ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੇ ਗੀਤ ਜੌਰਡਨ ਵਿੱਚ ਫ਼ਿਲਮਾਏ
ਮੁੰਬਈ: ਇਨ੍ਹੀਂ ਦਿਨੀਂ ਅਦਾਕਾਰ ਅਤੇ ਨਿਰਮਾਤਾ ਜੈਕੀ ਭਗਨਾਨੀ ਆਪਣੀ ਆਉਣ ਵਾਲੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਫ਼ਿਲਮ ਦੇ ਗੀਤਾਂ ਦੀ ਸ਼ੂਟਿੰਗ ਜੌਰਡਨ ਵਿੱਚ ਕੀਤੀ ਗਈ ਹੈ। ਜੈਕੀ ਨੇ ਗੀਤਾਂ ਦੀ ਸ਼ੂਟਿੰਗ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸ਼ੂਟਿੰਗ ਲਈ 150 ਤੋਂ 200 ਲੋਕਾਂ ਦੇ ਇੱਕ ਵਫ਼ਦ ਨੇ ਮੁੰਬਈ ਤੋਂ ਜੌਰਡਨ ਤੱਕ ਦਾ ਸਫ਼ਰ ਕੀਤਾ। ਉਨ੍ਹਾਂ ਨੇ ਉਥੇ 12 ਦਿਨਾਂ ਵਿੱਚ ਚਾਰ ਗੀਤ ਸ਼ੂਟ ਕੀਤੇ। ਮੱਧ ਪੂਰਬ ਦੇ ਮੁਲਕਾਂ ਵਿੱਚ ਸ਼ੂਟਿੰਗ ਦਾ ਪ੍ਰੋਗਰਾਮ ਤੈਅ ਸਮੇਂ ਵਿੱਚ ਮੁਕੰਮਲ ਕਰਨਾ ਸੀ। ਉਹ ਇੱਕ ਅਜਿਹੇ ਦੇਸ਼ ਦੀ ਭਾਲ ’ਚ ਸਨ ਜਿੱਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸੀਨ ਸ਼ੂਟ ਕਰਨ ਦਾ ਮੌਕਾ ਮਿਲ ਸਕੇ ਤੇ ਇਹ ਸਭ ਕੁਝ ਜੌਰਡਨ ਵਿੱਚ ਸੀ। ਇਸ ਲਈ ਗੀਤਾਂ ਦੀ ਸ਼ੂਟਿੰਗ ਲਈ ਉਨ੍ਹਾਂ ਜੌਰਡਨ ਚੁਣਿਆ, ਕਿਉਂਕਿ ਉਥੇ ਵਿੱਚ ਰੇਗਿਸਤਾਨ, ਸਮੁੰਦਰ ਅਤੇ ਸ਼ਹਿਰੀ ਮਾਹੌਲ ਸਭ ਕੁੱਝ ਸੀ। ਫ਼ਿਲਮ ਵਿੱਚ ਅਕਸ਼ੈ ਕੁਮਾਰ, ਟਾਈਗਰ ਸ਼ਰੌਫ਼, ਪ੍ਰਿਥਵੀਰਾਜ ਸੁਕੁਮਾਰਨ, ਸੋਨਾਕਸ਼ੀ ਸਿਨਹਾ, ਅਲਾਇਆ ਐੱਫ ਅਤੇ ਮਾਨੁਸ਼ੀ ਛਿੱਲਰ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਭਾਰਤ, ਯੂਕੇ, ਸਕਾਟਲੈਂਡ, ਆਬੂਧਾਬੀ ਅਤੇ ਜੌਰਡਨ ਵਿੱਚ ਕੀਤੀ ਗਈ ਹੈ। ਵਾਸ਼ੂ ਭਗਨਾਨੀ, ਦੀਪਸ਼ਿਖਾ ਦੇਸ਼ਮੁੱਖ, ਜੈਕੀ ਭਗਨਾਨੀ, ਹਿਮਾਂਸ਼ੂ ਕਿਸ਼ਨ ਮਹਿਰਾ ਅਤੇ ਅਲੀ ਅਬਾਸ਼ ਜ਼ਾਫ਼ਰ ਵੱਲੋਂ ਬਣਾਈ ਇਹ ਫ਼ਿਲਮ ਇਸੇ ਵਰ੍ਹੇ ਈਦ ਮੌਕੇ ਰਿਲੀਜ਼ ਹੋਵੇਗੀ। -ਆਈਏਐੱਨਐੱਸ