ਸਮਾਜ ਸੇਵੀ ਜਥੇਬੰਦੀ ਵੱਲੋਂ ਹੜ੍ਹ ਪੀੜਤਾਂ ਦੀ ਸੇਵਾ ਸੰਭਾਲ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਜੁਲਾਈ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅੱਜ ਭਾਰੀ ਬਾਰਸ਼ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਅਤੇ ਪਸ਼ੂਆਂ ਲਈ ਲੰਗਰ, ਦੁੱਧ ਅਤੇ ਚਾਰੇ ਦੀ ਸੇਵਾ ਕੀਤੀ ਗਈ।
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਗਊ ਸੇਵਕ ਭੀਮ ਸੈਨ ਬਾਂਸਲ, ਸਮਾਜਸੇਵੀ ਰੇਸ਼ਮ ਸਿੰਘ ਸੱਗੂ, ਅਰਜਨ ਬਾਵਾ ਅਤੇ ਸੁਸ਼ੀਲ ਕੁਮਾਰ ਨੇ ਮੀਂਹ ਦੇ ਪ੍ਰਭਾਵ ਹੇਠ ਆਏ ਸਤਲੁਜ ਦਰਿਆ ਦੇ ਕੰਢੇ ‘ਤੇ ਪਸ਼ੂ ਅਤੇ ਸਾਮਾਨ ਰੱਖੀ ਬੈਠੇ ਲੋਕਾਂ ਨੂੰ ਲੰਗਰ ਛਕਾਇਆ ਅਤੇ ਦੁੱਧ ਦੀ ਸੇਵਾ ਕੀਤੀ। ਇਸ ਸਮੇਂ ਸ੍ਰੀ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੀਂਹ ਦੀ ਮਾਰ ਹੇਠ ਆਏ ਲੋਕਾਂ ਦੀ ਸਾਰ ਲਵੇ ਅਤੇ ਉਨ੍ਹਾਂ ਦੀਆਂ ਤਬਾਹ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਅਤੇ ਅੰਦਰ ਪਏ ਸਮਾਨ ਦਾ ਵੀ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਵੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪੀੜਤ ਲੋਕਾਂ ਨੇ ਗਿਲਾ ਕੀਤਾ ਹੈ ਕਿ ਸਰਕਾਰੀ ਨੁਮਾਇੰਦਾ ਕੋਈ ਵੀ ਰਾਹਤ ਸਮੱਗਰੀ ਲੈ ਕੇ ਨਹੀਂ ਪਹੁੰਚਿਆ ਜਦਕਿ ਸਾਬਕਾ ਵਿਧਾਇਕ ਵੈਦ ਕੁਲਦੀਪ ਸਿੰਘ ਅਤੇ ਮਲਕੀਤ ਸਿੰਘ ਦਾਖਾ ਨੇ ਪਸ਼ੂਆਂ ਲਈ ਪੱਠਿਆਂ ਦਾ ਇੰਤਜ਼ਾਮ ਕੀਤਾ ਹੈ ਅਤੇ ਖਾਣ ਲਈ ਸਮੱਗਰੀ ਭੇਜੀ ਹੈ।