ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ
ਸਰਬਜੀਤ ਸਿੰਘ ਭੰਗੂ/ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਪਟਿਆਲਾ/ਸੰਗਰੂਰ/ਖਨੌਰੀ, 17 ਫਰਵਰੀ
ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਡਟੇ ਹਜ਼ਾਰਾਂ ਕਿਸਾਨਾਂ ਦਾ ਸੰਘਰਸ਼ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਦੇ ਦਿੱਲੀ ਜਾਣ ਲਈ ਹੌਸਲੇ ਬੁਲੰਦ ਹਨ ਅਤੇ ਨੌਜਵਾਨਾਂ ’ਚ ਜੋਸ਼ ਤੇ ਉਤਸ਼ਾਹ ਹੈ। ਸ਼ੰਭੂ ਬਾਰਡਰ ’ਤੇ ਕਰੀਬ ਵੀਹ ਹਜ਼ਾਰ ਕਿਸਾਨਾਂ ਦਾ ਇਕੱਠ ਹੈ। ਕਿਸਾਨਾਂ ਦੀਆਂ ਨਜ਼ਰ ਹੁਣ ਭਲਕੇ ਕੇਂਦਰੀ ਵਜ਼ੀਰਾਂ ਨਾਲ ਹੋਣ ਵਾਲੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ। ਜੇਕਰ ਇਸ ਮੀਟਿੰਗ ਵਿਚ ਮਸਲੇ ਦਾ ਹੱਲ ਨਾ ਹੋਇਆ ਤਾਂ ਤਣਾਅ ਹੋਰ ਵਧ ਸਕਦਾ ਹੈ। ਉਂਝ, ਸ਼ੰਭੂ ਤੇ ਖਨੌਰੀ ਬਾਰਡਰ ’ਤੇ ਪੰਜਵੇਂ ਦਿਨ ਅਮਨ ਸ਼ਾਂਤੀ ਵਾਲਾ ਮਾਹੌਲ ਰਿਹਾ। ਕਿਸਾਨ ਜੁੜ ਬੈਠ ਕੇ ਜਿਥੇ ਸੰਘਰਸ਼ ਦੀ ਵਿਉਂਤਬੰਦੀ ਬਾਰੇ ਵਿਚਾਰ-ਚਰਚਾ ਕਰ ਰਹੇ ਹਨ ਉਥੇ ਦਿੱਲੀ ਕਿਸਾਨ ਅੰਦੋਲਨ ਦੀਆਂ ਯਾਦਾਂ ਵੀ ਸਾਂਝੀਆਂ ਕਰ ਰਹੇ ਹਨ। ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕੌਮੀ ਹਾਈਵੇਅ ਉਪਰ ਦੋਵੇਂ ਪਾਸੇ ਟਰੈਕਟਰ ਟਰਾਲੀਆਂ ਦੀਆਂ ਕਤਾਰਾਂ ਅਤੇ ਚੱਲ ਰਹੇ ਲੰਗਰਾਂ ’ਚ ਦਿੱਲੀ ਅੰਦੋਲਨ ਦੀ ਤਸਵੀਰ ਨਜ਼ਰ ਆ ਰਹੀ ਹੈ। ਇਥੇ ਕਿਸਾਨ ਫੁਰਸਤ ਦੇ ਪਲਾਂ ਦੌਰਾਨ ਜਿਥੇ ਤਾਸ਼ ਦੀ ਬਾਜ਼ੀ ਲਗਾਉਂਦੇ ਹਨ, ਉਥੇ ਕੌਮੀ ਹਾਈਵੇਅ ਦੇ ਇੱਕ ਪਾਸੇ ਖਾਲੀ ਜਗ੍ਹਾ ਉਪਰ ਵਾਲੀਬਾਲ ਵੀ ਖੇਡ ਰਹੇ ਹਨ। ਕਈ ਕਿਸਾਨ ਲੰਗਰ ਆਦਿ ਤਿਆਰ ਕਰਨ ਵਿਚ ਰੁੱਝੇ ਹੋਏ ਸਨ। ਇਲਾਕੇ ਦੇ ਲੋਕ ਵੀ ਸੰਘਰਸ਼ੀ ਕਿਸਾਨਾਂ ਦੀ ਆਓ ਭਗਤ ਵਿੱਚ ਜੁਟੇ ਹੋਏ ਹਨ। ਸਮਾਜ ਸੇਵੀ ਸੰਸਥਾ ਵਲੋਂ ਕਿਸਾਨਾਂ ਦੀ ਸਹੂਲਤ ਲਈ ਮੈਡੀਕਲ ਕੈਂਪ ਲਗਾਇਆ ਹੋਇਆ ਹੈ। ਖਨੌਰੀ ਬਾਰਡਰ ’ਤੇ ਜਿਥੇ ਹਰਿਆਣਾ ਪੁਲੀਸ ਨੇ ਸਫ਼ੇਦ ਝੰਡਾ ਲਾਇਆ ਹੋਇਆ ਹੈ ਉਥੇ ਹੀ ਪੰਜਾਬ ਦੇ ਕਿਸਾਨਾਂ ਨੇ ਆਪਣੇ ਪਾਸੇ ਕੇਸਰੀ ਝੰਡਾ ਲਗਾ ਦਿੱਤਾ ਹੈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਖਨੌਰੀ ਬਾਰਡਰ ’ਤੇ ਕਿਸਾਨ ਅਮਨ ਸਾਂਤੀ ਵਾਲੇ ਮਾਹੌਲ ’ਚ ਪੂਰੇ ਅਨੁਸ਼ਾਸਨ ਨਾਲ ਡਟੇ ਹੋਏ ਹਨ।
ਸ਼ੰਭੂ ਬਾਰਡਰ ’ਤੇ ਇੱਕ ਹੋਰ ਪੱਤਰਕਾਰ ਜ਼ਖ਼ਮੀ
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਸ਼ੰਭੂ ਹੱਦ ’ਤੇ ਕਿਸਾਨਾਂ ਦੇ ਧਰਨੇ ਦੀ ਕਵਰੇਜ ਕਰਦਿਆਂ ਇੱਕ ਹੋਰ ਧਰਮਿੰਦਰ ਸਿੱਧੂ ਪੱਤਰਕਾਰ (ਅਜੀਤ ਅਖ਼ਬਾਰ) ਜ਼ਖ਼ਮੀ ਹੋ ਗਿਆ। ਉਹ ਬੀਤੀ ਸ਼ਾਮ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਦੀ ਕਵਰੇਜ ਕਰ ਰਿਹਾ ਸੀ। ਇਸੇ ਦੌਰਾਨ ਹਰਿਆਣਾ ਪੁਲੀਸ ਵੱਲੋਂ ਡਰੋਨ ਰਾਹੀਂ ਦਾਗਿਆ ਅੱਥਰੂ ਗੈਸ ਦਾ ਗੋਲਾ ਉਸ ਦੇ ਢਿੱਡ ’ਚ ਵੱਜਿਆ। ਲੋਕ ਸੰਪਰਕ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਣੇ ਹੋਰ ਪੱਤਰਕਾਰਾਂ ਨੇ ਉਸ ਦਾ ਹਾਲ-ਚਾਲ ਪੁੱਛਿਆ।