ਬਸੰਤ
ਮੁਨੀਸ਼ ਭਾਟੀਆ
ਦਿਲ ਨੂੰ ਰੌਸ਼ਨ ਕਰਨ ਲਈ,
ਇੱਛਾਵਾਂ ਦੀ ਪਿਆਸ ਬੁਝਾਉਣ ਲਈ,
ਸੁਪਨਿਆਂ ਦੀ ਸ਼ਾਨ ਲਈ,
ਨਾ ਕਹੀਆਂ ਗੱਲਾਂ ਕਹਿਣ ਲਈ,
ਜ਼ਿੰਦਗੀ ਨੂੰ ਮਹਿਕਣ ਲਈ,
ਬਸੰਤ ਵਿੱਚ ਆ ਜਾ,
ਮੁੜ ਬਹਾਰ ਵਾਂਗ...!
ਥੋੜ੍ਹੀ ਜਿਹੀ ਰੌਸ਼ਨੀ ਬਹੁਤ,
ਮਨ ਦੇ ਹਨੇਰੇ ਨੂੰ ਦੂਰ ਕਰਨ ਲਈ,
ਥੋੜ੍ਹਾ ਭਰੋਸਾ ਬਹੁਤ,
ਗੁਆਚੇ ਰਾਹਾਂ ’ਤੇ ਪਹੁੰਚਣ ਲਈ,
ਸ਼ਿਕਾਇਤਾਂ ਨਾਲ ਬਸੰਤ ਵਿੱਚ ਆਜਾ,
ਮੁੜ ਬਹਾਰ ਵਾਂਗ...!
ਇੱਥੇ ਹਰ ਕਦਮ ’ਤੇ ਇਮਤਿਹਾਨ ਹੈ,
ਕੁਝ ਨਾ ਕਿਹਾ, ਕੁਝ ਅਧੂਰਾ,
ਹਰ ਕਿਸੇ ਦੀ ਜ਼ਿੰਦਗੀ ਵਿੱਚ ਰਹਿੰਦਾ ਹੈ,
ਮੇਰੇ ਖਿਆਲਾਂ ਵਿੱਚ,
ਘਰ ਹੈ ਤੇਰਾ,
ਮੇਰੀ ਜ਼ਿੰਦਗੀ ਵਿੱਚ ਵਾਪਸ ਆ ਜਾ,
ਮੁੜ ਬਹਾਰ ਵਾਂਗ...!
ਸੰਪਰਕ: 70271-20349
* * *
ਬਸੰਤ
ਮਨਜੀਤ ਸਿੰਘ ਬੱਧਣ
ਹੇ ਕੁਦਰਤ!
ਓ ਪੰਛੀਓ ਜਨੌਰੋ,
ਪੰਖੀਓ! ਓਏ ਕਾਸਦੋ।
ਗੁਨਾਹਗਾਰ ਹਾਂ ਮੈਂ ਤੁਹਾਡਾ
ਮੈਂ ਵੀ ਤਾਂ ਇਨਸਾਨ ਹਾਂ।
ਮੇਰੀਏ ਕੁਦਰਤੇ!
ਭੇਦ ਨਾ ਰੱਖਿਆ
ਦਿਨ-ਰਾਤ, ਸਿਖਰ ਦੁਪਹਿਰ,
ਠੰਢ-ਬਰਸਾਤ, ਬਸੰਤ ਬਹਾਰ
ਜਨਮ ਤੇ ਮਰਨ ਵੀ
ਹਰ ਹਰ ਨੂੰ ਸਮਾਨ
ਅਸੀਂ ਇਨਸਾਨ
ਜਨੌਰਾਂ ਦੀ ਉਡਾਣ
ਤੋਂ ਵੀ ਉੱਪਰ ਹੋਰ ਉੱਪਰ
ਹੋ ਰਹੇ
ਤੈਨੂੰ ਰੋਲ-ਮਧੋਲ ਕੇ
ਬਣ ਬੈਠ ਰਹੇ
ਇਸ ਧਰਤ ਦੇ ਭਗਵਾਨ
ਖੌਰੇ
ਸ਼ੈਤਾਨ ਜਾਂ ਬੇਈਮਾਨ
ਬਹੁਤ ਦੂਰ ਵੀ ਆ ਗਏ
ਪਤਾ ਨਹੀਂ ਕਿੱਥੇ ਛੱਡ ਆਏ
ਆਪਣੇ ਵਿੱਚੋਂ ਇਨਸਾਨ
ਇਨਸਾਨੀਅਤ ਟੋਲਦੀ ਹੋਊ
ਆਪਣਾ ਇਨਸਾਨ
ਜਿਸ ਦਾ
ਗੁਨਾਹਗਾਰ ਵੀ ਇਨਸਾਨ
ਗੁਨਾਹਗਾਰ ਦਾ
ਗੁਨਾਹ ਕਬੂਲਣਾ
ਜਿੱਤ ਤਾਂ ਨਹੀਂ
ਕੁਦਰਤ ਤੇ ਇਨਸਾਨੀਅਤ ਨੂੰ
ਇੱਕ ਸਕੂਨ ਹੈ
ਸਾਰੇ ਪੁੱਤ ਕਪੁੱਤ ਨਹੀਂ ਹੋਏ
* * *
ਪਿਆਰ
ਭੁਪਿੰਦਰ ਸਿੰਘ ਪੰਛੀ
ਮਾਂ ਨੂੰ ਸਤਿਕਾਰੀਏ
ਭੈਣ ਨੂੰ ਦੁਲਾਰੀਏ
ਧੀਆਂ ਨੂੰ ਡੋਲ਼ੀ ਪਾਈਏ
ਬੰਨਿਆਂ ਤੋਂ ਪਾਣੀ ਵਾਰੀਏ
ਨੂੰਹ ਰਾਣੀ ਘਰ ਦੀ ਰੌਣਕ ਹੋਵੇ
ਝਾਂਜਰ ਨੂੰ ਛਣਕਾਰੀਏ
ਅਦਬ ਹੋਵੇ ਜਵਾਈਆਂ ਦਾ
ਪੁੱਤਾਂ ਵਾਂਗ ਪਿਆਰੀਏ
ਨਿਉਂ ਕੇ ਚਲੀਏ
ਐਵੇਂ ਨਾ ਹੰਕਾਰੀਏ
ਸੱਜਣਾਂ ਨੂੰ ਹਿੱਕੀਂ ਲਾ
ਸਬੰਧਾਂ ਨੂੰ ਸੁਧਾਰੀਏ
ਬਾਪੂ ਦਾ ਰੱਖ ਖਿਆਲ
ਬਜ਼ੁਰਗ ਨਾ ਦੁਰਕਾਰੀਏ
ਸਨਮਾਨ ਕਰੀਏ ਸਭ ਦਾ
ਇਸ਼ਕ ਦੇ ਵਿੱਚ ਹਾਰੀਏ
ਗਿਲੇ ਸ਼ਿਕਵੇ ਛੱਡਕੇ
ਸੱਜਣਾਂ ਨੂੰ ਪੁਕਾਰੀਏ
ਪੰਜਾਬ ਦੇ ਵਿਹੜੇ ਗਿੱਧੇ ਆਣ
ਐਵੇਂ ਨਾ ਤਕਰਾਰੀਏ
ਨਸ਼ਿਆਂ ਨੂੰ ਮੜ੍ਹੀਏ ਸੁੱਟੀਏ
ਜਵਾਨੀ ਨੂੰ ਸ਼ਿੰਗਾਰੀਏ
ਕਿਵੇਂ ਪੰਜਾਬ ਹਰਿਆ ਹੋਵੇ
ਪੰਛੀ ਬਹਿ ਵਿਚਾਰੀਏ
* * *
ਗ਼ਜ਼ਲ
ਬਿੰਦਰ ਸਿੰਘ ਖੁੱਡੀ ਕਲਾਂ
ਕਿੱਦਾਂ ਭੁੱਲ ਜਾਵਾਂ ਮੈਂ ਆਪਣੀ ਮਾਂ ਬੋਲੀ ਨੂੰ।
ਗਲ ਲਾ ਸਤਿਕਾਰ ਕਰਾਂ ਕੱਖਾਂ ਦੇ ਵਾਂਗੂੰ ਰੋਲੀ ਨੂੰ।
ਪੁੱਤਰ ਨਹੀਂ ਆਪਾਂ ਕਪੁੱਤਰ ਹੀ ਅਖਵਾਵਾਂਗੇ,
ਤਖਤ ਬਿਠਾਇਆ ਨਾ ਜੇ ਪੈਰਾਂ ਵਿੱਚ ਰੋਲੀ ਨੂੰ।
ਮਿੱਠਤ ਇਉਂ ਬੋਲਾਂ ਵਿੱਚ ਘੁਲ ਜਾਂਦੀ ਸਭਨਾਂ ਦੇ,
ਚੂਸ ਰਹੇ ਹੋਈਏ ਜਿਉਂ ਮਿਸ਼ਰੀ ਦੀ ਮਿੱਠੀ ਗੋਲੀ ਨੂੰ।
ਜਨਮ ਮਰਨ ਤੇ ਸਾਰੇ ਹੀ ਸੁਖ ਦੁਖ ਜੀਵਨ ਦੇ,
ਇਹ ਤੋਰੇ ਲਾੜੀਆਂ ਧੀਆਂ ਦੀ ਡੋਲੀ ਨੂੰ।
ਮਾਣ ਮਿਲੇ ਪੰਜਾਬੀ ਨੂੰ ਜਗ ਦੇ ਹਰ ਕੋਨੇ,
ਬਿੰਦਰ ਅਰਜ਼ੋਈ ਕਰਦਾ ਅੱਡ ਝੋਲੀ ਨੂੰ।
ਸੰਪਰਕ: 98786-05965
* * *
ਮਾਂ ਬੋਲੀ ਪੰਜਾਬੀ
ਜਸਵਿੰਦਰ ਸਿੰਘ ਰੁਪਾਲ
ਬੜੇ ਚਿਰਾਂ ਤੋਂ ਰੌਲਾ ਪਾਉਂਦੇ, ਮਾਂ-ਬੋਲੀ ਦੇ ਬਾਰੇ।
ਮਰ ਨਾ ਜਾਏ ਕਿਤੇ ਵਿਚਾਰੀ, ਫ਼ਿਕਰ ਕਰੇਂਦੇ ਸਾਰੇ।
ਨ੍ਹੇਰਾ ਦੂਰ ਭਜਾਣਾ ਏ ਤਾਂ, ਦੀਵਾ ਇੱਕ ਜਗਾਓ।
ਸਦਾ ਵਿਕਾਸ ਕਰੇ ਪੰਜਾਬੀ, ਐਸਾ ਕਦਮ ਉਠਾਓ।
ਘਰ ਵਿੱਚ ਸਦਾ ਬੋਲੀਏ ਆਪਾਂ, ਪਹਿਲਾਂ ਖ਼ੁਦ ਪੰਜਾਬੀ।
ਸੁਣ ਕੇ ਬੱਚੇ ਆਪੇ ਸਿੱਖਣ, ਹੱਥ ਜਿਨ੍ਹਾਂ ਦੇ ਚਾਬੀ।
ਗ਼ੈਰ-ਪੰਜਾਬੀ ਸ਼ਬਦਾਂ ਤੋਂ ਹੁਣ, ਖਹਿੜਾ ਤੁਸੀਂ ਛੁਡਾਓ।
ਸਦਾ ਵਿਕਾਸ ਕਰੇ ਪੰਜਾਬੀ, ਐਸਾ ਕਦਮ ਉਠਾਓ।
ਲਵੇ ਉਚੇਰੀ ਡਿਗਰੀ ਬੱਚਾ, ਮਾਂ-ਬੋਲੀ ਨਾ ਭੁੱਲੇ।
ਬੂਹਾ ਜੋ ਵੀ ਬੰਦ ਪਿਆ ਹੈ, ਏਸ ਬਿਨਾਂ ਨਾ ਖੁੱਲ੍ਹੇ।
ਉੱਚੇ ਅਹੁਦੇ ’ਤੇ ਜਾ ਕੇ ਵੀ, ਗੀਤ ਇਸੇ ਦੇ ਗਾਓ।
ਸਦਾ ਵਿਕਾਸ ਕਰੇ ਪੰਜਾਬੀ, ਐਸਾ ਕਦਮ ਉਠਾਓ।
ਸੱਭਿਆਚਾਰ ਬਿਨਾਂ ਨਾ ਕੋਈ, ਬੋਲੀ ਜ਼ਿੰਦਾ ਰਹਿੰਦੀ।
ਖਾਣਾ, ਪਹਿਨਣ, ਰੀਤ, ਰਿਵਾਜਾਂ, ਧਾਰਾ ਏ ਇੱਕ ਵਹਿੰਦੀ।
ਬਣੇ ਰਹੋ ਪੰਜਾਬੀ ਪੂਰੇ, ਪੰਜਾਬੀ ਅਖਵਾਓ।
ਸਦਾ ਵਿਕਾਸ ਕਰੇ ਪੰਜਾਬੀ, ਐਸਾ ਕਦਮ ਉਠਾਓ।
ਭਾਸ਼ਾ ਕਾਨੂੰਨ ਜੋ ਬਣਿਆ ਏ, ਅਮਲ ਓਸ ’ਤੇ ਹੋਵੇ।
ਕੋਈ ਦਫ਼ਤਰ ਅਤੇ ਕਚਹਿਰੀ, ਕੰਮ ਨਾ ਕਿਤੇ ਖੜੋਵੇ।
ਭਾਸ਼ਾ ਬਣੇ ਰਾਜ ਦੀ ਕਿੱਦਾਂ, ਐਸਾ ਜ਼ੋਰ ਲਗਾਓ
ਸਦਾ ਵਿਕਾਸ ਕਰੇ ਪੰਜਾਬੀ, ਐਸਾ ਕਦਮ ਉਠਾਓ।
ਠੀਕ! ਹੋਰ ਭਾਸ਼ਾਵਾਂ ਬਿਨ ਵੀ, ਮੂਲ ਨ ਸਾਡਾ ਸਰਨਾ।
ਵੰਡਿਆਂ ਵਧੇ ਗਿਆਨ ਹਮੇਸ਼ਾ, ਅਸਾਂ ਵੀ ਇਹੋ ਕਰਨਾ।
ਗਿਆਨ ਅਤੇ ਵਿਗਿਆਨ ਸਮੁੱਚਾ, ਇਸ ਦੇ ਵਿੱਚ ਉਲਥਾਓ।
ਸਦਾ ਵਿਕਾਸ ਕਰੇ ਪੰਜਾਬੀ, ਐਸਾ ਕਦਮ ਉਠਾਓ।
ਮਿੱਠੀ ਇਸ ਬੋਲੀ ਦਾ ਅਪਣਾ, ਭਰਿਆ ਇੱਕ ਖ਼ਜ਼ਾਨਾ।
ਕੋਨੇ ਕੋਨੇ ਵਿੱਚ ਪਹੁੰਚਾਉਣਾ, ਰੱਖੀਏ ਇੱਕ ਨਿਸ਼ਾਨਾ।
ਇਸ ਬੋਲੀ ਦੇ ਸਾਹਿਤ ਨੂੰ, ਹਰ ਬੋਲੀ ਵਿੱਚ ਪੁਚਾਓ।
ਸਦਾ ਵਿਕਾਸ ਕਰੇ ਪੰਜਾਬੀ, ਐਸਾ ਕਦਮ ਉਠਾਓ।
ਮਿਲ ਕੇ ਸਾਰੇ ਕਸਮਾਂ ਖਾਓ, ਬਣ ਪੰਜਾਬੀ ਰਹਿਣਾ।
ਲਿਖੋ, ਪੜ੍ਹੋ, ਬੋਲੋ ਪੰਜਾਬੀ, ਹੋਰ ਨਾ ਕੁਝ ਮੈਂ ਕਹਿਣਾ।
ਨਾਂ ਪੰਜਾਬੀ ਜੱਗ ਦੇ ਉੱਤੇ, ਰੌਸ਼ਨ ਕਰ ਦਿਖਲਾਓ।
ਸਦਾ ਵਿਕਾਸ ਕਰੇ ਪੰਜਾਬੀ, ਐਸਾ ਕਦਮ ਉਠਾਓ।
* * *
ਮਾਂ ਬੋਲੀ ਪੰਜਾਬੀ
ਅਮਰਜੀਤ ਸਿੰਘ ਫ਼ੌਜੀ
ਊੜਾ ਉਪਮਾ ਕਰੀਏ ਸਾਰੇ, ਸਦਾ ਪੰਜਾਬੀ ਦੀ
ਮਾਖਿਓਂ ਮਿੱਠੀ ਬੋਲੀ, ਜੋ ਗੁਰੂਆਂ ਨੇ ਵਡਿਆਈ
ਆੜਾ ਆਓ ਰਲ ਮਿਲ ਸਾਰੇ, ਗਾਈਏ ਗੀਤ ਪੰਜਾਬੀ ਦੇ
ਨਾਨਕ, ਵਾਰਿਸ, ਸ਼ਾਹ ਮੁਹੰਮਦ, ਬੁੱਲ੍ਹੇ ਸ਼ਾਹ ਨੇ ਗਾਈ
ਈੜੀ ਇਸ ਨਾਲ ਕਰੀਏ ਆਪਾਂ ਦਿਲੋਂ ਪਿਆਰ ਸਦਾ
ਕਬੀਰ, ਫਰੀਦ ਜਿਹੇ ਉੱਚੇ ਸੁੱਚੇ, ਭਗਤਾਂ ਦੀ ਹਮਸਾਈ
ਸੱਸਾ ਸਿਫ਼ਤ ਕਰਾਂ ਕੀ, ਮੈਂ ਏਸ ਪਟਰਾਣੀ ਦੀ
ਚਨਾਬ, ਜਿਹਲਮ ਸਣੇ, ਪੰਜ ਆਬਾਂ ਦੀ ਜਾਈ
ਹਾਹਾ ਹੱਸਣ ਖੇਡਣ, ਨੱਚਣ ਇਹ ਸਿਖਾਉਂਦੀ ਹੈ
ਸ਼ੋਭਾ ਸੁਣ ਕੇ ‘ਫ਼ੌਜੀ’ ਦੀ ਵੀ, ਰੂਹ ਪਈ ਨਸ਼ਿਆਈ।
ਸੰਪਰਕ: 95011-27033