗੇਟ ਖੋਲ੍ਹਦਿਆਂ ਵੇਖ ਆਸ਼ਾ ਨੂੰ ਸੁੱਖ ਦਾ ਸਾਹ ਆਇਆ। ਪਾਣੀ ਪੀਕੇ ਸੁਮਿੱਤਰਾ ਨੇ ਮੰਮੀ (ਆਸ਼ਾ) ਨੂੰ ਸਾਰੀ ਗੱਲ ਦੱਸੀ। ਦੇਰ ਰਾਤ ਤੱਕ ਸੁਮਿੱਤਰਾ ਵਿਚਾਰਾਂ ਵਿੱਚ ਗਵਾਚੀ ਰਹੀ। ਉਸ ਦੀ ਸੂਈ ਜ਼ਿੰਦਗੀ ’ਚ ਕੀ ਪਾਇਆ ਤੇ ਕੀ ਗਵਾਇਆ ਵਿਚਕਾਰ ਘੁੰਮਦੀ ਰਹੀ। ਰੁਸਤਮ ਨਾਲ ਬਿਤਾਏ ਹਰੇਕ ਦਿਨ ਦੀ ਤਸਵੀਰ ਉਸ ਦੀਆਂ ਅੱਖਾਂ ਮੂਹਰੇ ਆਉਣ ਲੱਗਦੀ।
ਉਸ ਦੇ ਮਨ ’ਚ ਰੁਸਤਮ ਦਾ ਉਹ ਰੂਪ ਵੀ ਆਇਆ, ਜਦ ਉਹ ਆਪਣੇ ਪਾਪਾ ਨਾਲ ਭੰਡਾਰੀ ਅੰਕਲ ਦੇ ਘਰ ਗਈ ਸੀ। ਉਦੋਂ ਉਹ 10 ਕੁ ਸਾਲ ਦੀ ਸੀ। ਰੁਸਤਮ 12-13 ਸਾਲ ਦਾ ਹੋਊ। ਦੋਵੇਂ ਕਿੰਨੀ ਦੇਰ ਲਾਅਨ ’ਚ ਖੇਡਦੇ ਰਹੇ ਸਨ। ਉਹ ਵੱਡੇ ਹੋਏ ਤਾਂ ਕਰਨਲ ਭੰਡਾਰੀ ਨੇ ਉਸ ਦੇ ਪਾਪਾ ਮੂਹਰੇ ਰਿਸ਼ਤੇਦਾਰ ਬਣਨ ਦੀ ਖਾਹਸ਼ ਪ੍ਰਗਟ ਕਰਕੇ ਰਿਸ਼ਤੇ ਲਈ ਝੋਲੀ ਅੱਡ ਲਈ। ਸੁਮਿੱਤਰਾ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਾਦੀ ਕਰਨਾ ਉਸੇ ਮੌਕੇ ਤੈਅ ਹੋ ਗਿਆ। ਸੁਮਿੱਤਰਾ ਨੇ ਐੱਮਐੱਸ.ਸੀ. ਬੜੇ ਚੰਗੇ ਨੰਬਰ ਲੈ ਕੇ ਪਾਸ ਕੀਤੀ। ਉਹ ਖੋਜ ਪੱਤਰ ਬਾਰੇ ਸੋਚ ਹੀ ਰਹੀ ਸੀ ਕਿ ਕਾਰਗਿਲ ਵਿੱਚ ਦੁਸ਼ਮਣ ਦੇਸ਼ ਦੀ ਫੌਜ ਨੂੰ ਹਰਾਉਣ ਵਿੱਚ ਸਫਲ ਹੁੰਦਿਆਂ ਸਖ਼ਤ ਜ਼ਖ਼ਮੀ ਹੋਇਆ ਕਰਨਲ ਭੰਡਾਰੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। ਦੋਹਾਂ ਪਰਿਵਾਰਾਂ ਉੱਤੇ ਕਹਿਰ ਢਹਿ ਗਿਆ। ਸੱਤਿਆ ਦੀ ਇਕੱਲਤਾ ਕਾਰਨ ਰੁਸਤਮ ਤੇ ਸੁਮਿੱਤਰਾ ਦੇ ਵਿਆਹ ਦੀ ਸਹਿਮਤੀ ਬਣ ਗਈ ਤੇ ਮਹੀਨੇ ਕੁ ਬਾਅਦ ਸੁਮਿੱਤਰਾ ਦੇ ਨਾਂ ਦੇ ਪਿੱਛੇ ਭੰਡਾਰੀ ਜੁੜ ਗਿਆ। ਉਹ ਦੋ ਮਾਵਾਂ ਦੀ ਇਕਲੌਤੀ ਧੀ ਬਣ ਕੇ ਵਿਚਰਨ ਲੱਗੀ।
ਚੰਗੀ ਨੌਕਰੀ ਲਈ ਰੁਸਤਮ ਪਹਿਲਾਂ ਤੋਂ ਯਤਨਸ਼ੀਲ ਸੀ। ਵਕਾਲਤ ਪਾਸ ਕੀਤੀ ਹੋਣ ਕਰਕੇ ਸਰਕਾਰ ਨੇ ਰੁਸਤਮ ਨੂੰ ਪਿਤਾ ਦੀ ਸ਼ਹੀਦੀ ਵਾਲੇ ਰਾਖਵੇਂ ਕੋਟੇ ਰਾਹੀਂ ਸਿਲੈਕਟ ਕਰਕੇ ਸਵਿਲ ਜੱਜ ਬਣਾ ਦਿੱਤਾ। ਪਹਿਲੀ ਨਿਯੁਕਤੀ ਉਸ ਦੀ ਮਰਜ਼ੀ ਦੇ ਸ਼ਹਿਰ ਹੋ ਗਈ। ਪੁੱਤਰ ਦੇ ਜੱਜ ਬਣਨ ਨੂੰ ਸੱਤਿਆ ਨੂੰਹ ਦੀ ਆਮਦ ਨਾਲ ਜੋੜ ਕੇ ਵੇਖਣ ਲੱਗੀ। ਉਸ ਨੂੰ ਸੁਮਿੱਤਰਾ ਦੀ ਸੱਸ ਅਖਵਾਉਣਾ ਚੰਗਾ ਨਾ ਲੱਗਦਾ।
ਇਨਸਾਫ ਵਾਲੀ ਕੁਰਸੀ ’ਤੇ ਬੈਠਣ ਤੋਂ ਬਾਅਦ ਰੁਸਤਮ ਹਮੇਸ਼ਾਂ ਕਾਨੂੰਨੀ ਦਾਇਰੇ ’ਚ ਰਹਿਣ ਦੇ ਯਤਨ ਕਰਦਾ। ਵਕੀਲਾਂ ਵੱਲੋਂ ਆਪਣੇ ਮੁਵੱਕਲਾਂ ਦੇ ਹੱਕ ਵਿੱਚ ਜਾਂਦੇ ਉੱਚ ਅਦਾਲਤਾਂ ਦੇ ਫੈਸਲਿਆਂ ਦੀ ਤਫਸੀਲ ਨੂੰ ਉਹ ਖ਼ੁਦ ਧਿਆਨ ਨਾਲ ਪੜ੍ਹਦਾ ਤਾਂ ਜੋ ਕਿਸੇ ਨਾਲ ਬੇਇਨਸਾਫੀ ਨਾ ਹੋ ਜਾਏ। ਉਸ ਦੀ ਗੱਲ ਕਰਦਿਆਂ ਵਕੀਲ ਕਹਿਣ ਲੱਗ ਪਏ ਕਿ ਫੌਜੀ ਦਾ ਮੁੰਡਾ ਹੋਣ ਕਰਕੇ ਕਾਨੂੰਨ ਪਾਲਣ ਵਿੱਚ ਪ੍ਰਪੱਕ ਹੈ। ਨਿਆਸਰੇ ਲੋਕਾਂ ਨੂੰ ਉਸ ਤੋਂ ਇਨਸਾਫ਼ ਦੀ ਉਮੀਦ ਬੱਝਣ ਲੱਗੀ।
ਉਸ ਦਿਨ ਅਦਾਲਤੀ ਕੰਮ ਸ਼ੁਰੂ ਹੋਇਆਂ ਅਜੇ ਘੰਟਾ ਕੁ ਹੋਇਆ ਸੀ, ਰੀਡਰ ਨੇ ਜਿਰ੍ਹਾ ਵਾਲੀ ਮਿਸਲ ਫੜ ਕੇ ਹਾਕਰ ਤੋਂ ਕਾਂਤਾ ਕੁਮਾਰੀ ਬਨਾਮ ਚੰਦਰ ਮੋਹਨ ਆਵਾਜ਼ ਦਵਿਾਈ। ਦੋਵੇਂ ਧਿਰਾਂ ਆਪਣੇ ਵਕੀਲਾਂ ਦੇ ਪਿੱਛੇ ਪਿੱਛੇ ਆ ਹਾਜ਼ਰ ਹੋਈਆਂ। ਜਵਿੇਂ ਹੀ ਰੁਸਤਮ ਨੇ ਕੇਸ ਫਾਈਲ ਤੋਂ ਧਿਆਨ ਉੱਪਰ ਚੁੱਕਿਆ, ਉਹ ਵੇਖਦਾ ਰਹਿ ਗਿਆ। ਹੋਰਾਂ ਦੇ ਮੱਥੇ ਪੜ੍ਹਨ ਵਾਲੇ ਰੁਸਤਮ ਦਾ ਆਪਣਾ ਮਨ ਕਾਬੂ ਤੋਂ ਬਾਹਰ ਹੋਈ ਜਾ ਰਿਹਾ ਸੀ। ਉਹ ਰੱਬ ਵੱਲੋਂ ਵਿਹਲੇ ਬਹਿ ਕੇ ਘੜੀ ਉਸ ਮੂਰਤ ਨੂੰ ਰੱਜ ਕੇ ਨਿਹਾਰ ਲੈਣਾ ਚਾਹ ਰਿਹਾ ਸੀ। ਫਿਲਮੀ ਹੀਰੋਇਨਾਂ ਵਾਂਗ ਸਜੀ ਵਕੀਲ ਸਾਹਿਬਾ ਦੇ ਮੂੰਹੋਂ ਨਿਕਲਿਆ, ‘ਮਾਈ ਲਾਰਡ’, ਉਸ ਨੂੰ ਅੰਦਰ ਤੱਕ ਵਿੰਨ੍ਹ ਗਿਆ। ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦਿਆਂ ਉਹ ਮਿਸਲ ਦੇ ਵਰਕੇ ਫਰੋਲਣ ਲੱਗ ਪਿਆ। ਉਸ ਨੂੰ ਇਹ ਸਮਝ ਤਾਂ ਆ ਰਹੀ ਸੀ ਕਿ ਦਿਲ ਦੀ ਧੜਕਣ ਆਮ ਤੋਂ ਕਾਫ਼ੀ ਵਧੀ ਹੋਈ ਹੈ, ਪਰ ਇੰਜ ਕਿਉਂ ਹੋ ਗਿਆ, ਇਸ ਬਾਰੇ ਉਹ ਸੋਚੀ ਜਾ ਰਿਹਾ ਸੀ। ਆਖਰ ਰੀਡਰ ਨੇ ਚੁੱਪ ਤੋੜੀ ਤੇ ਵਕੀਲ ਨੂੰ ਆਪਣੀ ਦਲੀਲ ਦੇਣ ਲਈ ਕਿਹਾ। ਰੀਡਰ ਨੇ ਤੱਕ ਲਿਆ ਸੀ ਕਿ ਸਾਹਿਬ ਦੀਆਂ ਅੱਖਾਂ ਹੀ ਫਾਈਲ ’ਤੇ ਸਨ, ਪਰ ਮਨ ਦੀਆਂ ਲਹਿਰਾਂ ਕਿਸੇ ਮੰਝਧਾਰ ’ਚ ਗੋਤੇ ਖਾ ਰਹੀਆਂ ਨੇ। ਉਂਜ ਵੀ ਸਾਰਾ ਦਿਨ ਸਾਹਿਬ ਦੀ ਸੱਜੀ ਬਾਂਹ ਬਣ ਕੇ ਵਿਚਰਦਿਆਂ ਰੀਡਰ ਉਨ੍ਹਾਂ ਦੀ ਰਗ ਰਗ ਤੋਂ ਵਾਕਿਫ਼ ਹੋ ਜਾਂਦੇ ਨੇ, ਪਰ ਸਾਹਿਬ ਦੀ ਸੁਰਤ ਵਾਪਸ ਨਹੀਂ ਸੀ ਮੁੜੀ। ਅਚਾਨਕ ਬਾਹਰੋਂ ਤੇਜ਼ ਖੜਕੇ ਦੀ ਆਵਾਜ਼ ਨੇ ਸਾਰਿਆਂ ਨੂੰ ਚੌਕਸ ਕੀਤਾ। ਕੁਝ ਮਿੰਟ ਸਾਰਿਆਂ ਦਾ ਧਿਆਨ ਬਾਹਰ ਵੱਲ ਹੋ ਗਿਆ। ਰੁਸਤਮ ਦਾ ਇਸ਼ਾਰਾ ਸਮਝ ਕੇ ਰੀਡਰ ਨੇ ਕੇਸ ਦੀ ਸੁਣਵਾਈ ਅਗਲੇ ਦਿਨਾਂ ’ਤੇ ਪਾ ਦਿੱਤੀ।
ਸ਼ਾਮ ਨੂੰ ਘਰ ਪਹੁੰਚੇ ਰੁਸਤਮ ਦੀ ਖਾਮੋਸ਼ੀ ਚਿਹਰੇ ਤੋਂ ਪੜ੍ਹੀ ਜਾ ਰਹੀ ਸੀ। ਉਸ ਦਾ ਕਿਸੇ ਨਾਲ ਗੱਲ ਕਰਨ ਨੂੰ ਮਨ ਨਹੀਂ ਸੀ ਕਰ ਰਿਹਾ। ਸੁਮਿੱਤਰਾ ਕਈ ਵਾਰ ਪੁੱਛ ਚੁੱਕੀ ਸੀ, ਪਰ ਉਹ ਤਬੀਅਤ ਖਰਾਬ ਕਹਿ ਦੇ ਟਾਲਦਾ ਰਿਹਾ। ਸੁਮਿੱਤਰਾ ਨੇ ਨੋਟ ਕੀਤਾ ਕਿ ਲੇਟਣ ਤੋਂ ਥੋੜ੍ਹੀ ਦੇਰ ਬਾਅਦ ਸੌਂ ਜਾਣ ਵਾਲਾ ਰੁਸਤਮ ਦੇਰ ਰਾਤ ਤੱਕ ਕਰਵਟਾਂ ਬਦਲ ਰਿਹਾ ਸੀ। ਅਗਲੀ ਸਵੇਰ ਉਸ ਨੇ ਤਬੀਅਤ ਠੀਕ ਨਾ ਹੋਣ ਦਾ ਬਹਾਨਾ ਲਾ ਕੇ ਛੁੱਟੀ ਲੈ ਲਈ। ਦੁਪਹਿਰੇ ਉਹ ਡਾਕਟਰ ਦੇ ਬਹਾਨੇ ਆਪਣੇ ਦੋਸਤ ਰਮੇਸ਼ ਦੇ ਘਰ ਗਿਆ। ਵਾਪਸ ਆਇਆ ਚਿਹਰੇ ਤੋਂ ਕਾਫ਼ੀ ਉਦਾਸੀ ਗਾਇਬ ਸੀ। ਉਸ ਨੇ ਵਕੀਲ ਸਾਹਿਬਾ ਤੋਂ ਲੱਗਿਆ ਝਟਕਾ ਰਮੇਸ਼ ਨਾਲ ਸਾਂਝਾ ਕਰ ਲਿਆ। ਇਨ੍ਹਾਂ ਪੱਤਣਾਂ ਦੇ ਤਾਰੂ ਰਮੇਸ਼ ਨੇ ਉਸ ਨੂੰ ਮਨ ਕਾਬੂ ਕਰਨ ਦੇ ਫਾਰਮੂਲੇ ਦੱਸੇ।
ਅਗਲੇ ਦਿਨ ਅਦਾਲਤ ਲੱਗੀ। ਰੁਸਤਮ ਨਿਆਂ ਵਾਲੀ ਕੁਰਸੀ ’ਤੇ ਬੈਠ ਗਿਆ। ਰੀਡਰ ਮਿਸਲਾਂ ਵੇਖ ਕੇ ਹਾਕਰ ਤੋਂ ਆਵਾਜ਼ਾਂ ਮਰਵਾਉਣ ਲੱਗਾ। ਕਿਸੇ ਧਿਰ ਦਾ ਵਕੀਲ ਤੇ ਕੋਈ ਖ਼ੁਦ ਹੱਥ ਜੋੜ ਕੇ ਜੱਜ ਸਾਹਿਬ ਮੂਹਰੇ ਆਣ ਖੜ੍ਹਦਾ, ਪਰ ਰੁਸਤਮ ਦਾ ਮਨ ਕੇਸ ਸੁਣਵਾਈ ਲਈ ਤਿਆਰ ਨਹੀਂ ਸੀ ਹੋ ਰਿਹਾ। ਉਸ ਦੀਆਂ ਅੱਖਾਂ ਵਾਰ ਵਾਰ ਦਰਵਾਜ਼ੇ ਵੱਲ ਜਾਂਦੀਆਂ। ਕੁਝ ਦਿਨ ਹੋਰ ਇੰਜ ਲੰਘ ਗਏ। ਉਹ ਰੀਡਰ ਤੋਂ ਉਸ ਕੇਸ ਦੀ ਅਗਲੀ ਤਰੀਕ ਪੁੱਛਦਾ, ਜਿਸ ’ਚ ਮੇਮ ਸਾਹਿਬਾ ਵਕੀਲ ਪੇਸ਼ ਹੋਈ ਸੀ ਤੇ ਮਨ ’ਚ ਬਾਕੀ ਦਿਨਾਂ ਦੀ ਗਿਣਤੀ ਕਰਨ ਲੱਗਦਾ।
ਇੱਕ ਦਿਨ ਬੇਧਿਆਨਾ ਹੋਣ ਕਰਕੇ ਉਸ ਦੀ ਕਾਰ ਲਾਈਟਾਂ ’ਤੇ ਖੜ੍ਹੀ ਬੱਸ ਪਿੱਛੇ ਠੁਕਣ ਤੋਂ ਮਸੀਂ ਬਚੀ। ਕਈ ਦਿਨਾਂ ਬਾਅਦ ਉਸ ਨੂੰ ਸੱਤਿਆ ਦੇ ਪੈਰੀਂ ਹੱਥ ਲਾਉਣੇ ਯਾਦ ਆਏ। ਚਿਹਰੇ ’ਤੇ ਪਹਿਲਾਂ ਵਾਲੀ ਰੌਣਕ ਵੇਖ ਕੇ ਸੁਮਿੱਤਰਾ ਨੇ ਰੱਬ ਦਾ ਸ਼ੁਕਰਾਨਾ ਕੀਤਾ। ਦੇਰ ਰਾਤ ਤੱਕ ਉਹ ਆਪਣੀ ਮਨਪਸੰਦ ਹਿੰਦੀ ਫਿਲਮ ਵੇਖਦਾ ਰਿਹਾ। ਅਗਲੀ ਸਵੇਰ ਆਮ ਤੋਂ ਥੋੜ੍ਹਾ ਪਹਿਲਾਂ ਤਿਆਰ ਹੋਣ ਲੱਗਾ। ਸੁਮਿੱਤਰਾ ਨੇ ਉਸ ਨੂੰ ਸ਼ੀਸ਼ੇ ਮੂਹਰੇ ਖ਼ੁਦ ਨੂੰ ਨਿਹਾਰਦੇ ਵੇਖਿਆ। ਉਸ ਨੇ ਅਸਮਾਨੀ ਰੰਗਾ ਸੂਟ ਪਾਇਆ ਆਇਆ, ਜੋ ਟੋਕੀਓ ਗਿਆ ਉਸ ਦਾ ਦੋਸਤ ਤੋਹਫਾ ਲੈ ਕੇ ਆਇਆ ਸੀ। ਅਲਮਾਰੀ ’ਚੋਂ ਦੁਬਈ ਵਾਲੇ ਇਤਰ ਦੀ ਸ਼ੀਸ਼ੀ ਲੱਭਦਿਆਂ ਉਸ ਨੇ ਮੂਹਰੇ ਪਿਆ ਕਿੰਨਾ ਕੁਝ ਖਿਲਾਰ ਦਿੱਤਾ। ਪਤੀ ਉੱਤੇ ਰੱਬ ਵਰਗੇ ਭਰੋਸੇ ਕਾਰਨ ਸੁਮਿੱਤਰਾ ਨੂੰ ਹਰ ਗੱਲ ਦੀ ਪੜਚੋਲ ਕਰਨ ਦੀ ਆਦਤ ਨਹੀਂ ਸੀ।
ਉਹ ਸਟਾਰਟ ਕੀਤੀ ਹੋਈ ਕਾਰ ’ਚ ਬੈਠਾ ਤੇ ਗੇਟ ਲੰਘ ਕੇ ਸੜਕ ਪੈ ਗਿਆ। ਉਸ ਦਿਨ ਰੀਡਰ ਨੇ ਉਹ ਖ਼ਾਸ ਮਿਸਲ ਢੇਰ ਤੋਂ ਪਾਸੇ ਰੱਖ ਲਈ। ਸਮਾਂ ਹੋਇਆ ਤਾਂ ਅਦਾਲਤ ਸਜ ਗਈ। ਸਾਹਿਬ ਨੇ ਘੜੀ ਵੇਖੀ ਤੇ ਅਗਲੀ ਆਵਾਜ਼ ਦਾ ਸੰਕੇਤ ਦਿੱਤਾ। ਉਹ ਕੋਈ ਹੋਰ ਪਾਰਟੀ ਸੀ। ਦੂਜੇ ਮਾਮਲਿਆਂ ਦੀ ਕਾਰਵਾਈ ’ਚ ਲੱਗਦੀ ਦੇਰ ਉਸ ਦੀ ਪਰੇਸ਼ਾਨੀ ਬਣ ਰਹੀ ਸੀ। ਜਾਣੀ-ਜਾਣ ਰੀਡਰ ਨੇ ਪਾਸੇ ਰੱਖੀ ਮਿਸਲ ਫੜੀ ਤੇ ਜੱਜ ਮੂਹਰੇ ਕਰਦਿਆਂ ਕਿਹਾ,
‘‘ਜੀ ਐਹ ਬਹਿਸ ਵਾਲਾ ਕੇਸ ਆ, ਹੁਣੇ ਬੁਲਾ ਲਈਏ ਜਾਂ ਹੋਰਾਂ ਨੂੰ ਤੋਰ ਕੇ ਲੰਚ ਤੋਂ ਬਾਅਦ ਸੱਦੀਏ?” ਰੀਡਰ ਨੂੰ ਪਤਾ ਸੀ ਕਿ “ਹੋਰਾਂ ਨੂੰ ਤੋਰ ਕੇ” ਵਾਲਾ ਫਾਰਮੂਲਾ ਸਾਹਿਬ ਨੂੰ ਜ਼ਰੂਰ ਪਸੰਦ ਆਏਗਾ।
“ਹਾਂ ਸੰਦੀਪ ਠੀਕ ਹੈ ਉਦੋਂ ਤੱਕ ਰੌਲਾ ਰੱਪਾ ਸ਼ਾਂਤ ਹੋ ਗਿਆ ਹੁੰਦਾ, ਪੇਚੀਦਾ ਜਿਹਾ ਕੇਸ ਆ, ਆਰਾਮ ਨਾਲ ਸਮਝਿਆ ਵੀ ਜਾਊ।’’
ਲੰਚ ਤੋਂ ਬਾਅਦ ਢਾਈ ਕੁ ਵਜੇ ਜੱਜ ਸਾਹਿਬ ਕੁਰਸੀ ’ਤੇ ਆ ਬੈਠੇ। ਰੀਡਰ ਨੇ ਘੰਟੀ ਮਾਰ ਕੇ ਹਾਕਰ ਨੂੰ ਬੁਲਾਇਆ ਤੇ ਕਾਂਤਾ ਕੁਮਾਰੀ ਬਨਾਮ ਚੰਦਰ ਮੋਹਨ ਆਵਾਜ਼ ਦੇਣ ਲਈ ਕਿਹਾ। ਰੁਸਤਮ ਦੇ ਹੱਥ ਟਾਈ ਸੰਵਾਰਨ ਲੱਗੇ ਤੇ ਉਂਗਲਾਂ ਮੁੱਛਾਂ ’ਤੇ ਫਿਰਨ ਲੱਗੀਆਂ। ਆਵਾਜ਼ ਵੱਜੀ ਤੋਂ ਮਿੰਟ ਕੁ ਬਾਅਦ ਕਾਂਤਾ ਤੇ ਉਸ ਦੇ ਵਕੀਲ ਨੇ ਅੰਦਰ ਆ ਕੇ ਰਵਾਇਤੀ ਸਤਿਕਾਰ ਪ੍ਰਗਟਾਇਆ। ਅੱਧੇ ਕੁ ਮਿੰਟ ਬਾਅਦ ਚੰਦਰ ਮੋਹਨ ਤੇ ਉਸ ਦੀ ਵਕੀਲ ਸਾਹਿਬਾ ਨੇ ਆਪਣੀ ਥਾਂ ਆਣ ਮੱਲੀ। ਬਹਿਸ ਸ਼ੁਰੂ ਹੋਈ। ਦੋਹਾਂ ਵਕੀਲਾਂ ਨੇ ਆਪਣੇ ਮੁਵੱਕਲਾਂ ਦੇ ਹੱਕ ਵਿੱਚ ਸਬੂਤ, ਦਲੀਲਾਂ ਤੇ ਉੱਚ ਅਦਾਲਤਾਂ ਦੇ ਫੈਸਲਿਆਂ ਦੇ ਹਵਾਲੇ ਦਿੱਤੇ। ਘੰਟੇ ਕੁ ਬਾਅਦ ਬਹਿਸ ਖ਼ਤਮ ਹੋਈ। ਅਗਲੀ ਤਰੀਕ ਫੈਸਲੇ ਲਈ ਪਾਈ ਗਈ। ਕਾਤਾਂ ਤੇ ਉਸ ਦਾ ਵਕੀਲ ਚਲੇ ਗਏ। ਵਕੀਲ ਸਾਹਿਬਾ ਦਾ ਇਸ਼ਾਰਾ ਸਮਝ ਕੇ ਉਸ ਦਾ ਮੁਨਸ਼ੀ ਵੀ ਚਲੇ ਗਿਆ। ਫਾਈਲ ਸੰਭਾਲਦੇ ਹੋਏ ਵਕੀਲ ਸਾਹਿਬਾ ਨੇ ਆਪਣਾ ਕਾਰਡ ਜੱਜ ਦੇ ਮੇਜ਼ ਵੱਲ ਖਿਸਕਾਉਂਦੇ ਹੋਏ ਉਸ ਦੇ ਸ਼ਹਿਰ ’ਚ ਸ਼ਾਮ 6 ਵਜੇ ਕਿਸੇ ਪਾਰਟੀ ’ਚ ਸ਼ਾਮਲ ਹੋਣ ਦਾ ਹਵਾਲਾ ਦਿੰਦੇ ਹੋਏ ਰੈਸਟੋਰੈਂਟ ਦਾ ਨਾਂ ਦੱਸ ਦਿੱਤਾ। ਮੈਡਮ ਨੇ ਵੇਖਿਆ ‘ਮਾਈ ਲਾਰਡ’ ਨੇ ਬਿਨਾ ਦੇਰੀ ਉਸ ਦਾ ਕਾਰਡ ਆਪਣੇ ਵੱਲ ਖਿਸਕਾ ਕੇ ਕਾਗਜ਼ ਹੇਠ ਲੁਕੋ ਲਿਆ ਸੀ। ਦੁਵੱਲੀ ਖਿੱਚ ਦੇ ਸੰਕੇਤ ਨੇ ਰੁਸਤਮ ਨੂੰ ਤਕੜਾ ਕਰ ਦਿੱਤਾ।
ਰਹਿੰਦਾ ਅਦਾਲਤੀ ਸਮਾਂ ਲੰਘਾਉਣਾ ਰੁਸਤਮ ਨੂੰ ਔਖਾ ਲੱਗਣ ਲੱਗਾ। ਹੋਈ ਬਹਿਸ ਵਾਲੀ ਫਾਈਲ ਉਸ ਦੇ ਮੂਹਰੇ ਪਈ ਸੀ। ਬਹਿਸ ਦੌਰਾਨ ਵਕੀਲਾਂ ਦੇ ਨੋਟ ਕੀਤੇ ਨੁਕਤਿਆਂ ਤੋਂ ਚੰਦਰ ਮੋਹਨ ਵਾਲਾ ਪਾਸਾ ਭਾਰੀ ਪੈ ਰਿਹਾ ਸੀ। ਰੁਸਤਮ ਲਈ ਮੈਡਮ ਦੇ ਸਿਰ ਅਹਿਸਾਨ ਦਾ ਮੌਕਾ ਆਪਣੇ ਆਪ ਬਣ ਗਿਆ ਸੀ। ਉਸ ਨੇ ਰੀਡਰ ਨਾਲ ਸਾਰੇ ਨੁਕਤੇ ਵਿਚਾਰੇ ਤੇ ਦੋਹੇਂ ਫੈਸਲਾ ਲਿਖਵਾਉਣ ਲੱਗਾ। ਆਖਰੀ ਦੋ ਤਿੰਨ ਪਹਿਰੇ ਲਿਖਵਾਉਂਦਿਆਂ ਕਾਨੂੰਨੀ ਦਾਇਰੇ ਅਤੇ ਠੋਸ ਦਲੀਲਾਂ ਤੋਂ ਟਾਈਪਿਸਟ ਹੈਰਾਨ ਸੀ ਕਿ ਜੱਜ ਸਾਹਿਬ ਉਲਾਰ ਵਾਲੀ ਸੂਈ ਪ੍ਰਤੀ ਕਿੰਨੇ ਸੁਚੇਤ ਨੇ। ਆਖਰੀ ਪਹਿਰਾ ਲਿਖਵਾਉਂਦਿਆਂ ਅਦਾਲਤ ਦਾ ਸਮਾਂ ਮੁੱਕ ਗਿਆ।
ਕਾਹਲੀ ਤੇ ਬੇਸਬਰੀ ਦੀ ਥਾਂ ਸਹਿਜ ਮਹਿਸੂਸ ਕਰ ਰਿਹਾ ਰੁਸਤਮ 6 ਵੱਜਣ ’ਚ ਥੋੜ੍ਹੇ ਮਿੰਟ ਰਹਿੰਦਿਆਂ ਹਾਲ ਮੂਹਰੇ ਪਹੁੰਚ ਗਿਆ। ਪਾਰਕਿੰਗ ਦਾ ਜਾਇਜ਼ਾ ਲੈ ਰਿਹਾ ਸੀ ਕਿ ਖੱਬੇ ਸ਼ੀਸ਼ੇ ’ਤੇ ਟਿੱਕ ਟਿੱਕ ਹੋਈ। ਵਕੀਲ ਸਾਹਿਬਾ ਨੂੰ ਦੁਪਹਿਰ ਤੋਂ ਵੱਧ ਸਜੀ-ਧਜੀ ਵੇਖ, ਉਸ ਦੇ ਮਨ ਦੀਆਂ ਤਰੰਗਾਂ ਦਾ ਪ੍ਰਵਾਹ ਤੇਜ਼ੀ ਫੜਨ ਲੱਗਾ। 10 ਮਿੰਟਾਂ ਬਾਅਦ ਉਨ੍ਹਾਂ ਦੀ ਕਾਰ ਸ਼ਹਿਰ ਦੇ ਰਮਣੀਕ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਸੀ ਤੇ ਉਹ ਹਾਲ ਦੀ ਨੁੱਕਰ ’ਚ ਸਜੀ ਮੇਜ਼ ’ਤੇ ਆਹਮੋ ਸਾਹਮਣੇ ਬੈਠੇ ਸਨ। ਗਾੜ੍ਹੀ ਜਾਣ ਪਹਿਚਾਣ ਹੋਣ ਲੱਗੀ। ਰੁਸਤਮ ਤੋਂ ਸ਼ਾਦੀ-ਸ਼ੁਦਾ ਸੁਣ ਕੇ ਰੁਕਮਣੀ ਨੂੰ ਝਟਕਾ ਲੱਗਾ, ਪਰ ਛੇਤੀ ਸੰਭਲ ਗਈ। ਉਸ ਦੇ ਮੂੰਹੋਂ ‘ਹਾਣੀ ਲੱਭ ਰਹੀ ਆਂ’ ਸੁਣ ਕੇ ਰੁਸਤਮ ਦੇ ਕੰਨਾਂ ’ਚ ਮਿਸ਼ਰੀ ਘੁਲ ਗਈ। ਉਸ ਦਾ ਮਨ ਉਹੀ ਗੱਲ ਫਿਰ ਤੋਂ ਸੁਣਨ ਲਈ ਤਾਂਘਣ ਲੱਗਾ। ਰੁਕਮਣੀ ਦੇ ਸਾਥ ’ਚੋਂ ਉਸ ਨੂੰ ਅਲੌਕਿਕ ਆਨੰਦ ਮਹਿਸੂਸ ਹੋਣ ਲੱਗਾ। ਗੱਲਾਂ ਹੁੰਦੀਆਂ ਰਹੀਆਂ। ਦੋ ਘੰਟੇ 10 ਮਿੰਟਾਂ ਵਾਂਗ ਬੀਤ ਗਏ ਮਹਿਸੂਸ ਹੋਏ। ਰੁਕਮਣੀ ਨੇ ਆਪਣੇ ਡਰਾਈਵਰ ਨੂੰ ਫੋਨ ਕੀਤਾ ਤੇ ਦੋਵੇਂ ਮਨਾਂ ’ਚ ਪਹਿਲਾਂ ਤੋਂ ਵੱਖਰੇ ਸੁਪਨੇ ਲੈ ਕੇ ਆਪਣੇ ਰਾਹ ਪੈ ਗਏ।
ਰੁਸਤਮ ਦੇ ਵਤੀਰੇ ’ਚ ਦਿਨੋਂ ਦਿਨ ਬਦਲਾਅ ਹੋਣ ਲੱਗ ਪਿਆ। ਸੱਤਿਆ ਜਾਂ ਸੁਮਿੱਤਰਾ ਵੱਲੋਂ ਕੁਝ ਪੁੱਛੇ ਜਾਣ ’ਤੇ ਉਹ ਖਿੱਝ ਜਾਂਦਾ। ਉਸ ਦਾ ਬਦਲਾਅ ਸੱਸ-ਨੂੰਹ ਦੀ ਪਰੇਸ਼ਾਨੀ ’ਚ ਵਾਧਾ ਕਰਨ ਲੱਗਾ। ਮਹੀਨੇ ਕੁ ਬਾਅਦ ਰੁਕਮਣੀ ਉਨ੍ਹਾਂ ਦੇ ਘਰ ਆਉਣ ਲੱਗ ਪਈ। ਉਸ ਦੇ ਵਤੀਰੇ ਤੋਂ ਰੁਸਤਮ ਦੇ ਬਦਲਾਅ ਵਾਲੇ ਭੇਦ ਖੁੱਲ੍ਹਣ ਲੱਗੇ ਤੇ ਆਖਰ ਰੁਸਤਮ ਤੋਂ ਸੁਮਿੱਤਰਾ ਨੂੰ ਤਲਾਕ ਬਾਰੇ ਕਹਿ ਹੋ ਗਿਆ। ਥੋੜ੍ਹੇ ਦਿਨ ਘਰ ’ਚ ਸੋਗ ਵਰਗੀ ਸਥਿਤੀ ਬਣੀ ਰਹੀ। ਮਨਾਂ ਉੱਤੇ ਲੱਦੇ ਮਣਾਂ ਮੂੰਹੀ ਭਾਰ ਦੇ ਬਾਵਜੂਦ ਸੱਸ-ਨੂੰਹ ਇੱਕ-ਦੂਜੇ ਨੂੰ ਸਭ ਕੁਝ ਠੀਕ ਹੋਣ ਦੇ ਦਿਲਾਸੇ ਦਿੰਦੀਆਂ, ਇੱਕ ਦੂਜੀ ਦੇ ਹੰਝੂ ਪੂੰਝਦੀਆਂ। ਆਖਰ ਵੱਡਾ ਜਿਗਰਾ ਕਰਕੇ ਸੁਮਿੱਤਰਾ ਨੇ ਰੁਸਤਮ ਵੱਲੋਂ ਲਿਖ ਕੇ ਰੱਖੇ ਹੋਏ ਤਲਾਕ ਦੇ ਕਾਗਜ਼ਾਂ ’ਤੇ ਦਸਤਖ਼ਤ ਕੀਤੇ ਤੇ ਸੱਤਿਆਂ ਦੇ ਗਲ਼ ਲੱਗਦਿਆਂ ਪੇਟ ’ਚ ਦੋ ਮਹੀਨੇ ਦਾ ਗਰਭ ਲੈ ਕੇ, ਉਹ ਘਰ ਨੂੰ ਅਲਵਿਦਾ ਕਹਿ ਕੇ ਆਪਣੀ ਮਾਂ ਕੋਲ ਪਹੁੰਚ ਗਈ। ਉਹ ਅਜੇ ਮਨ ਦੀ ਪੀੜ ਨੂੰ ਸਾਂਵਾ ਕਰਨ ਵਿੱਚ ਸਫਲ ਹੋ ਰਹੀ ਸੀ ਜਦ ਨੰਨ੍ਹੀ ਬੇਟੀ ਨੇ ਉਸ ਦੀ ਗੋਦ ਮੱਲ ਲਈ। ਮਾਂ ਬਣਨ ਤੋਂ ਬਾਅਦ ਘਰ ਦੇ ਵਧੇ ਖਰਚਿਆਂ ਬਾਰੇ ਸੋਚ ਕੇ ਸੁਮਿੱਤਰਾ ਨੇ ਆਪਣੀ ਮਾਂ ਉੱਤੇ ਹੋਰ ਬੋਝ ਨਾ ਬਣਨ ਦਾ ਸੋਚਿਆ ਅਤੇ ਨੌਕਰੀ ਲੱਭਣ ਲੱਗੀ। ਚੰਗੀ ਵਿਦਿਅਕ ਯੋਗਤਾ ਕਾਰਨ ਛੇਤੀ ਹੀ ਉਸ ਨੂੰ ਵੱਡੀ ਕੰਪਨੀ ਵੱਲੋਂ ਨਿਯੁਕਤੀ ਪੱਤਰ ਆ ਗਿਆ। ਤਨਖਾਹ ਚੰਗੀ ਸੀ। ਸੁਮਿੱਤਰਾ ਨੇ ਮਿੱਥੀ ਤਰੀਕ ਤੋਂ ਡਿਊਟੀ ਸੰਭਾਲ ਲਈ ਤੇ ਆਪਣੀਆਂ ਜ਼ਿੰਮੇਵਾਰੀਆਂ ਕੰਪਨੀ ਦੀਆਂ ਉਮੀਦਾਂ ਤੋਂ ਵੀ ਚੰਗੇ ਢੰਗ ਨਾਲ ਨਿਭਾਉਣ ਲੱਗੀ।
ਪਹਿਲੇ ਪਹਿਲ ਬੇਟੀ ਤੋਂ ਦੂਰ ਰਹਿਣਾ ਉਸ ਨੂੰ ਅੱਖਰਦਾ ਰਿਹਾ, ਪਰ ਨਾਨੀ ਵੱਲੋਂ ਚੰਗੀ ਸੰਭਾਲ ਦਾ ਖਿਆਲ ਕਰਕੇ ਉਹ ਮਨ ਨੂੰ ਤਸੱਲੀ ਦੇ ਲੈਂਦੀ। ਮਹੀਨੇ ਕੁ ਬਾਅਦ ਉਸ ਨੇ ਨੋਟ ਕੀਤਾ ਕਿ ਬੱਚੇ ਨਾਲ ਰੁੱਝੀ ਰਹਿੰਦੀ ਨਾਨੀ ਦੀ ਸਿਹਤ ’ਚ ਸੁਧਾਰ ਹੋਣ ਲੱਗਾ ਹੈ। ਆਸ਼ਾ ਦਾ ਥਕੇਵਾਂ ਖਤਮ ਹੋਣ ਲੱਗ ਪਿਆ ਤੇ ਡਾਕਟਰ ਨੇ ਦਵਾਈਆਂ ਦੀ ਮਿਕਦਾਰ ਘਟਾ ਦਿੱਤੀ ਸੀ। ਸਮੇਂ ਦੇ ਨਾਲ ਨਾਲ ਵੱਡੀ ਹੁੰਦੀ ਜਾ ਰਹੀ ਆਰਤੀ ਦੀਆਂ ਵਧਦੀਆਂ ਜ਼ਿੰਮੇਵਾਰੀਆਂ ਨਾਨੀ ਨੂੰ ਖੁਸ਼ੀ ਦਿੰਦੀਆਂ। ਪੰਜਵੀਂ ’ਚ ਆਰਤੀ ਸਕੂਲ ’ਚੋਂ ਅੱਵਲ ਰਹੀ।
ਸੱਤਿਆ ਦੇ ਜ਼ੋਰ ਦੇਣ ’ਤੇ ਉਹ ਰੁਕਮਣੀ ਦੇ ਦਸਵੇਂ ਤੱਕ ਦੀ ਰਸਮ ਤੱਕ ਅੱਧਾ ਦਿਨ ਦਫ਼ਤਰੀ ਕੰਮ ਕਰਕੇ ਉੱਧਰ ਜਾਣ ਲੱਗੀ। ਤਿੰਨ ਚਾਰ ਘੰਟੇ ਉਹ ਸੱਤਿਆ ਕੋਲ ਠਹਿਰਦੀ, ਪ੍ਰਬੰਧਾਂ ਵਿੱਚ ਮਦਦ ਕਰਦੀ ਤੇ ਸ਼ਾਮ ਨੂੰ ਆਪਣੇ ਘਰ ਆ ਜਾਂਦੀ। ਉਹ ਰੁਸਤਮ ਦਾ ਸਾਹਮਣਾ ਕਰਨ ਤੋਂ ਗੁਰੇਜ਼ ਕਰਦੀ। ਸਕੂਲ ਤੋਂ ਆਏ ਰੁਸਤਮ ਦੇ ਬੇਟੇ ਦਾ ਮਾਸੂਮ ਚਿਹਰਾ ਵੇਖ ਕੇ ਉਸ ਦਾ ਮਨ ਕੁਰਲਾਉਂਦਾ। ਸੋਚਦੀ, ਬੱਚੇ ਨੂੰ ਕਾਹਦੀ ਸਜ਼ਾ। ਉਸ ਦੀ ਸੌਂਕਣ ਦੇ ਪੇਟੋਂ ਜਨਮ ਲੈਣਾ ਉਸ ਦੇ ਵੱਸ ਥੋੜ੍ਹਾ ਸੀ। ਉਹ ਰਿਸ਼ਭ ਨੂੰ ਪਿਆਰ ਕਰਦੀ, ਉਸ ਦੇ ਕੱਪੜੇ ਬਦਲਾਉਂਦੀ ਤੇ ਖਾਣ ਪੀਣ ਲਈ ਦਿੰਦੀ। ਰਿਸ਼ਭ ਉਸ ਨਾਲ ਕਾਫ਼ੀ ਘੁਲ-ਮਿਲ ਗਿਆ। ਰੁਕਮਣੀ ਦੀ ਆਖਰੀ ਰਸਮ ਤੋਂ ਬਾਅਦ ਆਪਣੇ ਘਰ ਜਾਣ ਲੱਗੀ ਤਾਂ ਸੱਤਿਆ ਦੀ ਗੱਲਵਕੜੀ ਖੁੱਲ੍ਹਣ ਦਾ ਨਾਂ ਨਹੀਂ ਸੀ ਲੈ ਰਹੀ। ਦੋਹਾਂ ਦੇ ਸਾਹ ਮਨਾਂ ਦੀਆਂ ਤਰੰਗਾਂ ਰਾਹੀਂ ਇੱਕ ਦੂਜੇ ਦੇ ਅਹਿਸਾਸਾਂ ਦਾ ਨਾਪ ਤੋਲ ਕਰ ਰਹੇ ਸਨ। ਉਨ੍ਹਾਂ ਦੇ ਗਲੇ ਕੁਝ ਵੀ ਬੋਲਣ ਤੋਂ ਅਸਮਰੱਥ ਸਨ। ਦੂਜੇ ਕਮਰੇ ਦੇ ਸ਼ੀਸ਼ੇ ’ਚੋਂ ਰੁਤਸਮ ਇਹ ਦ੍ਰਿਸ਼ ਵੇਖ ਰਿਹਾ ਸੀ। ਉਹ ਆਪਣੇ ਪੈਰ ਥਿੜਕਣ ਦੇ ਵੇਲੇ ਨੂੰ ਯਾਦ ਕਰਕੇ ਪਛਤਾਅ ਰਿਹਾ ਸੀ। ਝੂਰ ਰਿਹਾ ਸੀ ਕਿ ਵਕੀਲ ਸਾਹਿਬਾ ਨੂੰ ਵੇਖ ਕੇ ਉਹ ਮਨ ਦੇ ਘੋੜੇ ਕਾਬੂ ’ਚ ਰੱਖਣ ਤੋਂ ਬੇਵੱਸ ਕਿਉਂ ਹੋ ਗਿਆ। ਕਿੰਨੀ ਦੇਰ ਉਹ ਰੁਕਮਣੀ ਤੇ ਸੁਮਿੱਤਰਾ ਦੇ ਵਿਹਾਰਾਂ ਨੂੰ ਤੱਕੜੀ ਦੇ ਪੱਲਿਆਂ ’ਚ ਤੋਲਦਾ ਰਿਹਾ। ਅਦਾਲਤ ’ਚ ਲੱਗਾ ਇਨਸਾਫ ਵਾਲੀ ਤੱਕੜੀ ਦਾ ਮਾਡਲ ਉਸ ਦੀਆਂ ਅੱਖਾਂ ਮੂਹਰੇ ਹਿੱਲਣ ਲੱਗ ਪਿਆ। ਵੱਡੇ ਵੱਡੇ ਕੇਸਾਂ ਦੇ ਫੈਸਲੇ ਸਮੇਂ ਸਹਿਜ ਰਹਿਣ ਵਾਲੇ ਰੁਸਤਮ ਨੂੰ ਪਤਾ ਹੀ ਨਾ ਲੱਗਾ ਕਿ ਖੜ੍ਹੇ ਖੜ੍ਹੇ ਉਸ ਦੀਆਂ ਅੱਖਾਂ ਦਾ ਵਹਿਣ ਕਦ ਤੋਂ ਉਸ ਦੀ ਕਮੀਜ਼ ਗਿੱਲੀ ਕਰ ਰਿਹਾ ਸੀ। ਉਸ ਦੀ ਸੁਰਤ ਉਦੋਂ ਪਰਤੀ ਜਦ ਰਿਸ਼ਭ ਉਸ ਦੀ ਲੱਤ ਨੂੰ ਜੱਫੀ ਪਾ ਕੇ ਤਰਲਾ ਲੈਂਦਿਆ ਕਹਿ ਕਿਹਾ ਸੀ, “ਪਾਪਾ ਆਂਟੀ ਨੂੰ ਕਹੋ ਨਾ ਜਾਣ।’’
ਉਸ ਦਾ ਜੀਅ ਕੀਤਾ ਉਹ ਗੇਟ ਵੱਲ ਜਾਂਦੀ ਸੁਮਿੱਤਰਾ ਦੇ ਪੈਰ ਫੜ ਕੇ ਰਿਸ਼ਭ ਦੀ ਗੱਲ ਮੰਨਵਾ ਲਏ, ਪਰ ਤਦ ਤੱਕ ਉਹ ਆਪਣੀ ਕਾਰ ਵਿੱਚ ਬੈਠ ਚੁੱਕੀ ਸੀ। ਰਿਸ਼ਭ ਦਾਦੀ ਨਾਲ ਨਾਰਾਜ਼ ਹੋਈ ਜਾ ਰਿਹਾ ਸੀ ਕਿ ਉਸ ਨੇ ਆਂਟੀ ਨੂੰ ਜਾਣ ਤੋਂ ਰੋਕਿਆ ਕਿਉਂ ਨਹੀਂ ਸੀ। ਦੂਜੇ ਕਮਰੇ ’ਚ ਖੜ੍ਹੇ ਰੁਸਤਮ ਦਾ ਮਨ ਗ਼ਲਤੀ ਦਾ ਅਹਿਸਾਸ ਕਰਦਿਆਂ ਤੜਫ਼ ਰਿਹਾ ਸੀ। ਉਹ ਰਸਤੇ ’ਚ ਜਾਂਦੀ ਸੁਮਿੱਤਰਾ ਨੂੰ ਮਿੰਨਤਾਂ ਕਰਕੇ ਵਾਪਸ ਮੋੜ ਲਿਆਉਣਾ ਚਾਹ ਰਿਹਾ ਸੀ, ਪਰ ਹੌਸਲਾ ਨਾ ਜੁਟਾ ਸਕਿਆ ਜਾਂ ‘ਮੈਂ’ ਨੇ ਉਸ ਦਾ ਰਸਤਾ ਰੋਕ ਲਿਆ। ਉਸ ਦੀ ਸੁਰਤ ਉਦੋਂ ਟੁੱਟੀ ਜਦ ਰਿਸ਼ਭ ਉਸ ਕੋਲ ਆ ਕੇ ਕਹਿ ਰਿਹਾ ਸੀ,
“ਪਾਪਾ ਸੁਮਿੱਤਰਾ ਆਂਟੀ ਕਿੰਨੇ ਚੰਗੇ ਨੇ ਨਾ, ਦਾਦੀ ਨੇ ਉਨ੍ਹਾਂ ਨੂੰ ਇੱਥੇ ਰਹਿਣ ਲਈ ਕਿਉਂ ਨਹੀਂ ਕਿਹਾ?”
ਰੁਸਤਮ ਨੂੰ ਬੱਚੇ ਦੇ ਉੱਤਰ ਦੇਣੇ ਔਖੇ ਹੋ ਗਏ। ਉਸ ਨੇ ਕੁਰਸੀ ਖਿੱਚੀ ਤੇ ਰਿਸ਼ਭ ਨੂੰ ਗਲੇ ਲਾ ਲਿਆ। ਬੱਚੇ ਦੇ ਸਿਰ ’ਤੇ ਹੱਥ ਫੇਰਦਿਆਂ ਉਸ ਨੂੰ ਵਰਚਾਉਣ ਲਈ ਉਸ ਨੂੰ ਸ਼ਬਦ ਨਹੀਂ ਸੀ ਮਿਲ ਰਹੇ। ਬਿਲਕੁਲ ਉਵੇ, ਜਵਿੇਂ ਅਦਾਲਤ ’ਚ ਕਿਸੇ ਪੇਚੀਦਾ ਕੇਸ ਦਾ ਫੈਸਲਾ ਲਿਖਦੇ ਹੋਏ ਕੋਈ ਢੁੱਕਵਾਂ ਸ਼ਬਦ ਲੱਭਣ ਲਈ ਦਿਮਾਗ਼ ’ਤੇ ਜ਼ੋਰ ਪਾਉਣਾ ਪੈਂਦਾ ਸੀ। ਆਖਰ ਉਹ ਬੱਚੇ ਦੀ ਉਂਗਲ ਫੜ ਉਸ ਦੇ ਪਸੰਦੀਦਾ ਪਾਰਕ ਵੱਲ ਤੁਰ ਪਿਆ।
ਦਿਨ ਲੰਘ ਰਹੇ ਸੀ, ਪਰ ਰੁਸਤਮ ਦੇ ਜ਼ਖ਼ਮ ਭਰਨ ਦੀ ਥਾਂ ਅੱਲ੍ਹੇ ਹੋਈ ਜਾ ਰਹੇ ਸਨ। ਉਸ ਦਿਨ ਐਤਵਾਰ ਸੀ। ਸ਼ਾਮ ਹੋਣ ਵਾਲੀ ਸੀ। ਸੁਮਿੱਤਰਾ ਤੇ ਆਰਤੀ ਟੀਵੀ ਮੂਹਰੇ ਬੈਠੀਆਂ ਸਨ। ਡੋਰ ਬੈੱਲ ਵੱਜੀ। ਦਰਵਾਜ਼ਾ ਖੋਲ੍ਹਦਿਆਂ ਸੁਮਿੱਤਰਾ ਨੇ ਵੇਖਿਆ, ਰੁਸਤਮ, ਰਿਸ਼ਭ ਦੀ ਉਂਗਲ ਫੜ ਕੇ ਖੜ੍ਹਾ ਸੀ। ਸੁਮਿੱਤਰਾ ਨੂੰ ਸੁੱਝ ਨਹੀਂ ਸੀ ਰਿਹਾ, ਉਹ ਦਰਵਾਜ਼ਾ ਭੇੜ ਲਏ ਜਾਂ ਲੰਘ ਆਉਣ ਲਈ ਕਹੇ। ਤਦ ਤੱਕ ਆਰਤੀ ਉਸ ਦੇ ਕੋਲ ਆਣ ਖੜ੍ਹੀ ਹੋਈ। ਆਪਣੇ ਵਿਹਾਰ ਤੋਂ ਦੋਹਾਂ ਬੱਚਿਆਂ ਦੀ ਮਾਨਸਿਕਤਾ ਉਤੇ ਪੈਣ ਵਾਲੇ ਦੁਰਪ੍ਰਭਾਵ ਦਾ ਖਿਆਲ ਆਉਂਦੇ ਹੀ ਲੰਘ ਆਉਣ ਦੇ ਸੰਕੇਤ ਵਜੋਂ ਉਹ ਪਾਸੇ ਹੋ ਗਈ। ਪਿਤਾ ਦੀ ਉਂਗਲ ਛੱਡ ਕੇ ਰਿਸ਼ਭ ਨੇ ਸੁਮਿੱਤਰਾ ਦੀ ਲੱਤ ਨੂੰ ਜੱਫੀ ਪਾ ਲਈ। ਸੁਮਿੱਤਰਾ ਉਸ ਦਾ ਸਿਰ ਹੱਥਾਂ ’ਚ ਲੈ ਕੇ ਪਲੋਸਣ ਲੱਗੀ। ਅੰਦਰ ਲੰਘ ਗਿਆ ਰੁਸਤਮ ਬੈਠਣ ਦੇ ਇਸ਼ਾਰੇ ਦੀ ਉਡੀਕ ’ਚ ਸੀ। ਸੁਮਿੱਤਰਾ ਨੇ ਆਪਣੀ ਧੀ ਦੀਆਂ ਅੱਖਾਂ ’ਚੋਂ ਸਵਾਲ ਪੜ੍ਹ ਲਿਆ ਸੀ।
“ਬੇਟਾ ਇਹ ਅੰਕਲ ਦਾ ਬੇਟਾ ਰਿਸ਼ਭ ਹੈ, ਬੜਾ ਪਿਆਰਾ ਹੈ ਨਾ?” ਸੁਮਿੱਤਰਾ ਵੱਲੋਂ ਦੱਸੇ ਜਾਣ ’ਤੇ ਆਰਤੀ ਨੇ ਖੁਸ਼ੀ ਦੇ ਪ੍ਰਗਟਾਵੇ ਵਜੋਂ ਸਿਰ ਹਿਲਾਇਆ।
“ਹਾਂ, ਰਿਸ਼ਭ ਇਹ ਮੇਰੀ ਉਹੀ ਬੇਟੀ ਆਰਤੀ ਹੈ, ਜਿਸ ਦੀਆਂ ਗੱਲਾਂ ਤੇਰੇ ਦਾਦੀ ਜੀ ਮੇਰੇ ਤੋਂ ਪੁੱਛਦੇ ਹੁੰਦੇ ਸੀ। ਇੱਕ ਵਾਰ ਤੂੰ ਇਸ ਦੀ ਫੋਟੋ ਵਿਖਾਉਣ ਬਾਰੇ ਕਹਿੰਦਾ ਸੀ ਨਾ, ਲੈ ਤੇਰੀ ਭੈਣ ਸਾਹਮਣੇ ਖੜ੍ਹੀ ਐ, ਵੇਖ ਲੈ।’’ ਬੱਚਿਆਂ ’ਚ ਰੁੱਝ ਕੇ ਸੁਮਿੱਤਰਾ ਦੇ ਅੰਦਰ ਪੈਦਾ ਹੋਇਆ ਗੁਬਾਰ ਖੁਰਨ ਲੱਗ ਪਿਆ ਸੀ। ਆਰਤੀ ਨੇ ਰਿਸ਼ਭ ਦਾ ਹੱਥ ਫੜਿਆ ਤੇ ਆਪਣੇ ਕਮਰੇ ’ਚ ਲਿਜਾ ਕੇ ਖਿਡਾਉਣੇ ਵਿਖਾਉਣ ਲੱਗ ਪਈ।
ਸੁਮਿੱਤਰਾ ਖ਼ੁਦ ਹੈਰਾਨ ਸੀ ਕਿ ਉਸ ਦੇ ਮੂੰਹੋਂ ਰੁਸਤਮ ਨੂੰ ਬੈਠਣ ਲਈ ਸਹਿਜ ਜਿਹੇ ਸ਼ਬਦ ਕਵਿੇਂ ਬੋਲੇ ਗਏ। ਕੁਝ ਮਿੰਟਾਂ ਬਾਅਦ ਚੁੱਪ ਰੁਸਤਮ ਨੂੰ ਤੋੜਨੀ ਪਈ।
“ਬੇਟੀ ਦੇ ਬਾਪ ਨੂੰ ਉਸ ਦਾ ਅੰਕਲ ਬਣਾਉਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ?”
“ਕਿਹੜਾ ਬਾਪ? ਅੱਛਾ ਉਹੀ, ਜਿਸਦੇ ਮਨ ’ਚ ਆਪਣੀ ਧੀ ਨੂੰ ਪਹਿਲੀ ਵਾਰ ਵੇਖਣ ਦਾ ਖਿਆਲ ਨੌਂ ਸਾਲ ਪੰਜ ਮਹੀਨੇ ਬਾਅਦ ਅੱਜ ਉਸ ਵੇਲੇ ਆਇਆ, ਜਦ ਕੁਦਰਤ ਨੇ ਸਾਰੇ ਹਾਲਾਤ ਬਦਲਾਅ ਦਿੱਤੇ ਨੇ? ਐਨੇ ਸਾਲ ਤਾਂ ਇਹ ਵੀ ਪਤਾ ਨਹੀਂ ਕੀਤਾ ਕਿ ਮਾਂ-ਧੀ ਹਨ ਵੀ ਕਿ ਨਹੀਂ, ਜਾਂ ਕਿਸ ਹਾਲ ’ਚ ਨੇ।”
“ਸੁਮਿੱਤਰਾ ਮੈਂ ਗੱਲ ਵਧਾਉਣ ਨਹੀਂ, ਗਿਲੇ ਸ਼ਿਕਵੇ ਮਿਟਾਉਣ ਆਇਆਂ ਹਾਂ। ਮੈਂ ਵੱਡੀ ਉਮੀਦ ਲੈ ਕੇ ਹੋਈਆਂ ਗ਼ਲਤੀਆਂ ਤੇ ਕੀਤੀਆਂ ਜਿਆਦਤੀਆਂ ਲਈ ਤੇਰੇ ਤੋਂ ਮੁਆਫ਼ੀ ਮੰਗਣ ਆਇਆਂ। ਰਿਸ਼ੀ-ਮੁਨੀ ਤੇ ਪੀਰ-ਪੈਗੰਬਰ ਮੰਨਦੇ ਤੇ ਉਪਦੇਸ਼ ਦਿੰਦੇ ਰਹੇ ਕਿ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ। ਕਿਸੇ ਦੇ ਵੀ ਪੈਰ ਥਿੜਕਣ ਤੋਂ ਪਹਿਲਾਂ ਉਸ ਦੀ ਸੁੱਧ-ਬੁੱਧ ਗੁਆਚਦੀ ਹੈ। ਕੁਝ ਗੁਨਾਹ ਤਾਂ ਰੱਬ ਮੁਆਫ਼ ਕਰ ਦਿੰਦਾ। ਆਰਤੀ ਦਾ ਅੰਕਲ ਕਹਿ ਕੇ ਤੂੰ ਮੇਰਾ ਸੀਨਾ ਛਲਣੀ ਕਰ ਦਿੱਤਾ। ਆਪਣੇ ਆਪ ਨੂੰ ਲਾਹਨਤਾਂ ਤਾਂ ਮੈਂ ਕਈ ਸਾਲਾਂ ਤੋਂ ਪਾ ਰਿਹਾ ਸੀ, ਪਰ ਐਸ ਅੰਕਲ ਸ਼ਬਦ ਨੇ ਤਾਂ ਥਿੜਕੇ ਹੋਏ ਪੈਰਾਂ ਦੀ ਚੀਸ ਨੇ ਮੇਰੇ ਲਈ ਜ਼ਿੰਦਗੀ ਦੇ ਮਾਅਨੇ ਬਦਲ ਦਿੱਤੇ ਨੇ। ਆਪਣੀ ਬੇਟੀ ਤੋਂ ਅੰਕਲ ਕਹਾਉਣ ਤੋਂ ਵੱਡੀ ਲਾਹਨਤ ਹੋਰ ਕਿਹੜੀ ਹੋ ਸਕਦੀ ਹੈ?”
ਸੁਮਿੱਤਰਾ ਦੇ ਮੂਹਰੇ ਖੜ੍ਹਾ ਰੁਸਤਮ ਜੋ ਵਕੀਲਾਂ ਨੂੰ ਭਾਵਨਾਵਾਂ ਦੀ ਥਾਂ ਕਾਨੂੰਨ ਨੂੰ ਪਹਿਲ ਦੇਣ ਦੀ ਗੱਲ ਕਰਿਆ ਕਰਦਾ ਸੀ, ਲਾਚਾਰਗੀ ਦੀ ਮੂਰਤ ਬਣ ਕੇ ਹੱਥ ਵਿੱਚ ਭਾਵਨਾਵਾਂ ਵਾਲਾ ਠੂਠਾ ਫੜੀਂ ਉਸ ਤੋਂ ਮੁਆਫ਼ੀ ਦੀ ਭੀਖ ਵਾਸਤੇ ਲੇਲੜੀਆਂ ਕੱਢ ਰਿਹਾ ਸੀ। ਆਪਣੀ ਪੁਗਾਉਣ ਵਾਲੇ ਬੰਦੇ ਦਾ ਚਿਹਰਾ ਉਸ ਦੀ ਹਾਰ ਦੀ ਗਵਾਹੀ ਭਰ ਰਿਹਾ ਸੀ। ਜਿਸ ਨੂੰ ਕਦੇ ਨਾਂਹ ਸੁਣਨ ਦੀ ਆਦਤ ਨਹੀਂ ਸੀ, ਉਹ ਸੁਮਿੱਤਰਾ ਮੂਹਰੇ ਤਰਸ ਦੀ ਮੂਰਤ ਬਣ ਕੇ ਖੜ੍ਹਾ ਸੀ। ਆਪਣੀ ਕਲਮ ਨਾਲ ਵੱਡੇ ਫ਼ੈਸਲੇ ਲਿਖਣ ਵਾਲੇ ਵਿਅਕਤੀ ਦੇ ਕੰਨ ਸੁਮਿੱਤਰਾ ਦੇ ਮੂੰਹੋਂ ਹਾਂ ਸੁਣਨ ਲਈ ਤਰਸ ਰਹੇ ਸਨ।
ਰੁਸਤਮ ਲਗਾਤਾਰ ਬੋਲੀ ਗਿਆ। ਉਸ ਦੀਆਂ ਅੱਖਾਂ ਸੁਮਿੱਤਰਾ ਦੇ ਚਿਹਰੇ ਉਤੇ ਗੱਡੀਆਂ ਹੋਈਆਂ ਸਨ। ਉਹ ਹਾਂ ਵਜੋਂ ਸੁਮਿੱਤਰਾ ਦੇ ਹਿਲਦੇ ਬੁੱਲ੍ਹ ਵੇਖਣ ਲਈ ਉਤਾਵਲਾ ਹੋ ਰਿਹਾ ਸੀ। ਮੁਆਫ਼ੀ ਵਾਲੀ ਖੈਰ ਪਵਾਉਣ ਲਈ ਦਰ ’ਤੇ ਝੋਲੀ ਅੱਡੀ ਖੜ੍ਹੇ ਰੁਸਤਮ ਨੂੰ ਵੇਖ ਕੇ ਸੁਮਿੱਤਰਾ ਦੇ ਮਨ ’ਚ ਉਸਲਵੱਟੇ ਲੈਂਦੇ ਉਲਾਂਭੇ ਪੰਘਰਣ ਲੱਗ ਪਏ। ਆਪਣੀ ਗੱਲ ਮੁਕਾ ਕੇ ਰੁਸਤਮ ਹੱਥ ਫੈਲਾਉਂਦਾ ਹੋਇਆ ਸੁਮਿੱਤਰਾ ਦੇ ਪੈਰਾਂ ਵੱਲ ਝੁਕਿਆ। ਸੁਮਿੱਤਰਾ ਨੂੰ ਪਤਾ ਹੀ ਨਾ ਲੱਗਾ ਕਦ ਉਸ ਦੇ ਪੈਰ ਪਿਛਾਂਹ ਨੂੰ ਹੋਣ ਲੱਗੇ। ਖੱਬੇ ਤੋਂ ਬਾਅਦ ਸੱਜਾ ਪੈਰ ਖਿਸਕਾਉਣ ਹੀ ਲੱਗੀ ਸੀ ਕਿ ਪਿੱਛੇ ਪਏ ਆਰਤੀ ਦੇ ਖਿਡਾਉਣੇ ਤੋਂ ਤਿਲ੍ਹਕ ਕੇ ਉਸ ਦਾ ਸੰਤੁਲਨ ਵਿਗੜਿਆ ਤੇ ਪਾਸੇ ਨੂੰ ਉਲਰ ਗਈ। ਜੇ ਰੁਸਤਮ ਫੁਰਤੀ ਨਾਲ ਉਸ ਨੂੰ ਕਲਾਵੇ ’ਚ ਨਾ ਲੈਂਦਾ ਤਾਂ ਸ਼ਾਇਦ ਉਸ ਦਾ ਸਿਰ ਖੁੱਲ੍ਹੀ ਖਿੜਕੀ ਦੀ ਗਰਿੱਲ ’ਚ ਵੱਜ ਕੇ ਅਣਚਾਹਿਆ ਵਾਪਰ ਜਾਂਦਾ। ਬਾਂਹ ਦੇ ਸਹਾਰੇ ਨਾਲ ਉਸ ਨੇ ਸੁਮਿੱਤਰਾ ਨੂੰ ਸੋਫੇ ’ਤੇ ਬੈਠਾਇਆ ਤੇ ਰਸੋਈ ’ਚੋਂ ਪਾਣੀ ਦਾ ਗਲਾਸ ਲਿਆ ਕੇ ਉਸ ਦੇ ਮੂੰਹ ਨੂੰ ਲਾਇਆ। ਘੁੱਟ ਘੁੱਟ ਕਰਕੇ ਪਾਣੀ ਪੀਂਦਿਆਂ ਸੁਮਿੱਤਰਾ ਆਪਣੇ ਆਪ ਵਿੱਚ ਆਉਣ ਲੱਗੀ। ਥੋੜ੍ਹੀ ਦੇਰ ਬਾਅਦ ਬਿਨਾ ਕੁਝ ਬੋਲੇ ਉਹ ਉੱਠੀ ਤੇ ਰਸੋਈ ’ਚ ਜਾ ਕੇ ਚਾਹ ਬਣਾਉਣ ਲੱਗੀ।
ਮੇਜ਼ ’ਤੇ ਰੱਖੀ ਟਰੇਅ ’ਚ ਇੱਕੋ ਕੱਪ ਵੇਖ ਕੇ ਰੁਸਤਮ ਉੱਠਿਆ ਤੇ ਰਸੋਈ ’ਚੋਂ ਹੋਰ ਕੱਪ ਲਿਆ ਕੇ ਚਾਹ ਅੱਧੋ ਅੱਧ ਕਰ ਲਈ। ਉੱਧਰ ਆਰਤੀ ਕਿਸੇ ਗੱਲੋਂ ਰਿਸ਼ਭ ਤੋਂ ਖਿਝ ਗਈ। ਰੁਸਤਮ ਕੋਲ ਸ਼ਿਕਾਇਤ ਲਾਉਣ ਆਈ ਕੁੜੀ ਦੇ ਮੂੰਹੋਂ ਸਹਿਜ ਸੁਭਾਅ ਪਾਪਾ ਨਿਕਲ ਗਿਆ। ਧੀ ਦੇ ਮੂੰਹੋਂ ਪਾਪਾ ਸੁਣ ਕੇ ਰੁਸਤਮ ਦੇ ਮਨ ਤੋਂ ਮਣਾਂ ਮੂੰਹੀ ਭਾਰ ਲਹਿ ਗਿਆ। ਉਸ ਨੇ ਆਰਤੀ ਨੂੰ ਜੱਫੀ ’ਚ ਘੁੱਟ ਲਿਆ ਤੇ ਕਿੰਨੀ ਦੇਰ ਉਸ ਦਾ ਮੂੰਹ ਚੁੰਮਦਾ ਰਿਹਾ।
ਧੀ ਦੇ ਮੂੰਹੋਂ ਪਹਿਲੀ ਵਾਰ ਪਾਪਾ ਸੁਣ ਕੇ ਸੁਮਿੱਤਰਾ ਦੇ ਮਨ ਉੱਤੇ ਤਪਦੀ ਦੁਪਹਿਰ ’ਚ ਸੀਤ ਹਵਾ ਦੇ ਬੁੱਲੇ ਵਰਗਾ ਅਸਰ ਹੋਇਆ। ਉਹ ਉੱਠੀ ਤੇ ਵਿਚਾਰਾ ਜਿਹਾ ਮੂੰਹ ਬਣਾਈ ਖੜ੍ਹੇ ਰਿਸ਼ਭ ਦਾ ਸਿਰ ਪਲੋਸਦੇ ਹੋਏ ਸਮਝਾਉਣ ਲੱਗੀ,
“ਬੇਟਾ ਵੱਡੀਆਂ ਭੈਣਾਂ ਨੂੰ ਇੰਜ ਨਹੀਂ ਬੋਲੀਦਾ। ਮਸੀਂ ਤੇ ਤੁਹਾਨੂੰ ਖੇਡਣ ਦਾ ਮੌਕਾ ਮਿਲਿਆ, ਤੈਨੂੰ ਪਤਾ, ਇਹੋ ਜਿਹੇ ਮੌਕੇ ਕਿੰਨੇ ਕੀਮਤੀ ਹੁੰਦੇ ਨੇ। ਇਨ੍ਹਾਂ ਦਾ ਫਾਇਦਾ ਉਠਾਈਦਾ। ਔਹ ਦੇਖ ਤੇਰੇ ਪਾਪਾ ਥਿੜਕੇ ਹੋਏ ਪੈਰਾਂ ਦੀ ਚੀਸ ਨਾਲ ਵਿੰਨ੍ਹੇ ਪਏ ਨੇ। ਤੂੰ ਵੀ ਮੌਕਿਆਂ ਦੀ ਸੰਭਾਲ ਕਰਨ ਦੀ ਆਦਤ ਹੁਣ ਤੋਂ ਹੀ ਪਾ ਲੈ।’’ ਰਿਸ਼ਭ ਨਾਲ ਲਾਡ ਲਡਾਉਂਦਿਆਂ ਵੇਖ ਆਰਤੀ ਪਾਪਾ ਦੀ ਗੋਦ ’ਚੋਂ ਉੱਠੀ ਤੇ ਸਵਾਲੀਆ ਮੂੰਹ ਬਣਾ ਕੇ ਮੰਮੀ ਮੂਹਰੇ ਆ ਖੜ੍ਹੀ ਹੋਈ। ਸੁਮਿੱਤਰਾ ਨੇ ਉਸ ਨੂੰ ਵੀ ਰਿਸ਼ਭ ਦੇ ਨਾਲ ਹੀ ਬਾਹਵਾਂ ’ਚ ਭਰ ਲਿਆ।
“ਮੰਮੀ, ਜਦੋਂ ਮੇਰੇ ਪਾਪਾ ਆ ਗਏ ਤਾਂ ਉਹ ਵੀ ਮੈਨੂੰ ਅੰਕਲ ਵਾਂਗ ਈ ਪਿਆਰ ਕਰਨਗੇ ਨਾ ?’’ ਆਰਤੀ ਦੇ ਮਨ ’ਚੋਂ ਨਿਕਲਿਆ ਸਵਾਲ ਸੁਮਿੱਤਰਾ ਦੀ ਸੋਚ ਤੋਂ ਬਾਹਰ ਸੀ। ਉਹ ਭੌਂਚਲ ਕੇ ਰਹਿ ਗਈ। ਧੀ ਨੂੰ ਇਸ ਦਾ ਕੀ ਜਵਾਬ ਦੇਵੇ। ਕੁੜੀ ਵੱਲੋਂ ਵਾਰ ਵਾਰ ਪੁੱਛੇ ਜਾਂਣ ’ਤੇ ਸੁਮਿੱਤਰਾ ਦੇ ਮੂੰਹੋਂ ਉਹ ਗੱਲ ਨਿਕਲ ਗਈ, ਜਿਸ ਨੂੰ ਉਹ ਅਜੇ ਸੰਭਾਲਣਾ ਚਾਹੁੰਦੀ ਸੀ।
“ਹਾਂ ਬੇਟਾ, ਇਹੀ ਤੇਰੇ ਉਹ ਪਾਪਾ ਨੇ, ਜਿਹੜੇ ਪੈਰ ਥਿੜਕਣ ਕਰਕੇ ਸਾਡੇ ਤੋਂ ਦੂਰ ਹੋ ਗਏ ਸੀ ਤੇ ਐਹ ਤੇਰਾ ਛੋਟਾ ਵੀਰ, ਜੋ ਤੂੰ ਬਾਬਾ ਜੀ ਤੋਂ ਮੰਗਦੀ ਹੁੰਦੀ ਸੀ। ਹੁਣ ਖੁਸ਼ ਏਂ ਨਾ?’’
ਆਪਣੀ ਧੀ ਨੂੰ ਮਿਲੇ ਜਵਾਬ ਤੋਂ ਰੁਸਤਮ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਇਹ ਬੋਲ ਸੁਮਿੱਤਰਾ ਦੇ ਹੀ ਨੇ ? ਕਿਤੇ ਕੰਨਾਂ ਨੂੰ ਕੋਈ ਭੁਲੇਖਾ ਤਾਂ ਨਹੀਂ ਲੱਗਾ? ਉਸ ਨੂੰ ਥਿੜਕੇ ਪੈਰਾਂ ਦੀ ਚੀਸ ਤੋਂ ਰਾਹਤ ਮਹਿਸੂਸ ਹੋਣ ਲੱਗੀ। ਉਸ ਨੇ ਅੱਗੇ ਵਧ ਕੇ ਸੁਮਿੱਤਰਾ ਦੇ ਹੱਥ ਫੜ ਲਏ। ਬੱਚਿਆਂ ’ਤੇ ਅੱਖਾਂ ਟਿਕਾਈ ਖੜ੍ਹੀ ਸੁਮਿੱਤਰਾ ਦਾ ਮਨ ਹੱਥ ਛੁਡਾਉਣ ਦਾ ਹੌਸਲਾ ਨਾ ਕਰ ਸਕਿਆ। ਰੁਸਤਮ ਉਸ ਦੇ ਹੱਥਾਂ ਨੂੰ ਚੁੰਮ ਕੇ ਵਾਰ ਵਾਰ ਮੱਥੇ ਨਾਲ ਛੁਹਾ ਰਿਹਾ ਸੀ। ਉਹੀ ਹੱਥ ਜਨਿ੍ਹਾਂ ਨੂੰ ਕਦੇ ਧੱਕੇ ਮਾਰ ਕੇ ਉਸ ਨੇ ਪੱਲਾ ਛੁਡਾਇਆ ਸੀ।
ਸੰਪਰਕ: 16044427676