For the best experience, open
https://m.punjabitribuneonline.com
on your mobile browser.
Advertisement

ਜਿੰਦ ਲੁੱਛਦੀ ਸਹਾਰੇ ਭਾਲਦੀ

08:37 AM May 18, 2024 IST
ਜਿੰਦ ਲੁੱਛਦੀ ਸਹਾਰੇ ਭਾਲਦੀ
Advertisement

ਕਰਨੈਲ ਸਿੰਘ ਸੋਮਲ

Advertisement

ਕੋਈ ਨਿਤਾਣਾ, ਬੇਵੱਸ, ਡੋਲਿਆ, ਭਟਕਿਆ, ਥੁੜ੍ਹਿਆ, ਅਣਗੌਲਿਆ, ਵਿਆਕੁਲ ਅਤੇ ਇਸ ਭਰੀ ਦੁਨੀਆ ਵਿੱਚ ਇਕੱਲਾ ਮਹਿਸੂਸ ਕਰਦੇ ਬੰਦੇ ਦੇ ਅੰਦਰੋਂ ‘ਕੋਈ ਹੈ’ ਦੀ ਪੁਕਾਰ ਨਿਕਲਦੀ ਹੈ। ਕਿਸੇ ਦਾ ਸਹਾਰਾ, ਧਰਵਾਸ ਜਾਂ ਟੇਕ ਲੋੜਨ ਦੀਆਂ ਅਨੇਕਾਂ ਹਾਲਤਾਂ ਹੋ ਸਕਦੀਆਂ ਹਨ। ਕੇਵਲ ਇਕੱਲਤਾ ਵੀ ਉਸ ਨੂੰ ਨਿਤਾਣਾ ਤੇ ਨਿਮਾਣਾ ਬਣਾ ਦਿੰਦੀ ਹੈ। ਜਿੱਥੇ ਜ਼ੋਰਾਵਰਾਂ, ਧਨਾਢਾਂ, ਧੋਖੇਬਾਜ਼ਾਂ ਅਤੇ ਢੀਠਾਂ ਦਾ ਬੋਲ-ਬਾਲਾ ਹੋਵੇ, ਉੱਥੇ ਆਮ ਆਦਮੀ ਦੱਬਿਆ ਅਤੇ ਡਰਿਆ ਮਹਿਸੂਸ ਕਰਦਾ ਹੈ। ਉਸ ਦੀ ਸਮਝ ਸੁਝਾਉਂਦੀ ਹੈ ਕਿ ਬਣਾ ਕੇ ਰੱਖੋ, ਵਿਗਾੜੋ ਨਾ, ਮੌਕੇ ਦੀ ਨਜ਼ਾਕਤ ਮੁਤਾਬਿਕ ਨਰਮ ਪੈ ਜਾਓ, ਲੰਮੀ ਸੋਚਦਿਆਂ ਕਦੇ ਦੰਦਾਂ ਥੱਲੇ ਜੀਭ ਵੀ ਦਿਓ। ਕੀ ਪਤੈ ਕਦੋਂ ਕਿਸੇ ਦੀ ਲੋੜ ਪੈ ਜਾਵੇ।
ਸੋਹਣਾ ਵਰਤਣ ਨੂੰ ਸਾਊਪੁਣਾ ਕਿਹਾ ਜਾਂਦਾ ਹੈ ਪਰ ਜ਼ਿੰਦਗੀ ਦੀਆਂ ਮਜਬੂਰੀਆਂ ਕਰਕੇ ਵੀ ‘ਸਾਊ’ ਬਣਨਾ ਪੈਂਦਾ ਹੈ। ਹਰ ਗੱਲ ਸੋਚ-ਸਮਝ ਕੇ ਕਰਨੀ, ਪੈਰ ਪੈਰ ’ਤੇ ਸਮਝੌਤੇ ਕਰਨੇ- ਅਜਿਹੇ ਸਾਰੇ ਕੁਝ ਨੂੰ ਸਿਆਣਪ ਜਾਂ ਰਣਨੀਤੀ ਮੰਨ ਲਿਆ ਜਾਂਦਾ ਹੈ। ਉਂਜ ਸਾਡੇ ਅੰਦਰ ਯੁੱਧ ਚੱਲਦਾ ਹੀ ਰਹਿੰਦਾ ਹੈ। ਰਿਸ਼ਤੇਦਾਰੀਆਂ ਬੰਦੇ ਦੀ ਤਾਕਤ ਮੰਨੀਆਂ ਜਾਂਦੀਆਂ ਹਨ। ਅਸਰ ਰਸੂਖ਼ ਵੀ ਬਲ ਹੁੰਦਾ ਹੈ ਪਰ ਤਦ ਹੀ ਜੇ ਅਗਲੀ ਧਿਰ ਤਾਣ ਵਾਲੀ ਤੇ ਨਾਲ ਹਮਦਰਦ ਵੀ ਹੋਵੇ। ਮਸਾਂ ਦਿਨ-ਕਟੀ ਕਰਨ ਵਾਲੇ ਕਿਸੇ ਦਾ ਸਹਾਰਾ ਕਿਵੇਂ ਬਣਨ? ਨਿਤਾਣਾ ਆਦਮੀ ਆਪਣੀ ਅੰਦਰਲੀ ਕਮਜ਼ੋਰੀ ਦਾ ਮਾਰਿਆ ਨਿੱਤ ਮਰਦਾ ਹੈ। ਜ਼ੁਲਮ ਦੇ ਖ਼ਿਲਾਫ਼ ਦਮ ਵਾਲੇ ਹੀ ਖਲੋ ਸਕਦੇ ਹਨ। ਉਂਜ ਸਿਦਕ, ਸਾਹਸ, ਦ੍ਰਿੜਤਾ ਆਦਿ ਸ਼ਖ਼ਸੀ ਗੁਣ ਵੀ ਮੁੱਲ ਰੱਖਦੇ ਹਨ। ਪੈਰੋਂ ਮਜ਼ਬੂਤ, ਮਦਦ ਕਰਨ ਦੇ ਇੱਛੁਕ ਸ਼ਖ਼ਸ ਹੀ ਭੀੜ ਪਈ ਤੋਂ ਕੰਧ ਵਾਂਗ ਖੜੋ ਜਾਂਦੇ ਹਨ। ਇਕੱਲੇ ਤੇ ਕਮਜ਼ੋਰ ਦੀ ਛੇਤੀ ਦੇਣੇ ਕੋਈ ਧਿਰ ਨਹੀਂ ਬਣਦਾ। ਉਹ ਸਹਾਰੇ ਭਾਲਦਾ ਥੱਕ ਜਾਂਦਾ ਹੈ। ਸੁਹਿਰਦਤਾ ਨਾ ਹੋਵੇ ਤਾਂ ਵਾਅਦਿਆਂ/ਲਾਰਿਆਂ ਵਿੱਚ ਉਲਝਿਆ ਬੰਦਾ ਬਲਕਿ ਵਧੇਰੇ ਪਰੇਸ਼ਾਨ ਹੁੰਦਾ ਹੈ। ਹਾਂ, ਇਤਫ਼ਾਕ ਅਤੇ ਏਕੇ ਦਾ ਕੋਈ ਲੇਖਾ ਨਹੀਂ। ਸਮੂਹ ਦੇ ਇਕੱਠੇ ਹੋ ਕੇ ਤੁਰਨ ਲਈ ਚੇਤਨਾ ਲੋੜੀਂਦੀ ਹੈ। ਵਰਨਾ ਬੰਦਾ ਕਿਸੇ ‘ਗ਼ੈਬੀ’ ਤਾਕਤ ਦੀ ਓਟ ਟੋਲਦਾ ਕੁਰਾਹੇ ਪੈ ਜਾਂਦਾ ਹੈ। ਜਿੱਧਰ ਦੀ ਦੱਸ ਪਵੇ ਉੱਧਰ ਨੂੰ ਦੌੜਦਾ ਹੈ। ‘ਇੱਕ ਤਾਂ ਝੱਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ’ ਵਿਆਕੁਲ ਜਿੰਦ ਕਲਪਿਤ ਸਹਾਰਿਆਂ ਵੱਲ ਦੌੜਦੀ ਹੈ। ਅੱਗੋਂ ਸ਼ੋਸ਼ਣ ਕਰਨ ਵਾਲਿਆਂ ਨੂੰ ਹੋਰ ਕੀ ਚਾਹੀਦਾ ਹੈ। ਬੜੇ ਲੋਕ ਇਨ੍ਹਾਂ ਭੋਲੇ ਅਤੇ ਅੰਧ-ਵਿਸ਼ਵਾਸ ਰੱਖਣ ਵਾਲਿਆਂ ਨੂੰ ਖ਼ੁਦ ਆਇਆ ਸ਼ਿਕਾਰ ਸਮਝ ਕੇ ਖ਼ੂਬ ਵਰਗਲਾਉਂਦੇ ਹਨ।
ਇੱਥੇ ਇੱਕ ਸੱਚੀ ਘਟਨਾ ਚੇਤੇ ਆ ਗਈ। ਇੱਕ ਸਿੱਧੜ ਅਤੇ ਅਨਪੜ੍ਹ ਪੇਂਡੂ ਦੂਜਿਆਂ ਦੇ ਦੱਸੇ-ਦਸਾਏ ਆਪਣੀ ਮ੍ਰਿਤਕ ਮਾਂ ਦੀ ਗਤ ਕਰਾਉਣ ਗਿਆ ਆਪਣੀ ਹੀ ਗਤ ਕਰਵਾ ਆਇਆ। ਅਗਲਾ, ਕਦੇ ਆਖੇ ਤੂੰ ਅਹਿ ਦਾਨ ਕਰ, ਕਦੇ ਅਹੁ ਦਾਨ ਕਰ। ਫਿਰ ਤੇਰੀ ਮਾਂ ਤੈਨੂੰ ਸੁਫ਼ਨਿਆਂ ਵਿੱਚ ਦਿੱਸਣੋਂ ਹਟ ਜਾਵੇਗੀ। ਹੋਰ ਪਕਿਆਈ ਚਾਹੁੰਦੈ ਤਾਂ ਇੱਕ ਦੁਧਾਰੂ ਗਊ ਦਾਨ ਕਰ। ਉਸ ਸਾਊ ਆਦਮੀ ਨੇ ਪੁੱਛਿਆ, ਹੁਣ ‘ਗਊ ਕਿੱਥੋਂ ਲਿਆਵਾਂ।’ ਸ਼ਾਤਰ ਬੰਦੇ ਨੇ ਆਖਿਆ ਕੋਈ ਗੱਲ ਨਹੀਂ, ਪ੍ਰਬੰਧ ਹੋ ਜਾਵੇਗਾ, ਤੂੰ ਗਊ ਦਾ ਮੁੱਲ ਤਾਰ ਦੇ। ਵਿਚਾਰੇ ਦਾ ਘਰ ਵਾਪਸੀ ਤੱਕ ਦਾ ਕਿਰਾਇਆ ਮਸੀਂ ਬਚਿਆ।
‘ਉੱਡਦਾ ਤੇ ਜਾਵੀਂ ਕਾਵਾਂ’ ਸ਼ਬਦਾਂ ਨਾਲ ਸ਼ੁਰੂ ਹੁੰਦੇ ਲੋਕ ਗੀਤ ਵਿੱਚ ਸਹਾਰੇ ਲਈ ਆਂਤਰਿਕ ਤਰਲਾ ਹੈ। ਭਰਾ ਆਪਸ ਵਿੱਚ ਕਦੇ ਖਰ੍ਹਵਾ ਬੋਲ ਸਕਦੇ ਹਨ ਪਰ ਭੈਣ ਦੇ ਬੋਲ ਸਦਾ ਧੀਮੇ, ਨਿਮਰ ਅਤੇ ਸੰਕੋਚਵੇਂ ਹੁੰਦੇ ਹਨ। ਪਰ, ਹੁਣ ਕੁੜੀਆਂ ਚੰਗਾ ਪੜ੍ਹ-ਲਿਖ ਕੇ ਰੁਜ਼ਗਾਰ ਪ੍ਰਾਪਤ ਕਰ ਲੈਂਦੀਆਂ ਹਨ। ਆਰਥਿਕ ਹਾਲਤ ਬਿਹਤਰ ਹੋਣ ਸਦਕਾ ਉਹ ਨਾ ਸਹਾਰੇ ਭਾਲਣ ਅਤੇ ਨਾ ‘ਝੱਗੇ ਚੁੰਨੀਆਂ’ ਦੀਆਂ ਮੁਹਤਾਜ ਹੋਣ। ਸਗੋਂ ਆਤਮ-ਵਿਸ਼ਵਾਸ ਨਾਲ ਭਰੀਆਂ ਆਪਣਿਆਂ ਨਾਲ ਬਰਾਬਰ ਪੁੱਗਦੀਆਂ ਹਨ। ਮਾਪਿਆਂ ਦੇ ਸਾਰੇ ਪੁੱਤ-ਧੀ ਸਵੈ-ਮਾਣ ਅਤੇ ਸਾਵੇਂ ਰਿਸ਼ਤਿਆਂ ਵਿੱਚ ਬੱਝਦੇ ਵਧੇਰੇ ਖ਼ੁਸ਼ ਰਹਿੰਦੇ ਹਨ। ਹੋਰ ਵੇਖੋ, ਪਿਛਲੀ ਤੇ ਪਿਛਲੇਰੀ ਪੀੜ੍ਹੀ ਦੀਆਂ ਮਾਪਿਆਂ ਦੁਆਰਾ ਪੜ੍ਹਾਈਆਂ-ਲਿਖਾਈਆਂ ਧੀਆਂ ਨੌਕਰੀ ਪੇਸ਼ੇ ਤੋਂ ਸੇਵਾਮੁਕਤ ਹੋਈਆਂ ਸੋਹਣੀਆਂ ਪੈਨਸ਼ਨਾਂ ਲੈਂਦੀਆਂ ਹਨ। ਬਲਕਿ ਹੁਣ ਤਾਂ ਉਹ ਆਪਣਿਆਂ ਨੂੰ ਮੁੜ ਮੁੜ ਪੁੱਛਦੀਆਂ ਹਨ, ‘ਦੱਸਣਾ ਜੇ ਲੋੜ ਹੋਵੇ।’ ਆਪਣੇ ਪੈਰਾਂ ’ਤੇ ਸਿੱਧਾ ਖੜ੍ਹਾ ਇਨਸਾਨ ਹੀ ਦੂਜਿਆਂ ਦਾ ਸਹਾਰਾ ਬਣਦਾ ਹੈ।
ਕਾਵਾਂ, ਕੁੱਤਿਆਂ ਤੇ ਸ਼ਾਇਦ ਹੋਰਾਂ ਜੀਵਾਂ ਵਿੱਚ ਵੀ ਇਹ ਸਿਫ਼ਤ ਹੈ ਕਿ ਉਹ ਇੱਕ ਆਵਾਜ਼ ਦਿੰਦੇ ਨੇ ਤੇ ਸਾਰੇ ਭੱਜੇ ਆਉਂਦੇ ਹਨ। ਅਜਿਹੀ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਭਰਵੇਂ ਰੂਪ ਵਿੱਚ ਮਨੁੱਖਾਂ ਕੋਲ ਹੋਵੇ ਤਦ ਕੋਈ ਵਿੱਛੜੀ ਕੂੰਜ ਵਾਂਗ ਕੁਰਲਾਵੇ ਕਿਉਂ? ਪੰਛੀ ਉੱਡਦੇ ਹਨ ਤਦ ਲੈਅ ਵਿੱਚ ਕੀੜੀਆਂ ਤੁਰਦੀਆਂ ਹਨ ਤਦ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀਆਂ ਹਨ। ਹਵਾ ਦਾ ਬੁੱਲਾ ਆਉਣ ’ਤੇ ਬਿਰਖਾਂ-ਬੂਟਿਆਂ ਦੇ ਪੱਤੇ ਕਿੰਨੀ ਸੋਹਣੀ-ਮਿਲਵੀਂ ਤਾਲ ਨਾਲ ਝੂਮਦੇ ਹਨ। ਇੱਧਰ ਮਨੁੱਖ ਹੈ ਜਿਹੜਾ ਜਿਵੇਂ ਜਿਵੇਂ ਸੁਖਾਲਾ ਤੇ ਸਮਰੱਥ ਹੋਣ ਲੱਗਿਆ ਹੈ, ਇਕੱਲਾ ਰਹਿਣ ਲੱਗ ਪਿਆ ਹੈ।
ਜਦੋਂ ਘਰ ਕੱਚੇ ਹੁੰਦੇ ਸਨ ਤਾਂ ਵਿਹੜਿਆਂ ਦੀਆਂ ਕੰਧਾਂ ਇੰਨੀਆਂ ਕੁ ਨੀਵੀਆਂ ਰੱਖੀਆਂ ਜਾਂਦੀਆਂ ਸਨ ਕਿ ਆਰ-ਪਾਰ ਇੱਕ-ਦੂਜੇ ਨਾਲ ਗੱਲ ਹੋ ਸਕੇ। ਹੁਣ, ਕਾਹਦੇ ਸੁੱਖ-ਆਰਾਮ ਹੋਏ ਕਿ ਬੰਦੇ ਆਪਣਿਆਂ ਤੋਂ ਹੀ ਓਹਲੇ ਕਰਕੇ ਬੈਠਣ ਲੱਗ ਪਏ। ਆਪੂੰ ਬਣਾਈਆਂ ਦੂਰੀਆਂ ਕਰਕੇ ਨਾ ਬੋਲ-ਬਾਣੀ ਦੀ ਸਾਂਝ ਤੇ ਨਾ ਇੱਕ-ਦੂਜੇ ਦੇ ਮੂੰਹ-ਮੱਥੇ ਲੱਗਣ ਦੀ ਗੱਲ। ਸਿੱਟਾ ਰਿਸ਼ਤੇ ਬੇਰਸ, ਸਾਂਝਾਂ ਕਮਜ਼ੋਰ ਅਤੇ ਪਰਸਪਰ ਸਹਿਯੋਗ ਮਨਫ਼ੀ। ਇਕੱਲੇ, ਬੇਵੱਸ, ਨਿਤਾਣੇ, ਨਿਰਾਸ਼ ਅਤੇ ਉਦਾਸ ਹੋਣੇ ਹੀ ਹੋਏ। ਕਦੇ ਇਹ ਖ਼ਿਆਲ ਵੀ ਆਉਂਦੈ ਕਿ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਵੱਖ-ਵੱਖ ਪ੍ਰਬੰਧ ਜੇ ਉਸਾਰੂ ਭੂਮਿਕਾ ਨਿਭਾਉਣ ਤਾਂ ਬੰਦਾ ਕਿਸੇ ਵੀ ਹਾਲਤ ਵਿੱਚ ਅਸਹਾਇ ਮਹਿਸੂਸ ਨਾ ਕਰੇ। ਉਹ ਮਸਨੂਈ ਸਹਾਰਿਆਂ ਵੱਲ ਵੀ ਨਾ ਭੱਜੇ।
ਸੰਪਰਕ: 98141-57137

Advertisement
Author Image

joginder kumar

View all posts

Advertisement
Advertisement
×