ਤੇਜ਼ ਰਫ਼ਤਾਰ ਕਾਰ ਪਲਟੀਆਂ ਖਾਂਦੀ ਟੈਕਸੀ ’ਤੇ ਡਿੱਗੀ
ਲੁਧਿਆਣਾ: ਫਿਰੋਜ਼ਪੁਰ ਰੋਡ ਸਥਿਤ ਐੱਮਬੀਡੀ ਮਾਲ ਦੇ ਕੋਲ ਐਤਵਾਰ ਦੀ ਦੇਰ ਰਾਤ ਨੂੰ ਉਸ ਸਮੇਂ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਪਲਟੀਆਂ ਖਾਂਦੀ ਹੋਈ ਟੈਕਸੀ ’ਤੇ ਜਾ ਡਿੱਗੀ। ਇਸ ਹਾਦਸੇ ਦੌਰਾਨ ਕਾਰ ਚਾਲਕ ਜ਼ਖਮੀ ਹੋਇਆ ਤੇ ਨਾਲ ਹੀ ਟੈਕਸੀ ਚਾਲਕ ਨੂੰ ਵੀ ਮਾਮੂਲੀ ਸੱਟ ਲੱਗੀ, ਹਾਲਾਂਕਿ ਉਹ ਵਾਲ-ਵਾਲ ਬਚ ਗਿਆ। ਜ਼ਖਮੀ ਹੋਈ ਕਾਰਨ ਚਾਲਕ ਦੀ ਪਛਾਣ ਲੁਧਿਆਣਾ ਵਾਸੀ ਮਹੋਸ਼ ਵਜੋਂ ਕੀਤੀ ਗਈ ਹੈ। ਰਾਹਗੀਰਾਂ ਨੇ ਕਿਸੇ ਤਰ੍ਹਾਂ ਗੱਡੀ ਸਿੱਧੀ ਕੀਤੀ ਅਤੇ ਉਸ ’ਚ ਸਵਾਰ ਮਹੇਸ਼ ਕੁਮਾਰ ਨੂੰ ਬਾਹਰ ਕੱਢਿਆ। ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਮਹੇਸ਼ ਕੁਮਾਰ ਮੁੱਲਾਂਪੁਰ, ਆਪਣੀ ਕਾਰ ’ਚ ਸਵਾਰ ਹੋ ਕੇ ਲੁਧਿਆਣਾ ਸਥਿਤ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਐੱਮਬੀਡੀ ਮਾਲ ਦੇ ਕੋਲ ਜਦੋਂ ਉਨ੍ਹਾਂ ਦੀ ਕਾਰ ਪੁੱਜੀ ਤਾਂ ਰਫ਼ਤਾਰ ਤੇਜ਼ ਹੋਣ ਦੇ ਕਾਰਨ ਸਟੇਅਰਿੰਗ ਨਹੀਂ ਸੰਭਲਿਆ ਅਤੇ ਕਾਰ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਅੱਗੇ ਚੱਲ ਰਹੀ ਟੈਕਸੀ ’ਤੇ ਜਾ ਡਿੱਗੀ, ਟੈਕਸੀ ਚਾਲਕ ਦੀ ਕਾਰ ਉਥੇ ਰੁਕ ਗਈ। ਆਈ-10 ਕਾਰ ਜੋ ਮਹੇਸ਼ ਦੀ ਸੀ, ਉਹ ਤਾਂ ਹਾਦਸਾਗ੍ਰਸਤ ਹੋਈ ਹੀ ਨਾਲ ਹੀ ਟੈਕਸੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਏਐੱਸਆਈ ਰਾਜ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਾਰ ਕਬਜ਼ੇ ’ਚ ਲੈ ਲਈ ਹੈ, ਜਾਂਚ ਕੀਤੀ ਜਾ ਰਹੀ ਹੈ। -ਟਨਸ