ਚੀਨੀ ਅਰਥਚਾਰੇ ਦੀ ਸੁਸਤ ਹੋ ਰਹੀ ਰਫ਼ਤਾਰ
ਮਾਨਵ
ਦੁਨੀਆ ਦੇ ਦੂਜੇ ਵੱਡੇ ਅਰਥਚਾਰੇ ਅਤੇ ਸੰਸਾਰ ਆਰਥਿਕਤਾ ਦੇ ਇੰਜਣ ਚੀਨ ਦੀ ਆਰਥਿਕ ਸੁਸਤੀ ਨੇ ਚੀਨ ਅਤੇ ਸੰਸਾਰ ਦੇ ਕਈ ਸਰਮਾਏਦਾਰ ਹਾਕਮਾਂ ਦੀ ਫਿਕਰ ਵਧਾ ਦਿੱਤੀ ਹੈ। 2023 ਦਾ ਸਾਲ ਚੀਨੀ ਅਰਥਚਾਰੇ ਵਿਚ ਤੇਜ਼ ਉਛਾਲ ਦਾ ਸਾਲ ਟਿੱਕਿਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਚੀਨੀ ਇੰਜਣ ਪੂਰੇ ਸੰਸਾਰ ਅਰਥਚਾਰੇ ਨੂੰ ਵੀ ਮਗਰੇ ਖਿੱਚ ਲਵੇਗਾ ਕਿਉਂ ਜੋ ਕਰੋਨਾ ਬੰਦਸ਼ਾਂ ਖਤਮ ਹੋਣ ਤੋਂ ਬਾਅਦ ਇਸ ਦੇ ਜ਼ੋਰ ਨਾਲ ਉਤਾਂਹ ਉੱਠਣ ਦੀ ਆਸ ਸੀ ਪਰ ਇਸ ਸਾਲ ਦੀ ਦੂਜੀ ਤਿਮਾਹੀ ਵਿਚ ਚੀਨੀ ਅਰਥਚਾਰੇ ਦਾ ਸਿਰਫ 0.8% ਦੀ ਦਰ ਨਾਲ ਵਧਣਾ (ਪਹਿਲੀ ਤਿਮਾਹੀ ਵਿਚ ਵਾਧਾ 2.2% ਸੀ) ਤੇ ਸਨਅਤੀ ਸਰਗਰਮੀ, ਖਪਤ, ਬੇਰੁਜ਼ਗਾਰੀ ਆਦਿ ਹਰ ਪੈਮਾਨੇ ਤੋਂ ਇਸ ਦੀ ਸੁਸਤ ਰਫਤਾਰੀ ਨੇ ਹਾਕਮਾਂ ਨੂੰ ਫਿਕਰ ਵਿਚ ਪਾ ਦਿੱਤਾ ਹੈ।
ਅਜੋਕਾ ਚੀਨ ਸਮਾਜਵਾਦੀ ਜਾਂ ਸਰਮਾਏਦਾਰੀ?
ਚੀਨੀ ਅਰਥਚਾਰੇ ਦੀ ਮੌਜੂਦਾ ਸੁਸਤੀ ਸਬੰਧੀ ਗੱਲ ਕਰਨ ਤੋਂ ਪਹਿਲਾਂ ਇਸ ਦੇ ਅਰਥਚਾਰੇ ਸਬੰਧੀ ਕੁਝ ਬੁਨਿਆਦੀ ਤੱਥਾਂ ਬਾਰੇ ਸਪੱਸ਼ਟ ਕਰਨਾ ਜ਼ਰੂਰੀ ਹੈ। ਮੁੱਖ ਧਾਰਾ ਅਰਥਸ਼ਾਸਤਰ ਅਤੇ ਮੀਡੀਆ ਦਾ ਇੱਕ ਖਾਸਾ ਹਿੱਸਾ ਹਾਲੇ ਵੀ ਚੀਨ ਨੂੰ ਸਮਾਜਵਾਦੀ ਦੇਸ਼ ਗਰਦਾਨਦਾ ਹੈ ਤੇ ਚੀਨੀ ਅਰਥਚਾਰੇ ਦੇ ਉਤਰਾਅ-ਚੜ੍ਹਾਅ ਨੂੰ ਇੰਝ ਬਣਾ ਕੇ ਪੇਸ਼ ਕਰਦਾ ਹੈ ਜਿਵੇਂ ਇਹ ਸਮਾਜਵਾਦੀ ਅਰਥਚਾਰੇ ਦਾ ਦੇਸ਼ ਹੋਵੇ। ਇਹ ਗੱਲ ਸਾਫ ਕਰਨੀ ਜ਼ਰੂਰੀ ਹੈ ਕਿ ਚੀਨ 1976 ਤੋਂ ਹੀ ਸਮਾਜਵਾਦੀ ਤੋਂ ਸਰਮਾਏਦਾਰਾ ਮੁਲਕ ਬਣ ਚੁੱਕਿਆ ਸੀ ਤੇ ਇਸ ਮਗਰੋਂ ਇਸ ਦੀ ਆਰਥਿਕਤਾ ਦਾ ਵਿਕਾਸ ਸਰਮਾਏਦਾਰਾ ਲੀਹਾਂ ਉੱਤੇ ਹੀ ਹੋਇਆ ਹੈ ਤੇ ਇਸ ਦੇ ਅਰਥਚਾਰੇ ਦੇ ਉਤਾਰ-ਚੜ੍ਹਾਅ ਦੇ ਕਾਰਨ ਨੂੰ ਵੀ ਸਰਮਾਏਦਾਰਾ ਅਰਥਚਾਰੇ ਦੇ ਚੌਖਟੇ ਵਿਚ ਹੀ ਸਮਝਿਆ ਜਾਣਾ ਚਾਹੀਦਾ ਹੈ। 1976 ਤੋਂ ਬਾਅਦ ਦੇ ਸ਼ੁਰੂਆਤੀ ਸਾਲਾਂ ਵਿਚ ਰਾਜਕੀ ਸਰਮਾਏਦਾਰੀ ਦੇ ਪ੍ਰਬੰਧ ਅਧੀਨ ਅਤੇ ਬਾਅਦ ਵਿਚ ਨਿੱਜੀ ਸਰਮਾਏਦਾਰੀ ਅਧੀਨ ਚੀਨੀ ਅਰਥਚਾਰਾ ਸਰਮਾਏਦਾਰਾ ਅਰਥਚਾਰਾ ਹੀ ਰਿਹਾ ਤੇ ਇਸ ਸਮੇਂ ਭਾਵੇਂ ਇੱਕ ਹੱਦ ਤੱਕ ਰਾਜਕੀ ਸਰਮਾਏਦਾਰੀ ਬਚੀ ਹੋਈ ਹੈ ਪਰ ਅਰਥਚਾਰੇ ਵਿਚ ਮੁੱਖ ਭੂਮਿਕਾ ਨਿੱਜੀ ਖੇਤਰ ਦੀ ਹੋ ਚੁੱਕੀ ਹੈ।
ਚੀਨੀ ਆਰਥਿਕਤਾ ਦੀ ਮੌਜੂਦਾ ਹਾਲਤ ਨੂੰ ਸਮਝਣ ਲਈ ਸੰਖੇਪ ਪਿੱਛਲਝਾਤ ਜ਼ਰੂਰੀ ਹੈ। 1976 ’ਚ ਡੇਂਗ ਸਿਆਓ ਪਿੰਗ ਪੰਥੀ ਚੀਨ ਦੀ ਰਾਜ ਸੱਤਾ ’ਤੇ ਕਾਬਜ਼ ਹੋ ਗਏ ਅਤੇ ਚੀਨ ਨੂੰ ਸਰਮਾਏਦਾਰਾ ਰਾਹ ’ਤੇ ਪਾ ਦਿੱਤਾ। ਉਸ ਤੋਂ ਬਾਅਦ ਉੱਥੇ ਉਹ ਸਭ ਅਲਾਮਤਾਂ ਸਾਹਮਣੇ ਆਉਣ ਲੱਗੀਆਂ ਜੋ ਕਿਸੇ ਵੀ ਸਰਮਾਏਦਾਰਾ ਅਰਥਚਾਰੇ ਦੇ ਵਜੂਦ ਸਮੋਈਆਂ ਹੁੰਦੀਆਂ ਹਨ। 1976 ’ਚ ਚੀਨ ਦੀ ਰਾਜਸੱਤਾ ’ਤੇ ਕਾਬਜ਼ ਹੋਏ ਡੇਂਗਪੰਥੀਆਂ ਨੇ ਚੀਨੀ ਅਰਥਚਾਰੇ ਨੂੰ ਦੇਸੀ-ਵਿਦੇਸ਼ੀ ਲੁਟੇਰਿਆਂ ਲਈ ਖੁੱਲ੍ਹੀ ਚਰਾਂਦ ’ਚ ਬਦਲ ਦਿੱਤਾ। ਵਿਕਸਤ ਸਰਮਾਏਦਾਰਾ ਮੁਲਕਾਂ ਦੇ ਅਰਥਚਾਰਿਆਂ ਵਿਚ ਮੁਨਾਫੇ ਦੀ ਦਰ ਘਟਣ ਨਾਲ ਸਰਮਾਏ ਦਾ ਵਹਿਣ ਚੀਨ ਵੱਲ ਤੇਜ਼ੀ ਨਾਲ਼ ਵਧਿਆ। ਇਸ ਨਾਲ ਲਗਭਗ ਢਾਈ-ਤਿੰਨ ਦਹਾਕੇ ਤੱਕ ਚੀਨ ਦੇ ਅਰਥਚਾਰੇ ਦੀ ਵਾਧਾ ਦਰ ਕਾਫੀ ਉੱਚੀ ਰਹੀ ਜਿਸ ਨਾਲ ਸਰਮਾਏਦਾਰੀ ਦੇ ਬੁਨਿਆਦੀ ਨਿਯਮਾਂ ਤੋਂ ਅਣਜਾਣ ਬੁੱਧੀਜੀਵੀਆਂ ਵਿਚ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਹੋਏ। 1976 ਤੋਂ ਬਾਅਦ ਸਰਮਾਏਦਾਰਾ ਰਾਹ ’ਤੇ ਚੱਲ ਕੇ ਚੀਨ ਨੇ ਜੋ ਆਰਥਿਕ ਵਾਧਾ ਦਰ ਹਾਸਲ ਕੀਤੀ, ਇਹ ਵਾਧਾ ਦਰ ਸਮਾਜਵਾਦੀ ਚੀਨ ਦੇ ਵਿਕਾਸ ਤੋਂ ਮੂਲੋਂ ਹੀ ਭਿੰਨ ਸੀ। ਸਮਾਜਵਾਦੀ ਚੀਨ ਨੇ ਜੋ ਆਰਥਿਕ ਵਾਧਾ ਦਰ ਹਾਸਲ ਕੀਤੀ ਸੀ, ਉਸ ਦੀ ਦਿਸ਼ਾ ਅੰਤਰ-ਖੇਤਰੀ, ਅੰਤਰ-ਵਿਅਕਤੀ ਅਤੇ ਪਿੰਡ-ਸ਼ਹਿਰ ਦੇ ਪਾੜੇ ਮੇਸਣ ਵੱਲ ਸੀ।
ਸਮਾਜਵਾਦੀ ਚੀਨ ਵਿਚ ਬੇਰੁਜ਼ਗਾਰੀ ਦਾ ਨਾਮ-ਨਿਸ਼ਾਨ ਨਹੀਂ ਸੀ। ਸਿੱਖਿਆ, ਸਿਹਤ ਸਹੂਲਤਾਂ ਅਤੇ ਜੀਵਨ ਦੀਆਂ ਹੋਰ ਬੁਨਿਆਦੀ ਲੋੜਾਂ ਤੱਕ ਸਮਾਜਵਾਦੀ ਚੀਨ ਦੇ ਸਭ ਨਾਗਰਿਕਾਂ ਦੀ ਬਰਾਬਰ ਪਹੁੰਚ ਸੀ। ਇੱਥੋਂ ਤੱਕ ਕਿ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਇਹ ਘਰੇਲੂ ਤਕਨੀਕ ਆਦਿ ਦੇ ਖੇਤਰ ਵਿਚ ਸਮਾਜਵਾਦੀ ਚੀਨ ਦੀ ਵਿਰਾਸਤ ਹੀ ਸੀ ਜਿਸ ਨੇ ਇੱਕ ਹੱਦ ਤੱਕ ਸਰਮਾਏਦਾਰਾ ਚੀਨ ਨੂੰ ਤਕਨੀਕ ਦੇ ਖੇਤਰ ਵਿਚ ਸਾਮਰਾਜੀ ਦੇਸ਼ਾਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਇਆ। ਦੂਜੇ ਪਾਸੇ 1976 ’ਚ ਸਰਮਾਏਦਾਰਾ ਬਹਾਲੀ ਤੋਂ ਬਾਅਦ ਚੀਨ ਵਿਚ ਅੰਤਰ-ਵਿਅਕਤੀ, ਅੰਤਰ-ਖੇਤਰੀ, ਪਿੰਡ-ਸ਼ਹਿਰ ਦਰਮਿਆਨ ਪਾੜੇ ਤੇਜ਼ੀ ਨਾਲ ਵਧਣ ਲੱਗੇ; ਬੇਰੁਜ਼ਗਾਰੀ ਅਤੇ ਨਾ-ਬਰਾਬਰੀ ਵਿਸਫੋਟਕ ਰੂਪ ਧਾਰਨ ਕਰ ਗਈ।
ਅੱਜ ਚੀਨੀ ਅਰਥਚਾਰੇ ਦੀ ਸੁਸਤੀ ਨੂੰ ਇਹਨਾਂ ਚਾਰ ਨੁਕਤਿਆਂ ਰਾਹੀਂ ਸਮਝ ਸਕਦੇ ਹਾਂ:
1) ਸੰਸਾਰ ਤੇ ਘਰੇਲੂ ਮੰਗ ਘਟਣਾ: ਚੀਨ ਵਿਚ ਪਿਛਲੇ ਸਾਲ ਨਾਲੋਂ ਪਰਚੂਨ ਵਿਕਰੀ ਵਿਚ ਮਹਿਜ਼ 3.1% ਦਾ ਵਾਧਾ ਅਰਥਚਾਰੇ ਦੀ ਸੁਸਤੀ ਨੂੰ ਬਿਆਨਦਾ ਹੈ। ਇਹ ਸਾਬਤ ਕਰਦਾ ਹੈ ਕਿ ਸਰਮਾਏਦਾਰਾ ਵਿਕਾਸ ਦੇ ਚਲਦਿਆਂ ਚੀਨ ਵਿਚ ਤੇਜ਼ੀ ਨਾਲ ਨਾ-ਬਰਬਾਰੀ ਵਿਚ ਵਾਧਾ ਹੋਇਆ ਹੈ ਜਿਸ ਨਾਲ ਕਿਰਤੀ ਲੋਕਾਂ ਦੀ ਆਮਦਨ, ਉਥੋਂ ਦੇ ਸਰਮਾਏਦਾਰਾਂ ਦੇ ਮੁਨਾਫਿਆਂ ਮੁਕਾਬਲੇ ਬਹੁਤ ਪੱਛੜੀ ਹੈ। ਉਥੋਂ ਦੇ ਕਿਰਤੀ ਲੋਕਾਂ ਦੀ ਸੀਮਤ ਆਮਦਨ ਦਾ ਹੀ ਸਬੂਤ ਹੈ ਕਿ ਉਹਨਾਂ ਵੱਲੋਂ ਰੋਜ਼ਮੱਰਾ ਵਸਤਾਂ ਦੀ ਖਰੀਦ ਵਿਚ ਵੀ ਕਮੀ ਦਿਸ ਰਹੀ ਹੈ। ਇਸ ਦੇ ਨਾਲ ਹੀ ਨੌਜਵਾਨ ਬੇਰੁਜ਼ਗਾਰੀ (16-24 ਸਾਲ ਉਮਰ) ਵਧ ਕੇ 21.3% ਦੇ ਉੱਚੇ ਪੱਧਰ ਨੂੰ ਛੋਹ ਗਈ ਹੈ। ਇਸ ਦਾ ਮਤਲਬ ਹੈ ਕਿ ਚੀਨ ਦਾ ਸਰਮਾਏਦਾਰਾ ਅਰਥਚਾਰਾ ਹੁਣ ਪੜ੍ਹਾਈ ਮੁਕੰਮਲ ਕਰ ਕੇ ਮੰਡੀ ਵਿਚ ਆ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਫਾਡੀ ਸਾਬਤ ਹੋ ਰਿਹਾ ਹੈ। ਘਰੇਲੂ ਮੰਡੀ ਦੀ ਇਸ ਸੁਸਤੀ ਦੇ ਨਾਲ ਨਾਲ ਸੰਸਾਰ ਦੇ ਵੱਡੇ ਅਰਥਚਾਰਿਆਂ ਵਿਚ ਆ ਰਹੀ ਸੁਸਤੀ ਨੇ ਵੀ ਚੀਨੀ ਅਰਥਚਾਰੇ ਨੂੰ ਸੱਟ ਮਾਰੀ ਹੈ। ਆਸੀਆਨ ਸਮੂਹ (ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦਾ ਸਮੂਹ), ਯੂਰੋਪ ਤੇ ਉੱਤਰੀ ਅਮਰੀਕਾ ਦੇ ਅਰਥਚਾਰੇ ਜਿਹਨਾਂ ਵੱਲ ਚੀਨ ਦੀਆਂ ਸਭ ਤੋਂ ਵੱਧ ਬਰਾਮਦਾਂ ਜਾਂਦੀਆਂ ਸਨ, ਉਹਨਾਂ ਵਿਚੋਂ ਬਹੁਤੇ ਆਰਥਿਕ ਸੁਸਤੀ ਦਾ ਸ਼ਿਕਾਰ ਹੋ ਚੁੱਕੇ ਹਨ ਜਿਸ ਕਾਰਨ ਚੀਨ ਦੀਆਂ ਬਰਾਮਦਾਂ ’ਤੇ ਵੀ ਅਸਰ ਪਿਆ ਹੈ। ਜੂਨ ਮਹੀਨੇ ਇਸ ਦੀਆਂ ਬਰਾਮਦਾਂ ਪਿਛਲੀ ਜੂਨ ਨਾਲੋਂ 12.4% ਡਿੱਗ ਗਈਆਂ; ਮਈ ਮਹੀਨੇ ਇਹ ਗਿਰਾਵਟ 7.5% ਸੀ। ਹੁਣ ਖ਼ਦਸ਼ਾ ਹੈ ਕਿ ਚੀਨ ਨੂੰ ਪਹਿਲੋਂ ਹੀ ਬੇਹੱਦ ਘਟਾਏ ਹੋਏ ਅਨੁਮਾਨ, 5% ਦੀ ਆਰਥਿਕ ਵਾਧਾ ਦਰ, ਵੀ ਹਾਸਲ ਕਰਨੀ ਔਖੀ ਹੋ ਸਕਦੀ ਹੈ। ਇਹ ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਦੀ ਦੋਹਰੇ ਅੰਕੜੇ ਦੀ ਵਾਧਾ ਦਰ ਨਾਲ਼ੋਂ ਕਿਤੇ ਹੇਠਾਂ ਹੈ।
2) ਰੀਅਲ ਅਸਟੇਟ ਦਾ ਸੰਕਟ: ਚੀਨੀ ਅਰਥਚਾਰੇ ਦੀ ਪਿਛਲੇ ਡੇਢ ਦਹਾਕੇ ਦੀ ਤੇਜ਼ੀ ਦਾ ਅਹਿਮ ਕਾਰਕ ਰਹੇ ਇਸ ਦੇ ਦਿਓ ਕੱਦ ਰੀਅਲ ਅਸਟੇਟ ਖੇਤਰ ਵਿਚ ਆਈ ਸੁਸਤੀ ਬਹੁਤ ਅਹਿਮ ਵਰਤਾਰਾ ਹੈ। 2021 ਵਿਚ ਰੀਅਲ ਅਸਟੇਟ ਨਾਲ ਸਬੰਧਿਤ ਅਨੇਕਾਂ ਕੰਪਨੀਆਂ ’ਤੇ ਦਿਵਾਲੀਆ ਹੋਣ ਦਾ ਖਤਰਾ ਮੰਡਰਾਅ ਗਿਆ ਸੀ ਜਿਹਨਾਂ ਵਿਚੋਂ ਐਵਰਗਰਾਂਡੇ ਕੰਪਨੀ ਦਾ ਸੰਕਟ ਉੱਘੜਵੀਂ ਮਿਸਾਲ ਸੀ। ਵਿੱਤੀ ਸਾਲ 2023 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਰੀਅਲ ਅਸਟੇਟ ਖੇਤਰ ਦੇ ਨਿਵੇਸ਼ ਵਿਚ 7.9% ਦੀ ਵੱਡੀ ਗਿਰਾਵਟ ਆ ਚੁੱਕੀ ਹੈ। ਵਪਾਰਕ ਜਾਇਦਾਦਾਂ ਦੀ ਵਿਕਰੀ ਵਿਚ ਵੀ 5.3% ਦੀ ਗਿਰਾਵਟ ਆਈ ਹੈ ਜਿਹੜੀ ਪਹਿਲੋਂ ਹੀ ਪਿਛਲੇ ਸਾਲ 2022 ਵਿਚ 24.3% ਦੀ ਗਿਰਾਵਟ ਨਾਲ ਮੂਧੇ ਮੂੰਹ ਆ ਪਈ ਸੀ।
3) ਅਪ-ਸਫੀਤੀ (deflation) ਦਾ ਖਤਰਾ: ਚੀਨੀ ਅਰਥਚਾਰੇ ਵਿਚ ਘਟਦੀ ਮੰਗ ਦਾ ਅਸਰ ਉਪਜਾਂ ਦੀਆਂ ਕੀਮਤਾਂ ’ਤੇ ਵੀ ਪਿਆ ਹੈ। ਖਪਤਕਾਰ ਕੀਮਤ ਸੂਚਕ (ਸੌਖੇ ਸ਼ਬਦਾਂ ਵਿਚ ਕਹੀਏ ਤਾਂ ਮਹਿੰਗਾਈ) 28 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਡਿੱਗਦਿਆਂ ਮਹਿਜ 0.1% ਸੀ। ਇਸ ਦੇ ਨਾਲ ਹੀ ਪੈਦਾਕਾਰ ਕੀਮਤਾਂ ਦਾ ਸੂਚਕ ਵੀ ਆਪਣੇ ਸੱਤ ਸਾਲਾਂ ਦੇ ਹੇਠਲੇ ਪੱਧਰ ’ਤੇ ਹੈ। ਚੀਨ ਵਿਚ ਅਪ-ਸਫੀਤੀ ਦਾ ਅਜਿਹਾ ਦੌਰ ਆਖਰੀ ਵਾਰੀ 2008 ਦੇ ਆਰਥਿਕ ਸੰਕਟ ਵੇਲੇ ਹੀ ਦੇਖਣ ਨੂੰ ਮਿਲਿਆ ਸੀ ਜਿਸ ਵਿਚੋਂ ਸਰਕਾਰ ਨੇ 500 ਅਰਬ ਡਾਲਰ ਦਾ ਰਾਹਤ ਪੈਕੇਜ ਤੇ ਵੱਡੀ ਪੱਧਰ ’ਤੇ ਸਰਮਾਏਦਾਰਾਂ ਨੂੰ ਕਰਜ਼ਾ ਦੇ ਕੇ ਕੱਢਿਆ ਸੀ। ਚੀਨੀ ਹਕੂਮਤ ਅਜੇ ਭਾਵੇਂ ਅਪ-ਸਫੀਤੀ ਦੀ ਸਥਿਤੀ ਨਹੀਂ ਮੰਨ ਰਹੀ ਪਰ ਜਨਤਕ ਤੌਰ ’ਤੇ ਜੋ ਬਿਆਨ ਦਿੱਤੇ ਜਾ ਰਹੇ ਹਨ, ਉਸ ਵਿਚ ਚੀਨ ਦੇ ਹਾਕਮਾਂ ਦੀ ਇਸ ਨੁਕਤੇ ਸਬੰਧੀ ਚਿੰਤਾ ਸਾਫ ਝਲਕ ਰਹੀ ਹੈ।
4) ਕਰਜ਼ੇ ਦੀ ਭਾਰੀ ਹੁੰਦੀ ਪੰਡ ਤੇ ਹਕੂਮਤ ਕੋਲ ਸੁੰਗੜਦੇ ਬਦਲ: ਜਦੋਂ 2008 ਵਿਚ ਸੰਸਾਰ ਦੇ ਵੱਡੇ ਅਰਥਚਾਰਿਆਂ ਵਿਚ ਆਰਥਿਕ ਸੰਕਟ ਆਇਆ ਤਾਂ ਚੀਨੀ ਹਕੂਮਤ ਨੇ ਅਰਥਚਾਰੇ ਵਿਚ ਆਈ ਗਿਰਾਵਟ ਵਿਚੋਂ ਕੱਢਣ ਲਈ ਸਰਮਾਏਦਾਰਾਂ ਨੂੰ 500 ਅਰਬ ਡਾਲਰ ਦਾ ਰਾਹਤ ਪੈਕੇਜ ਤੇ ਵੱਡੀ ਪੱਧਰ ’ਤੇ ਕਰਜ਼ੇ ਜਾਰੀ ਕੀਤੇ ਸਨ। ਚੀਨ ਦਾ ਅਗਲੇ ਇੱਕ ਦਹਾਕੇ ਤੱਕ ਆਰਥਿਕ ਵਾਧਾ ਕਰਜ਼ੇ ਦੀ ਇਸੇ ਬੁਨਿਆਦ ’ਤੇ ਹੀ ਟਿਕਿਆ ਹੋਇਆ ਸੀ। ਇਸ ਨੇ ਚੀਨ ਨੂੰ ਭਾਵੇਂ ਇੱਕ-ਡੇਢ ਦਹਾਕੇ ਤੱਕ ਤੇਜ਼ ਵਾਧਾ ਦਰ ਤਾਂ ਦਿੱਤੀ ਤੇ ਇਸ ਆਧਾਰ ’ਤੇ ਇਸ ਨੇ ਸੰਸਾਰ ਅਰਥਚਾਰੇ ਨੂੰ ਵੀ ਠੁੰਮਣਾ ਦਿੱਤਾ ਪਰ ਮੋੜਵੇਂ ਰੂਪ ਵਿਚ ਕਰਜ਼ਾ ਆਧਾਰਿਤ ਇਸ ਵਾਧੇ ਨੇ ਚੀਨ ਵਿਚ ਕਰਜ਼ੇ ਦਾ ਭਿਆਨਕ ਬੋਝ ਪੈਦਾ ਕਰ ਦਿੱਤਾ। ਇਸ ਵੇਲੇ ਸਰਕਾਰ ਸਿਰ ਕਰਜ਼ੇ ਦੀ ਕੁੱਲ ਪੰਡ 9 ਖਰਬ ਡਾਲਰ ਦੱਸੀ ਜਾਂਦੀ ਹੈ ਜਿਹੜੀ ਚੀਨ ਦੀ ਕੁੱਲ ਘਰੇਲੂ ਪੈਦਾਵਾਰ ਦਾ ਕਰੀਬ 50% ਹੈ। ਇਸੇ ਕਰ ਕੇ ਭਾਵੇਂ ਸਰਕਾਰ ਨੇ 19 ਜੁਲਾਈ ਨੂੰ ਆਪਣੀ 31 ਨੁਕਾਤੀ ਯੋਜਨਾ ਤਹਿਤ ਬੁਨਿਆਦੀ ਢਾਂਚਾ ਅਤੇ ਹੋਰ ਖੇਤਰਾਂ ਵਿਚ ਨਿਵੇਸ਼ ਵਧਾਉਣ ਦੀ ਗੱਲ ਕੀਤੀ ਹੈ ਪਰ ਇਹ ਵੀ ਸੱਚਾਈ ਹੈ ਕਿ ਕਰਜ਼ੇ ਦੀ ਵਧਦੀ ਪੰਡ ਨੇ ਸਰਕਾਰ ਦੇ ਇਸ ਪੱਖ ਤੋਂ ਹੱਥ ਘੁੱਟ ਦਿੱਤੇ ਹਨ।
ਅਰਥਚਾਰੇ ਨੂੰ ਹੱਕਣ ਦੀਆਂ ਕੋਸ਼ਿਸ਼ਾਂ
ਚੀਨ ਦੇ ਸਰਮਾਏਦਾਰਾ ਹਾਕਮਾਂ ਨੇ ਇਸ ਸੁਸਤੀ ਤੋਂ ਪਾਰ ਪਾਉਣ ਲਈ 19 ਜੁਲਾਈ ਨੂੰ 31 ਨੁਕਾਤੀ ਯੋਜਨਾ ਜਾਰੀ ਕੀਤੀ ਹੈ। ਇਹ ਯੋਜਨਾ ਚੀਨੀ ਹਕੂਮਤ ਦੇ ਲੋਟੂ ਖਾਸੇ ਨੂੰ ਪੂਰੀ ਤਰ੍ਹਾਂ ਪ੍ਰਤੱਖ ਕਰ ਦਿੰਦੀ ਹੈ ਕਿ ਕਿਵੇਂ ਉਥੋਂ ਦੀ ਹਕੂਮਤ ਪੂਰੀ ਤਰ੍ਹਾਂ ਸਰਮਾਏਦਾਰਾਂ ਦੀ ਪਿੱਠ ’ਤੇ ਖੜ੍ਹੀ ਹੈ। ਇਸ ਪ੍ਰੋਗਰਾਮ ਤਹਿਤ ਚੀਨ ਵਿਚ ਸਰਮਾਏਦਾਰਾਂ ਨੂੰ ਮੰਡੀ ਵਿਚ ਦਾਖਲੇ, ਸਰਕਾਰ ਵੱਲੋਂ ਵਿੱਤੀ ਮਦਦ, ਕਾਨੂੰਨੀ ਸੁਰੱਖਿਆ ਆਦਿ ਨੁਕਤਿਆਂ ਹੇਠ ਪੂਰੀ ਮਦਦ ਦੇ ਕੇ ਸਰਮਾਏਦਾਰਾਂ ਲਈ ਮਾਹੌਲ ਸਾਜ਼ਗਾਰ ਬਣਾਉਣ ਦੀ ਵਚਨਬੱਧਤਾ ਦੁਹਰਾਈ ਹੈ। ਜਿ਼ਕਰਯੋਗ ਹੈ ਕਿ ਚੀਨ ਵਿਚ ਕਰੀਬ 4.7 ਕਰੋੜ ਰਜਿਸਟਰਡ ਨਿੱਜੀ ਕੰਪਨੀਆਂ ਹਨ। ਨਿੱਜੀ ਅਰਥਚਾਰਾ ਚੀਨ ਦੀ ਕੁੱਲ ਘਰੇਲੂ ਪੈਦਾਵਾਰ ਦਾ 60%, ਸ਼ਹਿਰੀ ਕਾਮਿਆਂ ਦਾ 80% ਤੇ ਤਕਨੀਕੀ ਤਰੱਕੀ ਵਿਚ 70% ਹਿੱਸਾ ਪਾਉਂਦਾ ਹੈ। ਚੀਨ ਦੇ ਵੱਡੇ ਸਰਮਾਏਦਾਰਾਂ ਦੇ ਮੁਨਾਫੇ 2023 ਦੇ ਪਹਿਲੇ ਪੰਜ ਮਹੀਨਿਆਂ ਵਿਚ ਪਿਛਲੇ ਸਾਲ ਨਾਲੋਂ 21.8% ਡਿੱਗ ਪਏ ਹਨ। ਹੁਣ ਇਹਨਾਂ ਮੁਨਾਫਿਆਂ ਨੂੰ ਹੀ ਵਧਾਉਣ ਲਈ ਚੀਨੀ ਹਕੂਮਤ ਨੇ ਇਹ ਯੋਜਨਾ ਲਿਆਂਦੀ ਹੈ। ਸਰਕਾਰ ਦੀ ਇਸ ਯੋਜਨਾ ਨੂੰ ਚੀਨ ਦੇ ਉੱਘੇ ਸਰਮਾਏਦਾਰਾਂ ਨੇ ਵੀ ਹੱਥੋ-ਹੱਥ ਲਿਆ ਤੇ ਲਗਾਤਾਰ ਇਸ ਦੀ ਹਮਾਇਤ ਵਿਚ ਮੀਡੀਆ ਵਿਚ ਬਿਆਨ ਜਾਰੀ ਕੀਤੇ ਹਨ।
ਚੀਨੀ ਹਾਕਮ ਭਾਵੇਂ ਤਕਨੀਕ ਦੇ ਨਵੇਂ ਖੇਤਰਾਂ ਜਿਵੇਂ ਸੈਮੀ ਕੰਡਕਟਰ ਚਿੱਪਾਂ, ਮਸਨੂਈ ਬੌਧਿਕਤਾ ਆਦਿ ਵਿਚ ਵੱਡੀ ਪੱਧਰ ’ਤੇ ਨਿਵੇਸ਼ ਕਰ ਕੇ ਅਰਥਚਾਰੇ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਸਰਮਾਏਦਾਰੀ ਦਾ ਇਹ ਅਖੌਤੀ ਚੀਨੀ ਮਾਡਲ ਇਸ ਢਾਂਚੇ ਦੇ ਵਜੂਦ ਸਮੋਏ ਨਿਯਮਾਂ ਤੋਂ ਬਚ ਨਹੀਂ ਸਕਦਾ। ਚੀਨ ਦੀ ਮੌਜੂਦਾ ਆਰਥਿਕ ਸੁਸਤੀ ਇਸੇ ਦਾ ਪ੍ਰਮਾਣ ਹੈ। ਆਰਥਿਕ ਸੁਸਤੀ, ਵਧਦੀ ਬੇਰੁਜ਼ਗਾਰੀ, ਵਧਦਾ ਕਰਜ਼ਾ ਤੇ ਸਾਮਰਾਜੀ ਅਮਰੀਕਾ ਨਾਲ ਵਧਦੇ ਟਕਰਾਅ ਦਰਮਿਆਨ ਚੀਨ ਦੇ ਹਾਕਮਾਂ ਕੋਲ ਬਦਲਾਂ ਦਾ ਦਾਇਰਾ ਸੁੰਗੜਦਾ ਜਾਪਦਾ ਹੈ। ਚੀਨ ਦੇ ਅਜੋਕੇ ਲੋਟੂ ਹਾਕਮ ਦਹਾਕਾ ਪਹਿਲਾਂ ਪ੍ਰਚਾਰਦੇ ਸਨ ਕਿ ਦੇਸ਼ ਵਿਚ ‘ਸਮਾਜਿਕ ਸਥਿਰਤਾ’ ਲਈ 8% ਦੀ ਵਾਧਾ ਦਰ ਕਾਇਮ ਰੱਖਣਾ ਜ਼ਰੂਰੀ ਹੈ। ਅੱਜ ਵਾਧਾ ਦਰ ਉਸ 8% ਦੇ ਅੰਕੜੇ ਤੋਂ ਬਹੁਤ ਹੇਠਾਂ ਆ ਚੁੱਕੀ ਹੈ। ਇਸ ਨੇ ਲਾਜ਼ਮੀ ਚੀਨ ਦੀ ਜ਼ਰਖੇਜ਼ ਨੌਜਵਾਨ ਆਬਾਦੀ ਅੰਦਰ ਗੁੱਸਾ ਵਧਾਉਣਾ ਹੈ ਤੇ ਜਿਸ ਮੁਲਕ ਦੇ ਕਿਰਤੀ ਲੋਕਾਂ ਕੋਲ ਵੀਹਵੀਂ ਸਦੀ ਵਿਚ ਯੁੱਗ ਪਲਟਾਊ ਇਨਕਲਾਬਾਂ ਦੀ ਜੁਝਾਰੂ ਵਿਰਾਸਤ ਹੋਵੇ, ਉਹਨਾਂ ਤੋਂ ਆਸ ਬੱਝਦੀ ਹੈ ਕਿ ਉਹ ਇੱਕ ਦਿਨ ਆਪਣੇ ਲੋਟੂ ਹਾਕਮਾਂ ਨੂੰ ਡੱਟਵਾਂ ਜਵਾਬ ਦੇਣਗੇ।
ਸੰਪਰਕ: 98888-08188