For the best experience, open
https://m.punjabitribuneonline.com
on your mobile browser.
Advertisement

ਪਿੰਡਾਂ ਵਿੱਚੋਂ ਗਾਇਬ ਹੋਈ ਸੱਥਾਂ ਦੀ ਰੌਣਕ

11:11 AM Aug 17, 2024 IST
ਪਿੰਡਾਂ ਵਿੱਚੋਂ ਗਾਇਬ ਹੋਈ ਸੱਥਾਂ ਦੀ ਰੌਣਕ
Advertisement

ਜਗਤਾਰ ਸਮਾਲਸਰ

ਅਜੋਕੇ ਸਮੇਂ ਦੌਰਾਨ ਨਿਰੰਤਰ ਬਦਲ ਰਹੇ ਸਮਾਜਿਕ ਹਾਲਾਤ ਵਿੱਚ ਪਿੰਡਾਂ ਦੀਆਂ ਸੱਥਾਂ ਵਿੱਚੋਂ ਹੁਣ ਬਜ਼ੁਰਗਾਂ ਦੀ ਰੌਣਕ ਖ਼ਤਮ ਹੋਣ ਲੱਗੀ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਪਿੰਡ ਦੀ ਸੱਥ ਨੂੰ ਪਿੰਡ ਦੀ ਸੰਸਦ ਵਜੋਂ ਜਾਣਿਆ ਜਾਂਦਾ ਸੀ। ਜਿੱਥੇ ਪਿੰਡ ਵਿੱਚ ਵਾਪਰੇ ਕਿਸੇ ਵੀ ਤਰ੍ਹਾਂ ਦੇ ਘਟਨਾਕ੍ਰਮ, ਗ਼ਮੀ, ਵਿਆਹ ਦੀ ਪੂਰੀ ਜਾਣਕਾਰੀ ਸੱਥ ਵਿੱਚ ਮਿਲਦੀ ਸੀ, ਉੱਥੇ ਹੀ ਪਿੰਡ ਦੇ ਮਸਲੇ ਵੀ ਸੱਥ ਵਿੱਚ ਨਿਪਟਾਏ ਜਾਂਦੇ ਸਨ। ਹਰ ਘਰ ਵਿੱਚ ਬਜ਼ੁਰਗਾਂ ਦੀ ਐਨੀ ਅਹਿਮੀਅਤ ਹੁੰਦੀ ਸੀ ਕਿ ਉਨ੍ਹਾਂ ਵੱਲੋਂ ਆਖੀ ਗਈ ਕਿਸੇ ਵੀ ਗੱਲ ਨੂੰ ਨਕਾਰਨ ਦੀ ਪਰਿਵਾਰ ਦੇ ਕਿਸੇ ਵੀ ਮੈਂਬਰ ਵਿੱਚ ਹਿੰਮਤ ਨਹੀਂ ਹੁੰਦੀ ਸੀ। ਸੱਥਾਂ ਵਿੱਚ ਬਜ਼ੁਰਗਾਂ ਦੀ ਰਹਿਨੁਮਾਈ ਵਿੱਚ ਹੁੰਦੇ ਫ਼ੈਸਲੇ ਅਤੇ ਸਮਝੌਤੇ ਵੀ ਲੋਹੇ ’ਤੇ ਲਕੀਰ ਵਾਂਗ ਸਨ। ਬਜ਼ੁਰਗ ਪਿੰਡਾਂ ਦੀਆਂ ਸੱਥਾਂ ਦੀ ਰੌਣਕ ਹੋਇਆ ਕਰਦੇ ਸਨ।
ਵੱਡੇ ਪਿੰਡਾਂ ਵਿੱਚ ਕਈ-ਕਈ ਸੱਥਾਂ ਹੁੰਦੀਆਂ ਸਨ ਜਿੱਥੇ ਬਜ਼ੁਰਗ ਅਤੇ ਵਿਹਲੇ ਸਮੇਂ ਦੌਰਾਨ ਹੋਰ ਲੋਕ ਵੀ ਤਾਸ਼ ਆਦਿ ਖੇਡਦੇ ਅਤੇ ਆਪਸੀ ਹਾਸਾ-ਠੱਠਾ ਕਰਦੇ ਨਜ਼ਰ ਆਉਂਦੇ ਸਨ। ਸਵੇਰੇ ਅਤੇ ਆਥਣ ਵੇਲੇ ਪਿੰਡਾਂ ਦੀਆਂ ਸੱਥਾਂ ਵਿੱਚ ਰੌਣਕ ਜ਼ਿਆਦਾ ਹੁੰਦੀ ਸੀ। ਬਹੁਤੇ ਬਜ਼ੁਰਗ ਦੁਪਹਿਰ ਨੂੰ ਵੀ ਸੱਥਾਂ ਵਿੱਚ ਪਿੱਪਲਾਂ ਅਤੇ ਬੋਹੜਾਂ ਦੀਆਂ ਛਾਵਾਂ ਥੱਲੇ ਹੀ ਮੰਜੇ ਡਾਹ ਕੇ ਸੁੱਤੇ ਰਹਿੰਦੇ ਸਨ। ਸਮਾਂ ਅਜਿਹਾ ਸੀ ਕਿ ਜਦੋਂ ਵੀ ਘਰ ਕਿਸੇ ਮਹਿਮਾਨ ਨੇ ਆਉਣਾ ਤਾਂ ਘਰ ਦੀਆਂ ਔਰਤਾਂ ਨੇ ਬੱਚਿਆਂ ਨੂੰ ਵੀ ਇਹੀ ਕਹਿਣਾ ‘ਜਾ ਆਪਣੇ ਬਾਬੇ ਨੂੰ ’ਵਾਜ਼ ਮਾਰ ਕੇ ਲਿਆ ਸੱਥ ਵਿੱਚ ਬੈਠੇ ਹੋਣੇ।’’ ਯਾਨਿ ਸੱਥ ਪਿੰਡ ਦੇ ਬਜ਼ੁਰਗਾਂ ਦੀ ਵਿਸ਼ੇਸ਼ ਠਾਹਰ ਹੁੰਦੀ ਸੀ।
ਜਿਹੜੇ ਲੋਕ ਬਜ਼ੁਰਗਾਂ ਦੀ ਸੰਗਤ ਵਿੱਚ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਕੁਝ ਨਾ ਕੁਝ ਸਮਾਂ ਗੁਜ਼ਾਰਦੇ ਹਨ, ਉਹ ਜਵਾਨੀ ਵਿੱਚ ਹੀ ਸਿਆਣੇ ਹੋ ਜਾਂਦੇ ਹਨ ਕਿਉਂਕਿ ਬੁਢਾਪੇ ਦੀ ਉਮਰ ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵ ਦਾ ਨਿਚੋੜ ਹੁੰਦੀ ਹੈ। ਭਾਵੇਂ ਨੌਜਵਾਨ ਪੀੜ੍ਹੀ ਦੇ ਵੱਡੇ ਹਿੱਸੇ ਨੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਅਹਿਮੀਅਤ ਦੇਣ ਤੋਂ ਕਿਨਾਰਾ ਕਰ ਲਿਆ ਹੈ, ਪਰ ਬਜ਼ੁਰਗਾਂ ਦੇ ਮੂੰਹੋਂ ਨਿਕਲੀ ਇੱਕ-ਇੱਕ ਗੱਲ ਸੱਚ ਸਾਬਤ ਹੁੰਦੀ ਹੈ। ਬਜ਼ੁਰਗ ਕਿਸੇ ਵੱਡੀ ਡਿਕਸ਼ਨਰੀ ਤੋਂ ਘੱਟ ਨਹੀਂ। ਬਜ਼ੁਰਗਾਂ ਦੇ ਤਜਰਬਿਆਂ ਵਿੱਚੋਂ ਨਿਕਲੀਆਂ ਗੱਲਾਂ ਕਿਤਾਬਾਂ ਵਿੱਚ ਵੀ ਨਹੀਂ ਮਿਲਦੀਆਂ। ਇਸੇ ਲਈ ਆਖਿਆ ਜਾਂਦਾ ਹੈ ਕਿ ਬਜ਼ੁਰਗਾਂ ਦੇ ਜੀਵਨ ਅਨੁਭਵ ਦਾ ਫਾਇਦਾ ਲੈਣ ਵਾਲਾ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਿਧਰੇ ਵੀ ਮਾਰ ਨਹੀਂ ਖਾਂਦਾ।
ਹੁਣ ਸਮਾਂ ਬਦਲ ਗਿਆ ਹੈ। ਪਿੰਡਾਂ ਦੀਆਂ ਸੱਥਾਂ ਦੀ ਰੌਣਕ ਬਣਨ ਵਾਲੇ ਬਜ਼ੁਰਗ ਹੁਣ ਘਰਾਂ ਦੇ ਜਿੰਦਰਿਆਂ ਦਾ ਕੰਮ ਦੇਣ ਲੱਗੇ ਹਨ। ਵਿਦੇਸ਼ ਜਾਣ ਦੀ ਲਾਲਸਾ ਅਧੀਨ ਹੀ ਪੰਜਾਬ ਦੇ ਪਿੰਡ ਨਿੱਤ ਖਾਲੀ ਹੋ ਰਹੇ ਹਨ। ਵੱਡੀਆਂ-ਵੱਡੀਆਂ ਕੋਠੀਆਂ ਹੁਣ ਵਿਰਾਨ ਨਜ਼ਰ ਆਉਣ ਲੱਗੀਆਂ ਹਨ। ਪਰਿਵਾਰਾਂ ਦੇ ਪਰਿਵਾਰ ਹੁਣ ਵਿਦੇਸ਼ ਜਾ ਵਸੇ ਹਨ। ਬਜ਼ੁਰਗ ਹੁਣ ਇਨ੍ਹਾਂ ਮਹਿਲਨੁਮਾ ਕੋਠੀਆਂ ਵਿੱਚ ਹੀ ਕੈਦੀਆਂ ਵਾਲੀ ਜ਼ਿੰਦਗੀ ਬਸਰ ਕਰਦੇ ਨਜ਼ਰ ਆਉਂਦੇ ਹਨ ਜਾਂ ਬਹੁਤੇ ਬਜ਼ੁਰਗ ਵੀ ਆਪਣੇ ਧੀਆਂ-ਪੁੱਤਾਂ ਨਾਲ ਵਿਦੇਸ਼ੀ ਧਰਤੀ ’ਤੇ ਜਾ ਵਸੇ ਹਨ। ਜਿੱਥੇ ਉਹ ਅੱਜ ਵੀ ਪਿੰਡਾਂ ਦੀਆਂ ਸੱਥਾਂ ਵਿੱਚ ਲੱਗਦੀਆਂ ਰੌਣਕਾਂ ਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਨੂੰ ਅਗਾਂਹ ਤੋਰ ਰਹੇ ਹਨ।
ਸੱਥਾਂ ਵਿੱਚ ਚੱਲਦੇ ਹਾਸੇ-ਠੱਠੇ ਅਤੇ ਦੁੱਖ-ਸੁੱਖ ਸਾਂਝਾ ਕਰਨ ਨਾਲ ਬਜ਼ੁਰਗਾਂ ਦੇ ਚਿਹਰਿਆਂ ’ਤੇ ਵੀ ਰੌਣਕ ਨਜ਼ਰ ਆਉਂਦੀ ਸੀ, ਪਰ ਹੁਣ ਬਹੁਤੇ ਘਰਾਂ ਵਿੱਚ ਪਏ ਬਜ਼ੁਰਗ ਵੀ ਇਕੱਲਤਾ ਨੂੰ ਹੰਢਾ ਰਹੇ ਹਨ। ਸਾਰਾ ਦਿਨ ਸੋਚਾਂ ਵਿੱਚ ਪਿਆ ਮਨ ਫਿਕਰਾਂ ਵਿੱਚ ਵਾਧਾ ਕਰ ਰਿਹਾ ਹੈ ਜੋ ਜ਼ਿੰਦਗੀ ਦੇ ਆਖਰੀ ਪੜਾਅ ਨੂੰ ਵੱਡਾ ਖੋਰਾ ਲਗਾ ਰਿਹਾ ਹੈ। ਦਿਨੋਂ-ਦਿਨ ਵਧ ਰਹੇ ਪਰਵਾਸ ਅਤੇ ਪੈਸੇ ਦੀ ਦੌੜ ਵਿੱਚ ਲੱਗੇ ਮਨੁੱਖੀ ਜੀਵਨ ਕਾਰਨ ਹੁਣ ਉਨ੍ਹਾਂ ਪੁਰਾਣੀਆਂ ਰੌਣਕਾਂ ਦੇ ਮੁੜ ਆਉਣ ਦੀ ਉਡੀਕ ਕਰਨਾ ਸਿਰਫ਼ ਦਿਲ ਨੂੰ ਧਰਵਾਸਾ ਦੇਣ ਵਾਲੀ ਗੱਲ ਹੀ ਜਾਪਦੀ ਹੈ। ਅੱਜ ਭਾਵੇਂ ਇਨਸਾਨ ਨੇ ਪੈਸੇ ਦੇ ਬਲਬੂਤੇ ਆਪਣੀ ਜ਼ਿੰਦਗੀ ਨੂੰ ਆਰਾਮਦਾਇਕ ਤਾਂ ਬਣਾ ਲਿਆ ਹੈ, ਪਰ ਦਿਲ ਦੀ ਬੇਚੈਨੀ ਨੂੰ ਵਧਾ ਲਿਆ ਹੈ। ਮਿਲ ਕੇ ਬੈਠਣ ਦੌਰਾਨ ਹੁੰਦੇ ਹਾਸੇ-ਮਜ਼ਾਕ ਅਤੇ ਦੁੱਖਾਂ-ਸੁੱਖਾਂ ਦੀ ਸਾਂਝ ਨਾ ਰਹਿਣ ਕਾਰਨ ਹੁਣ ਜਿੱਥੇ ਆਮ ਲੋਕ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹਨ, ਉੱਥੇ ਹੀ ਉਮਰਾਂ ਦੇ ਪੜਾਅ ਵੀ ਹੁਣ ਛੋਟੇ ਹੁੰਦੇ ਜਾ ਰਹੇ ਹਨ।

Advertisement

ਸੰਪਰਕ: 94670-95953

Advertisement

Advertisement
Author Image

sukhwinder singh

View all posts

Advertisement