ਸੁੱਚੇ ਗੁਲਾਬ ਦੀ ਮਹਿਕ...ਅਮਰਜੀਤ ਪੰਨੂੰ
ਪ੍ਰੋ. ਸੁਹਿੰਦਰ ਬੀਰ
ਡਾ. ਕੰਵਲਜੀਤ ਕੌਰ
ਅਮਰਜੀਤ ਪੰਨੂੰ ਇੱਕ ਬਹੁ-ਭਾਸ਼ਾਈ ਲੇਖਿਕਾ ਹੈ, ਕਿੱਤੇ ਵਜੋਂ ਉਹ ਬਾਇਓਟੈਕ ਵਿਗਿਆਨੀ ਹੈ, ਪਰ ਉਹ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪਿਛਲੇ ਢਾਈ ਦਹਾਕਿਆਂ ਤੋਂ ਗਲਪ ਸਿਰਜਣਾ ਕਰ ਰਹੀ ਹੈ। ਹੁਣ ਤੱਕ ਉਸ ਨੇ ਅੰਗਰੇਜ਼ੀ ਵਿੱਚ ‘Splintered Waters : Tryst with Destiny’ (2021) ਅਤੇ ਪੰਜਾਬੀ ਵਿੱਚ ‘ਸੁੱਚਾ ਗੁਲਾਬ’ (2022) ਕਹਾਣੀ-ਸੰਗ੍ਰਹਿ ਦੀ ਰਚਨਾ ਕੀਤੀ ਹੈ। ਇਹ ਦੋਵੇਂ ਰਚਨਾਵਾਂ ਸਾਹਿਤਕ ਸਭਾਵਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ। ਪੰਜਾਬੀ ਵਿੱਚ ਉਸ ਦੁਆਰਾ ਲਿਖੀਆਂ ਕਈ ਕਹਾਣੀਆਂ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ।
ਸਾਲ 1981 ਵਿੱਚ ਉਹ ਸਥਾਈ ਤੌਰ ’ਤੇ ਅਮਰੀਕਾ ਜਾ ਵੱਸੀ। ਇੱਥੇ ਉਸ ਨੇ ਨਿਊ ਜਰਸੀ ਦੀ ਨਾਮੀ ਯੂਨੀਵਰਸਿਟੀ ਵਿੱਚ ਨੌਕਰੀ ਕਰਨ ਦੇ ਨਾਲ ਨਾਲ ਕੈਂਸਰ ਦੇ ਖੇਤਰ ਵਿੱਚ ਉਚੇਚੀ ਖੋਜ ਵੀ ਕੀਤੀ। ਇਹ ਖੋਜ ਕਰਨ ਨਾਲ ਉਸ ਦਾ ਆਪਣੇ ਖੇਤਰ ਵਿੱਚ ਵਧੇਰੇ ਨਾਮ ਹੋਇਆ ਅਤੇ ਉਸ ਨੇ ਮਾਣ-ਸਨਮਾਨ ਵੀ ਪ੍ਰਾਪਤ ਕੀਤੇ। ਵਿਗਿਆਨ ਦੇ ਖੇਤਰ ਵਿੱਚ ਅਹੁਦਿਆਂ ਤੋਂ ਸੇਵਾ-ਮੁਕਤ ਹੋਣ ਉਪਰੰਤ ਅੱਜਕੱਲ੍ਹ ਉਹ ਕੈਲੀਫੋਰਨੀਆ ਦੇ ਸ਼ਹਿਰ ਪਿਨੋਲ ਵਿਖੇ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਸਾਹਿਤ-ਸਾਧਨਾ ਕਰ ਰਹੀ ਹੈ। ਇੱਕ ਵਿਗਿਆਨੀ ਹੋਣ ਦੇ ਨਾਲ ਨਾਲ ਉਸ ਨੇ ਆਪਣੀ ਮਾਤ-ਭਾਸ਼ਾ ਵਿੱਚ ਸਾਹਿਤ ਸਿਰਜਣਾ ਦਾ ਕਾਰਜ ਜਾਰੀ ਰੱਖਿਆ ਹੈ। ਉਸ ਦੀਆਂ ਪਹਿਲੀਆਂ ਕਹਾਣੀਆਂ ‘ਨਾਗਮਣੀ’ ਵਿੱਚ ਪ੍ਰਕਾਸ਼ਿਤ ਹੋਈਆਂ ਅਤੇ ਅੰਮ੍ਰਿਤਾ ਪ੍ਰੀਤਮ ਨੇ ਉਸ ਨੂੰ ਕਥਾ-ਸਿਰਜਣਾ ਨਾਲ ਨਿਰੰਤਰ ਜੁੜੇ ਰਹਿਣ ਦੀ ਤਾਕੀਦ ਕੀਤੀ।
ਇਸ ਕਹਾਣੀ ਸੰਗ੍ਰਹਿ ਵਿੱਚ ਵਧੇਰੇ ਕਹਾਣੀਆਂ ਨਾਰੀ ਸਰੋਕਾਰਾਂ ਨੂੰ ਆਪਣੀ ਸੰਵੇਦਨਾ ਦਾ ਅੰਗ ਬਣਾਉਂਦੀਆਂ ਹਨ। ਇਤਿਹਾਸਕ ਤੌਰ ’ਤੇ ਸਮਾਂ ਵੀ ਅਜਿਹਾ ਸੀ ਜਦੋਂ ਦੇਸ਼ ਵਿੱਚ ਨਾਰੀਵਾਦੀ ਲਹਿਰ ਦੇ ਪੈਦਾ ਹੋਣ ਨਾਲ ਔਰਤਾਂ ਨੂੰ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਤੇ ਉਨ੍ਹਾਂ ਤੋਂ ਮੁਕਤ ਹੋਣ ਦਾ ਅਵਸਰ ਪ੍ਰਾਪਤ ਹੋਇਆ। ਨਾਰੀਵਾਦੀ ਲਹਿਰ ਦਾ ਮੂਲ ਮਨੋਰਥ ਔਰਤ ਨੂੰ ਉਸ ਦੀ ਹਾਸ਼ੀਆਗਤ ਸਥਿਤੀ ਵਿੱਚੋਂ ਕੱਢ ਕੇ ਮਰਦ ਵਾਂਗ ਹੀ ਇੱਕ ਮਾਨਵੀ ਹੋਂਦ ਦੇ ਤੌਰ ’ਤੇ ਪੇਸ਼ ਕਰਦਾ ਹੈ।
ਅਜਿਹੀ ਸੋਚ ਨੂੰ ਪੇਸ਼ ਕਰਨ ਵਾਲੀਆਂ ਉਸ ਦੀਆਂ ਕਹਾਣੀਆਂ ‘ਵੰਡਰ-ਵੂਮੈਨ’, ‘ਥੋਹਰਾਂ ਕੰਡਿਆਲੀਆਂ’, ‘ਮਰਦ ਜੰਗਲ ਕੱਟਦਾ ਰਹੇਗਾ’, ‘ਨਵਾਂ ਸੂਰਜ’, ‘ਮਿੱਟੀ ਦੀ ਬਗ਼ਾਵਤ’ ਆਦਿ ਹਨ। ‘ਵੰਡਰ-ਵੂਮੈਨ’ ਕਹਾਣੀ ਵਿੱਚ ਉਹ ਪੂਰਬੀ ਸੋਚ ਦਾ ਪਰੰਪਰਾਗਤ ਰਵੱਈਆ ਪੇਸ਼ ਕਰਦੀ ਹੈ। ਜਿਸ ਵਿੱਚ ਭਾਰਤੀ ਮਰਦ ਨੇ ਜੀਵਨ ਵਿੱਚ ਔਰਤ ਉੱਪਰ ਅੱਤਿਆਚਾਰ ਕਰਨੇ ਹੀ ਹਨ, ਬਲਕਿ ਉਹ ਉਸ ਦੇ ਜਨਮ ਉੱਪਰ ਹੀ ਰੋਕ ਲਗਾਉਣ ਦੇ ਸਾਰੇ ਆਹਰ ਕਰਦਾ ਹੈ। ਇਹ ਰਵੱਈਆ ਕੇਵਲ ਦੇਸ਼ ਤੱਕ ਹੀ ਸੀਮਿਤ ਨਹੀਂ ਬਲਕਿ ਪੰਜਾਬੀ ਭਾਈਚਾਰਾ ਜਿੱਥੇ ਕਿਤੇ ਵੀ ਪੁੱਜਿਆ ਹੈ, ਇਸ ਪਿਛਾਂਹ ਖਿੱਚੂ ਸੋਚ ਨੂੰ ਨਾਲ ਹੀ ਲੈ ਕੇ ਗਿਆ ਹੈ। ਭੂਗੋਲਿਕ ਖਿੱਤਾ ਬਦਲ ਗਿਆ ਹੈ, ਪਰ ਸੋਚ ਵਿੱਚ ਕੋਈ ਵੀ ਪਰਿਵਰਤਨ ਨਹੀਂ ਆਇਆ। ‘ਵੰਡਰ-ਵੂਮੈਨ’ ਕਹਾਣੀ ਦੀ ਕੇਂਦਰੀ ਪਾਤਰ ਦੇ ਪਰਵਾਸੀ ਜੀਵਨ ਦੌਰਾਨ ਧੀ ਨੂੰ ਜਨਮ ਦਿੰਦੀ ਹੈ ਤਾਂ ਦੇਸ਼ ਵਿੱਚ ਰਹਿੰਦੀ ਹੋਈ ਉਸ ਦੀ ਸੱਸ ਧੀ ਹੋਣ ਕਰਕੇ ਖ਼ੁਸ਼ ਨਹੀਂ ਹੁੰਦੀ ਅਤੇ ਪੁੱਤਰ ਹੋਣ ਦੀ ਕਾਮਨਾ ਕਰਦੀ ਹੈ।
ਅਜਿਹੀ ਕਾਮਨਾ ਦਾ ਅਹਿਸਾਸ ਸੁਣ ਕੇ ਕਹਾਣੀ ਦੀ ਕੇਂਦਰੀ ਪਾਤਰ ਨੂੰ ਆਪਣਾ ਅਤੀਤ ਯਾਦ ਆ ਜਾਂਦਾ ਹੈ ਅਤੇ ਠਹਿਰੀ ਹੋਈ ਸੋਚ ਦਾ ਅਹਿਸਾਸ ਹੁੰਦਾ ਹੈ। ‘ਥੋਹਰਾਂ ਕੰਡਿਆਲੀਆਂ’ ਕਹਾਣੀ-ਸੰਗ੍ਰਹਿ ਵਿੱਚ ਵੀ ਗਲੋਰੀਆ ਅਤੇ ਸੁਖਪ੍ਰੀਤ ਦੋਵੇਂ ਇਸਤਰੀ ਪਾਤਰਾਂ ਦੇ ਦੁਖਾਂਤ ਦੀ ਪੇਸ਼ਕਾਰੀ ਕੀਤੀ ਗਈ ਹੈ। ਗੁਰਦੇਵ ਦੇਸ਼ ਵਿੱਚ ਜਾ ਕੇ ਸੁਖਪ੍ਰੀਤ ਨੂੰ ਵਿਆਹ ਕੇ ਲੈ ਆਉਂਦਾ ਹੈ। ਉਸ ਦੀ ਹਾਜ਼ਰੀ ਵਿੱਚ ਹੀ ਦੂਸਰੀ ਔਰਤ ਨਾਲ ਸਬੰਧ ਬਣਾਉਂਦਾ ਹੈ।
ਆਪਣੀ ਗਰਭਵਤੀ ਪਤਨੀ ਨੂੰ ਘਰੋਂ ਨਿਕਲਣ ਲਈ ਮਜਬੂਰ ਕਰ ਦਿੰਦਾ ਹੈ। ਸੰਕਟ ਦੇ ਸਮੇਂ ਵਿੱਚ ਗਲੋਰੀਆ ਉਸ ਦਾ ਸਹਾਰਾ ਬਣਦੀ ਹੈ। ਪੱਛਮੀ ਔਰਤ ਅਜੋਕੇ ਸਮੇਂ ਵਿੱਚ ਜਾਗਰੂਕ ਹੋ ਚੁੱਕੀ ਹੈ। ਗੁਰਦੇਵ ਦੀ ਪ੍ਰੇਮਿਕਾ ਹੋਣ ਦੇ ਬਾਵਜੂਦ ਗੁਰਦੇਵ ਨੂੰ ਛੱਡ ਕੇ ਸੁਖਪ੍ਰੀਤ ਦਾ ਸਾਥ ਦਿੰਦੀ ਹੈ। ‘ਡੌਂਟ ਵਰੀ ਸੁਖਪ੍ਰੀਤ’, ‘ਐਵਰੀ ਥਿੰਗ ਵਿਲ ਬੀ ਫਾਈਨ’’ ਕਹਾਣੀ ਰਾਹੀਂ ਕਥਾਕਾਰਾਂ ਨੇ ਵਿਅੰਗਆਤਮਕ ਵਿਧੀ ਰਾਹੀਂ ਸਮਾਜ ਦੇ ਵਿਹਾਰ ਉੱਪਰ ਵੱਡੀ ਚੋਟ ਲਗਾਈ ਹੈ ਕਿ ਉਹ ਔਰਤ ਨੂੰ ਕਿਸੇ ਤਰ੍ਹਾਂ ਦਾ ਵੀ ਜੀਵਨ ਜਿਉਣ ਦੀ ਇਜਾਜ਼ਤ ਨਹੀਂ ਦਿੰਦਾ। ਪਰੰਪਰਾਗਤ ਔਰਤ ਦੇ ਵਿਪਰੀਤ ਇਸ ਕਹਾਣੀ ਵਿੱਚ ਪੱਛਮੀ ਔਰਤ ਨੂੰ ਵਧੇਰੇ ਮਾਨਵੀ ਵਿਹਾਰ ਵਾਲੀ ਦਰਸਾਇਆ ਹੈ ਜੋ ਹੱਕ, ਸੱਚ ਤੇ ਇਨਸਾਫ਼ ਲਈ ਸੁਖਪ੍ਰੀਤ ਦਾ ਸਾਥ ਦਿੰਦੀ ਹੈ। ‘ਨਵਾਂ ਸੂਰਜ’ ਕਹਾਣੀ ਵਿੱਚ ਵੀ ਲੇਖਿਕਾ ਨੇ ਨਾਰੀ ਦੀ ਰਵਾਇਤੀ ਅਤੇ ਆਧੁਨਿਕ ਸਥਿਤੀ ਨੂੰ ਦਰਸਾਇਆ ਹੈ। ਦੇਸ਼ ਵਿੱਚੋਂ ਵਿਆਹ ਕੇ ਲਿਆਂਦੀ ਔਰਤ ’ਤੇ ਪਤੀ ਆਪਣਾ ਕਬਜ਼ਾ ਜਮਾਉਣਾ ਚਾਹੁੰਦਾ ਹੈ ਅਤੇ ਉਸ ਨੂੰ ਜਾਗੀਰਦਾਰੀ ਸੋਚ ਅਨੁਸਾਰ ਵਿਚਰਨ ਲਈ ਮਜਬੂਰ ਕਰਦਾ ਹੈ। ਪਹਿਲਾਂ ਉਹ ਆਪਣੀ ਪਤਨੀ ਦੀ ਮਾਰ-ਕੁੱਟ ਕਰਦਾ ਹੈ। ਇਸ ਮਾਰ-ਕੁੱਟ ਤੋਂ ਪਰੇਸ਼ਾਨ ਹੋ ਕੇ ਉਹ ਆਪਣਾ ਆਹਰ ਲੱਭ ਕੇ ਸ੍ਵੈ-ਨਿਰਭਰ ਹੋ ਜਾਂਦੀ ਹੈ।
“ਮੈਂ ਕੱਲ੍ਹ ਨੂੰ ਫੇਰ ਇੱਕ ਨਵਾਂ ਸੂਰਜ ਸਿਰਜ ਦੇਵਾਂਗਾ।” ਕਥਾਕਾਰ ਨੇ ਇਹ ਵਿਚਾਰ ਦਰਸਾਇਆ ਹੈ ਕਿ ਇਸ ਕਹਾਣੀ ਦੀ ਨਾਇਕਾ ਪੜ੍ਹੀ-ਲਿਖੀ ਹੈ ਅਤੇ ਮਰਦ ਦੀ ਅਧੀਨਗੀ ਤੋਂ ਸੁਤੰਤਰ ਹੋ ਸਕਦੀ ਹੈ। ਉਹ ਨੰਦੇ ਵਾਂਗ ਪਰੰਪਰਿਕ ਔਰਤ ਨਹੀਂ ਜੋ ਆਰਥਿਕ ਤੌਰ ’ਤੇ ਸ੍ਵੈ-ਨਿਰਭਰ ਨਹੀਂ ਤੇ ਆਪਣੇ ਪਤੀ ਖੱਜੂ ਦੇ ਤਸੀਹੇ ਸਹਿੰਦੀ ਹੈ। ਕਹਾਣੀ ਵਿੱਚੋਂ ਸਾਰ ਤੱਤ ਇਹ ਨਿਕਲਦਾ ਹੈ ਕਿ ਔਰਤ ਲਈ ਪੜ੍ਹੇ-ਲਿਖੇ ਹੋਣਾ ਜ਼ਰੂਰੀ ਹੈ ਤਾਂ ਜੋ ਸ੍ਵੈ-ਨਿਰਭਰ ਹੋ ਕੇ ਪਤੀ ਦੇ ਜ਼ਬਰ ਦਾ ਸ਼ਿਕਾਰ ਨਾ ਹੋ ਸਕੇ। ‘ਮਿੱਟੀ ਦੀ ਬਗ਼ਾਵਤ’ ਕਹਾਣੀ ਵਿੱਚ ਇੱਕ ਯਤੀਮ ਔਰਤ ਭਾਨੀ ਦੀ ਜੀਵਨ ਕਹਾਣੀ ਪੇਸ਼ ਹੋਈ ਹੈ ਜੋ ਗ਼ੁਰਬਤ ਵਿੱਚ ਘਿਰੀ ਹੋਈ ਹੈ ਅਤੇ ਸ਼ਰਾਬੀ-ਕਬਾਬੀ ਨਾਲ ਆਪਣਾ ਜੀਵਨ ਬਤੀਤ ਕਰਨ ਲਈ ਮਜਬੂਰ ਹੁੰਦੀ ਹੈ। ਉਸ ਦੇ ਪਤੀ ਦਾ ਵਿਹਾਰ ਘਰ ਵਿੱਚ ਹੀ ਨਹੀਂ ਬਲਕਿ ਪਿੰਡ ਵਿੱਚ ਵੀ ਨੈਤਿਕਤਾ ਦੀਆਂ ਹੱਦਾਂ ਨੂੰ ਪਾਰ ਕਰ ਦਿੰਦਾ ਹੈ ਜਿਸ ਦੇ ਬਦਲੇ ਵਜੋਂ ਪਿੰਡ ਦੇ ਲੋਕ ਉਸ ਦੇ ਪੁੱਤ ਨੂੰ ਮਾਰ ਦਿੰਦੇ ਹਨ। ਕਹਾਣੀਕਾਰ ਨੇ ਦੱਸਿਆ ਹੈ ਕਿ ਅਤਿ ਅਤੇ ਰੱਬ ਦਾ ਵੈਰ ਹੁੰਦਾ ਹੈ, ਅਤਿ ਨੇ ਅੰਤ ਵਿੱਚ ਖ਼ਤਮ ਹੋਣਾ ਹੀ ਹੁੰਦਾ ਹੈ। ਔਰਤ ਦੀ ਹਸਤੀ ਮਾਸੂਮੀਅਤ ਵਾਲੀ ਹੈ, ਪਰ ਚੰਡੀ ਬਣਦਿਆਂ ਉਸ ਨੂੰ ਦੇਰ ਨਹੀਂ ਲੱਗਦੀ। ਜੇਕਰ ਕੋਈ ਔਰਤ ਨੂੰ ਜ਼ਿਆਦਾ ਦਬਾਵੇ ਤਾਂ ਉਹ ਇੰਤਕਾਮ ਲੈਣ ਲਈ ਵੀ ਤਿਆਰ ਹੋ ਜਾਂਦੀ ਹੈ। ‘ਮਰਦ ਜੰਗਲ ਕੱਟਦਾ ਰਹੇਗਾ’ ਕਹਾਣੀ ਵਿੱਚ ਮਰਦ ਆਪਣੀ ਫੋਕੀ ਅਣਖ ਕਰਕੇ ਔਰਤ ’ਤੇ ਜ਼ੁਲਮ ਕਰਨ ਲੱਗਿਆ ਇੱਕ ਵਾਰ ਵੀ ਨਹੀਂ ਸੋਚਦਾ। ਦੀਪਾ ਔਰਤ ’ਤੇ ਤਸ਼ੱਦਦ ਕਰਨ ਦੇ ਵਿਰੋਧ ਦਾ ਜਜ਼ਬਾ ਰੱਖਦੀ ਹੋਈ ਪਤੀ ਨੂੰ ਮੂੰਹ ਤੋੜ ਜਵਾਬ ਦਿੰਦੀ ਹੈ, ਇਹ ਔਰਤ ਦੀ ਬਦਲੀ ਹੋਈ ਮਾਨਸਿਕਤਾ ਦਾ ਪ੍ਰਤੀਕ ਹੋ ਨਿੱਬੜਦਾ ਹੈ।
ਸਮਾਜਿਕ, ਧਾਰਮਿਕ ਅਤੇ ਰਾਜਸੀ ਸਰੋਕਾਰਾਂ ਦੀਆਂ ਕਹਾਣੀਆਂ ਵਿੱਚ ਕਥਾਕਾਰਾਂ ਨੇ ਦੇਸ਼ ਤੇ ਵਿਦੇਸ਼ ਦੀਆਂ ਵਿਭਿੰਨ ਪਰਿਸਥਿਤੀਆਂ ਨੂੰ ਪੇਸ਼ ਕੀਤਾ ਹੈ। ਪਿਛਲੇ ਪੰਜਾਹ ਸਾਲਾਂ ਦੇ ਇਤਿਹਾਸ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਪੰਜਾਬ ਸੰਕਟ ਦਾ ਸਮਾਂ 1978 ਤੋਂ 1992 ਤੱਕ ਘੋਰ ਸੰਤਾਪ ਵਾਲਾ ਸੀ। ਅਜਿਹੇ ਸੰਕਟ ਦੇ ਸਮੇਂ ਵਿੱਚ ਪੁਲੀਸ ਦੁਆਰਾ ਹੋਈਆਂ ਵਧੀਕੀਆਂ ਦਾ ਜ਼ਿਕਰ ਯਥਾਰਥਕ ਰੂਪ ਵਿੱਚ ਕੀਤਾ ਗਿਆ ਹੈ। ਧਾਰਮਿਕ ਸਰੋਕਾਰਾਂ ਬਾਰੇ ਵਿਚਾਰ ਕਰਦਿਆਂ ਕਹਾਣੀ ‘ਲੰਗੜੇ ਕਤੂਰੇ’ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਕਹਾਣੀ ਵਿੱਚ ਧਰਮ ਦੇ ਪਰਦੇ ਹੇਠ ਜੋ ਨਾਬਾਲਗਾਂ ’ਤੇ ਅਮਾਨਵੀ ਕਹਿਰ ਢਾਹੇ ਜਾਂਦੇ ਹਨ, ਉਨ੍ਹਾਂ ਦਾ ਜਿਸਮਾਨੀ ਸ਼ੋਸ਼ਣ ਕੀਤਾ ਜਾਂਦਾ ਹੈ। ਪਵਿੱਤਰਤਾ ਦੇ ਪਰਦੇ ਅਧੀਨ ਜੋ ਅਪਵਿੱਤਰ ਕਾਰਜ ਹੁੰਦੇ ਹਨ, ਉਨ੍ਹਾਂ ਨੂੰ ਕਹਾਣੀਕਾਰਾਂ ਨੇ ਬੇਪਰਦ ਕੀਤਾ ਹੈ। ਭਗਤਾਂ ਦੀ ਨਜ਼ਰ ਵਿੱਚ ਜੋ ਰੱਬ ਦਾ ਰੂਪ ਬਣ ਕੇ ਸਾਹਮਣੇ ਆਉਂਦਾ ਹੈ, ਡੈਨੀ ਉਸ ਦੇ ਕਿਰਦਾਰ ਨੂੰ ਭਰੇ ਦਰਬਾਰ ਵਿੱਚ ਨੰਗਾ ਕਰ ਦਿੰਦਾ ਹੈ। ‘ਅਧੂਰੀਆਂ ਕਹਾਣੀਆਂ ਦੇ ਪਾਤਰ’ ਕਹਾਣੀ ਵਿੱਚ ਜਿਨ੍ਹਾਂ ਪਾਤਰਾਂ ਦੀ ਸਿਰਜਣਾ ਕੀਤੀ ਗਈ ਹੈ ਜੋ ਗਾਹੇ-ਬਗਾਹੇ ਨਾ-ਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਜਿਨ੍ਹਾਂ ਬਿਮਾਰੀਆਂ ਨੂੰ ਸਾਡੇ ਸਮਾਜ ਵਿੱਚ ਤ੍ਰਿਸਕਾਰ ਭਰੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਇਨ੍ਹਾਂ ਪਾਤਰਾਂ ਦਾ ਜੀਵਨ ਖਰਾਬ ਹੋ ਜਾਂਦਾ ਹੈ, ਇਨ੍ਹਾਂ ਦਾ ਬਿਮਾਰੀ ਭਰਿਆ ਜੀਵਨ ਦਰਦਨਾਕ ਰੂਪ ਅਖ਼ਤਿਆਰ ਕਰ ਲੈਂਦਾ ਹੈ ਅਤੇ ਉਨ੍ਹਾਂ ਦੇ ਜੀਵਨ ਦਾ ਸਮਾਂ ਮੋਇਆ ਤੋਂ ਵੀ ਭੈੜਾ ਹੋ ਜਾਂਦਾ ਹੈ। ਗੁਨਾਹ ਨਾ ਹੋਣ ਦੇ ਬਾਵਜੂਦ ਮਨੁੱਖ ਦੀ ਬਾਕੀ ਦੀ ਸਾਰੀ ਉਮਰ ਪੂਰੀ ਤਰ੍ਹਾਂ ਨਾਲ ਦੁਰਕਾਰੀ ਜਾਂਦੀ ਹੈ। ‘ਕੀੜੀ ਦਾ ਆਟਾ’ ਕਹਾਣੀ ਰਾਹੀਂ ਕਹਾਣੀਕਾਰਾ ਨੇ ਇਹ ਦਰਸਾਇਆ ਹੈ ਕਿ ਧਨ-ਦੌਲਤ, ਮਨੁੱਖੀ ਸ਼ਾਂਤੀ ਅਤੇ ਆਦਰਸ਼ਕ ਜੀਵਨ ਲਈ ਠੋਸ ਆਧਾਰ ਨਹੀਂ ਹਨ, ਇਹ ਤਾਂ ਹੀ ਸੁਖਾਵੇਂ ਬਣਦੇ ਹਨ ਜੋ ਧਨ-ਦੌਲਤ ਦੇ ਨਾਲ ਨਾਲ ਮਾਨਵੀ ਰਿਸ਼ਤਿਆਂ ਦੇ ਨਿੱਘ ਰਾਹੀਂ ਮਨੁੱਖੀ ਮਨ ਨੂੰ ਸਕੂਨ ਮਿਲੇ। ਇਸ ਕਹਾਣੀ ਵਿਚਲੇ ਪਾਤਰ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹਨ। ਕਹਾਣੀ ਦਾ ਮੁੱਖ ਪਾਤਰ ਜੀਵਨ ਦੇ ਹਰ ਪੜਾਅ ’ਤੇ ਬੇਸਹਾਰਿਆਂ ਵਾਲਾ ਜੀਵਨ ਜਿਉਂਦਾ ਹੈ। ਇਹ ਕਹਾਣੀ ਵੀ ਵਰਤਮਾਨ ਤੋਂ ਅਤੀਤ ਅਤੇ ਅਤੀਤ ਤੋਂ ਵਰਤਮਾਨ ਵੱਲ ਮੋੜ ਕੱਟਦੀ ਹੈ।
ਜਿਵੇਂ ਕਿ ਉੱਪਰ ਕਿਹਾ ਗਿਆ ਹੈ ਕਿ ਅਮਰਜੀਤ ਪੰਨੂੰ ਇੱਕ ਉੱਘੀ ਵਿਗਿਆਨੀ ਹੈ ਅਤੇ ਵਿਗਿਆਨ ਦੇ ਖੇਤਰ ਨਾਲ ਗਹਿਰਾ ਸਬੰਧ ਰੱਖਦੀ ਹੈ। ਇਸ ਕਰਕੇ ਉਹ ਨਾ ਕੇਵਲ ਮਨੁੱਖੀ ਰਿਸ਼ਤਿਆਂ, ਮਾਤ-ਭੂਤੀ ਅਤੇ ਪਰਵਾਸੀ ਜੀਵਨ ਦੇ ਅਨੁਭਵ ਨੂੰ ਵੀ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦੀ ਹੈ ਬਲਕਿ ਨਵੀਆਂ ਅਤੇ ਆਧੁਨਿਕ ਖੋਜਾਂ ਵਿੱਚ ਜੋ ਮਨੁੱਖ ਚਮਤਕਾਰ ਕਰ ਰਿਹਾ ਹੈ ਉਨ੍ਹਾਂ ਦੇ ਨਿਖੇਧਆਤਮਕ ਅਤੇ ਸਕਾਰਾਤਮਕ ਜੋ ਪਾਸਾਰ ਹੋਣੇ ਨੇ, ਉਨ੍ਹਾਂ ਨੂੰ ਲੇਖਿਕਾ ਨੇ ‘ਤੇਰਵੀਂ ਸੰਤਾਨ’ ਕਹਾਣੀ ਵਿੱਚ ਆਧਾਰ ਭੂਮੀ ਬਣਾਇਆ ਹੈ। ਅਮਰਜੀਤ ਪੰਨੂੰ ਦੀ ਕਥਾ ਸੰਵੇਦਨਾ ਦੇ ਜੋ ਮੁੱਖ ਨੁਕਤੇ ਉੱਭਰ ਕੇ ਸਾਹਮਣੇ ਆਉਂਦੇ ਹਨ ਉਹ ਇਹ ਹਨ ਕਿ ਉਸ ਕੋਲ ਜੀਵਨ ਦਾ ਵਿਰਾਟ ਅਨੁਭਵ ਹੈ। ਉਹ ਇਨ੍ਹਾਂ ਸਾਰੇ ਅਨੁਭਵਾਂ ਨੂੰ ਵਰ੍ਹਿਆਂ ਦੀ ਕੁਠਾਲੀ ਵਿੱਚ ਢਾਲਦੀ ਹੈ, ਜੋ ਸੱਚ ਉੱਭਰ ਕੇ ਸਾਹਮਣੇ ਆਉਂਦੇ ਹਨ ਉਨ੍ਹਾਂ ਨੂੰ ਉੱਤਮ ਅਤੇ ਸੰਵਾਦੀ-ਸ਼ੈਲੀ ਵਿੱਚ ਇਸ ਤਰ੍ਹਾਂ ਪੇਸ਼ ਕਰਦੀ ਹੈ ਕਿ ਪਾਤਰ ਪਾਠਕਾਂ ਦੇ ਸਾਹਮਣੇ ਹੂ-ਬ-ਹੂ ਸ਼ਾਖ਼ਸਾਤ ਰੂਪ ਵਿੱਚ ਨਜ਼ਰ ਆਉਂਦੇ ਹਨ।
ਕਹਾਣੀ ਅਤੇ ਨਾਵਲ ਦੇ ਨਾਲ ਨਾਲ ਉਸ ਨੇ ਪੋਟਿਆਂ ’ਤੇ ਗਿਣਨ ਵਾਲੀਆਂ ਕੁਝ ਕਵਿਤਾਵਾਂ ਵੀ ਲਿਖੀਆਂ ਹਨ ਜਿਸ ਕਰਕੇ ਉਸ ਦੇ ਹਥਲੇ ਕਹਾਣੀ-ਸੰਗ੍ਰਹਿ ਵਿੱਚ ਕਾਵਿ-ਸੰਵੇਦਨਾ ਦਾ ਤੀਖਣ ਅਹਿਸਾਸ ਦੇਖਿਆ ਜਾ ਸਕਦਾ ਹੈ। ‘ਸੁੱਚਾ ਗੁਲਾਬ’, ‘ਥੋਹਰਾਂ ਕੰਡਿਆਲੀਆਂ’, ‘ਲੰਗੜੇ ਕਤੂਰੇ’, ‘ਨਵਾਂ ਸੂਰਜ’, ‘ਮਿੱਟੀ ਦੀ ਬਗ਼ਾਵਤ’, ‘ਕੰਧੀ ਉੱਤੇ ਰੁੱਖੜਾ’ ਆਦਿ ਰੂਪਕਾਂ ਦੀ ਸਿਰਜਣਾ ਕੀਤੀ ਗਈ ਹੈ। ਘਟਨਾਵਾਂ ਦੀ ਪੇਸ਼ਕਾਰੀ ਕਰਦਿਆਂ ਉਹ ਉਪਮਾਵਾਂ, ਤਸ਼ਬੀਹਾਂ ਅਤੇ ਬਿੰਬਾਂ ਦੀ ਸਹਿਵਨ ਹੀ ਵਰਤੋਂ ਕਰ ਜਾਂਦੀ ਹੈ। ਪਿੰਡ ਦੀ ਵਾਸਤਵਿਕਤਾ ਉਸ ਦੀ ਮਾਨਸਿਕਤਾ ਵਿੱਚ ਗਹਿਰੀ ਛਾਪ ਛੱਡ ਚੁੱਕੀ ਹੈ। ਜਿਸ ਦਾ ਪ੍ਰਗਟਾਵਾ ਉਹ ਪ੍ਰੋੜ੍ਹ ਸ਼ੈਲੀ ਰਾਹੀਂ ਕਰਦੀ ਹੈ। ਉਹ ਪਾਠਕਾਂ ਦੇ ਮਨ ਨੂੰ ਭਾਵਨਾਤਮਕ ਅਤੇ ਵਿਚਾਰਾਤਮਕ ਪੱਖ ਤੋਂ ਲਬਰੇਜ਼ ਕਰਨ ਦੀ ਸਮਰੱਥਾ ਰੱਖਦੀ ਹੈ। ਕਹਾਣੀਆਂ ਦੇ ਪ੍ਰਭਾਵ ਦਾ ਤਲਿੱਸਮ ਦੇਰ ਤੱਕ ਬਣਿਆ ਰਹਿੰਦਾ ਹੈ। ਜਿਉਂ ਜਿਉਂ ਸਮਾਂ ਬਤੀਤ ਹੋਵੇਗਾ ਤਿਉਂ ਤਿਉਂ ਸੁੱਚੇ ਗੁਲਾਬ ਦੀ ਮਹਿਕ ਦੂਰ-ਦੂਰ ਤੱਕ ਫੈਲਦੀ ਰਹੇਗੀ।