ਘਨੌਲੀ ਖੇਤਰ ਵਿੱਚ ਖਣਨ ਮਾਫੀਆ ਦੇ ਹੌਸਲੇ ਬੁਲੰਦ
ਜਗਮੋਹਨ ਸਿੰਘ
ਘਨੌਲੀ, 24 ਸਤੰਬਰ
ਘਨੌਲੀ ਇਲਾਕੇ ਅੰਦਰ ਖਣਨ ਮਾਫੀਆ ਵੱਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਨਦੀਆਂ ਧੜੱਲੇ ਨਾਲ ਪੁੱਟੀਆਂ ਜਾ ਰਹੀਆਂ ਹਨ। ਖਣਨ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਜੰਗਲਾਤ ਵਿਭਾਗ ਦੀ ਪੀਐਲਪੀਏ ਦੀ ਧਾਰਾ 4 ਅਤੇ 5 ਅਧੀਨ ਆਉਂਦੀ ਜ਼ਮੀਨ ਤੋਂ ਇਲਾਵਾ ਪੰਚਾਇਤੀ ਨਦੀਆਂ ਵਿੱਚੋਂ ਵੀ ਮਿੱਟੀ ਪੁੱਟ ਕੇ ਵੇਚੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅਗਸਤ ਮਹੀਨੇ ਖਣਨ ਮਾਫੀਆ ਵੱਲੋਂ ਮਕੌੜੀ ਖੁਰਦ ਪਿੰਡ ਦੇ ਜੰਗਲ ਵਿੱਚ ਜੰਗਲਾਤ ਵਿਭਾਗ ਦੀ ਧਾਰਾ 4 ਅਤੇ 5 ਅਧੀਨ ਆਉਂਦੀ ਜ਼ਮੀਨ ਬਿਨਾਂ ਕਿਸੇ ਪ੍ਰਵਾਨਗੀ ਤੋਂ ਪੁੱਟੇ ਜਾਣ ਸਬੰਧੀ ਮੁੱਖ ਅਫ਼ਸਰ ਥਾਣਾ ਸਦਰ ਰੂਪਨਗਰ ਵੱਲੋਂ 30 ਅਗਸਤ ਨੂੰ ਖਣਨ ਵਿਭਾਗ ਨੂੰ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ, ਪਰ ਹਾਲੇ ਤੱਕ ਖਣਨ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਉਧਰ, ਅੱਜ ਸਵੇਰੇ ਖਣਨ ਮਾਫੀਆ ਵੱਲੋਂ ਪਿੰਡ ਬੜੀ ਮਕੌੜੀ ਵੱਲੋਂ ਮਿੱਟੀ ਪੁੱਟ ਕੇ ਇਸੇ ਪਿੰਡ ਵਿੱਚ ਹੀ ਕਿਸੇ ਦੇ ਘਰ ਸੁੱਟਣੀ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲੀਸ ਅਤੇ ਖਣਨ ਵਿਭਾਗ ਦੀਆਂ ਟੀਮਾਂ ਵੀ ਮੌਕਾ ਦੇਖਣ ਪੁੱਜੀਆਂ, ਪਰ ਖ਼ਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ।
ਨਦੀ ’ਚੋਂ ਪੁੱਟੀ ਹੋਈ ਮਿੱਟੀ ਤਾਂ ਮਿਲੀ, ਪਰ ਮਸ਼ੀਨਰੀ ਨਹੀਂ: ਚੌਕੀ ਇੰਚਾਰਜ
ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਹਰਮੇਸ਼ ਕੁਮਾਰ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਮੌਕਾ ਦੇਖਣ ਪੁੱਜੇ ਤਾਂ ਬੜੀ ਮਕੌੜੀ ਪਿੰਡ ਨੇੜੇ ਨਦੀ ਵਿੱਚੋਂ ਤਾਜ਼ਾ ਪੁੱਟੀ ਹੋਈ ਮਿੱਟੀ ਤਾਂ ਮਿਲੀ ਹੈ, ਪਰ ਮੌਕੇ ’ਤੇ ਕੋਈ ਮਸ਼ੀਨਰੀ ਬਰਾਮਦ ਨਹੀਂ ਹੋਈ।
ਕਾਰਵਾਈ ਕੀਤੀ ਜਾ ਰਹੀ ਹੈ: ਐੱਸਡੀਓ
ਜਲ ਸਰੋਤ-ਕਮ-ਖਣਨ ਵਿਭਾਗ ਦੇ ਐੱਸਡੀਓ ਸੁਰਜੀਤ ਸਿੰਘ ਨੇ ਕਿਹਾ ਕਿ ਅੱਜ ਨਦੀ ਵਿੱਚ ਹੋਏ ਖਣਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਅਗਸਤ ਮਹੀਨੇ ਖਣਨ ਸਬੰਧੀ ਦੋ ਸਤੰਬਰ ਨੂੰ ਮਾਲ ਮਹਿਕਮੇ ਨੂੰ ਮਾਲਕੀ ਦੱਸਣ ਲਈ ਚਿੱਠੀ ਲਿਖੀ ਗਈ ਸੀ, ਪਰ ਹਾਲੇ ਤੱਕ ਜਵਾਬ ਪ੍ਰਾਪਤ ਨਹੀਂ ਹੋਇਆ।
ਖਣਨ ਵਿਭਾਗ ਦੇ ਅਧਿਕਾਰੀ ਮੌਕਾ ਦਿਖਾਉਣ ਨਾ ਪੁੱਜੇ: ਪਟਵਾਰੀ
ਪਟਵਾਰੀ ਨਿਰਮਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖਣਨ ਵਿਭਾਗ ਦੇ ਅਧਿਕਾਰੀ ਮੌਕਾ ਦਿਖਾਉਣ ਨਹੀਂ ਪੁੱਜੇ, ਜਿਸ ਕਰ ਕੇ ਉਹ ਚਿੱਠੀ ਦਾ ਜਵਾਬ ਨਹੀਂ ਦੇ ਸਕੇ।