ਵੱਡੇ ਸਿਆਸੀ ਆਗੂ ਦਾ ਪੁੱਤ ਸਕੂਲੋਂ ‘ਗਾਇਬ’, ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ
08:36 AM Sep 05, 2024 IST
ਜੈਸਮੀਨ ਭਾਰਦਵਾਜ
ਨਾਭਾ, 4 ਸਤੰਬਰ
ਇੱਥੋਂ ਦੇ ਸਕੂਲ ਵਿਚ ਅੱਜ ਤੜਕਸਾਰ ਪਟਿਆਲਾ ਜ਼ਿਲ੍ਹੇ ਦੀ ਪੁਲੀਸ ਕੁਝ ਛਾਣਬੀਣ ਕਰਦੀ ਦੇਖੀ ਗਈ। ਸੂਤਰਾਂ ਮੁਤਾਬਕ ਪੰਜਾਬ ਦੀ ਸੱਤਾਧਾਰੀ ਧਿਰ ਦੇ ਆਗੂ ਦਾ ਪੁੱਤ ਸਕੂਲ ਵਿੱਚ ਦਸਵੀਂ ਦਾ ਵਿਦਿਆਰਥੀ ਹੈ, ਉਹ ਸਵੇਰੇ 4 ਵਜੇ ਤੋਂ ਹੋਸਟਲ ਵਿੱਚੋਂ ਲਾਪਤਾ ਸੀ। ਇਸ ਮੌਕੇ ਐੱਸਐੱਸਪੀ ਪਟਿਆਲਾ ਸਮੇਤ ਵੱਡੀ ਗਿਣਤੀ ਪੁਲੀਸ ਫੋਰਸ ਤਾਇਨਾਤ ਰਹੀ। ਜਾਣਕਾਰੀ ਅਨੁਸਾਰ ਲਗਪਗ 8-9 ਘੰਟਿਆਂ ਬਾਅਦ ਇਹ ਬੱਚਾ ਸਰਕੂਲਰ ਰੋਡ ਕੋਲੋਂ ਮਿਲਿਆ। ਹਾਲਾਂਕਿ ਪੁਲੀਸ ਅਤੇ ਸਕੂਲ ਪ੍ਰਸ਼ਾਸਨ ਇਸ ਮਾਮਲੇ ’ਤੇ ਗੱਲ ਕਰਨ ਤੋਂ ਗੁਰੇਜ਼ ਕਰਦੇ ਰਹੇ। ਨਾਭਾ ਦੇ ਐੱਸਐੱਚਓ ਅਤੇ ਡੀਐੱਸਪੀ ਨਾਭਾ ਨੇ ਸਾਰਾ ਦਿਨ ਕੋਈ ਫੋਨ ਨਾ ਚੁੱਕਿਆ। ਐੱਸਐੱਸਪੀ ਪਟਿਆਲਾ ਨਾਨਕ ਸਿੰਘ ਨੇ ਇਸ ਸੂਚਨਾ ਨੂੰ ਗਲਤ ਦੱਸਦਿਆਂ ਕਿਹਾ ਕਿ ਬੱਚਾ ਲਾਪਤਾ ਨਹੀਂ ਸੀ ਹੋਇਆ। ਆਗੂ ਆਪਣੇ ਬੇਟੇ ਨੂੰ ਮਿਲਣ ਆਏ ਸਨ ਤੇ ਉਹ ਆਪ ਪੁਲੀਸ ਫੋਰਸ ਸਮੇਤ ਪ੍ਰੋਟੋਕੋਲ ਤਹਿਤ ਉਥੇ ਗਏ ਸੀ ਪਰ ਇਸ ਮੌਕੇ ਜ਼ਿਆਦਾਤਰ ਪੁਲੀਸ ਅਧਿਕਾਰੀ ਵਰਦੀ ’ਚ ਨਾ ਹੋ ਕੇ ਸਿਵਲ ਕੱਪੜਿਆਂ ਵਿੱਚ ਹੀ ਸਨ।
Advertisement
Advertisement