ਤੇਜ਼ ਰਫ਼ਤਾਰ ਕਾਰ ਨੇ ਦੋ ਜਣਿਆਂ ਨੂੰ ਦਰੜਿਆ
ਪੱਤਰ ਪ੍ਰੇਰਕ
ਦਸੂਹਾ, 15 ਫਰਵਰੀ
ਸਥਾਨਕ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਜਣਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਦੋਵਾਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ (36) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੱਲੋਵਾਲ ਤੇ ਬਖ਼ਸ਼ੀ ਰਾਮ (65) ਪੁੱਤਰ ਪੂਰਨ ਚੰਦ ਵਾਸੀ ਬੱਲਗਣਾ ਥਾਣਾ ਦਸੂਹਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਸਥਾਨਕ ਏਟੀਐੱਮ ਤੋਂ ਪੈਸੇ ਕੱਢਵਾਉਣ ਮਗਰੋਂ ਨਿਰੰਕਾਰੀ ਭਵਨ ਨੇੜੇ ਖੜ੍ਹਾ ਸੀ, ਜਿਸ ਦੌਰਾਨ ਹੁਸ਼ਿਆਰਪੁਰ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ ਆਲਟੋ ਕਾਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਭਿਆਨਕ ਸੀ ਕਿ ਅੰਮ੍ਰਿਤਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਮਗਰੋਂ ਚਾਲਕ ਨੇ ਕਾਰ ਬਲਗਣਾ ਰੋਡ ਵੱਲ ਭਜਾ ਲਈ ਤੇ ਡੀਏਵੀ ਸਕੂਲ ਨੇੜੇ ਸੈਰ ਕਰਦੇ ਬਖਸ਼ੀ ਰਾਮ ਨੂੰ ਕਾਰ ਹੇਠਾ ਦਰੜ ਦਿੱਤਾ। ਬਖ਼ਸ਼ੀ ਰਾਮ ਦੀ ਵੀ ਮੌਕੇ ’ਤੇ ਮੌਤ ਹੋ ਈ। ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਕਾਰ ਬਰਾਮਦ ਕਰ ਲਈ ਗਈ ਹੈ ਤੇ ਚਾਲਕ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ। ਪੋਸਟਮਾਰਟਮ ਮਗਰੋਂ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।