ਧੁਆਂਖੀ ਧੁੰਦ ਨੇ ਰਾਜਧਾਨੀ ’ਚ ਲੋਕਾਂ ਦਾ ਜਿਊਣਾ ਕੀਤਾ ਮੁਹਾਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਨਵੰਬਰ
ਦਿੱਲੀ ਦੀ ਹਵਾ ਦੀ ਗੁਣਵੱਤਾ ਐਤਵਾਰ ਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਬਣੀ ਰਹੀ। ਇਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਹਾਲ ਹੋ ਗਿਆ ਹੈ। ਸੰਘਣੇ ਧੂੰਏਂ ਨੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਦਿੱਖ ਨੂੰ ਪ੍ਰਭਾਵਿਤ ਕੀਤਾ। ਭਾਰਤੀ ਮੌਸਮ ਵਿਭਾਗ ਵੱਲੋਂ ਦਰਜ ਕੀਤੀ ਗਈ ਸਫਦਰਜੰਗ ਦੀ ਦਿੱਖ ਸ਼ਨਿਚਰਵਾਰ ਨੂੰ ਸਵੇਰੇ 600 ਮੀਟਰ ਤੱਕ ਘੱਟ ਗਈ ਸੀ ਜੋ ਦਿਨ ਵੇਲੇ 1,200 ਮੀਟਰ ਤੱਕ ਸੁਧਰ ਗਈ। ਹਵਾਈ ਅੱਡੇ ’ਤੇ ਪਾਰਦਰਸ਼ਤਾ ਵਿੱਚ ਕਮੀ ਦਿਖਾਈ ਦਿੱਤੀ। ਸਵੇਰੇ ਲੋਕਾਂ ਨੂੰ ਗੱਡੀਆਂ ਦੀਆਂ ਬੱਤੀਆਂ ਜਗਾ ਕੇ ਸਫ਼ਰ ਕਰਦੇ ਦੇਖਿਆ ਗਿਆ। ਲਗਾਤਾਰ ਸੱਤਵੇਂ ਦਿਨ ਦਿੱਲੀ ਦੀ ਔਸਤ ਏਕਿਊਆਈ 350 ਤੋਂ ਉੱਪਰ ਦੇ ਨਾਲ ਹਵਾ ਦੀ ਗੁਣਵੱਤਾ ਚਿੰਤਾਜਨਕ ਰਹੀ। ਨਿਊ ਮੋਤੀ ਬਾਗ ਵਿੱਚ ‘ਗੰਭੀਰ’ ਪ੍ਰਦੂਸ਼ਣ ਰਿਹਾ ਅਤੇ ਏਕਿਊਆਈ, 409 ’ਤੇ ਸਭ ਤੋਂ ਵੱਧ ਦਰਜ ਕੀਤਾ ਗਿਆ। ਫਰੀਦਾਬਾਦ, ਗੁੜਗਾਓਂ, ਨੋਇਡਾ ਤੇ ਗਾਜ਼ੀਆਬਾਦ ਵਿੱਚ ਮਾਮੂਲੀ ਸੁਧਾਰ ਦੇਖਿਆ ਗਿਆ ਪਰ ਫਿਰ ਵੀ ‘ਮਾੜੀ’ ਸ਼੍ਰੇਣੀ ਵਿੱਚ ਏਕਿਊਆਈ ਦਰਜ ਕੀਤਾ ਗਿਆ, ਜਦੋਂ ਕਿ ਦਿੱਲੀ ਵਿੱਚ ਤਾਪਮਾਨ ਆਮ ਦਿਨਾਂ ਵਾਂਗ ਰਿਹਾ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਹਿਰ ਲਈ ਹਵਾ ਗੁਣਵੱਤਾ ਸੂਚਕਾਂਕ 334 ਦੀ ਰਿਪੋਰਟ ਕੀਤੀ। ਅਲੀਪੁਰ, ਆਨੰਦ ਵਿਹਾਰ, ਜਹਾਂਗੀਰਪੁਰੀ, ਰੋਹਿਣੀ ਅਤੇ ਬਵਾਨਾ ਵਰਗੇ ਖੇਤਰਾਂ ਵਿੱਚ ਖਾਸ ਤੌਰ ’ਤੇ ਹਵਾ ਦੀ ਗੁਣਵੱਤਾ ਖਰਾਬ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ, ਅੱਜ ਸਵੇਰੇ 8 ਵਜੇ ਤੱਕ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 335 ਦਰਜ ਕੀਤਾ ਗਿਆ ਸੀ, ਜੋ ਇਸ ਨੂੰ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਸਾਉਂਦਾ ਹੈ।
ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ ਨੇ ਐਤਵਾਰ ਸਵੇਰੇ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ਦੇ ਪੱਧਰ ‘ਬਹੁਤ ਮਾੜੇ’ ਦੀ ਰਿਪੋਰਟ ਕੀਤੀ। ਏਕਿਊਆਈ ਦਾ ਪੱਧਰ ਆਨੰਦ ਵਿਹਾਰ 351, ਬਵਾਨਾ 383, ਸੀਆਰਆਰਆਈ ਮਥੁਰਾ ਰੋਡ 323, ਦਵਾਰਕਾ ਸੈਕਟਰ-8 341, ਆਈਜੀਆਈ ਹਵਾਈ ਅੱਡਾ 326, ਆਈਟੀਓ 328, ਲੋਧੀ ਰੋਡ 319, ਮੁੰਡਕਾ 358, ਨਜਫ਼ਗੜ੍ਹ 394, ਓਖਲਾ ਫੇਜ਼-2 ਵਿੱਚ 339, ਆਰਕੇ ਪੁਰਮ 368 ’ਤੇ ਅਤੇ ਵਜ਼ੀਰਪੁਰ ਵਿੱਚ 366 ’ਤੇ ਸੀ।
ਯਮੁਨਾ ਨਦੀ ਦੇ ਪਾਣੀ ਵਿੱਚੋਂ ਝੱਗ ਨਹੀਂ ਹਟੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਇਕ ਪਾਸੇ ਹਵਾ ਗੰਦਲੀ ਹੈ ਅਤੇ ਦੂਜੇ ਪਾਸੇ ਯਮੁਨਾ ਨਦੀ ਦੇ ਪਾਣੀ ਵਿੱਚ ਝੱਗ ਆਉਣੀ ਅਜੇ ਵੀ ਜਾਰੀ ਹੈ। ਇਸ ਦੌਰਾਨ ਅੱਜ ਕਾਲਿੰਦੀ ਕੁੰਜ ਵਿੱਚ ਯਮੁਨਾ ਨਦੀ ਦੇ ਪਾਣੀ ਵਿੱਚ ਝੱਗ ਬਣੀ ਹੋਈ ਸੀ। ਇਹ ਪਾਣੀ ਦੇ ਪ੍ਰਦੂਸ਼ਣ ਦੇ ਕਾਰਨ ਬਣੀ ਹੋਈ ਸੀ। ਛੱਠ ਪੂਜਾ ਦੌਰਾਨ ਇਸ ਝੱਗ ਨੂੰ ਲੈ ਕੇ ਸਿਆਸਤ ਵੀ ਭਖੀ ਰਹੀ ਸੀ।